ਡੇਅਰੀ ਫਾਰਮਿੰਗ ਦੇ ਖੇਤਰ 'ਚ ਪਸ਼ੂਆਂ ਦੀ ਸਹੀ ਸਾਂਭ-ਸੰਭਾਲ ਤੇ ਸੁਚੱਜੇ ਪ੍ਰਬੰਧ ਲਈ ਉਨ੍ਹਾਂ ਦੇ ਕੰਨਾਂ 'ਚ ਟੈਗ ਲਾਉਣਾ ਇਕ ਮਹੱਤਵਪੂਰਨ ਕਦਮ ਹੈ | ਅਕਸਰ ਦੇਖਣ 'ਚ ਆਉਂਦਾ ਹੈ ਕਿ ਬਹੁਤ ਸਾਰੇ ਕਿਸਾਨ ਪਸ਼ੂਆਂ ਨੂੰ ਟੈਗ ਲਾਉਣ ਦੀ ਪ੍ਰਕਿਰਿਆ ਨੂੰ ਇਕ ਫਾਲਤੂ ਕੰਮ ਜਾਂ ਵਾਧੂ ਬੋਝ ਸਮਝਦੇ ਹਨ | ਇਸ ਲੇਖ ਰਾਹੀਂ ਪਸ਼ੂਆਂ ਨੂੰ ਟੈਗ (ਕੰਨ ਤੇ ਗਲ਼ੇ ਵਾਲੇ) ਲਾਉਣਾ ਕਿਉਂ ਜ਼ਰੂਰੀ ਹੈ, ਬਾਰੇ ਜਾਣਕਾਰੀ ਦਿੱਤੀ ਗਈ ਹੈ |

ਪਸ਼ੂ ਦੀ ਪੱਕੀ ਪਛਾਣ-ਇਹ ਇਕ ਤਰ੍ਹਾਂ ਨਾਲ ਪਸ਼ੂ ਦਾ ਆਪਣਾ 'ਆਧਾਰ ਕਾਰਡ' ਹੁੰਦਾ ਹੈ | ਜਦੋਂ ਫਾਰਮ ਵਿਚ ਇਕੋ ਰੰਗ ਤੇ ਨਸਲ ਦੀਆਂ ਕਈ ਗਾਵਾਂ ਜਾਂ ਮੱਝਾਂ ਹੋਣ ਤਾਂ ਕਾਮਿਆਂ ਲਈ ਉਨ੍ਹਾਂ ਨੂੰ ਪਛਾਣਨਾ ਔਖਾ ਹੋ ਜਾਂਦਾ ਹੈ | ਕੰਨ 'ਤੇ ਲੱਗੇ ਟੈਗ ਨੰਬਰਾਂ ਨਾਲ ਹਰ ਪਸ਼ੂ ਦੀ ਇਕ ਵੱਖਰੀ ਪਛਾਣ ਬਣ ਜਾਂਦੀ ਹੈ |
ਸਹੀ ਖ਼ੁਰਾਕ ਦਾ ਪ੍ਰਬੰਧ-ਸਭ ਤੋਂ ਵੱਧ ਖਰਚਾ ਪਸ਼ੂਆਂ ਦੀ ਫੀਡ 'ਤੇ ਹੁੰਦਾ ਹੈ | ਹਰ ਪਸ਼ੂ ਨੂੰ ਉਸ ਦੇ ਦੁੱਧ ਉਤਪਾਦਨ ਤੇ ਸਰੀਰਕ ਭਾਰ ਅਨੁਸਾਰ ਖ਼ੁਰਾਕ ਮਿਲਣੀ ਚਾਹੀਦੀ ਹੈ | ਜੇ ਪਸ਼ੂ ਦੇ ਟੈਗ ਲੱਗਾ ਹੋੋਵੇਗਾ ਤਾਂ ਅਸੀਂ ਲਿਖ ਸਕਦੇ ਹਾਂ ਕਿ 'ਟੈਗ ਨੰਬਰ 15' 20 ਲੀਟਰ ਦੁੱਧ ਦਿੰਦੀ ਹੈ ਤੇ ਉਸ ਨੂੰ ਕਿੰਨੀ ਫੀਡ ਪਾਉਣੀ ਹੈ | ਬਿਨਾਂ ਪਛਾਣ ਤੋਂ ਕਈ ਵਾਰ ਘੱਟ ਦੁੱਧ ਦੇਣ ਵਾਲਾ ਪਸ਼ੂ ਜ਼ਿਆਦਾ ਮਹਿੰਗੀ ਫੀਡ ਖਾ ਜਾਂਦਾ ਹੈ ਤੇ ਜ਼ਿਆਦਾ ਦੁੱਧ ਦੇਣ ਵਾਲਾ ਪਸ਼ੂ ਕਮਜ਼ੋਰ ਹੋ ਜਾਂਦਾ ਹੈ | ਟੈਗਿੰਗ ਰਾਹੀਂ ਸਹੀ ਪਛਾਣ ਤੇ ਰਿਕਾਰਡ ਰੱਖਣ ਨਾਲ ਖ਼ੁਰਾਕ ਦੇ ਬਿਹਤਰ ਪ੍ਰਬੰਧ 'ਚ ਮਦਦ ਮਿਲੇਗੀ ਹੈ ਤੇ ਪਸ਼ੂਆਂ ਦੀ ਸਿਹਤ ਵੀ ਠੀਕ ਰਹੇਗੀ |
ਪ੍ਰਜਣਨ ਤੇ ਸੂਏ ਦਾ ਸਹੀ ਰਿਕਾਰਡ-ਪਸ਼ੂਆਂ ਦੀ ਡਾਇਰੀ 'ਚ ਟੈਗ ਨੰਬਰ ਲਿਖ ਕੇ ਇਹ ਜਾਣਕਾਰੀ ਰਿਕਾਰਡ 'ਚ ਰੱਖੀ ਜਾ ਸਕਦੀ ਹੈ ਕਿ ਪਸ਼ੂ ਕਦੋਂ ਸੂਇਆ, ਮਸਨੂਈ ਗਰਭਦਾਨ ਕਦੋਂ ਕਰਾਇਆ ਗਿਆ ਤੇ ਕਿਹੜੇ ਸਾਨ੍ਹ/ਝੋਟੇ ਦਾ ਸੀਮਨ ਵਰਤਿਆ ਗਿਆ | ਪਸ਼ੂ ਨੂੰ ਦੁੱਧੋਂ ਕਦੋਂ ਛੱਡਣਾ ਹੈ | ਬਿਨਾਂ ਰਿਕਾਰਡ ਤੋਂ ਅਕਸਰ ਪਸ਼ੂਆਂ ਦੇ ਸੂਣ ਦੇ ਦਿਨਾਂ ਦਾ ਸਹੀ ਪਤਾ ਨਹੀਂ ਲੱਗਦਾ, ਜਿਸ ਨਾਲ ਸੂਣ ਵਾਲੇ ਪਸ਼ੂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ |
ਸਿਹਤ ਤੇ ਬਿਮਾਰੀਆਂ ਦਾ ਇਲਾਜ- ਵੈਟਰਨਰੀ ਡਾਕਟਰ ਲਈ ਵੀ ਪਸ਼ੂ ਦੀ ਪਛਾਣ ਤੇ ਉਸ ਦਾ ਸਿਹਤ ਰਿਕਾਰਡ ਦੇਖਣਾ ਆਸਾਨ ਹੋ ਜਾਂਦਾ ਹੈ | ਜਦੋਂ ਕਿਸਾਨ ਦੱਸਦਾ ਹੈ ਕਿ 'ਟੈਗ ਨੰਬਰ 22' ਨੂੰ ਪਿਛਲੇ ਸਾਲ ਵੀ ਥਣੈਲਾ ਰੋਗ ਜਾਂ ਕੋਈ ਹੋਰ ਬਿਮਾਰੀ ਹੋਈ ਸੀ | ਟੈਗ ਨੰਬਰ ਨਾਲ ਅਸੀਂ ਟੀਕਾਕਰਨ, ਮਲੱਪਾਂ ਦੀ ਦਵਾਈ ਤੇ ਪਿਛਲੀਆਂ ਬਿਮਾਰੀਆਂ ਤੇ ਇਲਾਜ ਦਾ ਰਿਕਾਰਡ ਰੱਖ ਸਕਦੇ ਹਾਂ |
