31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪਾਲਣ-ਪੋਸ਼ਣ ਅਤੇ ਬੱਚਾ : ਇਕ ਸਾਂਝੀ ਜ਼ਿੰਮੇਵਾਰੀ

ਪਾਲਣ-ਪੋਸ਼ਣ ਅਤੇ ਬੱਚਾ : ਇਕ ਸਾਂਝੀ ਜ਼ਿੰਮੇਵਾਰੀ

Ad Position 21
No active advertisement
ਅਜੀਤ ਡੈਸਕ 01-11-2026

ਬੱਚਾ ਕੁਦਰਤ ਦੀ ਇਕ ਨਾਯਾਬ ਰਹਿਮਤ ਹੈ | ਵਿਆਹ ਤੋਂ ਬਾਅਦ ਬੱਚਾ ਪੈਦਾ ਕਰਨ ਦਾ ਫੈਸਲਾ ਕਰਨਾ ਬਹੁਤ ਹੀ ਮਹੱਤਵਪੂਰਨ ਹੈ | ਇਹ ਅਜਿਹਾ ਫ਼ੈਸਲਾ ਹੈ ਜਿਵੇਂ ਤੁਹਾਡਾ ਦਿਲ ਤੁਹਾਡੇ ਸਰੀਰ ਦੇ ਬਾਹਰ ਘੁੰਮਦਾ, ਫਿਰਦਾ ਨਜ਼ਰ ਆਵੇ | ਜਦੋਂ ਬੱਚਾ ਸੰਸਾਰ ਵਿਚ ਆਉਂਦਾ ਹੈ, ਤਾਂ ਇਕ ਔਰਤ ਮਾਂ ਵਿਚ ਬਦਲ ਜਾਂਦੀ ਹੈ ਅਤੇ ਉਸ ਦਾ ਜੀਵਨ ਸਾਥੀ ਪਿਤਾ ਬਣ ਜਾਂਦਾ ਹੈ |
ਹਰ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ-ਨਾ ਸਿਰਫ ਜਨਮ ਤੋਂ ਬਾਅਦ, ਬਲਕਿ ਜਦੋਂ ਬੱਚਾ ਅਜੇ ਕੁੱਖ ਵਿਚ ਹੀ ਹੁੰਦਾ ਹੈ | ਗਰਭ ਅਵਸਥਾ ਦੌਰਾਨ, ਉਹ ਜੋ ਵੀ ਖਾਂਦੀ ਹੈ, ਪੀਂਦੀ ਹੈ, ਸੋਚਦੀ ਹੈ ਜਾਂ ਸੁਣਦੀ ਹੈ, ਉਹ ਬੱਚੇ ਦੇ ਸਰੀਰ ਅਤੇ ਮਨ ਦੇ ਵਿਕਾਸ ਨੂੰ  ਪ੍ਰਭਾਵਿਤ ਕਰਦਾ ਹੈ | ਇਸ ਲਈ ਪਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਾਂ ਅਤੇ ਬੱਚੇ ਦੋਵਾਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਸਹਾਇਤਾ ਅਤੇ ਸਹੂਲਤਾਂ ਪ੍ਰਦਾਨ ਕਰੇ | ਜੇ ਅਸੀਂ ਕੁਦਰਤ ਦਾ ਨਿਰੀਖਣ ਕਰਦੇ ਹਾਂ, ਤਾਂ ਅਸੀਂ ਪਾਉਂਦੇ ਹਾਂ ਕਿ ਪੰਛੀ ਅਤੇ ਜਾਨਵਰ ਵੀ ਕੁਦਰਤ ਦੇ ਸਦੀਵੀ ਆਦੇਸ਼ ਅਨੁਸਾਰ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਹਨ | ਇਕ ਮਾਂ ਆਪਣੇ ਬੱਚੇ ਦੀ ਚੰਗੀ ਦੇਖਭਾਲ ਕਰਨ ਵਾਲੀ ਅਤੇ ਮਾਰਗਦਰਸ਼ਕ ਤਾਂ ਹੀ ਹੋ ਸਕਦੀ ਹੈ ਜੇਕਰ ਉਸ ਨੂੰ  ਆਪਣੇ ਪਤੀ ਤੋਂ ਲੋੜੀਂਦੀ ਮਾਨਸਿਕ, ਮਨੋਵਿਗਿਆਨਕ ਅਤੇ ਸਰੀਰਕ ਸਹਾਇਤਾ ਮਿਲਦੀ ਹੈ | ਮਾਂ ਦੀ ਭਾਵਨਾਤਮਕ ਅਤੇ ਮਨੋਵਿਗਿਆਨਕ ਤੰਦਰੁਸਤੀ ਗਰਭ ਅਵਸਥਾ ਵਿਚ ਅਨੁਭਵ ਕਰਨ ਅਤੇ ਆਪਣੇ ਬੱਚੇ ਦੀ ਦੇਖਭਾਲ ਕਰਨ ਦੇ ਤਰੀਕੇ ਨੂੰ  ਪ੍ਰਭਾਵਿਤ ਕਰਦੀ ਹੈ |
ਆਪਣੀ ਜ਼ਿੰਦਗੀ ਦਾ ਹਰ ਦਿਨ ਅਸੀਂ ਆਪਣੇ ਬੱਚਿਆਂ ਦੇ ਯਾਦਦਾਸ਼ਤ ਦੇ ਬੈਂਕਾਂ ਵਿਚ ਜਮ੍ਹਾਂ ਕਰਵਾਉਂਦੇ ਹਾਂ | ਇਸ ਲਈ ਮਾਪਿਆਂ ਨੂੰ  ਯਾਦ ਰੱਖਣਾ ਚਾਹੀਦਾ ਹੈ ਕਿ ਬੱਚੇ ਆਪਣੇ ਮਾਪਿਆਂ ਨੂੰ  ਵੇਖ ਕੇ ਅਤੇ ਨਕਲ ਕਰਕੇ ਸਿੱਖਦੇ ਹਨ | ਬੱਚੇ ਦਾ ਜਨਮ ਇਕ ਜੋੜੇ ਦੀ ਜ਼ਿੰਦਗੀ ਵਿਚ ਬਹੁਤ ਵੱਡਾ ਬਦਲਾਅ ਲਿਆਉਂਦਾ ਹੈ | ਬੱਚੇ ਦੇ ਸੰਸਾਰ ਵਿਚ ਆਉਣ ਤੋਂ ਪਹਿਲਾਂ ਦੋਵਾਂ ਭਾਈਵਾਲਾਂ ਨੂੰ  ਆਪਣੀ ਇੱਛਾ ਅਨੁਸਾਰ ਆਪਣਾ ਸਮਾਂ ਬਿਤਾਉਣ ਦੀ ਕਾਫ਼ੀ ਆਜ਼ਾਦੀ ਹੁੰਦੀ ਹੈ, ਪਰੰਤੂ ਬੱਚੇ ਦੀ ਆਮਦ ਨਾਲ ਪਰਿਵਾਰ ਇਕ ਤਿਕੋਣ ਬਣ ਜਾਂਦਾ ਹੈ, ਸਾਰੇ ਤਿੰਨ ਕੋਨੇ ਇਕ-ਦੂਜੇ ਨਾਲ ਜੁੜੇ ਹੋਏ ਬਣ ਜਾਂਦੇ ਹਨ | ਜ਼ਿੰਮੇਵਾਰੀਆਂ ਨੂੰ  ਸਾਂਝਾ ਕਰਨਾ ਇਕ ਜ਼ਰੂਰਤ ਬਣ ਜਾਂਦਾ ਹੈ, ਜਿੱਥੇ ਦੋਵੇਂ ਭਾਈਵਾਲਾਂ ਦਾ ਇਕ-ਦੂਜੇ ਨੂੰ  ਸਹਿਯੋਗ ਦੇਣਾ ਜ਼ਰੂਰੀ ਹੋ ਜਾਂਦਾ ਹੈ |
ਪਾਲਣ-ਪੋਸ਼ਣ ਇਕ ਨਵੀਂ ਯਾਤਰਾ ਬਣ ਜਾਂਦਾ ਹੈ, ਜਿਸ ਵਿਚ ਬੱਚਾ ਹਰ ਪਲ ਉਨ੍ਹਾਂ ਦਾ ਧਿਆਨ ਅਤੇ ਸਨੇਹ ਨੂੰ  ਆਕਰਸ਼ਿਤ ਕਰਦਾ ਹੈ | ਖੁਸ਼ਹਾਲ ਅਤੇ ਸਹਿਯੋਗੀ ਮਾਪੇ ਆਪਣੇ ਬੱਚੇ ਨੂੰ  ਸੁਰੱਖਿਆ ਦੀ ਇਕ ਸ਼ਾਨਦਾਰ ਭਾਵਨਾ ਪ੍ਰਦਾਨ ਕਰਦੇ ਹਨ, ਜਿਵੇਂ ਕਿ ਐੱਲ.ਆਈ.ਸੀ. ਦੇ ਨਿਸ਼ਾਨ ਵਿਚ ਦੀਵਾ, ਜਿਸ ਨੂੰ  ਦੋ ਹੱਥ ਬੁੱਝਣ ਤੋਂ ਬਚਾਉਂਦੇ ਵਿਖਾਏ ਗਏ ਹਨ | ਪਾਲਣ-ਪੋਸ਼ਣ ਇਕ ਸੁੰਦਰ ਯਾਤਰਾ ਹੈ, ਜਿਸ ਦਾ ਕੋਈ ਅੰਤ ਨਹੀਂ ਹੈ | ਇਕ ਮਾਂ ਆਪਣੇ ਬੱਚੇ ਨੂੰ  ਆਪਣਾ ਬਹੁਤ ਕੁਝ ਦਿੰਦੀ ਹੈ ਅਤੇ ਉਹ ਨਿਰੰਤਰ ਮਾਨਸਿਕ, ਮਨੋਵਿਗਿਆਨਕ ਅਤੇ ਸਰੀਰਕ ਸਹਿਯੋਗ ਦੀ ਹੱਕਦਾਰ ਹੈ | ਅਜਿਹੀ ਸਹਾਇਤਾ ਉਸ ਨੂੰ  ਮਾਂ ਬਣਨ ਦੀਆਂ ਚੁਣੌਤੀਆਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਅਤੇ ਜਣੇਪੇ ਤੋਂ ਬਾਅਦ ਦੀ ਉਦਾਸੀ ਸਮੇਤ ਭਾਵਨਾਤਮਕ ਪ੍ਰੇਸ਼ਾਨੀ ਦੇ ਜੋਖਮ ਨੂੰ  ਘਟਾਉਣ ਵਿਚ ਸਹਾਇਤਾ ਕਰ ਸਕਦੀ ਹੈ |
ਮਾਤਾ-ਪਿਤਾ ਦੋਵਾਂ ਨੂੰ  ਆਪਣੀਆਂ ਭਾਵਨਾਵਾਂ ਨੂੰ  ਛੁਪਾ ਕੇ ਰੱਖਣ ਦੀ ਬਜਾਏ ਖੁੱਲ੍ਹ ਕੇ ਪ੍ਰਗਟ ਕਰਨਾ ਚਾਹੀਦਾ ਹੈ | ਮਨੁੱਖ ਸਰੀਰ, ਮਨ ਅਤੇ ਆਤਮਾ ਦਾ ਸੁਮੇਲ ਹੈ ਅਤੇ ਇਕ ਸਿਹਤਮੰਦ ਜੀਵਨ ਲਈ ਤਿੰਨਾਂ ਵਿਚ ਇਕਸੁਰਤਾ ਦੀ ਲੋੜ ਹੁੰਦੀ ਹੈ | ਆਪਣੀਆਂ ਪਰਿਪੱਕ ਭਾਵਨਾਵਾਂ ਦੁਆਰਾ ਮਾਪੇ ਬੱਚੇ ਦੇ ਮਨ ਨੂੰ  ਤਰਕ, ਹਮਦਰਦੀ ਅਤੇ ਬ੍ਰਹਮਤਾ ਦੀ ਭਾਵਨਾ ਨਾਲ ਪਾਲਣ ਪੋਸ਼ਣ ਕਰਨ ਵਿਚ ਸਹਾਇਕ ਹੁੰਦੇ ਹਨ |
