12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਹੈਰਾਨੀ ਭਰਿਆ ਹੈ ਸਟਾਰਮਰ ਦਾ ਅਸਤੀਫ਼ਾ

Ad Position 21
No active advertisement
ਅਜੀਤ ਡੈਸਕ 24-06-2026

ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਲੋਂ ਅਸਤੀਫ਼ਾ ਦੇਣ ਨੇ ਦੁਨੀਆ ਭਰ ਵਿਚ ਵੱਡੀ ਹੈਰਾਨੀ ਪੈਦਾ ਕੀਤੀ ਹੈ। ਚਾਹੇ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਆਪਣੀ ਲੇਬਰ ਪਾਰਟੀ ਅੰਦਰ ਉਨ੍ਹਾਂ ਦੇ ਕੰਮਕਾਰ ਅਤੇ ਦੇਸ਼ ਦੀ ਧੀਮੀ ਵਿਕਾਸ ਦਰ ਨੂੰ ਲੈ ਕੇ ਆਵਾਜ਼ਾਂ ਜ਼ਰੂਰ ਉਠ ਰਹੀਆਂ ਸਨ। ਇਸ ਦੇ ਨਾਲ ਹੀ ਹੈਰਾਨੀ ਇਹ ਵੀ ਹੁੰਦੀ ਹੈ ਕਿ ਜਿਸ ਵਿਅਕਤੀ ਦੀ ਕਮਾਨ ਹੇਠ ਲੇਬਰ ਪਾਰਟੀ ਨੇ 14 ਸਾਲ ਤੋਂ ਬਾਅਦ ਵੱਡੀ ਜਿੱਤ ਪ੍ਰਾਪਤ ਕੀਤੀ ਹੋਵੇ, ਉਸ ਤੋਂ ਹੀ ਉਸ ਦੀ ਪਾਰਟੀ ਦਾ ਏਨੀ ਛੇਤੀ ਮੋਹ ਭੰਗ ਹੋ ਗਿਆ ਹੋਵੇ। 2 ਸਾਲ ਪਹਿਲਾਂ ਕੀਰ ਸਟਾਰਮਰ ਦੀ ਅਗਵਾਈ ਵਿਚ ਲੇਬਰ ਪਾਰਟੀ ਨੇ 650 'ਚੋਂ 403 ਸੀਟਾਂ ਜਿੱਤੀਆਂ ਸਨ। ਬਰਤਾਨੀਆ ਵਿਚ ਦੋ ਹੀ ਪਾਰਟੀਆਂ ਕੰਜ਼ਰਵੇਟਿਵ ਪਾਰਟੀ ਅਤੇ ਲੇਬਰ ਪਾਰਟੀ ਦਾ ਵੱਡਾ ਪ੍ਰਭਾਵ ਰਿਹਾ ਹੈ, ਚਾਹੇ ਪਿਛਲੇ ਅਰਸੇ ਤੋਂ ਕੱਟੜਪੰਥੀ ਰਿਫ਼ਾਰਮ ਪਾਰਟੀ ਵੀ ਸਿਆਸਤ ਦੇ ਮੈਦਾਨ ਵਿਚ ਉਤਰੀ ਹੋਈ ਹੈ। ਬਰਤਾਨੀਆ ਦੀ ਪਿਛਲੇ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਆਰਥਿਕਤਾ ਡਾਵਾਂਡੋਲ ਰਹੀ ਹੈ, ਉਸ ਨੂੰ ਛੇਤੀ ਖੜ੍ਹਾ ਕੀਤਾ ਜਾ ਸਕਣਾ ਬੇਹੱਦ ਮੁਸ਼ਕਿਲ ਹੈ।