ਸਰਕਾਰੀ ਸਕੀਮਾਂ ਤੇ ਬੀਮੇ ਦੇ ਲਾਭ-ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਅਤੇ ਭਾਰਤ ਸਰਕਾਰ ਵਲੋਂ ਪਸ਼ੂ ਉਤਪਾਦਕਤਾ ਤੇ ਸਿਹਤ ਲਈ ਸੂਚਨਾ ਨੈੱਟਵਰਕ ਅਤੇ ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ | ਇਸ ਤਹਿਤ ਪਸ਼ੂਆਂ ਦੇ ਕੰਨਾਂ 'ਚ 12 ਅੰਕਾਂ ਵਾਲਾ ਪੀਲੇ ਰੰਗ ਦਾ ਟੈਗ (ਜਿਸਨੂੰ 'ਪਸ਼ੂ ਆਧਾਰ' ਜਾਂ 'ਪਸ਼ੂ ਸੰਜੀਵਨੀ' ਵੀ ਕਿਹਾ ਜਾਂਦਾ ਹੈ) ਲਗਾਇਆ ਜਾਂਦਾ ਹੈ | ਸਰਕਾਰ ਵਲੋਂ ਮਿਲਣ ਵਾਲੀ ਮੂੰਹ-ਖੁਰ (ਢੰਧ) ਜਾਂ ਗਲ਼ ਘੋਟੂ ਵਰਗੀਆਂ ਬਿਮਾਰੀਆਂ ਦੀ ਮੁਫ਼ਤ ਵੈਕਸੀਨ ਲੈਣ ਲਈ ਇਹ ਟੈਗ ਲੱਗਾ ਹੋਣਾ ਲਾਜ਼ਮੀ ਹੈ |
ਜੇਕਰ ਬੈਂਕ ਤੋਂ ਕਰਜ਼ਾ ਲੈਣਾ ਹੈ, ਸਰਕਾਰੀ ਸਬਸਿਡੀ ਲੈਣੀ ਹੈ ਜਾਂ ਪਸ਼ੂ ਦਾ ਬੀਮਾ ਕਰਾਉਣਾ ਹੈ ਤਾਂ ਇਸ ਸਰਕਾਰੀ ਟੈਗ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ |
ਗਲ਼ੇ ਦੇ ਟੈਗ ਜਾਂ ਕਾਲਰ ਟੈਗ-ਅੱਜਕੱਲ੍ਹ ਡੇਅਰੀ ਫਾਰਮਿੰਗ ਬਹੁਤ ਆਧੁਨਿਕ ਹੋ ਗਈ ਹੈ | ਕੰਨ ਦੇ ਟੈਗ ਤੋਂ ਇਲਾਵਾ ਵੱਡੇ ਫਾਰਮਾਂ 'ਚ ਪਸ਼ੂਆਂ ਦੇ ਗਲ਼ੇ ਵਿਚ ਕਾਲਰ ਟੈਗ ਪਾਏ ਜਾਂਦੇ ਹਨ | ਇਹ ਇਕ ਤਰ੍ਹਾਂ ਦੀ 'ਸਮਾਰਟ ਘੜੀ' ਵਾਂਗ ਕੰਮ ਕਰਦੇ ਹਨ | ਇਨ੍ਹਾਂ ਦੇ ਫਾਇਦੇ ਬਹੁਤ ਵੱਡੇ ਹਨ ਜਿਵੇਂ:-
ਕਾਲਰ ਟੈਗ ਪਸ਼ੂ ਦੀ ਹਲਚਲ ਨੋਟ ਕਰਦੇ ਹਨ | ਜਦੋਂ ਪਸ਼ੂ ਹੀਟ ਵਿਚ (ਬੋਲਦਾ) ਹੁੰਦਾ ਹੈ ਤਾਂ ਉਸ ਦੀ ਹਲਚਲ ਵੱਧ ਜਾਂਦੀ ਹੈ | ਇਹ ਟੈਗ ਸਿੱਧਾ ਕਿਸਾਨ ਦੇ ਮੋਬਾਈਲ 'ਤੇ ਮੈਸੇਜ ਭੇਜ ਦਿੰਦਾ ਹੈ, ਜਿਸ ਨਾਲ ਟੀਕਾ ਭਰਾਉਣ ਦਾ ਸਹੀ ਸਮਾਂ ਖੁੰਝਦਾ ਨਹੀਂ | ਇਹ ਟੈਗ ਦੱਸਦੇ ਹਨ ਕਿ ਪਸ਼ੂ ਨੇ ਦਿਨ ਵਿਚ ਕਿੰਨੇ ਘੰਟੇ ਜੁਗਾਲੀ ਕੀਤੀ | ਜੇਕਰ ਪਸ਼ੂ ਬਿਮਾਰ ਹੋਣ ਵਾਲਾ ਹੋਵੇ ਤਾਂ ਉਸ ਦੀ ਜੁਗਾਲੀ 8 ਘੰਟੇ ਤੋਂ ਘਟ ਜਾਂਦੀ ਹੈ |
ਘੱਟ ਉਤਪਾਦਕਤਾ ਵਾਲੇ ਪਸ਼ੂਆਂ ਦੀ ਛਾਂਟੀ-ਜਦੋਂ ਤੁਹਾਡੇ ਕੋਲ ਹਰ ਪਸ਼ੂ ਦਾ ਟੈਗ ਨੰਬਰ, ਉਸ ਦੀ ਸਿਹਤ ਦਾ ਡਾਟਾ ਤੇ ਦੁੱਧ ਦਾ ਸਾਲਾਨਾ ਰਿਕਾਰਡ ਹੋਵੇਗਾ ਤਾਂ ਤੁਸੀਂ ਆਸਾਨੀ ਨਾਲ ਫ਼ੈਸਲਾ ਕਰ ਸਕਦੇ ਹੋ ਕਿ ਕਿਹੜਾ ਪਸ਼ੂ ਫਾਰਮ ਲਈ ਮੁਨਾਫ਼ਾ ਦੇ ਰਿਹਾ ਹੈ ਤੇ ਕਿਹੜਾ ਸਿਰਫ਼ ਪੱਠੇ ਖਾ ਰਿਹਾ ਹੈ | ਘਾਟੇ ਵਾਲੇ ਪਸ਼ੂਆਂ ਨੂੰ ਫਾਰਮ 'ਚੋਂ ਕੱਢਣਾ ਸੌਖਾ ਹੋ ਜਾਂਦਾ ਹੈ |
ਸਿੱਟਾ-ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਸ਼ੂਆਂ ਦੇ ਕੰਨਾਂ 'ਚ ਸਰਕਾਰੀ ਟੈਗ ਅਤੇ ਗਲ਼ੇ 'ਚ ਕਾਲਰ ਟੈਗ ਲਾਉਣਾ ਕੋਈ ਖਰਚਾ ਨਹੀਂ, ਬਲਕਿ ਇਹ ਇਕ ਸਫਲ, ਆਧੁਨਿਕ ਤੇ ਮੁਨਾਫ਼ੇ ਵਾਲੀ ਡੇਅਰੀ ਦਾ ਪਹਿਲਾ ਕਦਮ ਹੈ | ਇਹ ਤੁਹਾਡੇ ਡੇਅਰੀ ਫਾਰਮ ਨੂੰ ਇਕ ਸੱਚੇ ਕਾਰੋਬਾਰ ਵਾਂਗ ਚਲਾਉਣ 'ਚ ਮਦਦ ਕਰਦਾ ਹੈ | ਜੇ ਅਜੇ ਤੱਕ ਤੁਸੀਂ ਆਪਣੇ ਪਸ਼ੂਆਂ ਨੂੰ ਟੈਗ ਨਹੀਂ ਲਗਾਏ ਤਾਂ ਅੱਜ ਹੀ ਆਪਣੇ ਨੇੜੇ ਦੇ ਪਸ਼ੂ ਹਸਪਤਾਲ ਜਾਂ ਡਾਕਟਰ ਨਾਲ ਸੰਪਰਕ ਕਰੋ ਤੇ ਸਰਕਾਰ ਦੀ ਪਸ਼ੂ ਉਤਪਾਦਕਤਾ ਅਤੇ ਸਿਹਤ ਲਈ ਸੂਚਨਾ ਨੈੱਟਵਰਕ ਯੋਜਨਾ ਦਾ ਫ਼ਾਇਦਾ ਉਠਾਓ |
-ਕ੍ਰਿਸ਼ੀਵਿਗਿਆਨ ਕੇਂਦਰ ਐਸ.ਬੀ.ਐਸ. ਨਗਰ |