ਪਿਛਲੇ ਦਹਾਕੇ ਵਿਚ ਭਾਰਤ ਦੀ ਸੜਕਾਂ ਦੇ ਵਿਸਥਾਰ ਦੀ ਕਹਾਣੀ ਨਾਟਕੀ ਤੌਰ 'ਤੇ ਬਦਲ ਗਈ ਹੈ | ਰਾਸ਼ਟਰੀ ਰਾਜਮਾਰਗ ਨੈੱਟਵਰਕ 2014 ਵਿਚ 91,287 ਕਿਲੋਮੀਟਰ ਤੋਂ 2024 ਤੱਕ ਕਰੀਬ 60 ਫ਼ੀਸਦੀ ਵਾਧੇ ਨਾਲ 1,46,145 ਕਿਲੋਮੀਟਰ ਹੋ ਗਿਆ | ਭਾਰਤ 63.4 ਲੱਖ ਕਿਲੋਮੀਟਰ ਨਾਲ ਸੜਕ ਨੈੱਟਵਰਕ 'ਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਨੈੱਟਵਰਕ ਬਣ ਗਿਆ ਹੈ | ਭਾਰਤਮਾਲਾ ਪਰਿਯੋਜਨਾ ਅਧੀਨ ਸੜਕਾਂ ਦੀ ਉਸਾਰੀ ਲਈ 34,800 ਕਿਲੋਮੀਟਰ 'ਚੋਂ 26,425 ਕਿਲੋਮੀਟਰ ਲਈ 5.35 ਲੱਖ ਕਰੋੜ ਰੁਪਏ ਦੇ ਅਨੁਮਾਨਿਤ ਖਰਚੇ ਨਾਲ ਕੰਮ ਅਲਾਟ ਕੀਤੇ ਗਏ ਹਨ | ਇਹ ਬਦਲਾਅ ਬਿਨਾਂ ਸ਼ੱਕ ਪ੍ਰਭਾਵਸ਼ਾਲੀ ਹੈ, ਪਰ ਬੁਨਿਆਦੀ ਢਾਂਚੇ ਦੀ ਅਸਲ ਪਰਖ ਕਿਲੋਮੀਟਰਾਂ ਦੇ ਐਲਾਨਾਂ ਦੀ ਬਜਾਏ ਕਿਸੇ ਪ੍ਰੋਜੈਕਟ ਦੇ ਸਮੇਂ 'ਤੇ ਮੁਕੰਮਲ ਹੋਣ, ਮਿਆਰੀ ਬਣਨ ਤੇ ਵਰਤਣ ਵਾਲਿਆਂ ਲਈ ਸੁਰੱਖਿਅਤ ਹੋਣ ਜਾਂ ਨਾ ਹੋਣ ਤੋਂ ਹੁੰਦੀ ਹੈ |
ਪੰਜਾਬ ਵਿਚ ਆਦਮਪੁਰ ਇਸ ਰਾਸ਼ਟਰੀ ਤਰੱਕੀ ਦੇ ਬਿਲਕੁਲ ਉਲਟ ਇਕ ਸੋਚਣਯੋਗ ਮਿਸਾਲ ਪੇਸ਼ ਕਰਦਾ ਹੈ | ਜਲੰਧਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇਅ 3 'ਤੇ ਫਲਾਈਓਵਰ 2016 ਵਿਚ 130 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਦੋ ਸਾਲਾਂ ਦੀ ਸਮਾਂ-ਸੀਮਾ ਨਾਲ ਮਨਜ਼ੂਰ ਹੋਇਆ ਸੀ | ਇਕ ਦਹਾਕਾ ਬੀਤ ਜਾਣ ਤੋਂ ਬਾਅਦ ਵੀ ਢਾਂਚਾ ਅਧੂਰਾ ਖੜ੍ਹਾ ਹੈ | ਕੇਂਦਰ ਸਾਹਮਣੇ ਰੱਖੀ ਸੋਧੀ ਲਾਗਤ 257.32 ਕਰੋੜ ਰੁਪਏ ਹੈ, ਜੋ ਅਸਲ ਅਨੁਮਾਨ ਨਾਲੋਂ ਲਗਭਗ ਦੁੱਗਣੀ ਹੈ ਪਰ ਪ੍ਰੋਜੈਕਟ ਅਜੇ ਵੀ ਉਹ ਆਵਾਜਾਈ ਸਹੂਲਤ ਨਹੀਂ ਦੇ ਸਕਿਆ, ਜਿਸ ਲਈ ਇਹ ਬਣਾਇਆ ਜਾਣਾ ਸੀ | ਇਹ ਸਿਰਫ਼ ਇੰਜੀਨੀਅਰਿੰਗ ਜਾਂ ਪ੍ਰਸ਼ਾਸਨਿਕ ਅਸਫਲਤਾ ਨਹੀਂ ਹੈ, ਸਗੋਂ ਇਸ ਇਲਾਕੇ ਦੇ ਲੋਕਾਂ ਲਈ ਦਹਾਕੇ ਦੀ ਦੇਰੀ ਦਾ ਮਤਲਬ ਦਹਾਕੇ ਦੇ ਜਾਮ, ਤਕਲੀਫ਼ ਤੇ ਵਧਿਆ ਸੁਰੱਖਿਆ ਖ਼ਤਰਾ ਹੈ | ਭਾਵੇਂ ਆਦਮਪੁਰ ਸਿਵਲ ਏਅਰਪੋਰਟ ਕਾਫ਼ੀ ਜੱਦੋਜਹਿਦ ਤੋਂ ਬਾਅਦ ਚਾਲੂ ਹੋ ਗਿਆ, ਜੋ ਇਲਾਕੇ ਨੂੰ ਦਿੱਲੀ ਤੇ ਮੁੰਬਈ ਨਾਲ ਜੋੜਦਾ ਹੈ ਅਤੇ ਦਿੱਲੀ ਰਾਹੀਂ ਨਾਂਦੇੜ ਸਾਹਿਬ ਲਈ ਧਾਰਮਿਕ ਸੈਰ-ਸਪਾਟੇ ਦਾ ਨਵਾਂ ਰਾਹ ਖੁੱਲਿ੍ਹਆ ਹੈ ਪਰ ਅਧੂਰੇ ਫਲਾਈਓਵਰ ਨੇ ਇਸ ਪਹਿਲਕਦਮੀ ਦਾ ਪੂਰਾ ਫਾਇਦਾ ਖੋਹ ਲਿਆ ਹੈ |
ਇਹ ਰਸਤਾ ਨਾਲ ਲੱਗੇ ਭਾਰਤੀ ਹਵਾਈ ਫੌਜ ਦੇ ਅੱਡੇ ਦੀ ਫੌਜੀ ਆਵਾਜਾਈ 'ਚ ਵੀ ਰੁਕਾਵਟ ਪਾਉਂਦਾ ਹੈ, ਇਹ ਇਕ ਅਜਿਹਾ ਰਸਤਾ ਹੈ, ਜੋ ਕਿਸੇ ਸਰਗਰਮ ਹਵਾਈ ਅੱਡੇ ਤੇ ਵਧਦੇ ਸਿਵਲ ਏਅਰਪੋਰਟ ਤੱਕ ਬਿਨਾਂ ਰੁਕਾਵਟ, ਸਮਾਂਬੱਧ ਆਵਾਜਾਈ ਹੋਣੀ ਚਾਹੀਦੀ ਹੈ | ਇਹ ਮਾਤਾ ਚਿੰਤਪੂਰਨੀ, ਜਵਾਲਾਜੀ ਤੇ ਚਾਮੁੰਡਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਦਾ ਵੀ ਰਸਤਾ ਹੈ | ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸੋਮ ਪ੍ਰਕਾਸ਼ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਇਹ ਮਾਮਲਾ ਤੁਰੰਤ ਉੱਚ ਅਧਿਕਾਰੀਆਂ ਨਾਲ ਉਠਾਉਣਾ ਚਾਹੀਦਾ ਹੈ | ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਮਈ 'ਚ ਹੋਈ ਮੀਟਿੰਗ ਨੇ ਨਵੀਂ ਸੰਭਾਵਨਾ ਦੀ ਖਿੜਕੀ ਖੋਲ੍ਹੀ ਹੈ, ਇਸ ਤੋਂ ਬਾਅਦ ਇਸ ਸੜਕ ਦੀ ਉਸਾਰੀ ਦਾ ਕੰਮ ਨਿਸਚਿਤ ਸਮੇਂ ਵਿਚ ਪੂਰਾ ਹੋਣਾ ਚਾਹੀਦਾ ਹੈ |
ਸੁਰੱਖਿਆ ਖ਼ਤਰਾ—ਰਾਸ਼ਟਰੀ ਪੱਧਰ 'ਤੇ ਸੜਕ ਹਾਦਸਿਆਂ ਦੇ ਅੰਕੜੇ ਦੱਸਦੇ ਹਨ ਕਿ ਸੜਕਾਂ ਬਣਾਉਣ 'ਚ ਦੇਰੀਆਂ, ਨੁਕਸ ਤੇ ਮਾੜੀ ਸਾਂਭ-ਸੰਭਾਲ ਜਾਮ ਤੇ ਹਾਦਸਿਆਂ ਦਾ ਖ਼ਤਰਾ ਵਧਾਉਂਦੇ ਹਨ | 2020 ਤੋਂ 2024 ਵਿਚਕਾਰ ਭਾਰਤ 'ਚ ਟੋਇਆਂ ਕਾਰਨ 23,056 ਹਾਦਸੇ ਵਾਪਰੇ, ਜਿਨ੍ਹਾਂ 'ਚ 19,956 ਜ਼ਖ਼ਮੀ ਤੇ 9,438 ਮੌਤਾਂ ਹੋਈਆਂ | ਰਾਸ਼ਟਰੀ ਰਾਜਮਾਰਗ ਦੇਸ਼ ਦੀ ਆਵਾਜਾਈ ਦਾ 40 ਫ਼ੀਸਦੀ ਭਾਰ ਚੁੱਕਦੇ ਹਨ, ਪਰ ਇਹ ਕੁੱਲ ਸੜਕ ਲੰਬਾਈ ਦਾ ਸਿਰਫ਼ 2 ਫ਼ੀਸਦੀ ਹਨ | 2024 ਵਿਚ ਰਾਸ਼ਟਰੀ ਰਾਜਮਾਰਗਾਂ 'ਤੇ 54,443 ਲੋਕ ਮਾਰੇ ਗਏ, ਜੋ ਦੇਸ਼ ਦੀਆਂ ਸਭ ਸੜਕ ਮੌਤਾਂ ਦਾ ਕਰੀਬ 31 ਫ਼ੀਸਦੀ ਹੈ | ਸੜਕ ਹਾਦਸੇ ਭਾਰਤ ਦੀ ਜੀ.ਡੀ.ਪੀ ਦਾ ਕਰੀਬ 3 ਫ਼ੀਸਦੀ ਆਰਥਿਕ ਨੁਕਸਾਨ ਕਰਦੇ ਹਨ |
