22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਵੇਲਾ

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਵੇਲਾ

Ad Position 21
No active advertisement
ਅਜੀਤ ਡੈਸਕ 22-09-2026

ਅਸੀਂ ਤੁਹਾਨੂੰ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਹਮੇਸ਼ਾ ਪ੍ਰੇਰਦੇ ਰਹਿੰਦੇ ਹਾਂ | ਸਰਦੀਆਂ ਦੀਆਂ ਸਾਰੀਆਂ ਸਬਜ਼ੀਆਂ ਦੀ ਕਾਸ਼ਤ ਲਈ ਇਹ ਢੁਕਵਾਂ ਸਮਾਂ ਹੈ | ਆਲੂਆਂ ਪਿੱਛੋਂ ਪੰਜਾਬ ਵਿਚ ਸਭ ਤੋਂ ਵੱਧ ਰਕਬਾ ਮਟਰਾਂ ਹੇਠ ਹੈ | ਇਨ੍ਹਾਂ ਦੀ ਕਾਸ਼ਤ ਕੋਈ 34000 ਹੈਕਟਰ ਵਿਚ ਕੀਤੀ ਜਾਂਦੀ ਹੈ | ਅਗੇਤੇ ਮਟਰਾਂ ਦੀ ਬਿਜਾਈ ਦਾ ਸਮਾਂ ਆ ਗਿਆ ਹੈ | ਅਗੇਤੀ ਬਿਜਾਈ ਲਈ ਮਟਰ ਅਗੇਤਾ-7, ਮਟਰ ਅਗੇਤਾ-6 ਅਰਕਲ ਅਤੇ ਏਪੀ-3 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ | ਇਨ੍ਹਾਂ ਦਾ ਪ੍ਰਤੀ ਏਕੜ 45 ਕਿਲੋ ਬੀਜ ਪਾਇਆ ਜਾਵੇ | ਬੀਜਣ ਤੋਂ ਪਹਿਲਾਂ ਬੀਜ ਨੂੰ  ਰਾਇਬੋਜ਼ੀਅਮ ਦਾ ਟੀਕਾ ਜ਼ਰੂਰ ਲਗਾਇਆ ਜਾਵੇ | ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫਾਸਲਾ ਰੱਖੋ | ਮਟਰ ਭਾਵੇਂ ਧਰਤੀ ਦੀ ਸਿਹਤ ਨੂੰ  ਠੀਕ ਕਰਦੇ ਹਨ ਪਰ ਬਿਜਾਈ ਸਮੇਂ ਅੱਠ ਟਨ ਰੂੜੀ, 45 ਕਿਲੋ ਯੂਰੀਆ ਅਤੇ 5 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ | ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕੀਤੀ ਜਾਵੇ |
ਬੰਦ ਗੋਭੀ ਦੀ ਪਨੀਰੀ ਪੁੱਟ ਕੇ ਲਗਾਉਣ ਲਈ ਵੀ ਇਹ ਢੁਕਵਾਂ ਸਮਾਂ ਹੈ | ਚੀਨੀ ਬੰਦਗੋਭੀ ਦੀ ਵਰਤੋਂ ਸਾਗ ਲਈ ਕੀਤੀ ਜਾਂਦੀ ਹੈ | ਇਸ ਦੀ ਬਿਜਾਈ ਲਈ ਹੁਣ ਢੁਕਵਾਂ ਸਮਾਂ ਹੈ | ਸਾਗ ਸਰਸੋਂ ਅਤੇ ਚੀਨੀ ਸਰ੍ਹੋਂ-1 