ਅਸਲ ਵਿਚ ਤਿਉਹਾਰ ਧਰਮਾਂ, ਜਾਤਾਂ-ਪਾਤਾਂ ਤੇ ਹੋਰ ਸਭ ਸੌੜੀਆਂ ਵਲਗਣਾਂ ਤੋਂ ਪਾਰ ਸਾਂਝੀਵਾਲਤਾ, ਸਦਭਾਵਨਾ ਤੇ ਮੁਹੱਬਤ ਦੇ ਪ੍ਰਤੀਕ ਹੁੰਦੇ ਹਨ | ਸਦੀਆਂ ਤੋਂ ਇਹ ਤਿਉਹਾਰ ਭਾਰਤੀ ਲੋਕਾਂ ਦੇ ਮਨ-ਮਸਤਕ ਵਿਚ ਰੌਸ਼ਨੀਆਂ ਦੇ ਤਿਉਹਾਰ ਵਜੋਂ ਵਸਿਆ ਹੋਇਆ ਹੈ | ਕਦੇ ਸਮਾਂ ਸੀ, ਲੋਕ ਸਰੋਂ ਦੇ ਤੇਲ ਦੇ ਦੀਵੇ ਬਾਲ ਕੇ ਇਸ ਤਿਉਹਾਰ ਨੂੰ ਮਨਾਉਂਦੇ ਸਨ | ਪਰ ਸਮੇਂ ਦੇ ਬਦਲਣ ਨਾਲ ਅੱਜ ਕੱਲ੍ਹ ਰੰਗ ਬਰੰਗੇ ਬਲਬਾਂ ਦੀਆਂ ਲੜੀਆਂ ਸਦਕਾ ਰੌਸ਼ਨੀਆਂ ਦੀ ਚਕਾਚੌਂਧ ਨਾਲ ਪਿੰਡ ਤੇ ਸ਼ਹਿਰ ਜਗਮਗਾ ਉਠਦੇ ਹਨ | ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਸਮਿਆਂ ਦੇ ਬਦਲਣ ਨਾਲ ਦੀਵਾਲੀ ਦੀ ਚਕਾਚੌਂਧ ਵਿਚ ਤਾਂ ਬਹੁਤ ਵਾਧਾ ਹੋਇਆ ਹੈ, ਪਰ ਸਾਂਝ ਤੇ ਮੁਹੱਬਤਾਂ ਦੇ ਦੀਪ ਘੱਟ ਹੀ ਜਗਦੇ ਹਨ

ਦੀਵਾਲੀ, ਹਨ੍ਹੇਰੇ ਉੱਤੇ ਰੌਸ਼ਨੀ ਦੀ ਜਿੱਤ, ਅਗਿਆਨਤਾ ਉੱਤੇ ਗਿਆਨ ਦੀ ਜਿੱਤ, ਬੁਰਾਈ ਉੱਤੇ ਨੇਕੀ ਦੀ ਜਿੱਤ ਅਤੇ ਨਿਰਾਸ਼ਾ ਉੱਤੇ ਆਸ਼ਾ ਦੀ ਜਿੱਤ ਦੇ ਪ੍ਰਤੀਕ ਵਜੋਂ ਲੋਕ ਮਨਾਂ ਵਿਚ ਬਹੁਤ ਡੂੰਘਾ ਵਸਿਆ ਹੋਇਆ ਹੈ | ਸਿੱਖਾਂ ਵਲੋਂ ਇਹ ਤਿਉਹਾਰ 'ਬੰਦੀ ਛੋੜ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਗੁਰੂ ਹਰਿਗੋਬਿੰਦ ਸਾਹਿਬ ਜੀ ਹੋਰ ਹਿੰਦੂ ਰਾਜਿਆਂ ਸਮੇਤ ਰਿਹਾਈ ਉਪਰੰਤ ਜਦੋਂ ਅੰਮਿ੍ਤਸਰ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਤਾਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਲੂਆਂ ਵਲੋਂ ਦੀਪਮਾਲਾ ਕੀਤੀ ਗਈ |
