05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭਾਰਤ ਲਈ ਚਿੰਤਾਜਨਕ ਹੈ ਦੱਖਣੀ ਏਸ਼ੀਆ ਦੀ ਲੜਾਈ

ਭਾਰਤ ਲਈ ਚਿੰਤਾਜਨਕ ਹੈ ਦੱਖਣੀ ਏਸ਼ੀਆ ਦੀ ਲੜਾਈ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

6 ਮਹੀਨੇ ਪਹਿਲਾਂ ਅਮਰੀਕਾ ਨੇ ਇਜ਼ਰਾਈਲ ਨਾਲ ਰਲ ਕੇ ਈਰਾਨ 'ਤੇ ਹਮਲਾ ਕੀਤਾ ਸੀ, ਜਿਸ ਵਿਚ ਈਰਾਨ ਦੇ ਉੱਚ ਕੋਟੀ ਦੇ ਆਗੂ ਅਤੇ ਜਰਨੈਲ ਮਾਰੇ ਗਏ ਸਨ | ਉਸ ਤੋਂ ਬਾਅਦ ਸ਼ੁਰੂ ਹੋਈ ਲੜਾਈ ਵਿਚ ਈਰਾਨ ਨੇ ਪੱਛਮੀ ਏਸ਼ੀਆ ਦੇ ਖਾੜੀ ਦੇਸ਼ਾਂ ਵਿਚ ਸਥਾਪਿਤ ਅਮਰੀਕੀ ਅੱਡਿਆਂ ਨੂੰ  ਨਿਸ਼ਾਨਾ ਬਣਾਇਆ ਸੀ | ਪਿਛਲੇ ਲੰਮੇ ਸਮੇਂ ਤੋਂ ਸੰਯੁਕਤ ਅਰਬ ਅਮੀਰਾਤ, ਕੁਵੈਤ, ਬਹਿਰੀਨ, ਜਾਰਡਨ ਅਤੇ ਕਤਰ ਨੇ ਆਪਣੀ ਰੱਖਿਆ ਲਈ ਆਪਣੇ ਦੇਸ਼ਾਂ ਵਿਚ ਅਮਰੀਕੀ ਫ਼ੌਜਾਂ ਦੇ ਅੱਡੇ ਸਥਾਪਿਤ ਕੀਤੇ ਹੋਏ ਸਨ | ਲੜਾਈ ਸ਼ੁਰੂ ਹੋਣ 'ਤੇ ਈਰਾਨ ਵਲੋਂ ਇਨ੍ਹਾਂ ਦੇਸ਼ਾਂ 'ਤੇ ਕੀਤੇ ਮਿਜ਼ਾਈਲੀ ਹਮਲਿਆਂ ਵਿਚ ਤੇਲ ਨਾਲ ਭਰਪੂਰ ਇਸ ਧਰਤੀ ਨੂੰ  ਵੱਡਾ ਸਰਾਪ ਲੱਗਿਆ ਨਜ਼ਰ ਆਉਂਦਾ ਹੈ | ਅਮਰੀਕਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਇਨ੍ਹਾਂ ਦੇਸ਼ਾਂ 'ਤੇ ਹੁੰਦੇ ਹਮਲਿਆਂ ਨੂੰ  ਰੋਕ ਸਕਣ ਤੋਂ ਅਸਮਰੱਥ ਰਿਹਾ ਹੈ, ਜਿਸ ਕਾਰਨ ਇਨ੍ਹਾਂ ਦਾ ਵੱਡੀ ਹੱਦ ਤੱਕ ਤੇਲ ਦਾ ਵਪਾਰ ਘਟਿਆ ਹੈ | ਇਨ੍ਹਾਂ ਦੇਸ਼ਾਂ ਲਈ ਤਾਂ ਇਹ ਚਿੰਤਾ ਦੀ ਗੱਲ ਹੈ ਹੀ ਪਰ ਭਾਰਤ ਅਤੇ ਹੋਰ ਉਨ੍ਹਾਂ ਦੇਸ਼ਾਂ 'ਤੇ ਵੀ ਵੱਡਾ ਅਸਰ ਪਿਆ ਹੈ, ਜੋ ਖਾੜੀ ਦੇ ਦੇਸ਼ਾਂ ਤੋਂ ਕੱਚਾ ਤੇਲ ਮੰਗਵਾਉਂਦੇ ਰਹੇ ਹਨ |