ਆਦਮਪੁਰ ਵਰਗੇ ਭੀੜ ਭਰੇ ਰਾਸ਼ਟਰੀ ਰਾਜਮਾਰਗ ਗਲਿਆਰੇ ਲਈ ਉਸਾਰੀ 'ਚ ਦੇਰੀ ਆਵਾਜਾਈ ਸਥਿਤੀਆਂ ਨੂੰ ਔਖੀ ਬਣਾ ਸਕਦੀ ਹੈ | ਤੰਗ ਰਸਤੇ, ਅਧੂਰੇ ਢਾਂਚੇ, ਜਾਮ ਤੇ ਨਾਕਾਫ਼ੀ ਸੜਕ ਪ੍ਰਬੰਧਨ ਯਾਤਰੀਆਂ 'ਤੇ ਵਾਧੂ ਲਾਗਤਾਂ ਥੋਪਦੇ ਹਨ, ਜੋ ਕਿਸੇ ਪ੍ਰੋਜੈਕਟ ਦੀ ਗੁਣਵੱਤਾ ਦਰਜਾਬੰਦੀ 'ਚ ਕਦੇ ਨਹੀਂ ਆਉਂਦੀਆਂ | ਆਈ.ਐੱਮ.ਐੱਫ ਦੇ ਸੜਕ ਗੁਣਵੱਤਾ ਸੂਚਕਾਂਕ ਵਿਚ ਭਾਰਤ 51ਵੇਂ ਸਥਾਨ 'ਤੇ ਹੈ | ਸਰਕਾਰ ਦੇ ਆਪਣੇ ਗੁਣਵੱਤਾ ਆਡਿਟਾਂ ਅਨੁਸਾਰ 9,214 'ਚੋਂ 783 ਪੀ.ਐੱਮ.ਜੀ.ਐੱਸ.ਵਾਈ. ਪ੍ਰੋਜੈਕਟ ਤੇ 1,888 'ਚੋਂ 252 ਪੁਲ ਪ੍ਰੋਜੈਕਟ ਸੰਤੋਸ਼ਜਨਕ ਨਹੀਂ ਹਨ | ਤਰੇੜਾਂ ਰਾਹੀਂ ਪਾਣੀ ਵੜਨਾ, ਕਮਜ਼ੋਰ ਨਿਕਾਸੀ ਤੇ ਮਾੜੇ ਢਲਾਣ ਸੁਰੱਖਿਆ ਡਿਜ਼ਾਈਨ ਗੁਣਵੱਤਾ-ਭਰੋਸੇ ਦੀਆਂ ਅਸਫਲਤਾਵਾਂ ਸਾਹਮਣੇ ਲਿਆਉਂਦੇ ਹਨ | ਐੱਨ.ਐੱਚ.ਏ.ਆਈ. ਖ਼ੁਦ ਵੀ ਵੱਖ-ਵੱਖ ਪ੍ਰੋਜੈਕਟਾਂ ਦੇ ਡਿਜ਼ਾਈਨਾਂ 'ਚ ਖਾਮੀਆਂ ਮੰਨ ਚੁੱਕੀ ਹੈ |
ਦੇਰੀ ਦੀ ਕੀਮਤ—ਦੇਰੀਆਂ ਬੁਨਿਆਦੀ ਢਾਂਚੇ ਦੀ ਲਾਗਤ ਵਧਾਉਂਦੀਆਂ ਹਨ, ਹਰ ਵਾਧੂ ਸਾਲ ਸਮੱਗਰੀ ਤੇ ਕਿਰਤ ਲਾਗਤਾਂ, ਨਵਾਂ ਜ਼ਮੀਨੀ ਮੁਆਵਜ਼ਾ, ਵਿੱਤੀ ਵਿਆਜ ਤੇ ਠੇਕੇਦਾਰ ਦੇ ਦਾਅਵੇ ਲਿਆਉਂਦਾ ਹੈ ਤੇ ਇਸ ਦਾ ਬੋਝ ਆਖਿਰਕਾਰ ਟੈਕਸਦਾਤਾ ਹੀ ਚੁੱਕਦਾ ਹੈ | ਆਦਮਪੁਰ ਇਸ ਦੀ ਸਭ ਤੋਂ ਸਾਫ਼ ਮਿਸਾਲ ਹੈ, 130 ਕਰੋੜ ਰੁਪਏ ਦਾ ਪ੍ਰੋਜੈਕਟ ਹੁਣ 257.32 ਕਰੋੜ ਰੁਪਏ ਦਾ ਹੋ ਗਿਆ ਹੈ | ਜਦਕਿ ਪੰਜਾਬ 'ਚੋਂ ਲੰਘਦੇ ਦਿੱਲੀ-ਅੰਮਿ੍ਤਸਰ-ਕਟੜਾ ਨੈਸ਼ਨਲ ਐਕਸਪ੍ਰੈੱਸਵੇਅ 5 ਐੱਨ.ਐੱਚ.ਏ.ਆਈ ਦੇ ਮੁੱਖ ਗ੍ਰੀਨਫੀਲਡ ਗਲਿਆਰੇ ਦੀ ਲਾਗਤ 25,000 ਕਰੋੜ ਤੋਂ ਵਧ ਕੇ 38,905 ਕਰੋੜ ਰੁਪਏ ਹੋ ਗਈ ਹੈ | ਇਹ 55.62 ਫੀਸਦੀ ਵਾਧਾ ਪੂਰੀ ਤਰ੍ਹਾਂ ਜ਼ਮੀਨ ਹਾਸਲ ਕਰਨ ਵਿਚ ਦੇਰੀ ਕਾਰਨ ਹੋਇਆ ਹੈ, ਜਿਸ ਨੇ ਪੰਜਾਬ ਦੇ ਹਿੱਸੇ ਨੂੰ ਪੂਰੇ 667 ਕਿਲੋਮੀਟਰ ਰਸਤੇ ਦਾ ਸਭ ਤੋਂ ਘੱਟ ਮੁਕੰਮਲ ਹਿੱਸਾ ਬਣਾ ਦਿੱਤਾ ਹੈ |
![]()
ਮੁਸ਼ਕਿਲਾਂ ਕਾਰਨ ਪ੍ਰਾਜੈਕਟ ਰੱਦ—ਐਨ.ਐੱਚ.ਏ.ਆਈ. ਨੇ ਜ਼ਮੀਨ ਹਾਸਿਲ ਕਰਨ ਸੰਬੰਧੀ ਰੁਕਾਵਟਾਂ ਕਾਰਨ ਪੰਜਾਬ 'ਚ ਕਰੀਬ 14,000 ਕਰੋੜ ਰੁਪਏ ਦੇ ਪ੍ਰੋਜੈਕਟ ਰੱਦ ਕਰਨ ਦੀ ਧਮਕੀ ਦੇ ਦਿੱਤੀ ਹੈ | ਅੰਮਿ੍ਤਸਰ 'ਚ ਵੱਲਾ ਫਲਾਈਓਵਰ ਏਅਰਪੋਰਟ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜਨ ਲਈ ਬਣਾਇਆ ਜਾਣਾ ਸੀ, ਜੋ ਅਸਲ ਸਮਾਂ-ਸੀਮਾ ਤੋਂ 3 ਸਾਲ ਬਾਅਦ ਵੀ 76 ਫ਼ੀਸਦੀ ਪ੍ਰਗਤੀ 'ਤੇ ਅਟਕਿਆ ਹੋਇਆ ਹੈ |
