05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜਿਣਸ ਵੇਚਣ ਸਮੇਂ ਧਿਆਨ ਦੇਣਯੋਗ ਗੱਲਾਂ

ਜਿਣਸ ਵੇਚਣ ਸਮੇਂ ਧਿਆਨ ਦੇਣਯੋਗ ਗੱਲਾਂ

Ad Position 21
No active advertisement
ਅਜੀਤ ਡੈਸਕ 06-10-2026

ਪੰਜਾਬ ਮੰਡੀ ਬੋਰਡ ਵਲੋਂ ਸਾਉਣੀ-2026 ਮੰਡੀਕਰਨ ਸੀਜ਼ਨ ਦੌਰਾਨ 154 ਮੁੱਖ ਮੰਡੀਆਂ ਅਤੇ ਉਨ੍ਹਾਂ ਨਾਲ ਜੁੜੇ 288 ਅਹਾਤਿਆਂ (ਸਬ ਯਾਰਡ), 1450 ਆਰਜ਼ੀ ਖਰੀਦ ਕੇਂਦਰਾਂ ਸਮੇਤ ਕੁੱਲ 1892 ਮੰਡੀਆਂ ਵਿਚ ਝੋਨੇ ਦੀ ਖਰੀਦ/ਵੇਚ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਕਿਸਾਨ ਆਪਣੀ ਫ਼ਸਲ ਦੀ ਜਲਦੀ, ਸੌਖਿਆਂ ਅਤੇ ਖਾਤੇ ਵਿਚ ਸਿੱਧੀ ਅਦਾਇਗੀ ਲਈ ਆਨਲਾਈਨ ਅਨਾਜ ਖਰੀਦ ਪੋਰਟਲ ਦੀ ਵਰਤੋਂ ਕਰਨ | ਇਸ ਤਹਿਤ ਜਿਣਸ ਦੀ ਅਦਾਇਗੀ ਜਾਂ ਬੋਨਸ ਦਾ ਭੁਗਤਾਨ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧਾ ਕੀਤਾ ਜਾਂਦਾ ਹੈ | ਜਿਣਸ ਵੇਚਣ ਤੋਂ ਪਹਿਲਾਂ ਕਿਸਾਨ ਆਪਣੀ ਜ਼ਮੀਨ ਦੀ ਮੈਪਿੰਗ ਜ਼ਰੂਰ ਕਰਵਾ ਲੈਣ, ਤਾਂ ਜੋ ਮੰਡੀਕਰਨ ਸਮੇਂ ਕੋਈ ਮੁਸ਼ਕਿਲ ਨਾ ਆਵੇ |

