20ਵੀਆਂ ਏਸ਼ਿਆਈ ਖੇਡਾਂ ਜਪਾਨ ਵਿਖੇ 19 ਸਤੰਬਰ ਤੋਂ 4 ਅਕਤੂਬਰ 2026 ਤੱਕ ਕਰਾਈਆਂ ਗਈਆਂ, ਜਿਸ 'ਚ ਭਾਰਤ ਨੇ 21 ਸੋਨ, 27 ਚਾਂਦੀ ਤੇ 37 ਕਾਂਸੀ ਦੇ ਤਗਮੇ ਜਿੱਤ ਕੇ ਹਿੱਸਾ ਲੇਣ ਵਾਲੇ 46 ਦੇਸ਼ਾਂ ਸੂਚੀ 'ਚ ਚੌਥਾ ਸਥਾਨ ਹਾਸਿਲ ਕੀਤਾ ਹੈ |

ਭਾਰਤ ਵਲੋਂ ਜਿੱਤੇ ਇਨ੍ਹਾਂ 85 ਤਗਮਿਆਂ 'ਚ ਪੰਜਾਬ ਦੀ ਜ਼ਰਖੇਜ਼ ਮਿੱਟੀ ਦੇ 20 ਮਾਣਮੱਤੇ ਖਿਡਾਰੀਆਂ ਨੇ ਵਿਅਕਤੀਗਤ ਤੇ ਟੀਮ ਮੁਕਾਬਲਿਆਂ 'ਚ 4 ਸੋਨ, 2 ਚਾਂਦੀ, 7 ਕਾਂਸੀ ਦੇ ਅਤੇ ਕੁੱਲ 13 ਤਗ਼ਮੇ ਜਿੱਤ ਕੇ ਆਪਣੀ ਸ਼ਾਨਦਾਰ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਹੈ | ਪੰਜਾਬੀ ਖਿਡਾਰੀਆਂ ਨੇ ਇਹ ਤਗਮੇ ਹਾਕੀ, ਕ੍ਰਿਕਟ, ਸ਼ੂਟਿੰਗ, ਰੋਇੰਗ ਤੇ ਅਥਲੈਟਿਕਸ ਵਿਚ ਜਿੱਤੇ ਹਨ | ਇਹ 13 ਤਗਮੇ ਪੰਜਾਬ ਦੀ ਖੇਡ ਵਿਰਾਸਤ ਨੂੰ ਅੱਗੇ ਤੋਰਨ ਲਈ ਬੱਚਿਆਂ ਤੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣਨਗੇ | ਭਾਰਤੀ ਪੁਰਸ਼ ਹਾਕੀ ਟੀਮ ਨੇ ਇਨ੍ਹਾਂ ਖੇਡਾਂ ਦੇ ਇਤਿਹਾਸ 'ਚ ਪੰਜਵੀਂ ਵਾਰ ਸੋਨ ਤਗਮਾ ਜਿੱਤਿਆ ਹੈ | ਕਪਤਾਨ ਹਰਮਨਪ੍ਰੀਤ ਸਿੰਘ ਦਾ ਇਹ ਦੂਜਾ ਤੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦਾ ਇਹ ਤੀਜਾ ਸੋਨ ਤਗਮਾ ਹੈ | ਹਰਮਨਪ੍ਰੀਤ ਸਿੰਘ ਇਨ੍ਹਾਂ ਖੇਡਾਂ 'ਚ ਕੁੱਲ 12 ਗੋਲ਼ ਕਰਕੇ ਸਭ ਤੋਂ ਵੱਧ ਗੋਲ਼ ਕਰਨ ਵਾਲ਼ਾ ਖਿਡਾਰੀ ਬਣਿਆ, ਜਿਸ 'ਚ ਉਸ ਦੇ ਫਾਈਨਲ ਮੈਚ 'ਚ ਕੀਤੇ 2 ਗੋਲ਼ ਵੀ ਸ਼ਾਮਿਲ ਹਨ | ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਇਤਿਹਾਸ ਰਚਦਿਆਂ 44 ਸਾਲ ਬਾਅਦ ਇਨ੍ਹਾਂ ਖੇਡਾਂ 'ਚ ਸੋਨ ਤਗਮਾ ਜਿੱਤਿਆ | ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਕਾ ਕੰਡਿਆਲਾ ਦੇ ਰਾਜ ਮਿਸਤਰੀ ਦੀ ਹੋਣਹਾਰ ਧੀ ਬਲਜੀਤ ਕੌਰ ਇਸ ਚੈਂਪੀਅਨ ਟੀਮ ਦੀ ਇਕਲੌਤੀ ਪੰਜਾਬੀ ਖਿਡਾਰਨ ਹੈ, ਜਿਸ ਦੀ ਕਾਮਯਾਬੀ ਪਿੱਛੇ ਕਰੜੇ ਸੰਘਰਸ਼ ਦੀ ਕਹਾਣੀ ਲੁਕੀ ਹੋਈ ਹੈ | ਇਨ੍ਹਾਂ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਭਾਰਤੀ ਹਾਕੀ ਟੀਮਾਂ (ਪੁਰਸ਼ ਤੇ ਮਹਿਲਾ) ਨੇ 2028 ਦੀਆਂ ਲਾਸ ਏਾਜਲਸ ਉਲੰਪਿਕ ਖੇਡਾਂ 'ਚ ਸਿੱਧਾ ਦਾਖਲਾ ਪਾ ਲਿਆ ਹੈ |
