12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜੰਗ ਤੇ ਅਮਨ ਵਿਚ ਫ਼ਰਕ ਸਮਝਣ ਭਾਰਤ-ਪਾਕਿਸਤਾਨ

ਜੰਗ ਤੇ ਅਮਨ ਵਿਚ ਫ਼ਰਕ ਸਮਝਣ ਭਾਰਤ-ਪਾਕਿਸਤਾਨ

Ad Position 21
No active advertisement
ਅਜੀਤ ਡੈਸਕ 12-10-2026

ਭਾਰਤ ਅਤੇ ਪਾਕਿਸਤਾਨ ਵਲੋਂ ਇਸ ਸਾਲ ਆਪਣਾ 80ਵਾਂ ਆਜ਼ਾਦੀ ਦਿਵਸ ਮਨਾਇਆ ਗਿਆ | 14 ਅਤੇ 15 ਅਗਸਤ, 1947 ਤੋਂ ਬਾਅਦ ਦੋਵਾਂ ਦੇਸ਼ਾਂ ਦੇ ਦਰਿਆਵਾਂ ਵਿਚ ਬਹੁਤ ਸਾਰਾ ਪਾਣੀ ਵਹਿ ਚੁੱਕਾ ਹੈ ਪਰ ਵੱਡੇ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ 79 ਸਾਲਾਂ ਦੇ ਲੰਮੇ ਸਮੇਂ ਵਿਚ ਦੋਵਾਂ ਦੇਸ਼ਾਂ ਦਰਮਿਆਨ ਨਫ਼ਰਤ ਦਾ ਦਰਿਆ ਵੀ ਨਿਰੰਤਰ ਹੀ ਵਗਦਾ ਰਿਹਾ ਹੈ | 'ਸਿੰਧੂ ਜਲ ਸਮਝੌਤੇ' ਦੇ 2025 ਵਿਚ ਰੱਦ ਹੋਣ ਨਾਲ ਤਾਂ ਇਕ ਤਰ੍ਹਾਂ ਦਰਿਆਵਾਂ ਦੇ ਵਗਦੇ ਰਹਿਣ ਨੂੰ  ਵੀ ਖ਼ਤਰਾ ਪੈਦਾ ਹੋ ਗਿਆ ਹੈ ਪਰ ਦੋਵਾਂ ਦੇਸ਼ਾਂ ਵਿਚਕਾਰ ਨਫ਼ਰਤ ਤੇ ਦੁਸ਼ਮਣੀ ਦੀ ਦਰਾਰ ਹੋਰ ਵੱਡੀ ਹੋ ਗਈ ਹੈ | ਨਫ਼ਰਤ ਦਾ ਦਰਿਆ ਸਮੁੰਦਰ ਬਣ ਗਿਆ ਹੈ | 79 ਸਾਲ ਵਿਚ ਕਈ ਜੰਗਾਂ ਲੜ ਚੁੱਕੇ ਦੋਵੇਂ ਦੇਸ਼ 'ਜੰਗ ਅਤੇ ਅਮਨ' ਵਿਚਲਾ ਫਰਕ ਸਮਝਣ ਤੋਂ ਅਸਮਰੱਥ ਰਹੇ ਹਨ |

ਆਪਣੀ ਸਥਾਪਨਾ ਤੋਂ ਹੀ ਪਾਕਿਸਤਾਨੀ ਹਕੂਮਤ ਅਤੇ ਫ਼ੌਜ ਦਾ ਭਾਰਤ ਪ੍ਰਤੀ ਨਜ਼ਰੀਆ ਹੱਦ ਦਰਜੇ ਦਾ ਦੁਸ਼ਮਣੀ ਵਾਲਾ ਰਿਹਾ ਹੈ | ਧਰਮ ਦੇ ਆਧਾਰ 'ਤੇ ਸਥਾਪਿਤ ਮੁਲਕ ਹੋਣ ਕਾਰਨ ਅਤੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਥਾਂ ਜ਼ਿਆਦਾਤਰ ਸਮਾਂ ਫ਼ੌਜੀ ਤਾਨਾਸ਼ਾਹੀ ਦੇ ਅਧੀਨ ਰਹਿਣ ਕਾਰਨ ਉਥੋਂ ਦੀ ਕੱਟੜ ਧਾਰਮਿਕ ਅਤੇ ਫ਼ੌਜੀ ਲੀਡਰਸ਼ਿਪ ਨੇ 'ਕਸ਼ਮੀਰ' ਸਮੇਤ ਕਈ ਮੁੱਦਿਆਂ ਦੇ ਆਧਾਰ 'ਤੇ 'ਭਾਰਤ' ਨੂੰ  ਆਪਣੇ ਦੇਸ਼ ਦੀ ਹੋਂਦ ਲਈ ਖ਼ਤਰਾ ਮੰਨਦੇ ਹੋਏ 'ਦੁਸ਼ਮਣ ਨੰਬਰ ਇਕ' ਦਾ ਦਰਜਾ ਹਮੇਸ਼ਾ ਹੀ ਦਿੱਤਾ ਹੈ | ਭਾਵੇਂ ਕਿ ਦੋਵਾਂ ਦੇਸ਼ਾਂ ਦੇ ਕਰੋੜਾਂ ਲੋਕ ਕਦੀ ਵੀ ਜੰਗ ਤੇ ਨਫ਼ਰਤ ਦੇ ਹਿਮਾਇਤੀ ਨਹੀਂ ਰਹੇ ਪਰ ਮਜ਼੍ਹਬੀ ਅਤੇ ਸਿਆਸੀ ਕੱਟੜਵਾਦ ਦੋਵਾਂ ਦੇਸ਼ਾਂ ਦੇ ਅਵਾਮ ਦੇ 'ਮੁਹੱਬਤੀ ਜਜ਼ਬਾਤ' 'ਤੇ ਹਮੇਸ਼ਾ ਹੀ ਭਾਰੂ ਪਿਆ ਹੈ | ਦੋਵਾਂ ਦੇਸ਼ਾਂ ਵਿਚ ਕਈ ਜੰਗਾਂ ਹੋਈਆਂ ਹਨ ਤੇ ਸਰਕਾਰਾਂ, ਮੀਡੀਆ ਵਲੋਂ ਹਰ ਤਰੀਕੇ ਅਵਾਮ ਦੇ ਦਿਲਾਂ ਵਿਚ ਨਫ਼ਰਤ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਦੋਵਾਂ ਦੇਸ਼ਾਂ ਦੇ ਸਿੱਖਿਆ ਤੰਤਰ ਰਾਹੀਂ ਵੀ ਇਕ-ਦੂਸਰੇ ਪ੍ਰਤੀ ਨਫ਼ਰਤ ਤੇ ਦੁਸ਼ਮਣੀ ਹੀ ਪੈਦਾ ਕੀਤੀ ਗਈ ਹੈ | ਇਸੇ ਦਾ ਨਤੀਜਾ ਹੈ ਕਿ ਦੋਵਾਂ ਦੇਸ਼ਾਂ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਦੇ ਉਲਟ ਦੋਵੇਂ ਦੇਸ਼ ਤਿੰਨ ਪੂਰੀਆਂ ਜੰਗਾਂ  ਅਤੇ ਦੋ ਛੋਟੀਆਂ ਜੰਗਾਂ ਲੜ ਚੁੱਕੇ ਹਨ | ਪਾਕਿਸਤਾਨੀ ਹਕੂਮਤ ਦੁਆਰਾ ਭਾਰਤ ਵਿਚ ਅੱਤਵਾਦ ਨੂੰ  ਸ਼ਹਿ ਅਤੇ ਮਦਦ ਦੇ ਕੇ ਭਾਰਤ ਵਿਚ ਸੈਂਕੜੇ ਬੇਗੁਨਾਹ ਨਾਗਰਿਕਾਂ ਦੀਆਂ ਜਾਨਾਂ ਲੈਣ ਤੋਂ ਇਲਾਵਾ ਹੋਰ ਵੀ ਕਈ ਹਿੰਸਕ ਤੇ ਅਰਾਜਕ ਕਾਰਵਾਈਆਂ ਕਰਵਾਈਆਂ ਗਈਆਂ ਹਨ | ਅੱਤਵਾਦ ਨੂੰ  ਪਾਕਿਸਤਾਨ ਸਥਾਪਤੀ ਇਕ ਜੰਗੀ ਹਥਿਆਰ ਵਜੋਂ ਵਰਤ ਰਹੀ ਹੈ | ਭਾਰਤ-ਪਾਕਿਸਤਾਨ ਦੇ ਸੰਬੰਧਾਂ ਵਿਚ ਸਭ ਤੋਂ ਵੱਡੀ ਮੁਸ਼ਕਿਲ ਵੀ ਇਹੋ ਹੈ | ਕਈ ਉਤਰਾਅ-ਚੜ੍ਹਾਅ ਆਉਣ ਦੇ ਬਾਅਦ ਪਿਛਲੇ ਸਾਲ 22 ਅਪ੍ਰੈਲ ਨੂੰ  ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਤਾਂ ਭਾਰਤ-ਪਾਕਿਸਤਾਨ ਸੰਬੰਧ ਸ਼ਾਇਦ ਇਤਿਹਾਸ ਦੇ ਸਭ ਤੋਂ ਬੁਰੇ ਦੌਰ ਵਿਚ ਹਨ | ਸਿੰਧੂ ਜਲ ਸਮਝੌਤਾ ਰੱਦ ਕੀਤਾ ਜਾ ਚੁੱਕਾ ਹੈ, ਦੋਵਾਂ ਦੇਸ਼ਾਂ ਦੇ ਹਰੇਕ ਤਰ੍ਹਾਂ ਦੇ ਸੰਬੰਧ ਮੁਅੱਤਲ ਹਨ | ਕੋਈ ਵਪਾਰ ਨਹੀਂ ਹੋ ਰਿਹਾ, ਕਰਤਾਰਪੁਰ ਸਾਹਿਬ ਕਾਰੀਡੋਰ ਵੀ ਬੰਦ ਹੈ ਅਤੇ ਹਾਲਾਤ ਅਜਿਹੇ ਹਨ ਕਿ ਦੋਵਾਂ ਪਾਸੇ ਜੇਕਰ ਕੋਈ ਅਮਨ-ਦੋਸਤੀ ਦੀ ਦੱਬੀ ਆਵਾਜ਼ ਵਿਚ ਵੀ ਗੱਲ ਕਰੇ ਤਾਂ ਉਸ ਨੂੰ  ਗ਼ਦਾਰ ਜਾਂ ਦੇਸ਼ ਧ੍ਰੋਹੀ ਦਾ ਖ਼ਿਤਾਬ ਦਿੱਤਾ ਜਾਂਦਾ ਹੈ | ਅੰਤਰਰਾਸ਼ਟਰੀ ਮੰਚਾਂ 'ਤੇ ਵੀ ਦੋਵੇਂ ਦੇਸ਼ ਰੱਜ ਕੇ ਤੇ ਗੱਜ ਕੇ ਦੁਸ਼ਮਣੀ ਦਾ ਪ੍ਰਗਟਾਵਾ ਕਰਦੇ ਹਨ | ਕੋਈ ਵੀ ਅੱਤਵਾਦੀ ਹਮਲਾ ਜਾਂ ਕੋਈ ਹੋਰ ਛੋਟਾ-ਵੱਡਾ ਕਾਰਨ ਦੋਵੇਂ ਦੇਸ਼ਾਂ ਨੂੰ  ਭਿਆਨਕ ਪ੍ਰਮਾਣੂ ਜੰਗ ਵੱਲ ਲਿਜਾ ਸਕਦਾ ਹੈ |
