05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਆਲਮੀ ਪੱਧਰ 'ਤੇ ਨਿਰੰਤਰ ਹੋ ਰਿਹੈ ਕੈਂਸਰ ਦਾ ਪਸਾਰਾ

ਆਲਮੀ ਪੱਧਰ 'ਤੇ ਨਿਰੰਤਰ ਹੋ ਰਿਹੈ ਕੈਂਸਰ ਦਾ ਪਸਾਰਾ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਮਨੁੱਖ ਦੀ ਅÏਸਤ ਉਮਰ ਨੂੰ  ਅਜੋਕੇ ਮਨੁੱਖੀ ਵਿਕਾਸ ਦਾ ਅਹਿਮ ਤੱਤ ਮੰਨਿਆ ਜਾਂਦਾ ਹੈ, ਜਿਹੜੀ ਪਿਛਲੇ ਦÏਰ ਵਿਚ ਲਗਾਤਾਰ ਵਧੀ ਹੈ | ਦੇਸ਼ ਦੀ ਵੰਡ ਵੇਲੇ ਭਾਰਤੀਆਂ ਦੀ ਅÏਸਤ ਉਮਰ 31 ਸਾਲ ਸੀ, ਜੋ 20ਵੀਂ ਸਦੀ ਦੇ ਅੰਤ ਤੱਕ ਵਧ ਕੇ 62 ਸਾਲ ਹੋ ਗਈ | ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਮੁਤਾਬਕ 21ਵੀਂ ਸਦੀ 'ਚ ਭਾਰਤੀ ਮਨੁੱਖ ਦੀ ਔਸਤ ਉਮਰ ਤਕਰੀਬਨ 71 ਸਾਲ ਹੋ ਗਈ ਹੈ | ਇਸ ਉਮਰ ਵਾਧੇ 'ਚ ਸਿਹਤ ਵਿਗਿਆਨ ਵਿਚ ਹੋਈ ਤਰੱਕੀ ਦਾ ਅਹਿਮ ਯੋਗਦਾਨ ਹੈ, ਜਦਕਿ ਖਾਧ ਸੁਰੱਖਿਆ ਵੀ ਉਮਰ ਵਧਾਉਣ ਵਿਚ ਸਹਾਈ ਹੋਈ ਹੈ | ਹੁਣ ਔਸਤ ਉਮਰ ਨੂੰ  ਵਿਕਾਸ ਦੇ ਤੱਤ ਵਜੋਂ ਸਮਝਣ ਲਈ ਇਸ ਵਿਚ ਤੰਦਰੁਸਤੀ ਜੋੜ ਦਿੱਤੀ ਗਈ ਹੈ | ਭਾਰਤ 'ਚ ਜੀਅ ਦੀ ਔਸਤ ਉਮਰ 71-72 ਸਾਲ ਹੈ, ਪਰ ਤੰਦਰੁਸਤੀ ਵਾਲੀ ਅÏਸਤ ਉਮਰ 59.1 ਸਾਲ ਹੀ ਹੈ | ਇਨ੍ਹਾਂ ਦੋਵਾਂ ਵਿਚ 10-11 ਸਾਲਾਂ ਦੇ ਪਾੜੇ ਦਾ ਮਤਲਬ ਹੈ, ਕਿ ਇਸ ਦੌਰਾਨ ਬਿਮਾਰੀਆਂ ਜਾਂ ਅਪੰਗਤਾ ਅਸਰਅੰਦਾਜ਼ ਰਹਿੰਦੀ ਹੈ | ਇਨ੍ਹਾਂ ਬਿਮਾਰੀਆਂ ਦਾ ਬੋਝ ਵੀ ਇੱਕਸਾਰ ਨਾ ਹੋ ਕੇ ਸਿਹਤ ਸਹੂਲਤਾਂ ਦੀ ਪਹੁੰਚ ਤੇ ਵਿੱਤੀ ਸਮਰੱਥਾ ਨਾਲ ਜੁੜਿਆ ਹੋਇਆ ਹੈ | 

ਜੁਲਾਈ 2026 ਵਿਚ ਵਿਸ਼ਵ ਸਿਹਤ ਸੰਸਥਾ ਨੇ ਕੈਂਸਰ ਬਾਰੇ ਆਪਣੀ ਨਵੀਂ ਰਿਪੋਰਟ 'ਚ ਇਸ  ਬਿਮਾਰੀ ਦੇ ਬੋਝ ਤੇ ਮਾਰ ਬਾਰੇ ਖੁਲਾਸੇ ਕਰਦਿਆਂ ਸਿਹਤ ਸਰੋਕਾਰਾਂ ਵਿਚ ਸਮੁੱਚੇ ਮਨੁੱਖੀ ਵਿਕਾਸ ਦਾ ਜ਼ਿਕਰ ਕੀਤਾ ਹੈ | ਇਸ ਰਿਪੋਰਟ ਅਨੁਸਾਰ ਆਲਮੀ ਆਬਾਦੀ ਦਾ ਤਕਰੀਬਨ 92 ਫ਼ੀਸਦੀ ਹਿੱਸਾ ਕੈਂਸਰ ਦੀ ਬਿਮਾਰੀ ਦੇ ਸਿੱਧੇ ਜਾਂ ਅਸਿੱਧੇ ਘੇਰੇ ਵਿਚ ਹੈ | ਮਤਲਬ ਕੋਈ ਇਨਸਾਨ ਖ਼ੁਦ ਇਸ ਬਿਮਾਰੀ ਦੇ ਘੇਰੇ ਵਿਚ ਹੈ ਜਾਂ ਉਸ ਦਾ ਕੋਈ ਕਰੀਬੀ ਜਾਂ ਪਰਿਵਾਰਕ ਜੀਅ ਇਸ ਤੋਂ ਪੀੜਤ ਹੈ | ਆਲਮੀ ਪੱਧਰ 'ਤੇ ਸਾਲ 2024 ਵਿਚ ਕੈਂਸਰ ਦੇ 20.6 ਕਰੋੜ ਮਾਮਲੇ ਦਰਜ ਹੋਏ ਤੇ 97 ਲੱਖ ਮੌਤਾਂ ਹੋਈਆਂ | ਕੈਂਸਰ ਦਾ ਪਸਾਰਾ ਆਲਮੀ ਹੈ, ਪਰ ਇਸ ਦੀ ਮਾਰ ਅਸਾਵੀਂ ਹੈ | ਇਸ ਬਿਮਾਰੀ ਤੋਂ ਬਚਾਅ ਹਰ ਜੀਅ ਦੀ ਭੂਗੋਲਿਕ ਸਥਿਤੀ ਤੇ ਇਲਾਜ ਤੱਕ ਪਹੁੰਚ 'ਤੇ ਨਿਰਭਰ ਹੈ | ਰਿਪੋਰਟ ਅਨੁਸਾਰ ਕੈਂਸਰ ਆਲਮੀ ਪੱਧਰ ਦਾ ਸਿਹਤ, ਸਮਾਜਿਕ ਤੇ ਆਰਥਿਕ ਸੰਕਟ ਹੈ, ਜੋ ਪਰਿਵਾਰਾਂ ਤੇ ਬਰਾਦਰੀਆਂ 'ਤੇ ਅਸਰਅੰਦਾਜ਼ ਹੋ ਰਿਹਾ ਹੈ | ਇਸ ਦੀ ਰੋਕਥਾਮ, ਨਿਦਾਨ ਤੇ ਇਲਾਜ ਦੇ ਖੇਤਰਾਂ ਵਿਚ ਹੋਈ ਤਰੱਕੀ ਦੇ ਨਤੀਜੇ ਵਜੋਂ ਕਈ ਮੁਲਕਾਂ ਵਿਚ ਬਿਹਤਰ ਸਿੱਟੇ ਸਾਹਮਣੇ ਆ ਰਹੇ ਹਨ, ਕਿਉਂਕਿ ਕੈਂਸਰ ਦੀ ਜਲਦ ਸ਼ਨਾਖ਼ਤ ਨਾਲ ਰੋਕਥਾਮ ਜਾਂ ਇਲਾਜ ਦੀ ਗੁੰਜਾਇਸ਼ ਵਧ ਜਾਂਦੀ ਹੈ | ਸਾਲ 2024 ਦੇ ਅੰਕੜਿਆਂ ਮੁਤਾਬਿਕ ਫੇਫੜਿਆਂ, ਛਾਤੀ, ਆਂਦਰਾਂ, ਗਦੂਦ ਤੇ ਪੇਟ ਦੇ ਕੈਂਸਰ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ | ਤੰਬਾਕੂ, ਸ਼ਰਾਬ, ਗ਼ੈਰ-ਸਿਹਤਮੰਦ ਖ਼ੁਰਾਕ, ਸਰੀਰਕ ਸਰਗਰਮੀ ਦੀ ਘਾਟ ਤੇ ਹਵਾ ਪ੍ਰਦੂਸ਼ਣ ਕੈਂਸਰ ਦਾ ਜੋਖ਼ਮ ਵਧਾਉਂਦੇ ਹਨ, ਜਦਕਿ ਪੇਟ ਤੇ ਅੰਤੜੀਆਂ ਵਿਚ ਹੋਣ ਵਾਲੇ ਜ਼ਖ਼ਮ, ਸੋਜ ਤੇ ਤੇਜ਼ਾਬੀਪਣ ਦੇ ਨਾਲ ਹੈਪਟਾਈਟਸ ਦੀਆਂ ਸਾਰੀਆਂ ਕਿਸਮਾਂ ਵੀ ਇਸ ਦਾ ਕਾਰਨ ਬਣ ਸਕਦੀਆਂ ਹਨ | 
ਰਿਪੋਰਟ ਅਨੁਸਾਰ ਕੈਂਸਰ ਦੇ ਜੋਖ਼ਮ ਨੂੰ  ਘਟਾਇਆ ਜਾ ਸਕਦਾ ਹੈ ਤੇ ਇਸ ਦੀ ਰੋਕਥਾਮ ਵੀ ਕੀਤੀ ਜਾ ਸਕਦੀ ਹੈ | ਕੈਂਸਰ ਦੀਆਂ ਜ਼ਿਆਦਾਤਰ ਕਿਸਮਾਂ ਦਾ ਇਲਾਜ ਜਲਦੀ ਸ਼ਨਾਖ਼ਤ ਹੋਣ 'ਤੇ ਹੋ ਸਕਦਾ ਹੈ, ਜਦਕਿ ਰੋਕਥਾਮ ਲਈ ਹਰ ਮਨੁੱਖ ਨੂੰ  ਪ੍ਰਹੇਜ਼ ਵਜੋਂ ਜ਼ਾਬਤੇ ਵਿਚ ਰਹਿਣਾ ਜ਼ਰੂਰੀ ਹੈ | ਤੰਬਾਕੂ ਤੇ ਸ਼ਰਾਬ ਤੋਂ ਪਰਹੇਜ਼ ਕਰਦਿਆਂ ਸਿਹਤਮੰਦ ਖ਼ੁਰਾਕ ਵਿਚ ਫਲਾਂ ਤੇ ਸਬਜ਼ੀਆਂ ਦੀ ਢੁਕਵੀਂ ਮਿਕਦਾਰ ਕਾਇਮ ਰੱਖੀ ਜਾਵੇ | ਨੇਮ ਨਾਲ ਸਰੀਰਕ ਸਰਗਰਮੀ ਕਾਇਮ ਰੱਖੀ ਜਾਵੇ, ਐੱਚ.ਪੀ.ਬੀ. ਅਤੇ ਹੈਪਟਾਈਟਸ ਦੇ ਜੋਖ਼ਮ ਵਾਲਿਆਂ ਦਾ ਟੀਕਾਕਰਨ ਕਰਵਾਇਆ ਜਾਵੇ | ਅਲਟਰਾਵਾਈਲਟ ਰੇਡੀਏਸ਼ਨ ਤੋਂ ਬਚਿਆ ਜਾਵੇ, ਜਦਕਿ ਪੇਸ਼ੇਵਰ ਲੋਕਾਂ ਦਾ ਰੇਡੀਏਸ਼ਨ ਨਾਲ ਸੰਪਰਕ ਘਟਾਇਆ ਜਾਵੇ | ਇਮਾਰਤਾਂ ਦੇ ਅੰਦਰ ਤੇ ਖੁੱਲ੍ਹੇ ਇਲਾਕਿਆਂ ਵਿਚ ਹੁੰਦੇ ਹਵਾ ਪ੍ਰਦੂਸ਼ਣ ਨੂੰ  ਘਟਾਇਆ ਜਾਵੇ | ਜਲਦੀ ਨਿਦਾਨ ਹੋਣ ਨਾਲ ਇਲਾਜ ਦੀ ਗੁੰਜਾਇਸ਼ ਵਧਦੀ ਹੈ ਤੇ ਇਹ ਇਲਾਜ ਮੁਕਾਬਲਤਨ ਸਸਤਾ ਪੈਂਦਾ ਹੈ | ਇਸ ਦੇ ਤਿੰਨ ਪੱਖ ਰਿਪੋਰਟ ਵਿਚ ਦਰਜ ਹਨ | ਸਭ ਤੋਂ ਪਹਿਲਾਂ ਕੈਂਸਰ ਦੇ ਲੱਛਣਾਂ ਦੇ ਸਾਹਮਣੇ ਆਉਣ ਸਾਰ ਡਾਕਟਰੀ ਸਲਾਹ ਲੈ ਕੇ ਸਮੇਂ ਸਿਰ ਮਰੀਜ਼ ਨੂੰ  ਇਲਾਜ ਲਈ ਹਸਪਤਾਲ ਭੇਜ ਦਿੱਤਾ ਜਾਵੇ | ਇਸ ਦੇ ਨਾਲ ਜੋਖ਼ਮ ਦੀ ਜੱਦ ਵਿਚ ਆਏ ਤਬਕੇ ਦੀ ਸਕਰੀਨਿੰਗ ਹੋਣੀ ਚਾਹੀਦੀ ਹੈ, ਜੋ ਸਾਰੀਆਂ ਨਹੀਂ, ਪਰ ਕੁਝ ਕਿਸਮਾਂ ਦੇ ਮਾਮਲੇ ਵਿਚ ਸੰਭਵ ਹੈ | ਇਹ ਸਕਰੀਨਿੰਗ ਉਮਰ ਅਤੇ ਜੋਖ਼ਮ ਦੇ ਖ਼ਦਸ਼ੇ ਮੁਤਾਬਕ ਹੋਣੀ ਚਾਹੀਦੀ ਹੈ |      ਇਨ੍ਹਾਂ 'ਚ ਸਰਵਾਈਕਲ ਲਈ ਐੱਚ.ਪੀ.ਵੀ. ਟੈਸਟ ਹੋਣੇ ਚਾਹੀਦੇ ਹਨ ਤੇ 50-69 ਸਾਲਾਂ ਦੀਆਂ ਔਰਤਾਂ ਦਾ ਮੈਮੋਗ੍ਰਾਫੀ ਟੈਸਟ ਸਮੇਂ-ਸਮੇਂ 'ਤੇ ਹੋਣਾ ਜ਼ਰੂਰੀ ਹੈ | ਜੇ ਨਿਦਾਨ ਠੀਕ ਹੋ ਜਾਵੇ ਤਾਂ ਇਲਾਜ ਸੁਖਾਲਾ ਹੋ ਜਾਂਦਾ ਹੈ, ਕੈਂਸਰ ਦੀ ਖ਼ਸੂਸੀ ਕਿਸਮ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਹੀ ਇਸ ਦਾ ਇਲਾਜ ਹੁੰਦਾ ਹੈ | 
ਇਲਾਜ ਆਮ ਤੌਰ 'ਤੇ 3 ਕਿਸਮ ਦਾ ਹੁੰਦਾ ਹੈ | ਸਰਜਰੀ ਜਾਂ ਰੇਡੀਓਥਰੈਪੀ ਹੁੰਦੀ ਹੈ | ਤੀਜੀ ਕਿਸਮ ਦੇ ਇਲਾਜ ਵਿਚ ਕੀਮੋਥਰੈਪੀ, ਹਾਰਮੋਨਲ ਥਰੈਪੀ ਜਾਂ ਟਾਰਗੈਟਿਡ ਥਰੈਪੀ ਹੁੰਦੀ ਹੈ | ਬੁਨਿਆਦੀ ਨਿਸ਼ਾਨਾ ਕੈਂਸਰ ਦਾ ਇਲਾਜ ਕਰਕੇ ਮਰੀਜ਼ ਦੀ ਉਮਰ ਵਿਚ ਵਾਧਾ ਕਰਨਾ ਹੈ | ਮਰੀਜ਼ ਦੇ ਇਲਾਜ ਦੌਰਾਨ ਉਸ ਦੇ ਪਰਿਵਾਰਕ ਜੀਆਂ ਦੀ ਸਰੀਰਕ, ਮਾਨਸਿਕ ਤੇ ਰੂਹਾਨੀ/ਬੌਧਿਕ ਸਿਹਤਮੰਦੀ ਲਾਜ਼ਮੀ ਹੈ, ਕਿਉਂਕਿ ਇਸ ਨਾਲ ਹੀ ਮਰੀਜ਼ ਦੀ ਜ਼ਿੰਦਗੀ 'ਚ ਮਿਆਰੀ ਵਾਧਾ ਹੋਣ 'ਤੇ ਉਸ ਦਾ ਦਰਦ ਨਿਵਾਰਨ ਹੁੰਦਾ ਹੈ | ਇਸ ਵੇਲੇ ਕੌਮਾਂਤਰੀ ਪੱਧਰ 'ਤੇ ਵਿਸ਼ਵ ਸਿਹਤ ਸੰਸਥਾ ਸਮੇਤ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਨੇ ਸਰਗਰਮੀ ਨਾਲ ਉਪਰਾਲਾ ਸ਼ੁਰੂ ਕੀਤਾ ਹੈ ਕਿ ਸਰਕਾਰਾਂ ਸਿਆਸੀ ਇਕਰਾਰ ਰਾਹੀਂ ਕੈਂਸਰ ਦੀ ਰੋਕਥਾਮ ਤੇ ਇਲਾਜ ਨੂੰ  ਆਪਣੇ ਮੋਨਰਥ ਦਾ ਹਿੱਸਾ ਬਣਾਉਣ, ਤਾਲਮੇਲ ਤੇ ਖੋਜ ਰਾਹੀਂ ਕੈਂਸਰ ਦੇ ਕਾਰਨਾਂ, ਰੋਕਥਾਮ ਤੇ ਇਲਾਜ ਬਾਬਤ ਵਿਧੀ-ਵਿਧਾਨ ਬਣਾਉਣਾ ਇਸ ਸਰਗਰਮੀ ਦਾ ਹਿੱਸਾ ਹੈ | ਇਸ ਦਾ ਮਕਸਦ ਸਿਹਤ ਸਹੂਲਤਾਂ ਨੂੰ  ਬਿਹਤਰ ਕਰਕੇ ਹਰ ਉਮਰ ਦੇ ਲੋਕਾਂ ਲਈ ਸਸਤੀਆਂ ਦਰਾਂ 'ਤੇ ਕੈਂਸਰ ਦੀ ਰੋਕਥਾਮ, ਸਮੇਂ ਸਿਰ ਰੋਗ ਦੀ ਪਛਾਣ (ਨਿਦਾਨ), ਅਸਰਦਾਰ ਇਲਾਜ ਤੇ ਤਿਮਾਰਦਾਰੀ ਨੂੰ  ਯਕੀਨੀ ਬਣਾਉਣ ਲਈ ਰਣਨੀਤੀ ਤਿਆਰ ਕਰਨਾ ਹੈ | 
ਜੇ ਦੇਖਿਆ ਜਾਵੇ ਤਾਂ ਓਪਰੋਕਤ ਤੱਥਾਂ ਵਿਚ ਬਿਮਾਰੀ ਤੇ ਇਸ ਦੀ ਮਾਰ ਦਾ ਬਿਆਨੀਆ ਮਿਲਦਾ ਹੈ ਤੇ ਨਾਲ ਹੀ ਇਸ ਨਾਲ ਨਜਿੱਠਣ ਦੇ ਢੰਗ-ਤਰੀਕਿਆਂ ਦੀ ਜਾਣਕਾਰੀ ਮਿਲਦੀ ਹੈ | ਇਸ ਲਈ ਸਭ ਤੋਂ ਜ਼ਰੂਰੀ ਸੁਆਲ ਇਹ ਹੋ ਜਾਂਦਾ ਹੈ ਕਿ ਸਿਹਤ ਸਹੂਲਤਾਂ ਸਰਕਾਰ ਦੇ ਆਵਾਮ ਨਾਲ ਵਾਅਦੇ 'ਚ ਕਿੱਥੇ ਹਨ ਅਤੇ ਇਨ੍ਹਾਂ ਲਈ ਲੋੜੀਂਦੇ ਸਾਧਨਾਂ ਦਾ ਇੰਤਜ਼ਾਮ ਕਿੱਥੇ ਹੈ? ਜ਼ਿਕਰਯੋਗ ਹੈ ਕਿ ਸਿਹਤ 'ਤੇ ਸਰਕਾਰੀ ਖ਼ਰਚਾ ਲਗਾਤਾਰ ਘਟ ਰਿਹਾ ਹੈ, ਸਰਕਾਰਾਂ ਨਿੱਜੀ ਅਦਾਰਿਆਂ ਨਾਲ ਸਾਂਝ ਬਣਾ ਕੇ ਆਵਾਮ ਨੂੰ  ਨਿੱਜੀ ਅਦਾਰਿਆਂ ਦੇ ਹਵਾਲੇ ਕਰ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਮਕਸਦ ਮੁਨਾਫ਼ਾ ਕਮਾਉਣਾ ਹੈ | ਇਸ ਤੋਂ ਅੱਗੇ ਬੀਮਾ ਸਨਅਤ ਹੈ, ਜਿਸ ਦਾ ਮਕਸਦ ਵੀ ਲੋਕ ਕਲਿਆਣ ਦੀ ਥਾਂ ਮੁਨਾਫ਼ਾ ਹੈ | ਅਜਿਹੇ 'ਚ ਸਾਧਨਹੀਣ ਲੋਕ ਇਲਾਜਯੋਗ ਬਿਮਾਰੀਆਂ ਨਾਲ ਵੀ ਮਰ ਰਹੇ ਹਨ | ਗਿਣਤੀ ਦੇ ਸਰਕਾਰੀ ਹਸਪਤਾਲਾਂ 'ਤੇ ਮਰੀਜ਼ਾਂ ਦਾ ਬੋਝ ਬਹੁਤ ਜ਼ਿਆਦਾ ਹੈ | ਮਰੀਜ਼ ਸਰਕਾਰੀ ਇਲਾਜ ਕਰਵਾਉਣ ਦੀ ਆਸ 'ਚ ਆਪਣੀ ਵਾਰੀ ਦੀ ਉਡੀਕ ਕਰਦਿਆਂ ਹਰ ਮੌਸਮ ਦੀ ਮਾਰ ਝਲਦਿਆਂ ਸੜਕਾਂ 'ਤੇ ਖਾਣ-ਪੀਣ ਤੇ ਨਹਾਉਣ-ਧੋਣ ਦਾ ਜੁਗਾੜ ਕਰਦੇ ਹਨ | ਮਰੀਜ਼ ਸਰਕਾਰ ਵਲੋਂ ਦਿੱਤੀਆਂ 5-10 ਲੱਖ ਰੁਪਏ ਦੀਆਂ ਸਹੂਲਤਾਂ ਹਾਸਿਲ ਕਰਨ ਲਈ ਖ਼ਜਲ-ਖੁਆਰ ਹੋ ਰਹੇ ਹਨ |