ਅਜਿਹੇ ਮਾਮਲੇ ਬੁਨਿਆਦੀ ਢਾਂਚਾ ਪ੍ਰਸ਼ਾਸਨ ਦੀ ਇਕ ਬੁਨਿਆਦੀ ਕਮਜ਼ੋਰੀ ਉਜਾਗਰ ਕਰਦੇ ਹਨ, ਕੋਈ ਪ੍ਰੋਜੈਕਟ ਤਕਨੀਕੀ ਤੌਰ 'ਤੇ ਮਨਜ਼ੂਰ ਤੇ ਵਿੱਤੀ ਤੌਰ 'ਤੇ ਪ੍ਰਵਾਨਿਤ ਹੋ ਸਕਦਾ ਹੈ, ਪਰ ਅਸਲੀਅਤ 'ਚ ਸਾਲਾਂਬੱਧੀ ਅਟਕਿਆ ਰਹਿ ਸਕਦਾ ਹੈ | ਹਾਲਾਂਕਿ ਭਾਰਤ ਵੱਡੇ ਪੈਮਾਨੇ 'ਤੇ ਬੁਨਿਆਦੀ ਢਾਂਚਾ ਬਣਾਉਣ 'ਚ ਕਾਫ਼ੀ ਬਿਹਤਰ ਹੋਇਆ ਹੈ | ਪਰ ਅਸਲ ਚੁਣੌਤੀ ਪ੍ਰੋਜੈਕਟ ਪ੍ਰਬੰਧਨ, ਜਵਾਬਦੇਹੀ ਤੇ ਉਨ੍ਹਾਂ ਨੂੰ ਸਮੇਂ ਸਿਰ ਮੁਕੰਮਲ ਕਰਨ 'ਚ ਚੰਗਾ ਬਣਨ ਦੀ ਹੈ |
ਅੱਗੇ ਦਾ ਰਾਹ-ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਠੇਕੇਦਾਰਾਂ 'ਤੇ ਦੇਰੀ ਤੇ ਨੁਕਸਾਨ ਦੀ ਪੂਰਤੀ ਸੰਬੰਧੀ ਧਾਰਾਵਾਂ ਲਾਗੂ ਕਰਨ ਲਈ ਵਿਸ਼ਵ ਬੈਂਕ ਦੇ ਕਾਰਗੁਜ਼ਾਰੀ-ਆਧਾਰਿਤ ਇਕਰਾਰਨਾਮੇ ਅਨੁਸਾਰ ਸਿਰਫ਼ 6,118 ਕਿਲੋਮੀਟਰ ਸੜਕਾਂ ਲਈ ਹੀ ਅਜਿਹੀਆਂ ਧਰਾਵਾਂ ਲਾਗੂ ਕੀਤੀਆਂ ਹਨ, ਇਨ੍ਹਾਂ ਨੂੰ ਵੱਡੇ ਪੱਧਰ 'ਤੇ ਵਧਾਉਣ ਦੀ ਲੋੜ ਹੈ | ਇਸ ਤੋਂ ਇਲਾਵਾ ਐੱਨ.ਐੱਚ.ਏ.ਆਈ ਨੂੰ ਸਮੇਂ ਸਿਰ ਸੜਕ ਮੁਕੰਮਲੀ ਨੂੰ ਯਕੀਨੀ ਬਣਾਉਣ ਲਈ ਰਾਜਾਂ ਨਾਲ ਮਿਲ ਕੇ ਇਹ ਚਾਰ ਕਦਮ ਚੁੱਕ ਸਕਦਾ ਹੈ:
ਪਹਿਲਾ ਕੇਂਦਰ, ਐੱਨ.ਐੱਚ.ਏ.ਆਈ ਤੇ ਪੰਜਾਬ ਸਰਕਾਰ ਮਨਜ਼ੂਰੀਆਂ, ਜ਼ਮੀਨ ਉਪਲਬਧਤਾ, ਸੜਕਾਂ ਦੀ ਉਸਾਰੀ ਤੇ ਚਾਲੂ ਕਰਨ ਦੀ ਸਮਾਂ-ਸੀਮਾ ਸੰਬੰਧੀ ਜਾਣਕਾਰੀ ਨਾਗਰਿਕਾਂ ਲਈ ਜਨਤਕ ਡੈਸ਼ਬੋਰਡ 'ਤੇ ਜਾਰੀ ਕਰੇ | ਪ੍ਰਗਤੀ ਵੀ ਦਿਖਾਈ ਜਾਵੇ | ਦੂਜਾ ਇਸ 