ਵਾਜਬ ਮੁੱਲ ਲੈਣ ਲਈ ਮੰਡੀ ਵਿਚ ਜਿਣਸ ਨੂੰ  ਸੁਕਾ ਕੇ ਲੈ ਕੇ ਜਾਣ, ਤਾਂ ਜੋ ਬੋਲੀ ਸਮੇਂ ਸਿਰ ਹੋ ਸਕੇ | ਜਿਣਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣ ਅਤੇ ਕੇਵਲ ਜਿਣਸ ਦੀ ਲੁਹਾਈ ਅਤੇ ਸਫ਼ਾਈ ਦੇ ਹੀ ਖਰਚੇ ਦੇਣ | ਜੇਕਰ ਤੁਲਾਈ ਵਿਚ ਕੋਈ ਸ਼ੱਕ ਹੋਵੇੇ ਤਾਂ 10 ਫ਼ੀਸਦੀ ਤੱਕ ਜਿਣਸ ਦੀ 'ਪਰਖ ਤੁਲਾਈ' ਬਿਨਾਂ ਕਿਸੇ ਫੀਸ ਦਿੱਤਿਆਂ ਕਰਵਾਈ ਜਾ ਸਕਦੀ ਹੈ | ਕਿਸੇ ਹੇਰਾਫੇਰੀ ਦੀ ਸੂਰਤ ਵਿਚ ਕਿਸਾਨ ਉਸ ਦੀ ਕੀਮਤ ਲੈਣ ਦਾ ਹੱਕਦਾਰ ਹੋਵੇਗਾ | ਆੜ੍ਹਤੀਏ ਕੋਲੋਂ 'ਜੇ' ਫਾਰਮ ਜ਼ਰੂਰ ਲੈਣ, ਜਿਸ ਦੀ ਵਰਤੋਂ ਨਾਲ ਕਿਸਾਨ ਸੰਬੰਧਿਤ ਮਾਰਕੀਟ ਕਮੇਟੀ ਵਿਚ ਆਯੂਸ਼ਮਾਨ ਹੈਲਥ ਸਕੀਮ ਤਹਿਤ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ | ਖੇਤੀ ਮਸ਼ੀਨਰੀ ਦੀ ਵਰਤੋਂ ਸੁਚੇਤ ਹੋ ਕੇ ਕੀਤੀ ਜਾਵੇ, ਤਾਂ ਜੋ ਕੋਈ ਦੁਰਘਟਨਾ ਨਾ ਹੋਵੇ | ਕੋਈ ਦੁਰਘਟਨਾ ਹੋਣ ਦੀ ਸੂਰਤ ਵਿਚ ਜਾਂ ਮੰਡੀ ਵਿਚ ਕਿਸੇ ਤਰ੍ਹਾਂ ਦੀ ਔਕੜ ਪੇਸ਼ ਆਉਣ 'ਤੇ ਸੰਬੰਧਿਤ ਮਾਰਕੀਟ ਕਮੇਟੀ ਨਾਲ ਸੰਪਰਕ ਕਰੋ | ਵਧੀਆ ਮੁੱਲ ਲੈਣ ਲਈ ਕਿਸਾਨ ਆਪਣੇ ਪੱਧਰ ਤੇ ਗਰੁੱਪ ਬਣਾ ਸਕਦੇ ਹਨ | 
ਸਮਰਥਨ ਮੁੱੱਲ : ਇਸ ਸਾਲ ਸਾਧਾਰਨ ਝੋਨੇ ਦਾ ਮੁੱਲ 2,441 ਰੁਪਏ ਅਤੇ 'ਏ' ਗਰੇਡ ਝੋਨੇ ਦਾ ਮੁੱਲ 2,461 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ | ਦਰਮਿਆਨੇ ਅਤੇ ਲੰਮੇ ਰੇਸ਼ੇ ਵਾਲੀ ਕਪਾਹ ਦਾ ਭਾਅ ਕ੍ਰਮਵਾਰ 8,267 ਰੁਪਏ ਅਤੇ 8,667 ਰੁਪਏ ਪ੍ਰਤੀ ਕੁਇੰਟਲ ਹੈ | ਮੱਕੀ, ਬਾਜਰੇ ਅਤੇ ਜਵਾਰ ਦਾ ਭਾਅ ਕ੍ਰਮਵਾਰ 2,410, 2,900 ਅਤੇ 4,023 ਰੁਪਏ ਪ੍ਰਤੀ ਕੁਇੰਟਲ ਨਿਸਚਿਤ ਕੀਤਾ ਗਿਆ ਹੈ | ਅਰਹਰ, ਮੂੰਗੀ ਅਤੇ ਮਾਂਹ ਦਾ ਭਾਅ ਕ੍ਰਮਵਾਰ 8,450, 8,780 ਅਤੇ 8,200 ਰੁਪਏ ਪ੍ਰਤੀ ਕੁਇੰਟਲ ਹੈ | ਮੂੰਗਫਲੀ, ਸੂਰਜਮੁਖੀ, ਸੋਇਆਬੀਨ ਅਤੇ ਤਿਲਾਂ ਦਾ ਭਾਅ ਕ੍ਰਮਵਾਰ 7,517, 8,343, 5,708 ਅਤੇ 10,346 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ | 