ਇਸ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ | ਇਨ੍ਹਾਂ ਤੋਂ ਸਾਗ ਲਈ ਕਈ ਕਟਾਈਆਂ ਪ੍ਰਾਪਤ ਹੋ ਜਾਂਦੀਆਂ ਹਨ | ਇਕ ਏਕੜ ਦੀ ਬਿਜਾਈ ਲਈ ਇਕ ਕਿਲੋ ਬੀਜ ਚਾਹੀਦਾ ਹੈ | ਖੇਤ ਤਿਆਰ ਕਰਨ ਤੋਂ ਪਹਿਲਾਂ ਜੇਕਰ ਹੋ ਸਕੇ ਤਾਂ ਉਸ ਸਮੇਂ 20 ਟਨ ਰੂੜ੍ਹੀ ਪ੍ਰਤੀ ਏਕੜ ਪਾਈ ਜਾਵੇ | ਇਸ ਦੇ ਨਾਲ ਹੀ ਬਿਜਾਈ ਸਮੇਂ 40 ਕਿਲੋ ਯੂਰੀਆ ਅਤੇ 155 ਕਿਲੋ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ | ਫੁੱਲ ਗੋਭੀ ਦੀ ਦੂਜੀ ਫ਼ਸਲ ਲਈ ਪਨੀਰੀ ਹੁਣ ਪੁੱਟ ਕੇ ਲਗਾਈ ਜਾ ਸਕਦੀ ਹੈ | ਪੂਸਾ ਸਨੋ ਬਾਲ-1, ਪੂਸਾ ਸਨੋਬਾਲ ਕੇ-1 ਅਤੇ ਪੰਜਾਬ ਮੱਘਰੀ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ |
ਅਸੀਂ ਸਾਰੇ ਹੀ ਮੇਥੀ ਦੇ ਪਕਵਾਨ ਬੜੇ ਚਾਅ ਨਾਲ ਖਾਂਦੇ ਹਾਂ | ਮੇਥੀ ਦੀ ਸਬਜ਼ੀ, ਪਰਾਉਂਠੇ, ਮਿੱਸੀ ਰੋਟੀ ਆਦਿ ਸਰਦੀਆਂ ਦੌਰਾਨ ਸਾਰੇ ਹੀ ਘਰਾਂ ਵਿਚ ਬਣਦੇ ਹਨ | ਮੇਥੀ ਬੀਜਣ ਲਈ ਹੁਣ ਢੁਕਵਾਂ ਸਮਾਂ ਹੈ | ਕਸੂਰੀ ਮੇਥੀ ਨੂੰ  ਵਧੇਰੇ ਪਸੰਦ ਕੀਤਾ ਜਾਂਦਾ ਹੈ | ਕਸੂਰੀ ਸੁਪਰੀਮ ਸਿਫ਼ਾਰਸ਼ ਕੀਤੀ ਗਈ ਕਿਸਮ ਹੈ | ਇਸ ਦੀਆਂ ਤਿੰਨ ਕਟਾਈਆਂ ਲਈਆਂ ਜਾ ਸਕਦੀਆਂ ਹਨ | ਪਹਿਲੀ ਕਟਾਈ ਬਿਜਾਈ ਤੋਂ 42 ਕੁ ਦਿਨਾਂ ਪਿੱਛੋਂ ਕੀਤੀ ਜਾ ਸਕਦੀ ਹੈ | ਇਕ ਏਕੜ ਲਈ 10 ਕਿਲੋ ਬੀਜ ਚਾਹੀਦਾ ਹੈ | ਬੀਜਣ ਤੋਂ ਪਹਿਲਾਂ ਬੀਜ ਨੂੰ  2.5 ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਸੋਧ ਲਵੋ | ਇਸ ਵਾਰ ਘਰ ਦੀ ਵਰਤੋਂ ਲਈ ਘੱਟੋ-ਘੱਟ ਇਕ ਕਿਆਰੀ ਵਿਚ ਇਸ ਦੀ ਬਿਜਾਈ ਕਰੋ | ਬਿਜਾਈ ਸਮੇਂ ਸਿਆੜਾਂ ਵਿਚਕਾਰ 20 ਸੈਂਟੀਮੀਟਰ ਫਾਸਲਾ ਰੱਖਿਆ ਜਾਵੇ | ਚੰਗਾ ਝਾੜ ਲੈਣ ਲਈ 30 ਕਿਲੋ ਯੂਰੀਆ ਬਿਜਾਈ ਸਮੇਂ ਪਾਵੋ | ਹਰੇਕ ਕਟਾਈ ਪਿੱਛੋਂ 15 ਕੁ ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣਾ ਚਾਹੀਦਾ ਹੈ | ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤਿੰਨ ਹਫਤਿਆਂ ਪਿੱਛੋਂ ਇਕ ਗੋਡੀ ਕਰੋ | ਜੇਕਰ ਲੋੜ ਹੋਵੇ ਤਾਂ ਛੇ ਹਫ਼ਤਿਆਂ ਪਿਛੋਂ ਦੂਜੀ ਗੋਡੀ ਕੀਤੀ ਜਾਵੇ | 
ਧਨੀਆ ਇਕ ਹੋਰ ਛੋਟੀ ਪਰ ਮਹੱਤਵਪੂਰਨ ਫ਼ਸਲ ਹੈ, ਜਿਸ ਦੇ ਦਾਣਿਆਂ ਨੂੰ  ਪੀਸ ਕੇ ਗਰਮ ਮਸਾਲੇ ਦੇ ਰੂਪ ਵਿਚ ਹਰੇਕ ਦਾਲ ਸਬਜ਼ੀ ਵਿਚ ਪਾਇਆ ਜਾਂਦਾ ਹੈ | ਦਾਲ ਸਬਜ਼ੀ ਨੂੰ  ਸੁਆਦੀ ਬਣਾਉਣ ਲਈ ਇਸ ਦੇ ਹਰੇ ਪੱਤੇ ਵੀ ਵਰਤੇ ਜਾਂਦੇ ਹਨ | ਬਹੁਤੇ ਕਿਸਾਨ ਧਨੀਆ ਬਾਜ਼ਾਰੋਂ ਹੀ ਮੁੱਲ ਲੈਂਦੇ ਹਨ | ਆਪਣੇ ਖੇਤ ਵਿਚ ਤਿਆਰ ਕੀਤੇ ਧਨੀਏ ਦੀ ਮਹਿਕ ਅਤੇ ਸੁਆਦ ਨਿਵੇਕਲਾ ਹੁੰਦਾ ਹੈ | ਇਸ ਵਾਰ ਘਰ ਦੀ ਵਰਤੋਂ ਲਈ ਕੁਝ ਰਕਬੇ ਵਿਚ ਧਨੀਆ ਜ਼ਰੂਰ ਬੀਜਿਆ ਜਾਵੇ | ਪੰਜਾਬ ਸੁਗੰਧ ਸਿਫ਼ਾਰਸ਼ ਕੀਤੀ ਗਈ ਕਿਸਮ ਹੈ | ਇਸ ਦਾ ਕੋਈ 9 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ | 
ਗਾਜਰ, ਸ਼ਲਗਮ ਅਤੇ ਮੂਲੀਆਂ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ | ਪੰਜਾਬ ਕੈਰਟ ਰੈੱਡ, ਪੰਜਾਬ ਬਲੈਕ ਬਿਊਟੀ, ਪੀਸੀ-161 ਅਤੇ ਪੀਸੀ-34, ਪੰਜਾਬ ਜਾਮਣੀ, ਪੰਜਾਬ ਰੌਸ਼ਨੀ ਅਤੇ ਪੀਸੀ 161 ਗਾਜਰਾਂ ਦੀਆਂ ਉੱਨਤ ਕਿਸਮਾਂ ਹਨ | ਇਕ ਏਕੜ ਲਈ ਚਾਰ ਕਿਲੋ ਬੀਜ ਚਾਹੀਦਾ ਹੈ | ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ | ਕੋਈ 90 ਦਿਨਾਂ ਪਿੱਛੋਂ ਇਨ੍ਹਾਂ ਦੀ ਪੁਟਾਈ ਕੀਤੀ ਜਾ ਸਕਦੀ ਹੈ | ਐੱਲ-1 ਸ਼ਲਗਮ ਦੀ ਸਿਫਾਰਸ਼ ਕੀਤੀ ਕਿਸਮ ਹੈ | ਇਹ ਕੋਈ 50 ਦਿਨਾਂ ਵਿਚ ਪੁੱਟਣ ਲਈ ਤਿਆਰ ਹੋ ਜਾਂਦੀ ਹੈ ਅਤੇ 100 ਕੁਇੰਟਲ ਤੋਂ ਵੱਧ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ | ਇਸ ਦਾ ਇਕ ਏਕੜ ਲਈ ਦੋ ਕਿਲੋ ਬੀਜ ਚਾਹੀਦਾ ਹੈ | ਮੂਲੀਆਂ ਦੀ ਹੁਣ ਬਿਜਾਈ ਕਰਨ ਲਈ ਪੰਜਾਬ ਸਫੈਦ ਮੂਲੀ-2, ਪੰਜਾਬ ਸਫੈਦ ਜਾਂ ਜਾਪਾਨੀ ਵਾਈਟ ਕਿਸਮਾਂ ਦੀ ਬਿਜਾਈ ਕਰੋ | ਇਕ ਏਕੜ ਲਈ ਚਾਰ ਕਿਲੋ ਬੀਜ ਚਾਹੀਦਾ ਹੈ | ਘਰ ਦੀ ਵਰਤੋ ਲਈ ਇਕ ਕਿਆਰੀ ਪਾਲਕ ਦੀ ਵੀ ਜ਼ਰੂਰ ਬੀਜ ਲੈਣੀ ਚਾਹੀਦੀ ਹੈ | ਪਾਲਕ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ | ਪੰਜਾਬ ਗ੍ਰੀਨ ਸਿਫ਼ਾਰਸ਼ ਕੀਤੀ ਕਿਸਮ ਹੈ | ਇਕ ਏਕੜ ਲਈ ਪੰਜ ਕਿਲੋ ਬੀਜ ਚਾਹੀਦਾ ਹੈ | ਬਿਜਾਈ ਤੋਂ ਇਕ ਮਹੀਨੇ ਪਿੱਛੋਂ ਕਟਾਈ ਕੀਤੀ ਜਾ ਸਕਦੀ ਹੈ | ਬਰੋਕਲੀ ਦੀ ਪਨੀਰੀ ਵੀ ਪੁੱਟ ਕੇ ਹੁਣ ਲਗਾਈ ਜਾ ਸਕਦੀ ਹੈ | ਪੰਜਾਬ ਬਰੋਕਲੀ-1 ਅਤੇ ਪਾਲਮ ਸਮਰਿਥੀ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ | ਇਸ ਨੂੰ  ਸਲਾਦ ਅਤੇ ਸਬਜ਼ੀ ਦੇ ਰੂਪ ਵਿਚ ਵਰਤਿਆ ਜਾਂਦਾ ਹੈ |
ਘਰ ਬਗੀਚੀ ਲਈ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਤੁਸੀਂ ਪੰਜਾਬ ਖੇਤਬਾੜੀ ਯੂਨੀਵਰਸਿਟੀ ਜਾਂ ਬਾਗਬਾਨੀ ਵਿਭਾਗ ਤੋਂ ਪ੍ਰਾਪਤ ਕਰ ਸਕਦੇ ਹੋ | ਇਸ ਕਿੱਟ ਵਿਚ ਸਾਰੀਆਂ ਸਬਜ਼ੀਆਂ ਦੇ ਬੀਜ ਹੁੰਦੇ ਹਨ | ਇਸ ਵਾਰ ਸਬਜ਼ੀਆਂ ਜ਼ਰੂਰ ਬੀਜੋ | ਤਾਜ਼ੀਆਂ ਅਤੇ ਜ਼ਹਿਰ ਰਹਿਤ ਸਬਜ਼ੀਆਂ ਵਿਚ ਹੀ ਪੂਰੇ ਖ਼ੁਰਾਕੀ ਤੱਤ ਹੁੰਦੇ ਹਨ |
-ਮੋਬਾਈਲ : 94170-87328

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰ 'ਤੇ ਖੁੰਬ ਪ੍ਰੋਸੈਸਿੰਗ ਪ੍ਰੋਜੈਕਟ ਸਥਾਪਤ ਕਰਨ ਦੀ ਲੋੜ ਅਗਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ ’ਤੇ ਹਵਾਈ ਹਮਲੇ-28 ਅੱਤਵਾਦੀ ਹਲਾਕ
Ad Position 24