ਪਰਮਾਤਮਾ ਬੱਚਿਆਂ ਨੂੰ  ਸਾਡੇ ਦਿਲਾਂ ਨੂੰ  ਵਿਸ਼ਾਲ ਅਤੇ ਸਾਨੂੰ ਵਧੇਰੇ ਨਿਰਸਵਾਰਥ, ਦਿਆਲੂ, ਹਮਦਰਦੀ ਅਤੇ ਪਿਆਰ ਕਰਨ ਵਾਲੇ ਬਣਾਉਣ ਲਈ ਭੇਜਦਾ ਹੈ | ਇਸ ਲਈ ਪਾਲਣ-ਪੋਸ਼ਣ ਨੂੰ  ਇਕ ਮਹਾਨ ਬ੍ਰਹਮ-ਬਰਕਤ ਵਜੋਂ ਦੇਖਿਆ ਜਾ ਸਕਦਾ ਹੈ |
ਦਿਨ ਭਰ ਬੱਚੇ ਦੀ ਦੇਖਭਾਲ ਕਰਨਾ ਇਕ ਥਕਾਵਟ ਵਾਲਾ ਕੰਮ ਹੈ | ਜੇ ਪਤੀ ਰਾਤ ਦੇ ਸਮੇਂ ਬੱਚੇ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਇਹ ਮਾਂ ਨੂੰ  ਸਿਰੇ ਦਾ ਸਮਰਥਨ ਪ੍ਰਦਾਨ ਕਰਦਾ ਹੈ, ਜੋ ਮਾਤਾ-ਪਿਤਾ ਅਤੇ ਬੱਚੇ ਦੇ ਰਿਸ਼ਤੇ ਨੂੰ  ਮਜ਼ਬੂਤ ਕਰ ਕਰਦਾ ਹੈ | ਜ਼ਿੰਮੇਵਾਰੀਆਂ ਨੂੰ  ਸਾਂਝਾ ਕਰਨਾ ਇਕ ਸਿਹਤਮੰਦ ਅਤੇ ਖੁਸ਼ਹਾਲ ਪਰਿਵਾਰਕ ਵਾਤਾਵਰਨ ਸਿਰਜਦਾ ਹੈ |
ਬੱਚੇ ਦੀ ਪਰਵਰਿਸ਼ ਕਰਨਾ ਹਮੇਸ਼ਾ ਇਕ ਨਵਾਂ ਤਜਰਬਾ ਹੁੰਦਾ ਹੈ | ਕਈ ਵਾਰ ਮਾਪੇ ਹਰ ਉਸ ਚੀਜ਼ ਤੋਂ ਜਾਣੂ ਨਹੀਂ ਹੋ ਸਕਦੇ ਜੋ ਬੱਚੇ ਲਈ ਕਰਨ ਦੀ ਜ਼ਰੂਰਤ ਹੁੰਦੀ ਹੈ | ਅਜਿਹੀਆਂ ਸਥਿਤੀਆਂ ਵਿਚ ਦਾਦਾ-ਦਾਦੀ ਦੀ ਅਗਵਾਈ ਅਤੇ ਸਹਾਇਤਾ ਲੈਣਾ ਬਹੁਤ ਮਦਦਗਾਰ ਹੋ ਸਕਦਾ ਹੈ | ਜਦੋਂ ਦਾਦਾ-ਦਾਦੀ ਉਪਲਬਧ ਨਹੀਂ ਹੁੰਦੇ, ਤਾਂ ਮਾਪੇ ਹੋਰ ਤਜਰਬੇਕਾਰ ਮਾਪਿਆਂ ਨਾਲ ਜੁੜੇ ਰਹਿ ਸਕਦੇ ਹਨ, ਜਿਨ੍ਹਾਂ ਨੂੰ  ਬੱਚਿਆਂ ਦੀ ਪਰਵਰਿਸ਼ ਦਾ ਵਿਹਾਰਕ ਗਿਆਨ ਹੋਵੇ |
ਪਾਲਣ-ਪੋਸ਼ਣ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦਾ ਹੈ | ਬੱਚੇ ਨੂੰ  ਦਿੱਤੀ ਜਾਣ ਵਾਲੀ ਆਮ ਦੇਖਭਾਲ ਸਾਂਝੀ ਸਮਝ ਦਾ ਮਾਹੌਲ ਬਣਾਉਂਦੀ ਹੈ, ਜਿੱਥੇ ਸ਼ਬਦ ਕਈ ਵਾਰ ਬੇਲੋੜੇ ਹੋ ਜਾਂਦੇ ਹਨ ਅਤੇ ਪਰਿਵਾਰ ਦੇ ਅੰਦਰ ਸਹਿਯੋਗ ਦੀ ਕੁਦਰਤੀ ਪ੍ਰਣਾਲੀ ਵਿਕਸਿਤ ਹੋ ਜਾਂਦੀ ਹੈ |
ਪਾਲਣ-ਪੋਸ਼ਣ ਲਈ ਪਤੀ ਅਤੇ ਪਤਨੀ ਦੋਵਾਂ ਦੀ ਸ਼ਰਧਾ ਅਤੇ ਸ਼ਮੂਲੀਅਤ ਦੀ ਜ਼ਰੂਰਤ ਹੁੰਦੀ ਹੈ | ਬੱਚੇ ਦੀ ਪਰਵਰਿਸ਼ ਨੂੰ  ਸਿਰਫ ਇਕ ਬੋਝ ਜਾਂ ਜ਼ਿੰਮੇਵਾਰੀ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ, ਬਲਕਿ ਇਕ ਸਾਂਝੀ ਅਤੇ ਬ੍ਰਹਮ ਜ਼ਿੰਮੇਵਾਰੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ | ਜ਼ਿੰਦਗੀ ਹਮੇਸ਼ਾ ਉਤਰਾਅ-ਚੜ੍ਹਾਅ ਨਾਲ ਭਰੀ ਹੁੰਦੀ ਹੈ ਅਤੇ ਜਦੋਂ ਇਕ ਸਾਥੀ ਭਾਵਨਾਤਮਕ ਜਾਂ ਸਰੀਰਕ ਤੌਰ 'ਤੇ ਕਮਜ਼ੌਰ ਹੋ ਜਾਵੇ, ਤਾਂ ਦੂਜੇ ਤੋਂ ਤਾਕਤ ਅਤੇ ਸਾਕਾਰਾਤਮਕਤਾ ਪ੍ਰਦਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ |
ਇਕ ਬੱਚਾ ਉਮੀਦ ਦਾ ਪ੍ਰਤੀਕ ਹੁੰਦਾ ਹੈ ਅਤੇ ਮਾਪਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਉਸ ਉਮੀਦ ਨੂੰ  ਪਾਲਣ ਲਈ ਮਿਲ ਕੇ ਕੰਮ ਕਰਨ | ਚੰਗੇ ਮਾਪੇ ਸਮਝਦੇ ਹਨ ਕਿ ਉਨ੍ਹਾਂ ਦੀ ਚੁੱਪ, ਸ਼ਬਦ, ਸਰੀਰ ਦੀ ਭਾਸ਼ਾ, ਵਿਵਹਾਰ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀਆਂ ਚਰਚਾਵਾਂ ਦੀ ਪ੍ਰਕਿਰਤੀ ਵੀ ਬੱਚੇ ਨੂੰ  ਪ੍ਰਭਾਵਿਤ ਕਰਦੀ ਹੈ | ਇਸ ਲਈ ਘਰ ਸਾਕਾਰਾਤਮਕ ਅਤੇ ਸ਼ਾਂਤੀਪੂਰਨ ਮਾਹੌਲ ਨਾਲ ਭਰਿਆ ਹੋਣਾ ਚਾਹੀਦਾ ਹੈ |
ਲਗਭਗ ਤਿੰਨ ਸਾਲ ਦੀ ਉਮਰ ਬੱਚੇ ਦੇ ਚਾਰਦੀਵਾਰੀ ਵਿਚੋਂ ਬਾਹਰ ਨਿਕਲਣ ਦਾ ਸਮਾਂ ਹੈ | ਇਸ ਉਮਰ ਵਿਚ ਬੱਚਾ ਘਰ ਦੀਆਂ ਕੰਧਾਂ ਤੋਂ ਪਾਰ ਜਾਣਾ ਚਾਹੁੰਦਾ ਹੈ ਅਤੇ ਇਹ ਪਤਾ ਲਗਾਉਣਾ ਸ਼ੁਰੂ ਕਰਦਾ ਹੈ ਕਿ ਘਰ ਦੇ ਦਰਵਾਜ਼ੇ ਤੋਂ ਬਾਹਰ ਕੀ ਹੈ? ਇਸ ਪੜਾਅ 'ਤੇ ਬੱਚੇ ਨੂੰ  ਇਕ ਸੁਰੱਖਿਅਤ ਅਤੇ ਸਹਾਇਕ ਵਾਤਾਵਰਨ ਪ੍ਰਦਾਨ ਕਰਨ ਵਿਚ ਪਾਲਣ ਪੋਸ਼ਣ ਇਕ ਵਾਰ ਫਿਰ ਮਹੱਤਵਪੂਰਨ ਹੋ ਜਾਂਦਾ ਹੈ, ਕਿਉਂ ਜੋ ਬੱਚੇ ਨੂੰ  ਸੁਹਿਰਦ ਸਿਆਣੇ ਲੋਕਾਂ ਦਾ ਸਾਥ ਇਕ ਪੰਜੀਰੀ ਖਾਣ ਵਾਂਗੂ ਲੱਗਦਾ ਹੈ, ਜਿਸ ਨਾਲ ਉਸ ਦਾ ਮਾਨਸਿਕ ਵਿਕਾਸ ਦੂਰ ਦਿ੍ਸ਼ਟੀ ਵੱਲ ਨੂੰ  ਤੁਰ ਪੈਂਦਾ ਹੈ | ਬੱਚੇ ਲਈ ਬਹੁਤ ਜ਼ਿਆਦਾ ਹੁਕਮ ਜਾਂ ਆਲੋਚਨਾ ਦੀ ਬਜਾਏ ਮਾਰਗ ਦਰਸ਼ਨ ਪਾਲਣ ਪੋਸ਼ਣ ਦੀ ਬੁਨਿਆਦ ਹੋਣਾ ਚਾਹੀਦਾ ਹੈ |
ਪਿਤਾ ਦੀ ਕੁਝ ਕਰਨ ਦੀ ਪ੍ਰਵਿਰਤੀ ਪਹਾੜ ਨਾਲੋਂ ਉੱਚੀ ਹੁੰਦੀ ਹੈ ਅਤੇ ਮਾਂ ਦੀ ਕੁਝ ਕਰਨ ਦੀ ਪ੍ਰਵਿਰਤੀ ਸਮੁੰਦਰ ਨਾਲੋਂ ਡੂੰਘੀ ਹੁੰਦੀ ਹੈ |”