ਹੁਣ ਤੱਕ ਭਾਰਤ ਨੇ ਰੂਸ ਸਮੇਤ ਹੋਰ ਤੇਲ ਨਿਰਯਾਤ ਕਰਨ ਵਾਲੇ ਦੇਸ਼ਾਂ ਨਾਲ ਚੰਗੀ ਯੋਜਨਾਬੰਦੀ ਕਰਕੇ ਦੇਸ਼ ਵਿਚ ਇਸ ਦੀ ਬਹੁਤੀ ਕਮੀ ਨਹੀਂ ਆਉਣ ਦਿੱਤੀ ਅਤੇ ਨਾ ਹੀ ਜੰਗ ਦੌਰਾਨ ਤੇਲ ਦੀਆਂ ਕੀਮਤਾਂ ਵਿਚ ਕੋਈ ਵੱਡਾ ਅਤੇ ਅਸਹਿਣਯੋਗ ਵਾਧਾ ਕੀਤਾ ਹੈ, ਪਰ ਜੇਕਰ ਇਹ ਜੰਗ ਇਕ ਸੀਮਤ ਸਮੇਂ ਵਿਚ ਖ਼ਤਮ ਨਹੀਂ ਹੁੰਦੀ ਤਾਂ ਇਸ ਦਾ ਅਸਰ ਨਿਸਚਿਤ ਤੌਰ 'ਤੇ ਭਾਰਤ ਉੱਤੇ ਵੀ ਜ਼ਰੂਰ ਪਵੇਗਾ, ਜੋ ਇਸ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰੇਗਾ | ਭਾਰਤ ਨੂੰ  ਇਕ ਹੋਰ ਵੱਡਾ ਖਸਾਰਾ ਇਹ ਪਿਆ ਹੈ ਕਿ ਇਸ ਨੇ ਅਫ਼ਗਾਨਿਸਤਾਨ ਅਤੇ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਸੰਪਰਕ ਬਣਾਉਣ ਲਈ ਈਰਾਨ ਦੀ ਚਾਬਹਾਰ ਬੰਦਰਗਾਹ ਨੂੰ  ਵਿਕਸਿਤ ਕਰਨ ਲਈ ਵੱਡੀ ਆਰਥਿਕ ਸਹਾਇਤਾ ਦਿੱਤੀ ਸੀ | ਪਾਕਿਸਤਾਨ ਵਲੋਂ ਸੜਕੀ ਰਸਤਾ ਬੰਦ ਹੋਣ ਕਾਰਨ ਸਮੁੰਦਰ ਰਾਹੀਂ ਈਰਾਨ ਦੀ ਇਸ  ਬੰਦਰਗਾਹ ਤੱਕ ਪਹੁੰਚ ਨਾਲ ਉੱਥੋਂ ਅਫ਼ਗਾਨਿਸਤਾਨ ਅਤੇ ਹੋਰ ਕੇਂਦਰੀ ਏਸ਼ੀਆ ਦੇ ਦਰਜਨਾਂ ਦੇਸ਼ਾਂ ਨਾਲ ਭਾਰਤ ਦਾ ਵਪਾਰਕ ਅਤੇ ਹੋਰ ਹਰ ਤਰ੍ਹਾਂ ਦਾ ਚੰਗਾ ਸੰਪਰਕ ਬਣ ਸਕਦਾ ਸੀ | ਜਿੱਥੇ ਅਮਰੀਕੀ ਬੰਬਾਰੀ ਨੇ ਇਸ ਬੰਦਰਗਾਹ ਨੂੰ  ਤਬਾਹ ਕਰ ਦਿੱਤਾ ਹੈ, ਉੱਥੇ ਲੜਾਈ ਵਿਚ ਰੁੱਝੇ ਹੋਣ ਕਾਰਨ ਈਰਾਨ ਲਈ ਅਜੇ ਅਜਿਹੀ ਕੋਈ ਹੋਰ ਯੋਜਨਾਬੰਦੀ ਕਰ ਸਕਣੀ ਵੀ ਬੇਹੱਦ ਮੁਸ਼ਕਿਲ ਨਜ਼ਰ ਆਉਂਦੀ ਹੈ | ਇਸੇ ਸਮੇਂ ਵਿਚ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਵਿਚਾਲੇ ਮੱਕਾ ਸਮਝੌਤਾ ਹੋਣਾ ਵੀ ਇਕ ਤਰ੍ਹਾਂ ਨਾਲ ਭਾਰਤ ਲਈ ਚੁਣੌਤੀ ਬਣਿਆ ਨਜ਼ਰ ਆਉਂਦਾ ਹੈ | ਜੇਕਰ ਅਰਬ ਦੇਸ਼ ਅਮਰੀਕਾ ਦਾ ਆਸਰਾ ਲੈਣ ਦੀ ਥਾਂ ਮੱਕਾ ਸਮਝੌਤੇ ਦੀ ਤਰਜ਼ 'ਤੇ ਆਪਸ ਵਿਚ ਰਲ ਕੇ ਆਪਣਾ ਕੋਈ ਹੋਰ ਵੱਡਾ ਸੰਗਠਨ ਬਣਾਉਂਦੇ ਹਨ ਅਤੇ ਇਸ ਵਿਚ ਪਾਕਿਸਤਾਨ ਦੀ ਵੀ ਸ਼ਮੂਲੀਅਤ ਰਹਿੰਦੀ ਹੈ, ਤਾਂ ਭਾਰਤ ਨੂੰ  ਇਸ ਤੋਂ ਹੋਰ ਵੀ ਸੁਚੇਤ ਹੋਣ ਦੀ ਲੋੜ ਹੋਵੇਗੀ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਿੱਤ ਦਿਨ ਨਵੀਆਂ ਤੋਂ ਨਵੀਆਂ ਯੋਜਨਾਵਾਂ ਬਣਾ ਕੇ ਆਪਣੇ ਬਿਆਨ ਬਦਲਦੇ ਰਹਿੰਦੇ ਹਨ, ਪਰ ਇਸ ਲੜਾਈ ਦੇ ਲੰਬਾ ਹੋ ਜਾਣ ਕਰਕੇ ਉਸ ਵਿਚ ਵੀ ਵੱਡੀ ਘਬਰਾਹਟ ਨਜ਼ਰ ਆ ਰਹੀ ਹੈ | ਉਸ ਦੇ ਸਾਥੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਾਹਮਣੇ ਉੱਥੇ ਅਕਤੂਬਰ ਦੇ ਮਹੀਨੇ ਵਿਚ ਹੋ ਰਹੀਆਂ ਚੋਣਾਂ ਖੜ੍ਹੀਆਂ ਹਨ ਅਤੇ ਇਸੇ ਹੀ ਤਰ੍ਹਾਂ ਅਮਰੀਕਾ ਵਿਚ ਇਸੇ ਸਾਲ ਨਵੰਬਰ ਦੇ ਮਹੀਨੇ ਵਿਚ 2 ਸਾਲ ਬਾਅਦ ਹੁੰਦੀਆਂ ਸਮਕਾਲੀ ਚੋਣਾਂ ਨੂੰ  ਲੈ ਕੇ ਵੀ ਟਰੰਪ ਪ੍ਰਸ਼ਾਸਨ ਵਲੋਂ ਘਬਰਾਹਟ ਮਹਿਸੂਸ ਕੀਤੀ ਜਾ ਰਹੀ ਹੈ |