10 ਕੁ ਸਾਲ ਪਹਿਲਾਂ ਬਰਤਾਨੀਆ ਨੇ ਯੂਰਪੀਅਨ ਯੂਨੀਅਨ ਤੋਂ ਆਪਣੇ-ਆਪ ਨੂੰ ਅਲੱਗ ਕਰ ਲਿਆ ਸੀ। ਅਸੀਂ ਇਸ ਨੂੰ ਉਥੇ ਦੀ ਸਿਆਸਤ ਦੀ ਵੱਡੀ ਭੁੱਲ ਮੰਨਦੇ ਰਹੇ ਹਾਂ। ਇਸ ਦੇ ਨਾਲ ਹੀ ਇਸ ਮਸਲੇ 'ਤੇ ਪੂਰਾ ਦੇਸ਼ ਵੀ ਵੰਡਿਆ ਨਜ਼ਰ ਆਉਂਦਾ ਰਿਹਾ ਹੈ। ਸਾਲ 2016 ਵਿਚ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਡੇਵਿਡ ਕੈਮਰੋਨ ਨੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਲਈ ਕਰਵਾਏ ਗਏ ਰਿਫਰੈਂਡਮ ਵਿਚ ਹੋਈ ਹਾਰ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਕੈਮਰੋਨ ਯੂਰਪੀਅਨ ਯੂਨੀਅਨ ਨਾਲ ਤੋੜ-ਵਿਛੋੜਾ ਕਰਨ ਦੇ ਖ਼ਿਲਾਫ਼ ਸਨ। ਉਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ 4 ਹੋਰ ਪ੍ਰਧਾਨ ਮੰਤਰੀ ਬਣੇ, ਜਿਨ੍ਹਾਂ ਵਿਚ ਬੋਰਸ ਜੌਨਸਨ, ਲਿਜ਼ ਟਰੱਸ ਅਤੇ ਭਾਰਤੀ ਮੂਲ ਦਾ ਰਿਸ਼ੀ ਸੁਨਕ ਵੀ ਸ਼ਾਮਿਲ ਸੀ ਪਰ ਹਰ ਪੱਖੋਂ ਦੇਸ਼ ਦੇ ਡਿਗਦੇ ਹਾਲਾਤ ਨੂੰ ਸੰਭਾਲ ਨਾ ਸਕਣ ਕਾਰਨ ਉਨ੍ਹਾਂ ਨੂੰ ਵੀ ਅਸਤੀਫ਼ਾ ਦੇਣਾ ਪਿਆ ਸੀ। ਲੜਖੜਾਉਂਦੀ ਆਰਥਿਕਤਾ ਦੇ ਇਸੇ ਦੌਰ ਵਿਚ 2 ਸਾਲ ਪਹਿਲਾਂ ਲੇਬਰ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ। ਸਟਾਰਮਰ ਨੇ ਆਪਣੀ ਪਾਰਟੀ ਵਿਚ ਉਨ੍ਹਾਂ ਦੀ ਕਾਰਜਸ਼ੈਲੀ ਸੰਬੰਧੀ ਪੈਦਾ ਹੋਈ ਅਸੰਤੁਸ਼ਟੀ ਨੂੰ ਦੇਖਦਿਆਂ ਅਤੇ ਉਨ੍ਹਾਂ ਦੇ ਆਪਣੇ ਹੀ ਸਾਥੀਆਂ ਵਲੋਂ ਅਸਤੀਫ਼ੇ ਦੀ ਮੰਗ ਤੋਂ ਨਿਰਾਸ਼ ਹੋ ਕੇ ਆਪਣੇ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਇਸ ਸਮੇਂ ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ 6 ਸਾਲ ਪਹਿਲਾਂ ਜਦੋਂ ਮੈਨੂੰ ਲੇਬਰ ਪਾਰਟੀ ਦੀ ਕਮਾਨ ਸੰਭਾਲੀ ਗਈ ਸੀ ਤਾਂ ਇਹ ਪੂਰੀ ਤਰ੍ਹਾਂ ਕਮਜ਼ੋਰ ਹੋਈ ਦਿਖਾਈ ਦਿੰਦੀ ਸੀ। ਪਰ ਲੋਕਾਂ ਵਲੋਂ ਮਿਲੇ ਹੁੰਗਾਰੇ ਨੇ ਇਸ ਪਾਰਟੀ ਦੇ ਕਮਜ਼ੋਰ ਹੋਣ ਦੇ ਭਰਮ ਨੂੰ ਤੋੜ ਦਿੱਤਾ ਸੀ। ਉਸ ਦੀ ਅਗਵਾਈ ਵਿਚ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲਿਆ। ਰਾਸ਼ਟਰੀ ਸੁਰੱਖਿਆ ਵਿਚ ਲੋਕਾਂ ਦਾ ਭਰੋਸਾ ਵਧਿਆ। ਅੱਜ ਪਹਿਲਾਂ ਨਾਲੋਂ ਸਾਡੀ ਆਰਥਿਕਤਾ ਵਧੇਰੇ ਮਜ਼ਬੂਤ ਹੈ ਪਰ ਮੈਨੂੰ ਇਹ ਮਹਿਸੂਸ ਹੁੰਦਾ ਹੈ, ਕਿ ਲੇਬਰ ਪਾਰਟੀ ਨੂੰ ਇਹ ਲਗਦਾ ਹੈ ਕਿ 2029 ਵਿਚ ਹੋਣ ਵਾਲੀਆਂ ਚੋਣਾਂ 'ਚ ਉਹ ਮੇਰੀ ਅਗਵਾਈ ਵਿਚ ਜਿੱਤ ਹਾਸਿਲ ਨਹੀਂ ਕਰ ਸਕਦੇ। ਇਸ ਲਈ ਮੈਂ ਅਸਤੀਫ਼ਾ ਦੇ ਰਿਹਾ ਹਾਂ।
10 ਸਾਲਾਂ ਵਿਚ ਨਿਸਚਿਤ ਸਮੇਂ ਤੋਂ ਪਹਿਲਾਂ 6 ਪ੍ਰਧਾਨ ਮੰਤਰੀਆਂ ਦੇ ਅਹੁਦੇ ਛੱਡਣ ਨਾਲ ਦੇਸ਼ ਵਿਚ ਪੈਦਾ ਹੋਈ ਅਸਥਿਰਤਾ ਵਾਲੀ ਸਥਿਤੀ ਦਾ ਅਹਿਸਾਸ ਜ਼ਰੂਰ ਹੈ। ਆਉਣ ਵਾਲਾ ਸੱਤਵਾਂ ਪ੍ਰਧਾਨ ਮੰਤਰੀ ਇਸ ਹਾਲਾਤ ਵਿਚ ਕਿੰਨਾ ਕੁ ਸਫ਼ਲ ਹੋ ਸਕੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਬਰਤਾਨੀਆ ਵਿਚ 20 ਕੁ ਲੱਖ ਦੇ ਲਗਭਗ ਭਾਰਤੀ ਵਸੇ ਹੋਏ ਹਨ। ਕੁਝ ਸਮੇਂ ਤੋਂ ਉੱਥੇ ਜਾਣ ਵਾਲੇ ਭਾਰਤੀਆਂ ਨੂੰ ਵੀਜ਼ੇ ਸੰਬੰਧੀ ਸਖ਼ਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਸਟਾਰਮਰ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਵਿਚ ਭਾਰਤ ਨਾਲ ਚੰਗੇ ਸੰਬੰਧ ਬਣਾਉਣ ਦੀ ਨੀਤੀ ਅਪਣਾਈ ਸੀ। ਉਸ ਨੇ ਪ੍ਰਧਾਨ ਮੰਤਰੀ ਹੁੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਹਮੇਸ਼ਾ ਸੁਖਾਵੇਂ ਸੰਬੰਧ ਬਣਾਉਣ ਦਾ ਯਤਨ ਕੀਤਾ। ਉਨ੍ਹਾਂ ਨੇ ਹੀ ਭਾਰਤ ਨਾਲ ਮੁਕਤ ਵਪਾਰ ਸਮਝੌਤੇ 'ਤੇ ਸਹੀ ਪਾਈ ਸੀ। ਪਿਛਲੇ ਸਾਲ ਅਕਤੂਬਰ ਵਿਚ ਭਾਰਤ ਦੇ ਦੌਰੇ 'ਤੇ ਆਉਣ 'ਤੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਮਝੌਤਾ ਸਿਰਫ਼ ਕਾਗਜ਼ ਦਾ ਇਕ ਟੁਕੜਾ ਨਹੀਂ ਹੈ, ਸਗੋਂ ਇਹ ਦੋਹਾਂ ਦੇਸ਼ਾਂ ਵਿਚ ਵਿਕਾਸ ਦੇ ਰਾਹ ਖੋਲ੍ਹਦਾ ਹੈ। ਦੋਹਾਂ ਦੇਸ਼ਾਂ ਵਿਚ ਵਪਾਰ ਦੇ ਵਧਣ ਅਤੇ ਆਪਸੀ ਆਦਾਨ-ਪ੍ਰਦਾਨ ਨਾਲ ਵੱਡਾ ਲਾਭ ਹੋਵੇਗਾ, ਕਿਉਂਕਿ ਇਸ ਸਮਝੌਤੇ ਵਿਚ ਸੁਰੱਖਿਆ, ਸਿੱਖਿਆ, ਤਕਨੀਕ ਅਤੇ ਜਲਵਾਯੂ ਤਬਦੀਲੀ ਸੰਬੰਧੀ ਖੇਤਰਾਂ ਵਿਚ ਆਪਸੀ ਸਹਿਯੋਗ ਨਾਲ ਦੋਵੇਂ ਦੇਸ਼ ਵਿਕਾਸ ਦੇ ਰਾਹ 'ਤੇ ਅੱਗੇ ਵਧਣ ਲਈ ਵਚਨਬੱਧ ਹੋਣਗੇ। ਕੀਰ ਸਟਾਰਮਰ ਨੇ ਹਮੇਸ਼ਾ ਭਾਰਤ ਨਾਲ ਸੰਬੰਧ ਸੁਧਾਰਨ ਅਤੇ ਆਪਸੀ ਮਿਲਵਰਤਣ ਨੂੰ ਤਰਜੀਹ ਦਿੱਤੀ ਸੀ।
ਬਰਤਾਨੀਆ ਪਹਿਲਾਂ ਸੈਂਕੜੇ ਵਰ੍ਹੇ ਬਸਤੀਵਾਦ ਨੂੰ ਤਰਜੀਹ ਦਿੰਦਾ ਰਿਹਾ। ਵੱਖ-ਵੱਖ ਦੇਸ਼ਾਂ 'ਤੇ ਕਬਜ਼ਾ ਕਰਨ ਅਤੇ ਉੱਥੇ ਹਕੂਮਤਾਂ ਚਲਾਉਣ ਦੇ ਸਮੇਂ ਇਹ ਅਕਸਰ ਕਿਹਾ ਜਾਂਦਾ ਸੀ ਕਿ ਅੰਗਰੇਜ਼ਾਂ ਦੇ ਰਾਜ ਵਿਚ ਸੂਰਜ ਨਹੀਂ ਛਿਪਦਾ, ਪਰ ਲਗਾਤਾਰ ਬਦਲਦੇ ਹਾਲਾਤ ਕਾਰਨ ਅੱਜ ਇਹ ਛੋਟਾ ਜਿਹਾ ਦੇਸ਼ ਰਹਿ ਗਿਆ ਹੀ ਨਜ਼ਰ ਆਉਂਦਾ ਹੈ, ਪਰ ਇਸ ਦੀਆਂ ਨੀਹਾਂ ਮਜ਼ਬੂਤ ਹੋਣ ਕਾਰਨ ਇਸ ਦੀ ਆਰਥਿਕਤਾ ਲਗਭਗ ਮਜ਼ਬੂਤ ਹੀ ਰਹੀ ਹੈ। ਇਸ ਦੀ ਕਰੰਸੀ ਭਾਵ ਪੌਂਡ ਦੀ ਕੀਮਤ ਅੱਜ ਵੀ ਕਿਤੇ ਵੱਡੀ ਦਿਖਾਈ ਦਿੰਦੀ ਹੈ, ਪਰ ਹੁਣ ਇਹ ਮੁਲਕ ਸਿਆਸੀ ਅਸਥਿਰਤਾ ਕਾਰਨ ਕਿੰਨਾ ਕੁ ਮਜ਼ਬੂਤ ਰਹਿ ਸਕੇਗਾ, ਇਹ ਵੇਖਣ ਵਾਲੀ ਗੱਲ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਮੋਦੀ-ਟਰੰਪ ਦੀ ਮੁਲਾਕਾਤ ਨਾਲ ਦੁਵੱਲੇ ਸੰਬੰਧਾਂ 'ਚ ਗਰਮਜੋਸ਼ੀ ਨਹੀਂ ਆ ਸਕੀ ਅਗਲੀ ਖ਼ਬਰ ਘਰ 'ਚ ਉਦਾਸ ਰਹਿਣ ਨਾਲੋਂ ਮੌਸਮਾਂ ਦੀਆਂ ਸਜ਼ਾਵਾਂ ਬਿਹਤਰ ਹਨ। ਡਾ: ਇਕਬਾਲ
Ad Position 24