ਮਨੁੱਖੀ ਇਤਿਹਾਸ ਬੇਸ਼ੱਕ ਬਦਕਿਸਮਤੀ ਨਾਲ ਜੰਗਾਂ-ਯੁੱਧਾਂ ਨਾਲ ਭਰਿਆ ਹੋਇਆ ਹੈ | ਪਰ ਇਹ ਇਕ ਕੰਧ 'ਤੇ ਲਿੱਖਿਆ ਸੱਚ ਹੈ ਕਿ ਜੰਗ ਹਮੇਸ਼ਾ ਘੋਰ ਤਬਾਹੀ-ਬਰਬਾਦੀ ਲੈ ਕੇ ਆਉਂਦੀ ਹੈ ਤੇ ਮਨੁੱਖੀ ਸੱਭਿਅਤਾ ਦਾ ਹਮੇਸ਼ਾ ਘਾਣ ਕਰਦੀ ਹੈ | ਫਿਰ ਜੰਗ ਭਾਵੇਂ ਮਹਾਂਭਾਰਤ ਦੀ ਹੋਵੇ, ਕਰਬਲਾ ਦੀ ਹੋਵੇ, ਪਾਣੀਪਤ ਦੀ ਹੋਵੇ, ਜਾਂ ਮੌਜੂਦਾ ਮਨੁੱਖੀ ਇਤਿਹਾਸ ਵਿਚ ਹੋਈਆਂ ਦੋਵੇਂ ਸੰਸਾਰ ਜੰਗਾਂ ਹੋਣ, ਸਿਰਫ਼ ਲਾਸ਼ਾਂ ਅਤੇ ਖ਼ੂਨ ਦੇ ਦਰਿਆ ਹੀ ਵਗੇ ਹਨ ਤੇ ਕਰੋੜਾਂ ਮਨੁੱਖੀ ਜਾਨਾਂ ਭਿਆਨਕ ਜੰਗ ਦੀ ਭੇਟ ਚੜ੍ਹ ਗਈਆਂ ਹਨ | ਹੀਰੋਸ਼ੀਮਾ ਅਤੇ ਨਾਗਾਸਾਕੀ ਜੰਗ ਦੇ ਭਿਆਨਕ ਘਟਨਾਕ੍ਰਮ ਨੂੰ  ਅੱਜ ਦੇ ਸਮੇਂ ਵਿਚ ਵੀ ਪੇਸ਼ ਕਰਦੇ ਹਨ | ਪਰ ਮਨੁੱਖੀ ਸੁਭਾਅ ਦੀ ਜ਼ਿਦ, ਸੌੜਾਪਨ ਤੇ ਲਾਲਚ-ਹੰਕਾਰ ਅੱਜ ਵੀ ਗਾਜ਼ਾ, ਯੂਕਰੇਨ ਤੇ ਈਰਾਨ ਵਿਚ ਜੰਗ ਆਪਣਾ ਭਿਆਨਕ ਰੂਪ ਵਿਖਾ ਰਹੀ ਹੈ | ਤਬਾਹੀ ਦਾ ਮੰਜਰ ਦੁਨੀਆ ਦਾ ਹਰੇਕ ਬਾਸ਼ਿੰਦਾ ਨਿੱਤ ਵੇਖ ਰਿਹਾ ਹੈ |
ਇਸ ਲਈ ਸਮੇਂ ਦੀ ਵੱਡੀ ਲੋੜ ਹੈ ਕਿ ਵਿਸ਼ਵ ਸ਼ਾਂਤੀ ਲਈ ਅਤੇ ਦੱਖਣੀ ਏਸ਼ੀਆ ਦੇ ਇਸ ਖਿੱਤੇ ਦੇ ਵਿਕਾਸ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨਫ਼ਰਤ ਅਤੇ ਜੰਗ ਦਾ ਰਸਤਾ ਛੱਡ ਕੇ ਅਮਨ-ਸ਼ਾਂਤੀ, ਆਪਸੀ ਸਹਿਯੋਗ ਅਤੇ ਵਿਕਾਸ ਦਾ ਰਸਤਾ ਅਪਨਾਉਣ | ਭਾਰਤ ਅਤੇ ਪਾਕਿਸਤਾਨ ਦੀ ਆਮ ਜਨਤਾ ਅਮਨ ਚਾਹੁੰਦੀ ਹੈ | ਜਦੋਂ ਵੀ ਭਾਰਤ ਜਾਂ ਪਾਕਿਸਤਾਨ ਦੇ ਲੋਕ ਇਕ-ਦੂਸਰੇ ਦੇਸ਼ ਵਿਚ ਜਾਂਦੇ ਹਨ ਤਾਂ ਮੁਹੱਬਤ ਦੇ ਪੈਗ਼ਾਮ ਝੋਲੀਆਂ ਭਰ-ਭਰ ਕੇ ਇਕ-ਦੂਸਰੇ ਨੂੰ  ਵੰਡਦੇ ਹਨ | ਵਿਦੇਸ਼ਾਂ ਵਿਚ ਮਿਲ-ਜੁਲ ਕੇ ਰਹਿੰਦੇ ਹਨ | ਗ਼ਰੀਬੀ, ਅਨਪੜ੍ਹਤਾ, ਮਹਿੰਗਾਈ, ਭਿ੍ਸ਼ਟਾਚਾਰ ਵਰਗੀਆਂ ਸੈਂਕੜੇ ਸਮੱਸਿਆਵਾਂ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਹਨ | ਜੇਕਰ ਦੋਵੇਂ ਦੇਸ਼ ਹਥਿਆਰਾਂ ਦੀ ਦੌੜ ਛੱਡ ਕੇ ਮਿਲ-ਜੁਲ ਕੇ ਵਪਾਰ ਦਾ ਰਸਤਾ ਚੁਣਨ ਤਾਂ ਯਕੀਨਨ ਕੁਝ ਸਾਲਾਂ ਵਿਚ ਹੀ ਦੋਵੇਂ ਦੇਸ਼ ਸਾਰੇ ਸੰਸਾਰ ਲਈ ਇਕ ਤਰੱਕੀ ਤੇ ਅਮਨ ਦੀ ਉਦਾਹਰਨ ਬਣ ਸਕਦੇ ਹਨ | ਖੇਡਾਂ ਹੋਣ, ਵਪਾਰ ਹੋਵੇ, ਸਾਹਿਤ ਤੇ ਸੱਭਿਆਚਾਰਕ ਪ੍ਰੋਗਰਾਮ ਹੋਣ ਤੇ ਵਾਹਗੇ ਦੇ ਆਰ-ਪਾਰ ਅਮਨ ਦੀ ਹਵਾ ਵਗੇ | ਪਾਕਿਸਤਾਨ ਦੀ ਸਥਾਪਤੀ ਨੂੰ  ਭਾਰਤ ਪ੍ਰਤੀ ਆਪਣੀ ਸੋਚ ਅਤੇ ਨੀਤੀ ਬਦਲਣ ਦੀ ਲੋੜ ਹੈ | ਅੱਤਵਾਦ ਦਾ ਦੈਂਤ ਅੱਜ ਪਾਕਿਸਤਾਨ ਨੂੰ  ਵੀ ਖਾ ਰਿਹਾ ਹੈ | ਪਾਕਿਸਤਾਨ ਖ਼ੁਦ ਅਰਾਜਕਤਾ ਦਾ ਸ਼ਿਕਾਰ ਹੈ | ਅੱਤਵਾਦੀ ਤਨਜ਼ੀਮਾਂ ਦਾ ਪਾਲਣ-ਪੋਸ਼ਣ ਪਾਕਿਸਤਾਨ ਨੂੰ  ਬਰਬਾਦ ਕਰ ਰਿਹਾ ਹੈ | ਇਸ ਕੌੜੀ ਸੱਚਾਈ ਨੂੰ  ਪਾਕਿਸਤਾਨੀ ਹਕੂਮਤਾਂ ਅਤੇ ਸਥਾਪਤੀ ਨੂੰ  ਮੰਨਣਾ ਅਤੇ ਸਮਝਣਾ ਪਵੇਗਾ | ਆਪਣੇ ਮਸਲੇ ਕੁਝ ਸਾਲਾਂ ਲਈ ਠੰਢੇ ਬਸਤੇ ਵਿਚ ਪਾ ਕੇ ਅਮਨ ਤੇ ਮੁਹੱਬਤ ਦੇ ਰਾਹ ਚੱਲਣਾ ਪਵੇਗਾ | ਜੰਗ ਬਰਬਾਦੀ ਲਿਆਉਂਦੀ ਹੈ ਅਤੇ ਅਮਨ ਵਿਕਾਸ ਅਤੇ ਖ਼ੁਸ਼ਹਾਲੀ | ਇਸ ਤੱਥ ਨੂੰ  ਜੇਕਰ ਦੋਵੇਂ ਦੇਸ਼ਾਂ ਦੀਆਂ ਹਕੂਮਤਾਂ ਸਮਝ ਲੈਣ ਤਾਂ ਇਸ ਖਿੱਤੇ ਦੀ ਤਕਦੀਰ ਬਦਲ ਸਕਦੀ ਹੈ | ਖ਼ਾਸ ਕਰਕੇ ਦੋਵਾਂ ਪਾਸੇ ਪੰਜਾਬੀ ਖ਼ੁਸ਼ਹਾਲ ਹੋ ਸਕਦੇ ਹਨ |