ਮੋਗੇ ਦੇ ਖੋਸਾਪਾਂਡੋ ਪਿੰਡ ਦੇ ਜੰਮਪਲ ਤਜਿੰਦਰਪਾਲ ਸਿੰਘ ਤੂਰ ਨੇ 20.64 ਮੀਟਰ ਗੋਲ਼ਾ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ | ਪੰਜਾਬ ਪੁਲਿਸ 'ਚ ਡੀ.ਐਸ.ਪੀ. ਵਜੋਂ ਤਾਇਨਾਤ ਫੌਲਾਦੀ ਜੁੱਸੇ ਦਾ ਮਾਲਕ ਤਜਿੰਦਰਪਾਲ ਲਗਾਤਾਰ 3 ਏਸ਼ਿਆਈ ਖੇਡਾਂ ਵਿਚ ਤਗਮਾ ਜਿੱਤਣ ਵਾਲੇ ਵੱਡੇ ਖਿਡਾਰੀਆਂ ਦੀ ਇਤਿਹਾਸਕ ਸੂਚੀ 'ਚ ਸ਼ਾਮਿਲ ਹੋ ਗਿਆ ਹੈ | ਮਨਪ੍ਰੀਤ ਕੌਰ ਨੇ ਵੀ 17.17 ਮੀਟਰ ਗੋਲ਼ਾ ਸੁੱਟ ਕੇ ਕਾਂਸੀ ਦਾ ਤਗ਼ਮਾ ਫੁੰਡਿਆ | ਉਸਦਾ ਜਨਮ ਨਾਭਾ ਵਿਖੇ ਹੋਇਆ ਤੇ ਛੋਟੀ ਉਮਰੇ ਆਪਣੇ ਪਿਤਾ ਦੇ ਦਿਹਾਂਤ ਪਿੱਛੋਂ ਫ਼ਤਹਿਗੜ੍ਹ ਸਾਹਿਬ ਵਿਖੇ ਉਸਦਾ ਬਚਪਨ ਬੀਤਿਆ |
ਪਟਿਆਲਾ ਦੀ ਪਰੀਨਾਜ਼ ਧਾਲੀਵਾਲ ਨੇ ਨਿਸ਼ਾਨੇਬਾਜ਼ੀ 'ਚ ਦੋ ਤਗਮੇ ਜਿੱਤੇ, ਵਿਅਕਤੀਗਤ ਸਕੀਟ ਮੁਕਾਬਲੇ 'ਚ ਕਾਂਸੀ ਤੇ ਮਿਕਸਡ ਸਕੀਟ ਟੀਮ 'ਚ ਵੀ ਕਾਂਸੀ ਦਾ ਤਗਮਾ | ਹੁਸ਼ਿਆਰਪੁਰ ਦੇ ਕੰਢੀ ਇਲਾਕੇ ਦੇ ਪਿੰਡ ਬਹਿਮਾਵਾ ਦੇ ਨੀਰਜ ਕੁਮਾਰ ਨੇ ਰਾਈਫਲ ਨਿਸ਼ਾਨੇਬਾਜ਼ੀ ਦੇ 50 ਮੀਟਰ ਥ੍ਰੀ ਪੁਜ਼ੀਸ਼ਨ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਿਆ | ਭਵਤੇਗ ਸਿੰਘ ਗਿੱਲ ਨੇ ਨਿਸ਼ਾਨੇਬਾਜ਼ੀ ਦੇ ਸਕੀਟ ਟੀਮ 'ਚ ਕਾਂਸੀ ਦਾ ਤਗਮਾ ਅਤੇ ਮਹਾਨ ਬੈਡਮਿੰਟਨ ਖਿਡਾਰੀ ਪੁਲੇਲਾ ਗੋਪੀਚੰਦ ਦੇ ਸ਼ਗਿਰਦ ਲੁਧਿਆਣਾ ਵਾਸੀ ਧਰੁਵ ਕਪਲਾ ਨੇ ਬੈਡਮਿੰਟਨ ਟੀਮ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਿਆ | ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਨੇ ਫਾਈਨਲ 'ਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ, ਜਿਸ ਵਿਚ ਅੰਮਿ੍ਤਸਰ ਦੇ ਸ਼ਾਨਦਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ 61 ਦੌੜਾਂ ਦੀ ਤੂਫ਼ਾਨੀ ਪਾਰੀ ਤੇ ਅਰਸ਼ਦੀਪ ਸਿੰਘ ਦੀ ਬਾਕਮਾਲ ਖੇਡ ਦਾ ਅਹਿਮ ਯੋਗਦਾਨ ਹੈ | ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਾਣਮੱਤੀ ਪੰਜਾਬਣ ਧੀ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ | ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾਮਾਲੋਕੇ ਦੇ ਨੌਜਵਾਨ ਸਤਨਾਮ ਸਿੰਘ ਨੇ ਰੋਇੰਗ ਦੇ ਡਬਲ ਸਕੱਲਜ਼ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਿਆ | ਉਸਦਾ ਏਸ਼ਿਆਈ ਖੇਡਾਂ 'ਚ ਇਹ ਦੂਜਾ ਤਗਮਾ ਹੈ | ਜਲੰਧਰ ਜ਼ਿਲ੍ਹੇ ਦੇ ਪਤਿਆਲ ਦੇ ਨੌਜਵਾਨ ਗੁਰਿੰਦਰਵੀਰ ਸਿੰਘ ਨੇ ਮਿਕਸਡ 4&100 ਮੀਟਰ ਰਿਲੇਅ ਟੀਮ ਦੌੜ 'ਚ ਕਾਂਸੀ ਦਾ ਤਗਮਾ ਜਿੱਤਿਆ |
-ਹੈੱਡਮਾਸਟਰ, ਸ.ਹਾ. ਸਕੂਲ ਦੋਦੜਾ (ਮਾਨਸਾ) 151502
ਮੋਬਾਈਲ : 98721-77666