09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਜੰਗਾਂ, ਪ੍ਰਮਾਣੂ ਖਤਰੇ ਤੇ ਡੂੰਘਾ ਹੁੰਦਾ ਜਲਵਾਯੂ ਸੰਕਟ

ਜੰਗਾਂ, ਪ੍ਰਮਾਣੂ ਖਤਰੇ ਤੇ ਡੂੰਘਾ ਹੁੰਦਾ ਜਲਵਾਯੂ ਸੰਕਟ

Ad Position 21
No active advertisement
ਅਜੀਤ ਡੈਸਕ 10-10-2026

ਜਲਵਾਯੂ ਸੰਕਟ ਦੀ ਤੀਬਰਤਾ, ਜੰਗਾਂ ਦਾ ਜਾਰੀ ਰਹਿਣਾ ਤੇ ਪ੍ਰਮਾਣੂ ਟਕਰਾਅ ਦਾ ਵਧਣਾ ਹੁਣ ਦੁਨੀਆ ਲਈ ਚੁਣੌਤੀਆਂ ਹੀ ਨਹੀਂ, ਮਨੁੱਖੀ ਹੋਂਦ ਲਈ ਵੱਡੇ ਖਤਰੇ ਹਨ | ਦੁਨੀਆ ਇਨ੍ਹਾਂ ਸਮੱਸਿਆਵਾਂ ਨੂੰ  ਇਕ-ਦੂਜੇ ਤੋਂ ਵੱਖ ਕਰ ਕੇ ਹੱਲ ਨਹੀਂ ਕਰ ਸਕਦੀ | ਸੈਨਿਕ ਸਰਗਰਮੀਆਂ ਨਾਲ ਜੁੜੀਆਂ ਗ੍ਰੀਨਹਾਊਸ ਗੈਸਾਂ ਦੀ ਉਤਸਰਜਨਾ ਨੂੰ  ਮਾਪਣ ਲਈ ਪਾਰਦਰਸ਼ੀ ਤੇ ਵਿਆਪਕ ਪ੍ਰਣਾਲੀ ਵਿਕਸਿਤ ਕਰਨੀ ਲਾਜ਼ਮੀ ਹੈ ਤਾਂ ਜੋ ਇਸ ਸਮੱਸਿਆ ਨੂੰ  ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾ ਸਕੇ |)

ਯੂਰਪ ਦੇ ਵੱਖ-ਵੱਖ ਹਿੱਸਿਆਂ 'ਚ ਲੱਗ ਰਹੀਆਂ ਜੰਗਲੀ ਅੱਗਾਂ, ਕਈ ਪੱਛਮੀ ਦੇਸ਼ਾਂ ਵਿਚ ਪੈ ਰਹੀ ਵਿਨਾਸ਼ਕਾਰੀ ਗਰਮੀ, ਐਲ ਨੀਨੋ ਤੇ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਬਾਰੇ ਵਧ ਰਹੀ ਚਿੰਤਾ ਅਤੇ ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ—ਇਹ ਸਭ ਇਕ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਧਰਤੀ ਲਈ ਚਿੰਤਾਜਨਕ ਸੰਕੇਤ ਹਨ | ਵੱਡੀਆਂ ਬਰਫੀਲੀਆਂ ਝੀਲਾਂ ਦਾ ਬਣਨ ਨਾਲ, ਇਕ ਹੋਰ ਖਤਰਾ ਪੈਦਾ ਹੋਵੇਗਾ | ਜੇ ਇਨ੍ਹਾਂ ਝੀਲਾਂ ਦੇ ਬੰਨ੍ਹ ਜਾਂ ਕਿਨਾਰੇ ਟੁੱਟ ਜਾਣ ਤਾਂ ਪਾਣੀ ਦੀ ਵੱਡੀ ਮਾਤਰਾ ਭਿਆਨਕ ਤਬਾਹੀ ਲਿਆ ਸਕਦੀ ਹੈ | ਹਿਮਾਲਿਆਈ ਖੇਤਰ ਦੇ ਨਿਪਾਲ 'ਚ ਆਈ ਆਫ਼ਤ ਇਸੇ ਖਤਰੇ ਨੂੰ  ਦਰਸਾਉਂਦੀ ਹੈ, ਇਹ ਸਭ ਤੁਰੰਤ ਤੇ ਸਾਂਝੀ ਅੰਤਰਰਾਸ਼ਟਰੀ ਕਾਰਵਾਈ ਦੀ ਮੰਗ ਕਰਦੇ ਹਨ | ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਵਾਰ-ਵਾਰ ਚਿਤਾਵਨੀ ਦੇ ਚੁੱਕੇ ਹਨ ਕਿ ਦੁਨੀਆ ਕੋਲ ਵਿਸ਼ਵ ਦੇ ਤਾਪਮਾਨ 'ਚ ਵਾਧੇ ਨੂੰ  1.5 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਲਈ ਸਮਾਂ ਤੇਜ਼ੀ ਨਾਲ ਘਟ ਰਿਹਾ ਹੈ | ਉਨ੍ਹਾਂ ਪਥਰਾਟੀ (ਜੀਵਾਸ਼ਮ) ਬਾਲਣ 'ਤੇ ਨਿਰਭਰਤਾ ਨੂੰ  ਤੁਰੰਤ ਖਤਮ ਕਰਨ ਦੀ ਅਪੀਲ ਕੀਤੀ ਹੈ | ਜਲਵਾਯੂ ਪਰਿਵਰਤਨ ਬਾਰੇ ਜ਼ਿਆਦਾਤਰ ਚਰਚਾ ਉਦਯੋਗ, ਆਵਾਜਾਈ, ਊਰਜਾ ਉਤਪਾਦਨ ਤੇ ਜੀਵਾਸ਼ਮ ਬਾਲਣਾਂ ਦੀ ਵੱਡੀ ਖਪਤ ਨਾਲ ਜੁੜੀਆਂ ਸਰਗਰਮੀਆਂ 'ਤੇ ਕੇਂਦਰਿਤ ਰਹੀ ਹੈ | ਹਾਲ ਹੀ 'ਚ ਮਸਨੂਈ ਬੁੱਧੀ (1rtificial 9ntelligence—19) ਦੇ ਡਾਟਾ ਸੈਂਟਰਾਂ ਦੀਆਂ ਵੱਡੀਆਂ ਊਰਜਾ ਲੋੜਾਂ ਤੇ ਉਨ੍ਹਾਂ ਨਾਲ ਜੁੜੇ ਕਾਰਬਨ ਨਿਕਾਸ (ਉਤਸਰਜਨਾ) ਵੱਲ ਵੀ ਧਿਆਨ ਦਿੱਤਾ ਗਿਆ ਹੈ | ਜਦਕਿ ਉਤਸਰਜਨਾਂ ਦੇ ਅਹਿਮ ਤੇ ਸਭ ਤੋਂ ਵੱਧ ਅਣਗੌਲੇ ਸਰੋਤਾਂ ਵਿਚ ਸੈਨਿਕ ਸਰਗਰਮੀਆਂ ਵੀ ਸ਼ਾਮਿਲ ਹਨ |
ਨੇਟਾ ਸੀ. ਕ੍ਰਾਫ਼ਰਡ ਨੇ 24 ਅਗਸਤ 2026 ਨੂੰ  ਪ੍ਰਕਾਸ਼ਿਤ ਆਪਣੇ ਲੇਖ (Mission 9mpossible? Quantifying Military 5missions: Military and Wartime 5missions are difficult to Track—but too 9mportant to 9gnore) ਵਿਚ ਇਕ ਬੁਨਿਆਦੀ ਸਵਾਲ ਉਠਾਇਆ ਹੈ ਕਿ  ਜੰਗਾਂ, ਜੰਗ ਦੀਆਂ ਤਿਆਰੀਆਂ, ਸੈਨਿਕ ਉਤਪਾਦਨ ਤੇ ਜੰਗ ਤੋਂ ਬਾਅਦ ਦੀ ਮੁੜ ਉਸਾਰੀ ਜਲਵਾਯੂ ਸੰਕਟ 'ਚ ਕਿੰਨਾ ਯੋਗਦਾਨ ਪਾਉਂਦੇ ਹਨ? ਇਸ ਦਾ ਜਵਾਬ ਬਹੁਤ ਚਿੰਤਾਜਨਕ ਹੈ ਕਿਉਂਕਿ ਦੁਨੀਆ ਦੀਆਂ ਫੌਜਾਂ, ਸੈਨਿਕ ਉਦਯੋਗਾਂ ਤੇ ਜੰਗਾਂ ਤੋਂ ਹੋਣ ਵਾਲੀਆਂ ਗ੍ਰੀਨਹਾਊਸ ਗੈਸਾਂ ਦੀਆਂ ਉਤਸਰਜਨਾਂ ਦਾ ਕੋਈ ਵਿਆਪਕ ਹਿਸਾਬ-ਕਿਤਾਬ ਨਹੀਂ ਹੈ | 1997 'ਚ ਜਾਪਾਨ ਦੇ ਕਿਓਟੋ ਵਿਖੇ ਹੋਈ ਜਲਵਾਯੂ ਕਾਨਫਰੰਸ—ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ ਦੀ ਤੀਜੀ ਕਾਨਫਰੰਸ ਆਫ਼ ਦ ਪਾਰਟੀਜ਼ (3OP3) ਦੇ ਨਤੀਜੇ ਵਜੋਂ ਇਤਿਹਾਸਕ ਕਿਓਟੋ ਪ੍ਰੋਟੋਕੋਲ ਹੋਂਦ ਵਿਚ ਆਇਆ | ਦੇਸ਼ਾਂ ਵਲੋਂ ਆਪਣੀਆਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦਾ ਹਿਸਾਬ ਰੱਖਣ ਤੇ ਉਨ੍ਹਾਂ ਨੂੰ  ਘਟਾਉਣ ਲਈ ਪ੍ਰਣਾਲੀਆਂ ਤੇ ਰਿਪੋਰਟਿੰਗ ਢਾਂਚੇ ਸਥਾਪਿਤ ਕੀਤੇ ਗਏ | ਇਸ ਦੇ ਬਾਵਜੂਦ ਸੈਨਿਕ ਨਿਕਾਸਾਂ ਦਾ ਹਿਸਾਬ ਅਜੇ ਵੀ ਅਧੂਰਾ ਹੈ ਤੇ ਉਨ੍ਹਾਂ ਨੂੰ  ਨਿਯਮਿਤ ਨਹੀਂ ਕੀਤਾ ਗਿਆ |
 ਆਮ ਕਰਕੇ ਨਾਗਰਿਕ ਉਦਯੋਗਾਂ ਨੂੰ  ਆਪਣੇ ਕਾਰਬਨ ਨਿਕਾਸ ਨੂੰ  ਘਟਾਉਣ ਲਈ ਕਿਹਾ ਜਾਂਦਾ ਹੈ, ਜਦਕਿ ਫੌਜੀ ਕਾਰਵਾਈਆਂ 'ਚ ਜੀਵਾਸ਼ਮ ਈਾਧਣਾਂ ਦੀ ਭਾਰੀ ਵਰਤੋਂ ਨੂੰ  ਰਾਸ਼ਟਰੀ ਸੁਰੱਖਿਆ, ਖੇਤਰੀ ਸੁਰੱਖਿਆ, ਰੋਕਥਾਮੀ ਸਮਰੱਥਾ ਤੇ ਸ਼ਾਂਤੀ ਸਥਾਪਨਾ ਦੇ ਨਾਂਅ 'ਤੇ ਜਾਇਜ਼ ਠਹਿਰਾਇਆ ਜਾਂਦਾ ਹੈ | ਅਮਰੀਕਾ 80 ਤੋਂ ਵੱਧ ਦੇਸ਼ਾਂ ਦੇ ਖੇਤਰਾਂ ਵਿਚ ਸਥਿਤ ਆਪਣੇ 750 ਤੋਂ ਵੱਧ ਸੈਨਿਕ ਠਿਕਾਣਿਆਂ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਸੈਨਿਕ ਖਰਚ ਕਰਨ ਵਾਲਾ ਦੇਸ਼ ਹੈ | ਉਸ ਦਾ ਹਥਿਆਰ ਬਣਾਉਣ ਵਾਲੇ ਉਦਯੋਗਾਂ ਦਾ ਸਮੂਹ ਬਹੁਤ ਵਿਸ਼ਾਲ ਹੈ | ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਹਥਿਆਰ ਨਿਰਮਾਣ ਕੰਪਨੀਆਂ 'ਚੋਂ 6 ਤੇ ਦੁਨੀਆ ਦੀਆਂ ਚੋਟੀ ਦੀਆਂ 100 ਹਥਿਆਰ ਕੰਪਨੀਆਂ 'ਚੋਂ 39 ਅਮਰੀਕੀ ਹਨ | ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਦਰਾਮਦਕਾਰ ਹੈ | ਫਿਰ ਵੀ ਉਸ ਦੀਆਂ ਦੁਨੀਆ ਭਰ 'ਚ ਚੱਲ ਰਹੀਆਂ ਸੈਨਿਕ ਕਾਰਵਾਈਆਂ ਨਾਲ ਜੁੜੀਆਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਬਾਰੇ ਵਿਆਪਕ ਤੇ ਪਾਰਦਰਸ਼ੀ ਵੇਰਵੇ ਅਧੂਰੇ ਹਨ | ਅਮਰੀਕਾ ਦੀ ਸੈਨਿਕ ਉਤਸਰਜਨਾਂ ਦਾ ਵਿਸਤਿ੍ਤ ਵੇਰਵਾ ਜਨਤਕ ਹੋਣ ਨਾਲ ਉਸ ਨੂੰ  ਸੈਨਿਕ ਤਾਕਤ ਨੂੰ  ਕਾਇਮ ਰੱਖਣ ਦੀ ਭਾਰੀ ਵਾਤਾਵਰਣਕ ਕੀਮਤ ਅਦਾ ਕਰਨੀ ਪੈ ਸਕਦੀ ਹੈ |
ਜੰਗ ਦੀ ਜਲਵਾਯੂ ਲਾਗਤ ਵਿਚ ਜੰਗ ਦੀਆਂ ਤਿਆਰੀਆਂ ਤੇ ਹਥਿਆਰਾਂ ਦਾ ਉਤਪਾਦਨ, ਸੈਨਿਕ ਕਾਰਵਾਈਆਂ, ਜੰਗੀ ਤਬਾਹੀ ਤੇ ਮੁੜ ਉਸਾਰੀ ਸਮੇਤ ਸਭ ਸ਼ਾਮਿਲ ਹੈ | ਅੰਤਰਰਾਸ਼ਟਰੀ ਭਾਈਚਾਰੇ ਨੂੰ  ਸੈਨਿਕ ਕਾਰਵਾਈਆਂ, ਹਥਿਆਰਾਂ ਦੇ ਉਤਪਾਦਨ ਤੇ ਜੰਗਾਂ ਨਾਲ ਜੁੜੀਆਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ  ਮਾਪਣ ਲਈ ਇਕ ਪਾਰਦਰਸ਼ੀ ਤੇ ਵਿਆਪਕ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ | ਇਹ ਮਸਲਾ ਰਵਾਇਤੀ ਸੈਨਿਕ ਕਾਰਵਾਈਆਂ ਤੱਕ ਸੀਮਤ ਨਹੀਂ ਹੈ, ਪ੍ਰਮਾਣੂ ਹਥਿਆਰ ਪ੍ਰੋਗਰਾਮ ਵੀ ਵਾਤਾਵਰਨ 'ਤੇ ਵੱਡਾ ਪ੍ਰਭਾਵ ਪਾਉਂਦੇ ਹਨ | ਜੰਗਾਂ ਦੇ ਜਾਰੀ ਰਹਿਣ ਨਾਲ ਪ੍ਰਮਾਣੂ ਹਥਿਆਰ ਰੱਖਣ ਵਾਲੇ ਦੇਸ਼ਾਂ ਵਿਚਕਾਰ ਵੀ ਸਿੱਧੇ ਟਕਰਾਅ ਦੀ ਸੰਭਾਵਨਾ ਵਧਦੀ ਹੈ ਜੋ ਵਿਨਾਸ਼ਕਾਰੀ ਨਤੀਜਿਆਂ ਵਾਲੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੱਲ ਲਿਜਾ ਸਕਦੀ ਹੈ | ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ 'ਤੇ ਕਬਜ਼ਾ ਕਰਨ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਬਾਰੇ ਵਿਚਾਰ ਕੀਤੇ ਜਾਣ ਦੇ ਚਰਚੇ ਹਨ | 'ਇੰਟਰਨੈਸ਼ਨਲ ਫਿਜ਼ੀਸ਼ੀਅਨਜ਼ ਫਾਰ ਦ ਪ੍ਰੀਵੈਂਸ਼ਨ ਆਫ਼ ਨਿਊਕਲੀਅਰ ਵਾਰ'  ਨੇ ਚਿਤਾਵਨੀ ਦਿੱਤੀ ਹੈ ਕਿ ਸੀਮਤ ਪ੍ਰਮਾਣੂ ਟਕਰਾਅ ਵੀ ਮਨੁੱਖਤਾ ਲਈ ਇਕ ਵਿਸ਼ਾਲ ਤਬਾਹੀ ਲਿਆ ਸਕਦਾ ਹੈ, ਜਿਸ ਦੇ ਸਿਹਤ ਪ੍ਰਣਾਲੀਆਂ, ਖੁਰਾਕ ਉਤਪਾਦਨ, ਵਾਤਾਵਰਨ ਤੇ ਵਿਸ਼ਵ ਜਲਵਾਯੂ 'ਤੇ ਮਾੜੇ ਪ੍ਰਭਾਵ ਪੈ ਸਕਦੇ ਹਨ | 
ਵੱਡੇ ਪੱਧਰ ਦੀ ਪ੍ਰਮਾਣੂ ਜੰਗ ਦੇ ਪ੍ਰਭਾਵ ਉਨ੍ਹਾਂ ਖੇਤਰਾਂ ਤੋਂ ਕਿਤੇ ਦੂਰ ਤੱਕ ਜਾ ਸਕਦੇ ਹਨ, ਜਿੱਥੇ ਪ੍ਰਮਾਣੂ ਹਥਿਆਰ ਵਰਤੇ ਜਾਣਗੇ | ਅੱਗਾਂ, ਰੇਡੀਓਧਰਮੀ ਪ੍ਰਦੂਸ਼ਣ, ਖੇਤੀਬਾੜੀ ਵਿਚ ਵਿਘਨ ਤੇ ਵਾਤਾਵਰਨਿਕ ਤਬਦੀਲੀਆਂ ਵਿਸ਼ਵ ਪੱਧਰ 'ਤੇ ਖੁਰਾਕ ਦੀ ਸਪਲਾਈ ਤੇ ਮਨੁੱਖੀ ਹੋਂਦ ਲਈ ਖਤਰਾ ਬਣ ਸਕਦੀਆਂ ਹਨ | ਇਸ ਲਈ ਦੁਨੀਆ ਪ੍ਰਮਾਣੂ ਨਿਸ਼ਸਤਰੀਕਰਨ ਨੂੰ  ਦੂਰਲੇ ਰਾਜਨੀਤਕ ਉਦੇਸ਼ ਵਜੋਂ ਨਹੀਂ ਦੇਖ ਸਕਦੀ, ਇਹ ਜਲਵਾਯੂ ਸੁਰੱਖਿਆ ਤੇ ਮਨੁੱਖੀ ਹੋਂਦ ਦੀ ਰੱਖਿਆ ਦਾ ਇਕ ਅਟੁੱਟ ਹਿੱਸਾ ਹੈ | ਜਲਵਾਯੂ ਪਰਿਵਰਤਨ ਨੂੰ  ਅਕਸਰ ਮੁੱਖ ਤੌਰ 'ਤੇ ਵਾਤਾਵਰਣਕ ਜਾਂ ਤਕਨੀਕੀ ਸਮੱਸਿਆ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਇਹ ਰਾਜਨੀਤਕ ਤਰਜੀਹਾਂ ਦਾ ਵੀ ਮਸਲਾ ਹੈ | ਜਿਹੜੇ ਸਰੋਤ ਜਨਤਕ ਸਿਹਤ ਪ੍ਰਣਾਲੀਆਂ ਨੂੰ  ਮਜ਼ਬੂਤ ਕਰਨ, ਗਰੀਬੀ ਖਤਮ ਕਰਨ, ਖੁਰਾਕ ਸੁਰੱਖਿਆ ਯਕੀਨੀ ਬਣਾਉਣ, ਨਵਿਆਉਣਯੋਗ ਊਰਜਾ ਵਿਕਸਿਤ ਕਰਨ, ਜੰਗਲਾਂ ਦੀ ਰੱਖਿਆ ਕਰਨ ਤੇ ਜਲਵਾਯੂ ਪਰਿਵਰਤਨ ਨਾਲ ਅਨੁਕੂਲਤਾ ਲਈ ਵਰਤੇ ਜਾ ਸਕਦੇ ਹਨ, ਉਹ ਵੱਡੇ ਪੱਧਰ 'ਤੇ ਹਥਿਆਰਾਂ ਤੇ ਸੈਨਿਕ ਤਿਆਰੀਆਂ ਵੱਲ ਮੋੜੇ ਜਾ ਰਹੇ ਹਨ | ਦੁਨੀਆ ਨੂੰ  ਆਪਣੀ ਦਿਸ਼ਾ ਵਿਚ ਬੁਨਿਆਦੀ ਤਬਦੀਲੀ ਦੀ ਲੋੜ ਹੈ | ਜੰਗ ਦੀ ਤਿਆਰੀ ਕਰਦਿਆਂ ਜਲਵਾਯੂ ਤਬਾਹੀ ਨੂੰ  ਰੋਕਣ ਲਈ ਗੰਭੀਰ ਹੋਣ ਦੇ ਦਾਅਵੇ ਨਹੀਂ ਕੀਤੇ ਜਾ ਸਕਦੇ | 
ਅਸੀਂ ਜੰਗਾਂ ਵਿਚ ਜੰਗਲਾਂ, ਸ਼ਹਿਰਾਂ ਅਤੇ ਹੋਰ ਵਸੀਲਿਆਂ ਨੂੰ  ਤਬਾਹ ਕਰਕੇ ਇਹ ਉਮੀਦ ਨਹੀਂ ਕਰ ਸਕਦੇ ਕਿ ਸਿਰਫ਼ ਤਕਨਾਲੋਜੀ ਹੀ ਇਸ ਨੁਕਸਾਨ ਦੀ ਭਰਪਾਈ ਕਰ ਦੇਵੇਗੀ | ਦੁਨੀਆ ਭਰ 'ਚ ਸੈਨਿਕ ਖਰਚੇ ਵਧ ਰਹੇ ਹਨ, ਜਦਕਿ ਕਰੋੜਾਂ ਲੋਕ ਬੁਨਿਆਦੀ ਸਿਹਤ ਸੇਵਾਵਾਂ, ਭੋਜਨ, ਰਿਹਾਇਸ਼ ਤੇ ਸਿੱਖਿਆ ਤੋਂ ਵੰਚਿਤ ਹਨ | 
ਅਜਿਹੇ 'ਚ ਜਲਵਾਯੂ ਸੰਕਟ, ਪ੍ਰਮਾਣੂ ਖਤਰੇ ਤੇ ਸੈਨਿਕੀਕਰਨ ਦਾ ਸਾਹਮਣਾ ਇਕੱਠੇ ਕਰਨਾ ਹੋਵੇਗਾ | ਹੁਣ ਮੰਗ ਸਪੱਸ਼ਟ ਹੋਣੀ ਚਾਹੀਦੀ ਹੈ: ਸੈਨਿਕ ਉਤਸਰਜਨਾਂ ਨੂੰ  ਮਾਪਿਆ ਤੇ ਜਨਤਕ ਕੀਤਾ ਜਾਵੇ; ਜੀਵਾਸ਼ਮ ਈਾਧਣਾਂ 'ਤੇ ਨਿਰਭਰਤਾ ਘਟਾਈ ਜਾਵੇ; ਰਾਜਨੀਤਕ ਤੇ ਕੂਟਨੀਤਿਕ ਸਾਧਨਾਂ ਰਾਹੀਂ ਜੰਗਾਂ ਦਾ ਅੰਤ ਕਰ ਕੇ ਸਰੋਤਾਂ ਨੂੰ  ਸੈਨਿਕੀਕਰਨ ਤੋਂ ਹਟਾ ਕੇ ਮਨੁੱਖੀ ਵਿਕਾਸ ਤੇ ਧਰਤੀ ਦੀ ਸੁਰੱਖਿਆ ਵੱਲ ਮੋੜਿਆ ਜਾਵੇ | 

 ਮੋਬਾਈਲ : 94170-00360

Ad Position 22
No active advertisement
ਪਿਛਲੀ ਖ਼ਬਰ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਪਹਿਲ ਅਗਲੀ ਖ਼ਬਰ ਰੀੜ੍ਹ ਦੀ ਹੱਡੀ ਨੂੰ ਨਜ਼ਰਅੰਦਾਜ਼ ਕਰਨਾ ਘਾਤਕ ਹੋ ਸਕਦਾ ਹੈ
Ad Position 24