ਇਸ ਲਈ ਆਓ ਸਾਰੇ ਮਿਲ ਕੇ ਅਰਦਾਸ ਵੀ ਕਰੀਏ ਤੇ ਯਤਨ ਵੀ ਕਰੀਏ | ਪ੍ਰਮਾਤਮਾ ਕਰੇ ਵਾਹਗੇ ਦੀ ਸਰਹੱਦ ਵੀ ਦੋਵਾਂ ਦੇਸ਼ਾਂ ਵਿਚਲੇ ਅਮਨ ਦੀ ਗਵਾਹ ਬਣੇ | ਯੂਰਪ ਦੇ ਦੇਸ਼ਾਂ ਦੀਆਂ ਸਰਹੱਦਾਂ ਵਾਂਗ ਇਥੇ ਵੀ ਵਪਾਰ ਹੋਵੇ ਤੇ ਦੋਵੇਂ ਦੇਸ਼ਾਂ ਦੇ ਨਾਗਰਿਕ ਸੌਖੇ ਢੰਗ ਨਾਲ ਇਕ-ਦੂਸਰੇ ਦੇਸ਼ ਆਉਣ-ਜਾਣ | ਕਤਲੋਗਾਰਤ ਬੰਦ ਹੋਵੇ ਅਤੇ ਦੁਸ਼ਮਣੀ ਤੇ ਨਫ਼ਰਤ ਦੀ ਥਾਂ ਮੁਹੱਬਤ ਅਤੇ ਵਿਸ਼ਵਾਸ ਦੀ ਗੱਲ ਹੋਵੇ | ਬਾਬੇ ਨਾਨਕ ਦੇ ਘਰ, ਕਰਤਾਰਪੁਰ ਵੀ ਬੇਰੋਕ ਸੰਗਤਾਂ ਜਾਣ ਅਤੇ ਨਨਕਾਣਾ ਸਾਹਿਬ ਵੀ ਸਾਨੂੰ ਨੇੜੇ ਹੀ ਜਾਪੇ | ਆਿਖ਼ਰ ਵਿਚ ਇਸ ਲੇਖ ਦਾ ਅੰਤ ਮੈਂ ਆਪਣੇ ਹੀ ਲਿਖੇ ਇਕ ਸ਼ੇਅਰ ਨਾਲ ਕਰਦਾ ਹਾਂ-
'ਕਦੀ ਤਾਂ ਇਹ ਹੱਦਾਂ ਸਰਹੱਦਾਂ ਮੁੱਕਣਗੀਆਂ,
ਕਦੀ ਤਾਂ ਹਵਾਵਾਂ ਮੁਹੱਬਤ ਦੀਆਂ ਰੁਮਕਣਗੀਆਂ |
ਕਦੀ ਤਾਂ ਉਹ ਦਿਨ ਵੀ ਆਵੇਗਾ 'ਸੋਹਲ',
ਮੋਮਬੱਤੀਆਂ 'ਅਮਨ' ਦੀਆਂ
ਵਾਹਗੇ ਤੋਂ ਨਨਕਾਣੇ ਤੱਕ ਚਮਕਣਗੀਆਂ |

-ਪਿੰਡ ਪੀਰ ਦੀ ਸੈਨ, ਡਾਕ. ਬੱਬਰੀ-ਨੰਗਲ
(ਗੁਰਦਾਸਪੁਰ)-143529.
ਮੋਬਾਈਲ : 9876856311

Ad Position 22
No active advertisement
ਪਿਛਲੀ ਖ਼ਬਰ ਜਦੋਂ ਰੂੜੀਵਾਦੀ ਸੋਚ ਨੂੰ ਵੰਗਾਰਿਆ ਗਿਆ ਅਗਲੀ ਖ਼ਬਰ ਨਿਸ਼ਕਾਮ ਇੰਟਰਨੈਸ਼ਨਲ ਗਰਲਜ਼ ਸਪਰਿਚੁਅਲ ਰੀਟਰੀਟ-2026 ਕੀਨੀਆ ਵਿਚ 6 ਮੁੱਖ ਸਿੱਖ ਸੰਗਠਨਾਂ ਦੀ ਅਹਿਮ ਕਾਰਗੁਜ਼ਾਰੀ
Ad Position 24