ਬਹੁਧਰਮਾਂ ਵਾਲਾ ਦੇਸ਼ ਹੋਣ ਕਰਕੇ ਭਾਰਤ ਨੂੰ ਤਿਉਹਾਰਾਂ ਦੀ ਧਰਤੀ ਕਿਹਾ ਜਾ ਸਕਦਾ ਹੈ | ਹਰ ਤਿਉਹਾਰ ਆਪਣੇ ਨਾਲ ਕਈ ਕਿਸਮਾਂ ਦੇ ਛੋਟੇ ਵੱਡੇ ਰੋਜ਼ਗਾਰ ਲੈ ਕੇ ਆਉਦਾ ਹੈ ਪਰ ਇਸ ਪੱਖੋੋਂ ਦੀਵਾਲੀ” ਦਾ ਕੋਈ ਸਾਨੀ ਨਹੀਂ |

ਭਾਵੇਂ ਦੀਵਿਆਂ ਦਾ ਤਿਉਹਾਰ ਹੈ ਦੀਵਾਲੀ, ਪਰ ਗੱਲ ਦੀਵਿਆਂ ਤੱਕ ਹੀਂ ਨਹੀਂ ਨਿੱਬੜਦੀ | ਡੂੰਘਾਈ ਤੱਕ ਜਾਈਏ ਤਾਂ ਇਹ ਤਿਉਹਾਰ ਸਾਡੇ ਹਰ ਵਰਗ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਕੁਝ ਨਾ ਕੁਝ ਰੁਜ਼ਗਾਰ ਜ਼ਰੂਰ ਦਿੰਦਾ ਹੈ | ਦੀਵੇ ਬਣਾਉਣ ਵਾਲੇ ਜਾਂ ਮਿੱਟੀ ਦੇ ਭਾਂਡੇ, ਰੰਗ-ਬਰੰਗੇ ਛੋਟੇ-ਛੋਟੇ ਮੰਦਿਰ, ਮੂਰਤੀਆਂ ਬਣਾਉਣ ਵਾਲੇ, ਮੋਮਬੱਤੀਆਂ, ਪਟਾਕੇ ਬਣਾਉਣ ਵਾਲੇ, ਮਿਠਾਈਆਂ ਬਣਾਉਣ ਵਾਲੇ, ਦੁੱਧ ਦੇ ਕਾਰੋਬਾਰ ਵਾਲੇ, ਘਰੇਲੂ ਸਾਮਾਨ ਬਣਾਉਣ ਵਾਲੇ, ਬਿਜਲੀ ਇਲੈਕਟ੍ਰੋਨਿਕ ਦਾ ਸਮਾਨ ਬਣਾਉਣ ਵਾਲੇ, ਲਾਟਰੀਆਂ ਵੇਚਣ ਵਾਲੇ, ਪੂਜਾ ਦਾ ਸਮਾਨ, ਹਾਰਾਂ ਫੁੱਲਾਂ, ਗੁਲਦਸਤਿਆਂ ਦਾ ਸਮਾਨ ਬਣਾਉਣ ਵਾਲੇ, ਬਿਜਲੀ ਦੀਆਂ ਰੋਸ਼ਨੀਆਂ, ਲੜੀਆਂ ਲਾਉਣ ਵਾਲੇ, ਗਿਫਟਾਂ ਵਾਲਾ ਸਮਾਨ ਜਿਸ ਵਿਚ ਫਲ ਫਰੂਟ, ਡਰਾਈ ਫਰੂਟ, ਗਹਿਣੇ ਵੇਚਣ ਵਾਲੇ, ਗਹਿਣੇ ਬਣਾਉਣ ਵਾਲੇ, ਕਲੀ-ਕੂਚੀ ਕਰਨ ਵਾਲੇ, ਸਜਾਵਟ ਦਾ ਸਮਾਨ, ਸਰ੍ਹੋਂ ਦਾ ਤੇਲ ਤੇ ਇਸ ਸਭ ਕਾਸੇ ਨਾਲ ਅੱਗੇ ਤੋਂ ਅੱਗੇ ਸਹਾਇਕ ਧੰਦੇ ਜਿਵੇਂ ਕਿ ਮੋਮਬੱਤੀ ਬਣਾਉਣ ਵਾਲਿਆਂ ਨਾਲ ਮੋਮ ਪੈਦਾ ਕਰਨ ਵਾਲੇ ਤੇ ਤੇਲ ਦੇ ਧੰਦੇ ਨਾਲ ਸਰ੍ਹੋਂ ਦੀ ਫਸਲ ਪੈਦਾ ਕਰਨ ਵਾਲੇ ਤੇ ਦਾਣਿਆਂ ਵਿਚੋਂ ਤੇਲ ਕੱਢਣ ਵਾਲੇ ਤੇ ਅੱਗੇ ਬੋਤਲਾਂ ਬਣਾਉਣ ਵਾਲੇ ਜਿਨ੍ਹਾਂ ਵਿਚ ਇਹ ਤੇਲ ਪੈਂਦਾ ਹੈ ਜਾਣੀਂਕਿ ਦੂਰ ਤੱਕ ਜਾਂਦਾ ਹੈ ਇਸ ਦਾ ਪ੍ਰਭਾਵ ਤੇ ਕਈ ਵਰਗਾਂ ਨੂੰ ਮਿਲਦੀ ਹੈ ਇਸ ਵਿਚੋਂ ਹਿੱਸੇ ਆਉਦੀ ਰੋਜ਼ੀ ਰੋਟੀ | ਸਾਰਾ ਸਾਲ ਇਸ ਤਿਉਹਾਰ ਦੀਆਂ ਤਿਆਰੀਆਂ ਨਿਰੰਤਰ ਚਲਦੀਆਂ ਹਨ | ਦੀਵਾਲੀ ਆਈ, ਲੰਘ ਗਈ ਤੇ ਅਗਲੇ ਦਿਨ ਤੋਂ ਹੀ ਅਗਲੀ ਦੀਵਾਲੀ ਵਾਸਤੇ ਤਿਆਰੀਆਂ ਸ਼ੁਰੂ ਹੁੰਦੀਆਂ | ਬਿਨਾਸ਼ੱਕ ਸਾਡਾ ਹਰ ਧੰਦਾ ਹੀ ਦੀਵਾਲੀ ਨਾਲ ਕਿਧਰੇ ਨਾ ਕਿਧਰੇ ਜੁੜਿਆ ਨਜ਼ਰ ਆਉਂਦਾ ਹੈ | ਵਪਾਰੀ ਵਰਗ ਲਈ ਤਾਂ ਇਹ ਦਿਨ ਨਵੇਂ ਸਾਲ ਵਜੋਂ ਜਾਣਿਆ ਜਾਂਦਾ ਹੈ | ਉਨ੍ਹਾਂ ਦਾ ਸਾਰਾ ਹਿਸਾਬ ਕਿਤਾਬ ਦੀਵਾਲੀ ਵਾਲੇ ਦਿਨ ਆ ਕੇ ਨਿੱਬੜਦਾ ਹੈ ਤੇ ਇਸ ਤੋਂ ਅਗਲਾ ਦਿਨ ਅਗਲੇ ਸਾਲ ਦੀ ਸ਼ੁਰੂਆਤ ਬਣ ਜਾਂਦਾ ਹੈ | ਕਈ ਦਿਨ ਪਹਿਲਾਂ ਤੋਂ ਹੀ ਬਜ਼ਾਰ, ਘਰ, ਮੰਦਿਰ, ਗੁਰੂਘਰ ਫੁੱਲਾਂ ਤੇ ਰੋਸ਼ਨੀਆਂ ਨਾਲ ਸਜਾਏ ਜਾਂਦੇ ਹਨ ਤੇ ਕਈ ਸਮੁੱਚੇ ਤੌਰ 'ਤੇ ਇੰਝ ਲਗਦਾ ਹੈ ਜਿਵੇਂ ਕਿ ਸਾਡੇ ਤਿਉਹਾਰਾਂ ਦੀ ਮੁੱਢਬੰਦੀ ਵਿਚ ਵੱਖ-ਵੱਖ ਕਿੱਤੇਕਾਰਾਂ ਲਈ ਰੋਜ਼ਗਾਰ ਪੈਦਾ ਕਰਨ ਦੀ ਸੋਚ ਵੀ ਸ਼ਾਮਿਲ ਹੋਵੇ | ਇਸ ਲਈ ਦੀਵਾਲੀ ਮੰਨਾਉਣ ਦਾ ਜੋ ਸਮਾਨ ਚੀਨ ਵਰਗੇ ਸਾਡੇ ਗੁਆਂਢੀ ਮੁਲਕਾਂ 'ਚੋਂ ਆ ਕੇ ਭਾਰਤ ਦੀਆਂ ਮੰਡੀਆਂ ਵਿਚ ਧੜਾ-ਧੜ ਵਿਕਦਾ ਹੈ, ਉਹ ਸਾਡੇ ਆਪਣੇ ਲੱਖਾਂ ਕਰੋੜਾਂ ਕਿਰਤੀ ਹੱਥਾਂ ਪ੍ਰਤੀ ਵਿਸ਼ਵਾਸ਼ ਘਾਤ ਹੈ |
-ਐਡਵੋਕੇਟ ਫਿਲੌਰ, ਵਾਸੀ- ਪਿੰਡ ਥੰਮਣਵਾਲ
ਮੋਬਾਈਲ : 98722-56005