ਦੀਵਾਲੀ ਦੀ ਰਾਤ ਰੌਸ਼ਨੀਆਂ ਦੀ ਜਗਮਗਾਹਟ ਦਾ ਤਾਂ ਕੋਈ ਅੰਤ ਨਹੀਂ ਹੁੰਦਾ, ਤੇ ਇਹ ਵੀ ਲੱਗਣ ਲੱਗ ਜਾਂਦਾ ਹੈ ਕਿ ਕਾਲੀਬੋਲੀ ਰਾਤ ਕੁਝ ਪਲਾਂ ਲਈ ਕਿਤੇ ਅਲੋਪ ਹੋ ਗਈ ਹੋਵੇ | ਜ਼ਮੀਨੀ ਹਕੀਕਤ ਇਹ ਹੈ ਕਿ ਜੇ ਸਮਾਜਿਕ ਵਰਤਾਰੇ ਵੱਲ ਨਜ਼ਰ ਮਾਰੀਏ ਤਾਂ ਇੰਜ ਹੋਇਆ ਪ੍ਰਤੀਤ ਨਹੀਂ ਹੁੰਦਾ | ਬਾਹਰੀ ਰੌਸ਼ਨੀਆਂ ਨਾਲ ਜੇ ਮਨਾਂ ਦੇ ਹਨੇਰਿਆਂ ਨੂੰ ਦੂਰ ਕੀਤਾ ਜਾ ਸਕਦਾ ਹੁੰਦਾ ਤਾਂ ਹੁਣ ਤੱਕ ਸਾਡਾ ਵੀ ਸੰਸਾਰ ਵਿਚ ਕਿਤੇ ਨਾਂਅ ਹੁੰਦਾ | ਸਚਾਈ ਇਹ ਹੈ ਕਿ ਜਿਉਂ ਜਿਉਂ ਰੌਸ਼ਨੀਆਂ ਦੀ ਜਗਮਗਾਹਟ ਵਧੀ ਹੈ ਤਿਉਂ ਤਿਉਂ ਹੀ ਮਨਾਂ ਦੇ ਆਕਾਸ਼ 'ਤੇ ਹਨ੍ਹੇਰਿਆਂ ਦੇ ਕਾਲੇ ਬੱਦਲ ਗੂੜ੍ਹੇ ਹੁੰਦੇ ਗਏ ਹਨ | ਹਰ ਪਾਸੇ ਕੂੜ, ਨਫਰਤ, ਸਵਾਰਥ ਤੇ ਮੈਂ-ਮੇਰੀ ਦਾ ਬੋਲਬਾਲਾ ਪ੍ਰਤੱਖ ਦਿਖਾਈ ਦਿੰਦਾ ਹੈ | ਇਸ ਸੱਭਿਅਕ ਮਨੁੱਖੀ ਸਮਾਜ ਵਿਚ ਮਨੁੱਖ ਦੀ ਜ਼ਿੰਦਗੀ ਭਿਆਨਕ ਦਰਿੰਦਗੀ ਨਾਲ ਭਰੀ ਪਈ ਹੈੇ | ਸੱਭਿਅਤਾ ਦਾ ਨਕਾਬ ਪਾਈ ਅਜੋਕਾ ਮਨੁੱਖ ਏਨਾ ਲਾਲਚੀ, ਸਵਾਰਥੀ ਅਤੇ ਅਣਮਨੁੱਖੀ ਰੁਚੀਆਂ ਵਾਲਾ ਹੋ ਗਿਆ ਹੈ ਕਿ ਉਹ ਸਮਾਜ ਦੀਆਂ ਸਭ ਨੈਤਿਕ ਤੇ ਸਦਾਚਾਰਕ ਕਦਰਾਂ ਕੀਮਤਾਂ ਨੂੰ ਉਲੰਘ ਕੇ ਉਸ ਰਾਹ 'ਤੇ ਤੁਰ ਪਿਆ ਹੈ ਜਿਹੜਾ ਹਨ੍ਹੇਰੀ ਤੇ ਅੰਨ੍ਹੀ ਗੁਫਾ ਵੱਲ ਜਾਂਦਾ ਹੈ | ਅਜੋਕੇ ਜੀਵਨ ਵਰਤਾਰੇ ਵਿਚ ਜਿਸ ਤਰ੍ਹਾਂ ਰਿਸ਼ਤਿਆਂ ਦੀ ਮਿੱਟੀ ਪਲੀਤ ਹੋ ਰਹੀ ਹੈ, ਉਸ ਤੋਂ ਕੋਈ ਵੀ ਸੰਵੇਦਨਸ਼ੀਲ ਮਨੁੱਖ ਸ਼ਰਮਸਾਰ ਹੋਏ ਬਿਨਾਂ ਨਹੀਂ ਰਹਿ ਸਕਦਾ | ਅੱਜ ਵੀ ਔਰਤ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ | ਔਰਤ ਮਰਦ ਬਰਾਬਰੀ ਦੇ ਦਾਅਵੇ ਬਿਲਕੁਲ ਖੋਖਲੇ ਹਨ | ਸਮਾਜਿਕ ਜੀਵਨ ਵਿਚ ਔਰਤ ਨੂੰ ਜਿਹੜਾ ਆਦਰ ਸਤਿਕਾਰ ਮਿਲਣਾ ਚਾਹੀਦਾ ਹੈ, ਉਸ ਤੋਂ ਉਹ ਅਜੇ ਵੀ ਵਿਰਵੀ ਹੈ | ਬਾਲੜੀਆਂ, ਕੁੜੀਆਂ ਤੇ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ |
ਸਮਿਆਂ ਦਾ ਅਜੀਬ ਵਰਤਾਰਾ ਹੈ ਕਿ ਅਸੀਂ ਹੁਣ ਇਨਸਾਨ ਘੱਟ ਸਗੋਂ ਹਿੰਦੂ, ਸਿੱਖ ਤੇ ਮੁਸਲਮਾਨ ਜਾਂ ਹੋਰ ਕਈ ਵਲਗਣਾਂ ਵਿਚ ਕੈਦ ਹੋ ਕੇ ਰਹਿ ਗਏ ਹਾਂ | ਜਿਉਂ ਜਿਉਂ ਮਨੁੱਖ ਅਖਾਉਤੀ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਦਾ ਜਾ ਰਿਹਾ ਹੈ, ਤਿਉਂ ਤਿਉਂ ਇਨਸਾਨੀ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਹੋ ਰਹੀ ਹੈ | ਧਰਮਾਂ ਦੇ ਅਸਲੀ ਅਰਥਾਂ ਦੀ ਥਾਹ ਪਾਉਣ ਦੀ ਗੱਲ ਕੋਈ ਨਹੀਂ ਕਰਦਾ | ਧਨ ਇਕੱਠਾ ਕਰਨ ਦੀਆਂ ਕਰਮ-ਕਾਂਡੀ ਜੁਗਤਾਂ ਅਪਣਾ ਕੇ ਲੋਕਾਂ ਨੂੰ ਔਝੜੇ ਪਾਇਆ ਜਾ ਰਿਹਾ ਹੈ | ਸਮਾਜ ਵਿਚ ਸਹਿਣਸ਼ੀਲਤਾ, ਉਦਾਰਤਾ ਤੇ ਭਾਈਚਾਰਕ ਸੰਵੇਦਨਾ ਕਿਤੇ ਵੀ ਨਜ਼ਰ ਨਹੀਂ ਆਉਂਦੀ |
ਵਿਗਿਆਨ, ਤਕਨਾਲੋਜੀ ਅਤੇ ਬਿਜਲਈ ਸਾਧਨਾਂ ਦੇ ਹੈਰਾਨੀਜਨਕ ਵਰਤਾਰੇ ਨੇ ਵਿਗਿਆਨਕ ਅਤੇ ਤਰਕਸ਼ੀਲ ਸੋਚ ਨੂੰ ਹੋਰ ਪ੍ਰਚੰਡ ਕੀਤਾ ਹੈ | ਪਰ ਸਾਡੇ ਸਮਾਜ ਦਾ ਵੱਡਾ ਹਿੱਸਾ ਅੱਜ ਵੀ ਵਹਿਮਾਂ-ਭਰਮਾਂ ਅਤੇ ਅਗਿਆਨਤਾ ਦੇ ਗੂੜ੍ਹੇ ਹਨੇਰਿਆਂ ਵਿਚ ਜਕੜਿਆ ਹੋਇਆ ਹੈ | ਅਨਪ੍ਹੜ ਲੋਕ ਹੀ ਨਹੀਂ, ਸਗੋਂ ਪੜ੍ਹੇ ਲੋਕ ਵੀ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਇੱਛਾਵਾਂ ਦੀ ਪੂਰਤੀ ਲਈ ਡੇਰਿਆਂ ਉੱਤੇ ਜਾ ਕੇ ਮੱਥੇ ਰਗੜਦੇ ਦੇਖੇ ਜਾ ਸਕਦੇ ਹਨ | ਗਰੀਬੀ ਦੀ ਦਲਦਲ ਵਿਚ ਗਲ-ਗਲ ਤੱਕ ਖੁੱਭੇ ਇਸ ਦੇਸ਼ ਦੇ ਕਰੋੜਾਂ ਲੋਕਾਂ ਲਈ ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ ਦਾ ਕੋਈ ਅਰਥ ਨਹੀਂ ਹੈ | ਉਹ ਹਨ੍ਹੇਰੇ ਵਿਚ ਹੀ ਜੰਮਦੇ ਹਨ ਤੇ ਸਾਰੀ ਉਮਰ ਹਨ੍ਹੇਰਾ ਢੋਂਦੇ ਹੀ ਇਸ ਜਹਾਨ ਤੋਂ ਕੂਚ ਕਰ ਜਾਂਦੇ ਹਨ | ਦੇਸ਼ ਦੇ ਕਰੋੜਾਂ ਘਰਾਂ ਵਿਚ ਤਾਂ ਸ਼ਾਇਦ ਹਰ ਰੋਜ਼ ਇਕ ਨਿੱਕਾ ਜਿਹਾ ਦੀਵਾ ਵੀ ਨਾ ਬਲਦਾ ਹੋਵੇ, ਪਰ ਲੁੱਟ ਦੀ ਕਮਾਈ ਨਾਲ ਉੱਸਰੇ ਵੱਡੇ-ਵੱਡੇ ਮਹਿਲਾਂ ਵਿਚ ਨਿੱਤ ਹੀ ਦੀਵਾਲੀ ਜਿਹੀਆਂ ਰੌਸ਼ਨੀਆਂ ਦੀ ਚਕਾਚੌਂਧ ਦੇਖੀ ਜਾ ਸਕਦੀ ਹੈ |
ਦੀਵਾਲੀ 'ਤੇ ਘਰਾਂ ਵਿਚ ਸਫਾਈ ਕਰਨੀ ਤੇ ਘਰਾਂ ਨੂੰ ਸਜਾਉਣਾ ਸ਼ਿੰਗਾਰਨਾਂ ਸਦੀਆਂ ਤੋਂ ਪ੍ਰਚੱਲਿਤ ਹੈ | ਪਰ ਆਲੇ-ਦੁਆਲੇ ਵੱਲ ਗਹੁ ਨਾਲ ਨਜ਼ਰ ਮਾਰੀਏ ਤਾਂ ਸਮੁੱਚਾ ਭਾਰਤ ਗੰਦਗੀ ਦੇ ਅੰਬਾਰਾਂ ਨਾਲ ਗ੍ਰਸਿਆ ਸੜ੍ਹਾਂਦ ਮਾਰ ਰਿਹਾ ਹੈ | ਕੋਈ ਪਿੰਡ ਸ਼ਹਿਰ ਅਜਿਹਾ ਨਹੀਂ ਜਿੱਥੇ ਪ੍ਰਵੇਸ਼ ਕਰਦਿਆਂ ਕੂੜੇ ਦੇ ਢੇਰ ਤੇ ਨਾਲੀਆਂ ਦੀ ਗੰਦਗੀ ਤੁਹਾਡਾ ਸਵਾਗਤ ਨਾ ਕਰਦੀ ਹੋਵੇ | ਜਦੋਂ ਤੱਕ ਸਾਡੀ ਮਾਨਸਿਕਤਾ ਵਿਚ ਪਸਰੀ ਗੰਦਗੀ ਦੂਰ ਨਹੀਂ ਹੁੰਦੀ ਬਾਹਰੀ ਸਵੱਛਤਾ ਮਹਿਜ਼ ਸੁਪਨਾ ਹੀ ਬਣੀ ਰਹੇਗੀ | ਲੋਕਾਂ ਦੇ ਜੀਵਨ ਵਿਚ ਪਸਰੇ ਗੂੜ੍ਹੇ ਹਨ੍ਹੇਰੇ ਨੂੰ ਦੀਵਾਲੀ ਦੀਆਂ ਰੌਸ਼ਨੀਆਂ ਦੀ ਚਕਚੌਂਧ ਵੀ ਦੂਰ ਨਹੀਂ ਕਰ ਸਕੀ |