ਈਰਾਨ ਦੇ ਵੀ ਅੰਦਰੂਨੀ ਹਾਲਾਤ ਬੁਰੀ ਤਰ੍ਹਾਂ ਲੜਖੜਾ ਚੁੱਕੇ ਹਨ | ਉੱਥੇ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਨਾਲ-ਨਾਲ ਦੇਸ਼ ਦੇ ਮੁਢਲੇ ਢਾਂਚੇ ਦਾ ਵੀ ਵੱਡਾ ਨੁਕਸਾਨ ਹੋ ਚੁੱਕਾ ਹੈ | ਜੇਕਰ ਈਰਾਨ ਨੇ ਹੋਰਮੁਜ਼ ਜਲਡਮਰੂ ਰਾਹੀਂ ਕੌਮਾਂਤਰੀ ਜਹਾਜ਼ਾਂ ਦੀ ਵਪਾਰਕ ਆਵਾਜਾਈ 'ਤੇ ਰੋਕ ਲਗਾਈ ਰੱਖੀ ਤੇ ਅਮਰੀਕਾ ਨੇ ਵੀ ਇਸ ਦੇ ਪ੍ਰਤੀਕਰਮ ਵਜੋਂ ਉਸ ਦੀ ਨਾਕਾਬੰਦੀ ਕਰਕੇ ਉਸ ਦੇ ਤੇਲ ਦੇ ਕਾਰੋਬਾਰ ਨੂੰ  ਇਸੇ ਤਰ੍ਹਾਂ ਠੱਪ ਕਰੀ ਰੱਖਿਆ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ | ਲੜਾਈ ਤੋਂ ਪਹਿਲਾਂ ਈਰਾਨ ਵਿਚ ਇਸਲਾਮਿਕ ਰਾਜ ਵਿਰੁੱਧ ਵੱਡੀਆਂ ਬਗ਼ਾਵਤਾਂ ਉੱਠੀਆਂ ਸਨ, ਜਿਨ੍ਹਾਂ ਨੂੰ  ਉਸ ਸਮੇਂ ਈਰਾਨੀ ਫ਼ੌਜਾਂ ਨੇ ਹਜ਼ਾਰਾਂ ਲੋਕਾਂ ਨੂੰ  ਨਿਸ਼ਾਨਾ ਬਣਾ ਕੇ ਕੁਚਲਣ ਦਾ ਯਤਨ ਕੀਤਾ ਸੀ | ਜੇਕਰ ਹਾਲਾਤ ਅਜਿਹੇ ਹੀ ਬਣੇ ਰਹਿੰਦੇ ਹਨ ਤਾਂ ਦੇਸ਼ ਵਿਚ ਅਜਿਹੀਆਂ ਬਗ਼ਾਵਤਾਂ ਦੇ ਫੇਰ ਉੱਠਣ ਦੀ ਸੰਭਾਵਨਾ ਬਣ ਸਕਦੀ ਹੈ | ਇਸ ਲਈ ਈਰਾਨ ਨੂੰ  ਵੀ ਕੋਈ ਰਸਤਾ ਕੱਢ ਕੇ ਇਸ ਲੜਾਈ 'ਚੋਂ ਨਿਕਲਣ ਦੀ ਜ਼ਰੂਰਤ ਹੋਵੇਗੀ | ਭਾਰਤ ਨੂੰ  ਵੀ ਅਜਿਹੀ ਸਥਿਤੀ ਪੈਦਾ ਕਰਨ ਲਈ ਆਪਣੇ ਪ੍ਰਭਾਵ ਨੂੰ  ਵਰਤਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਜਦੋਂ ਕੋਈ ਚੁਣੌਤੀ ਆਵੇ, ਉਸ ਤੋਂ ਬਚਣ ਦੀ ਕੋਸ਼ਿਸ਼ ਨਾ ਕਰੋ, ਉਸ ਦਾ ਦਲੇਰੀ ਨਾਲ ਸਾਹਮਣਾ ਕਰੋ | ¸ਡੇਵਿਡ ਵੈਦਰ ਫੋਰਡ ਅਗਲੀ ਖ਼ਬਰ ਆਲਮੀ ਪੱਧਰ 'ਤੇ ਨਿਰੰਤਰ ਹੋ ਰਿਹੈ ਕੈਂਸਰ ਦਾ ਪਸਾਰਾ
Ad Position 24