ਸਰਕਾਰ ਨੂੰ  ਚਾਹੀਦਾ ਹੈ ਕਿ ਉਹ ਸਿਹਤ ਸਹੂਲਤਾਂ ਨੂੰ  ਬਿਹਤਰ ਕਰਕੇ ਇਨ੍ਹਾਂ ਨੂੰ  ਸਮੂਹ ਆਵਾਮ ਤੱਕ  ਪਹੁੰਚ ਯੋਗ ਬਣਾਏ | ਇਸ ਰਿਪੋਰਟ ਤੋਂ ਨਿਚੋੜ ਕੱਢਿਆ ਜਾ ਸਕਦਾ ਹੈ ਕਿ ਸਿਹਤ ਸਹੂਲਤਾਂ ਦੇ ਇੰਤਜ਼ਾਮ ਵਿਚ ਸਰਕਾਰਾਂ ਦੀ ਭੂਮਿਕਾ 'ਤੇ ਸੰਜੀਦਾ ਪੜਚੋਲ ਤੇ ਚਰਚਾ ਹੋਣੀ ਚਾਹੀਦੀ ਹੈ | ਸਰਕਾਰੀ ਸਿਹਤ ਨੀਤੀਆਂ 'ਤੇ ਨਜ਼ਰਸਾਨੀ ਰਾਹੀਂ ਇਲਾਜਯੋਗ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ ਤੇ ਸਮੇਂ ਸਿਰ ਨਿਦਾਨ, ਰੋਕਥਾਮ ਤੇ ਇਲਾਜ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦੀ ਮਾਰ ਸੀਮਤ ਕੀਤੀ ਜਾ ਸਕਦੀ ਹੈ | ਜੇ ਅਜਿਹਾ ਨਹੀਂ ਹੁੰਦਾ ਤਾਂ ਅਮੀਰ ਬੰਦੇ ਦਾ ਗ਼ਰੀਬ ਦੀ ਮੌਤ ਦਾ ਗਵਾਹ ਬਣਨਾ ਅਤੇ ਗ਼ੁਰਬਤ ਮਾਰੇ ਬੰਦੇ ਦਾ ਅਮੀਰਜ਼ਾਦਿਆਂ ਦੇ ਇਲਾਜ ਦੀ ਗਵਾਹੀ ਭਰਨਾ ਤੈਅ ਹੈ |


-(ਲੇਖਕ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਬਤੌਰ ਡਾਇਰੈਕਟਰ ਕੰਮ ਕਰਦਾ ਹੈ |)
ਮੋਬਾਈਲ : 97811-21873

Ad Position 22
No active advertisement
ਪਿਛਲੀ ਖ਼ਬਰ ਭਾਰਤ ਲਈ ਚਿੰਤਾਜਨਕ ਹੈ ਦੱਖਣੀ ਏਸ਼ੀਆ ਦੀ ਲੜਾਈ ਅਗਲੀ ਖ਼ਬਰ ਇਕ ਵਿਲੱਖਣ ਸ਼ਖ਼ਸੀਅਤ ਸਨ ਮਹਿੰਦਰ ਸਿੰਘ ਦੁਸਾਂਝ
Ad Position 24