ਦੀਵਾਲੀ ਦਾ ਤਿਉਹਾਰ ਤਾਂ ਪਟਾਕਿਆਂ ਦੇ ਕੰਨ-ਪਾੜਵੇਂ ਸ਼ੋਰ ਤੇ ਜ਼ਹਿਰੀਲੇ ਧੂੰਏਾ ਨੇ ਡਰਾਉਣਾ ਬਣਾ ਦਿੱਤਾ ਹੈ | ਬਾਜ਼ਾਰਾਂ ਵਿਚ ਬਾਰੂਦ (ਪਟਾਕਿਆਂ ਦੇ ਰੂਪ ਵਿਚ) ਦੇ ਢੇਰ ਲੱਗੇ ਹੋਏ ਹਨ | ਇਕ ਪਾਸੇ ਸਿਆਣੇ ਲੋਕ ਵਾਤਾਵਰਨ ਨੂੰ ਬਚਾਉਣ ਦਾ ਹੋਕਾ ਦੇ ਰਹੇ ਹਨ, ਤੇ ਦੂਜੇ ਪਾਸੇ ਦੀਵਾਲੀ ਮਨਾਉਂਦਿਆਂ ਲੋਕ ਹਜ਼ਾਰਾਂ ਟਨ ਬਾਰੂਦ ਪਟਾਕਿਆਂ ਦੇ ਰੂਪ ਵਿਚ ਅੱਗ ਲਾ ਕੇ ਆਪਣੇ ਹੱਥੀਂ ਵਾਤਾਵਰਨ ਨੂੰ ਤਬਾਹ ਕਰਕੇ ਆਪਣੀ ਹੀ ਸਿਹਤ ਲਈ ਖਤਰਾ ਪੈਦਾ ਕਰ ਰਹੇ ਹਨ | ਦੀਵਾਲੀ ਦਾ ਸ਼ੋਰ-ਸ਼ਰਾਬੇ ਨਾਲ ਕੋਈ ਵਾਸਤਾ ਨਹੀਂ ਹੈ | ਇਹ ਤਿਉਹਾਰ ਤਾਂ ਆਪਸੀ ਪਿਆਰ, ਸਾਂਝ ਤੇ ਸਦਭਾਵਨਾ ਵਧਾਉਣ ਦਾ ਵਸੀਲਾ ਹੈ | ਮਿਲਾਵਟਖੋਰ ਖਾਣ ਵਾਲੀਆਂ ਵਸਤਾਂ ਵਿਚ ਮਿਲਾਵਟ ਕਰਕੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ |
ਜੇ ਮਨਾਂ ਵਿਚ ਸਾੜਾ ਕੀਨਾ, ਨਫਰਤ, ਹਉਮੈ ਤੇ ਸਵਾਰਥ ਦਾ ਹਨ੍ਹੇਰ ਹੀ ਪਸਰਿਆ ਰਹਿਣਾ ਹੈ, ਫੇਰ ਘਰਾਂ ਦੇ ਬਨੇਰਿਆਂ 'ਤੇ ਜਿੰਨੇ ਮਰਜ਼ੀ ਦੀਵੇ ਤੇ ਬਲਬਾਂ ਦੀਆਂ ਲੜੀਆਂ ਜਗਾਈ ਜਾਈਏ ਸਭ ਵਿਅਰਥ ਹਨ | ਸਮਾਜ ਵਿਚ ਪਾਏ ਜਾ ਰਹੇ ਵਿਤਕਰੇ ਤੇ ਵੰਡੀਆਂ ਨੂੰ ਤਿਆਗ ਕੇ ਸਾਂਝੀਵਾਲਤਾ, ਸਾਰਥਿਕ ਸੋਚਾਂ ਤੇ ਮੁਹੱਬਤ ਦੇ ਦੀਵੇ ਬਾਲ ਕੇ ਮਾਨਵੀ ਸਭਿਆਚਾਰ ਸਿਰਜਣਾ ਹੀ ਦੀਵਾਲੀ ਦੀ ਸਾਰਥਿਕਤਾ ਹੈ |
-ਪਿੰਡ ਖਰਲ ਕਲਾਂ, ਜ਼ਿਲ੍ਹਾ ਜਲੰਧਰ |
ਮੋਬਾਈਲ : 98153-56086