ਮੰਡੀ ਖਰਚੇ : ਕਿਸਾਨ ਨੇ ਮੰਡੀ ਵਿਚ ਕੇਵਲ ਫ਼ਸਲ ਦੀ ਉਤਰਾਈ ਅਤੇ ਸਫ਼ਾਈ ਦਾ ਖਰਚਾ ਹੀ ਦੇਣਾ ਹੁੰਦਾ ਹੈ | ਪੰਜਾਬ ਮੰਡੀ ਬੋਰਡ ਵਲੋਂ ਝੋਨੇ ਦੀ 35 ਅਤੇ 37.5 ਕਿਲੋਗ੍ਰਾਮ ਦੀ ਇਕਾਈ ਦਾ ਖਰਚਾ 7.82 ਰੁਪਏ ਨਿਰਧਾਰਤ ਕੀਤਾ ਗਿਆ ਹੈ, ਜਿਸ ਵਿਚ 2.82 ਰੁਪਏ ਜਿਣਸ ਦੀ ਲੁਹਾਈ ਦੇ ਅਤੇ 5.00 ਰੁਪਏ ਪਾਵਰ ਕਲੀਨਰ ਨਾਲ ਸਫ਼ਾਈ ਦੇ ਹਨ | ਕਪਾਹ ਦੀ 40 ਕਿਲੋ ਦੀ ਪੰਡ ਦਾ ਖਰਚਾ 6.47 ਰੁਪਏ ਹੈ, ਜਿਸ ਵਿਚ 3.55 ਰੁਪਏ ਲੁਹਾਈ ਦੇ ਅਤੇ 2.92 ਰੁਪਏ ਡ੍ਰੈਸਿੰਗ ਦੇ ਹਨ | ਮੱਕੀ, ਬਾਜਰਾ, ਮੰੂਗੀ, ਮਾਂਹ ਅਤੇ ਅਰਹਰ ਦੀ 50 ਕਿਲੋਗ੍ਰਾਮ ਅਤੇ ਜਵਾਰ ਅਤੇ ਤਿਲਾਂ ਦੀ 40 ਕਿਲੋਗ੍ਰਾਮ ਇਕਾਈ ਲਈ ਮਜ਼ਦੂਰੀ ਦਾ ਖਰਚਾ 7.22 ਰੁਪਏ ਹੈ | ਮੂੰਗਫਲੀ ਦੀ 25 ਕਿਲੋਗ੍ਰਾਮ ਇਕਾਈ ਲਈ 4.04 ਰੁਪਏ ਨਿਰਧਾਰਿਤ ਕੀਤੇ ਗਏ ਹਨ, ਜਿਸ ਵਿਚ 1.38 ਰੁਪਏ ਲੁਹਾਈ ਦੇ, 1.54 ਰੁਪਏ ਹੱਥੀਂ ਸਫਾਈ ਦੇ ਅਤੇ 1.12 ਰੁਪਏ ਡ੍ਰੈਸਿੰਗ ਦੇ ਹਨ | ਬਾਕੀ ਸਾਰੇ ਖਰਚੇ ਖਰੀਦਦਾਰ ਦੁਆਰਾ ਦਿੱਤੇ ਜਾਣੇ ਹਨ | ਇਨ੍ਹਾਂ ਖਰਚਿਆਂ ਦੀ ਪੜਤਾਲ ਮਾਰਕੀਟ ਕਮੇਟੀ ਵਿਚ ਜ਼ਰੂਰ ਕਰ ਲੈਣ ਅਤੇ ਮੰਡੀ ਨਾਲ ਸੰਬੰਧਿਤ ਸੇਵਾਵਾਂ, ਤਾਜ਼ਾ ਸੂਚਨਾਵਾਂ ਅਤੇ ਆਪਣੇ ਲੈਣ-ਦੇਣ ਸੰਬੰਧੀ ਵਧੇਰੇ ਜਾਣਕਾਰੀ ਲਈ 'ਪੀ.ਐਮ.ਬੀ. ਕੁਨੈਕਟ ਐਪ' ਦੀ ਵਰਤੋਂ ਕਰਨ |

-ਇਕਨੋਮਿਕਸ ਅਤੇ ਸੋਸ਼ਿਆਲੋਜੀ ਵਿਭਾਗ, ਪੀ.ਏ.ਯੂ., ਲੁਧਿਆਣਾ,
ਪਿ੍ੰਸੀਪਲ ਐਕਸਟੈਂਸ਼ਨ ਸਾਇੰਟਿਸਟ (ਐਗਰੀਕਲਚਰਲ ਇਕਨੋਮਿਕਸ) |

Ad Position 22
No active advertisement
ਪਿਛਲੀ ਖ਼ਬਰ ਚੰਗੀ ਕਮਾਈ ਤੇ ਵਧੀਆ ਤੇਲ ਲਈ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀ ਕਾਸ਼ਤ ਅਗਲੀ ਖ਼ਬਰ ਰਾਹ ਟੁੱਟਿਆ ਹੈ, ਮੰਜ਼ਿਲ ਨਹੀਂ
Ad Position 24