'ਚ ਸ਼ਾਮਿਲ ਸਭ ਏਜੰਸੀਆਂ ਦਾ ਤਾਲਮੇਲ ਬਿਠਾਉਣ ਲਈ ਇਕ ਸੀਨੀਅਰ ਅਧਿਕਾਰੀ ਨੂੰ ਸਪੱਸ਼ਟ ਤੌਰ 'ਤੇ ਜਵਾਬਦੇਹ ਬਣਾਇਆ ਜਾਵੇ | ਭਾਵੇਂ ਜ਼ਿੰਮੇਵਾਰੀ ਸਾਂਝੀ ਵੀ ਹੋਵੇ ਪਰ ਉਕਤ ਅਧਿਕਾਰੀ ਦੀ ਪਛਾਣ ਸਪੱਸ਼ਟ ਰਹਿਣੀ ਚਾਹੀਦੀ ਹੈ |
ਤੀਜਾ ਜਿੱਥੇ ਤੱਕ ਹੋ ਸਕੇ, ਉਸਾਰੀ ਦੇ ਠੇਕੇ ਦੇਣ ਤੋਂ ਪਹਿਲਾਂ ਜ਼ਮੀਨ ਹਾਸਲ ਕੀਤੀ ਜਾਵੇ, ਕੋਈ ਵੀ ਪ੍ਰੋਜੈਕਟ ਆਪਣੀਆਂ ਸਭ ਤੋਂ ਬੁਨਿਆਦੀ ਲੋੜਾਂ ਅਣਸੁਲਝੀਆਂ ਰੱਖ ਕੇ ਅਮਲ 'ਚ ਨਹੀਂ ਆਉਣਾ ਚਾਹੀਦਾ | ਚੌਥਾ ਮਹੱਤਵਪੂਰਨ ਪੜਾਵਾਂ 'ਤੇ ਸੁਤੰਤਰ ਢਾਂਚਾਗਤ, ਸੁਰੱਖਿਆ ਤੇ ਗੁਣਵੱਤਾ ਆਡਿਟ ਲਾਜ਼ਮੀ ਬਣਾਉਣੇ ਚਾਹੀਦੇ ਹਨ | ਉਨ੍ਹਾਂ ਦੇ ਨਤੀਜੇ, ਸੁਧਾਰ ਦੀਆਂ ਸਮਾਂ-ਸੀਮਾਵਾਂ ਤੇ ਨੁਕਸਾਂ ਲਈ ਜ਼ਿੰਮੇਵਾਰੀ ਜਨਤਕ ਕਰਨੀ ਚਾਹੀਦੀ ਹੈ | ਇਹ ਕਦਮ ਇਸ ਤਰ੍ਹਾਂ ਲਾਗੂ ਹੋਣੇ ਚਾਹੀਦੇ ਹਨ, ਕਿ ਪ੍ਰੋਜੈਕਟ ਸਮੇਂ ਸਿਰ ਮੁਕੰਮਲ ਹੋਵੇ, ਗੁਣਵੱਤਾ ਤੇ ਸੁਰੱਖਿਆ ਮਾਪਦੰਡ ਪੂਰੇ ਹੋਣ ਤੇ ਨਾਗਰਿਕਾਂ ਨੂੰ ਕੀਤੇ ਵਾਅਦੇ ਅਨੁਸਾਰ ਫਾਇਦਾ ਮਿਲੇ | ਆਦਮਪੁਰ ਦੇ ਲੋਕ ਹੋਰ ਇੰਤਜ਼ਾਰ ਕਰਨ ਦੇ ਹੱਕਦਾਰ ਨਹੀਂ | ਹੁਣ ਫਲਾਈਓਵਰ ਜਲਦੀ ਪੂਰਾ ਹੋਣਾ ਚਾਹੀਦਾ ਹੈ |
-(ਲੇਖਕ ਕੈਬਨਿਟ ਮੰਤਰੀ ਦੇ ਦਰਜੇ ਨਾਲ
ਪੰਜਾਬ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਹਨ)
vc@sonalika.com