ਮਾਪੇ ਆਪਣੇ ਬੱਚਿਆਂ ਲਈ ਰੋਲ ਮਾਡਲ ਹੁੰਦੇ ਹਨ | ਇਸ ਲਈ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੱਚਿਆਂ ਨੂੰ  ਸਿਖਾਉਣ ਕਿ ਕਿਵੇਂ ਉਹ ਆਪਣੀ ਦੇਖਭਾਲ ਕਰਨ, ਦੂਜਿਆਂ ਦੀ ਦੇਖਭਾਲ ਕਰਨ ਅਤੇ ਕਿਵੇਂ ਉਹ ਵਾਤਾਵਰਨ ਦੀ ਦੇਖਭਾਲ ਕਰਨ | ਜਦੋਂ ਮਾਪੇ ਆਪਣੇ ਸ਼ਬਦਾਂ ਅਤੇ ਕੰਮਾਂ ਪ੍ਰਤੀ ਸੱਚੇ ਰਹਿੰਦੇ ਹਨ, ਤਾਂ ਬੱਚਿਆਂ ਵਿਚ ਉਹੀ ਗੁਣ ਵਿਕਸਿਤ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ | ਬੱਚੇ ਸਿਰਫ ਪਾਠਾਂ ਜਾਂ ਹਦਾਇਤਾਂ ਤੋਂ ਨਹੀਂ ਸਿੱਖਦੇ; ਉਹ ਮੁੱਖ ਤੌਰ 'ਤੇ ਆਪਣੇ ਮਾਪਿਆਂ ਦੇ ਵਿਹਾਰਕ ਜੀਵਨ ਨੂੰ  ਵੇਖ ਕੇ ਸਿੱਖਦੇ ਹਨ |
ਇਸ ਤੋਂ ਇਲਾਵਾ ਮਜ਼ਬੂਤ ਪਰਿਵਾਰਕ ਸੰਬੰਧਾਂ ਨੂੰ  ਬਣਾਈ ਰੱਖਣਾ ਵੀ ਬਹੁਤ ਹੀ ਮਹੱਤਵਪੂਰਨ ਹੈ | ਬੱਚਿਆਂ ਨੂੰ  ਆਪਣੇ ਦਾਦਾ-ਦਾਦੀ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕਰਨਾ ਭਾਵਨਾਤਮਕ ਸੁਰੱਖਿਆ ਅਤੇ ਪਰਿਪੱਕਤਾ ਬਣਾਉਣ ਵਿਚ ਸਹਾਇਤਾ ਕਰ ਸਕਦਾ ਹੈ, ਜੋ ਕਿ ਸਭਿਆਚਾਰਕ ਕਦਰਾਂ ਕੀਮਤਾਂ ਅਤੇ ਪਰਿਵਾਰਕ ਪਰੰਪਰਾਵਾਂ ਨੂੰ  ਵੀ ਅੱਗੇ ਵਧਾ ਸਕਦਾ ਹੈ | ਜਿਵੇਂ ਕਿ ਅਲੈਕਸ ਹੇਲੀ ਨੇ ਬਹੁਤ ਹੀ ਸੁੰਦਰ ਸ਼ਬਦਾਂ ਵਿਚ ਬਿਆਨ ਕੀਤਾ ਹੈ, 'ਦਾਦਾ-ਦਾਦੀ ਛੋਟੇ ਬੱਚਿਆਂ ਦੇ ਜੀਵਨ ਵਿਚ ਤਾਰਿਆਂ ਦੀ ਵਰਖਾ ਕਰਦੇ ਹਨ' |
ਮਾਪਿਆਂ ਨੂੰ  ਬੱਚਿਆਂ ਨੂੰ  ਆਲੋਚਨਾਤਮਕ ਅਤੇ ਰਚਨਾਤਮਕ ਤੌਰ 'ਤੇ ਸੋਚਣਾ ਵੀ ਸਿਖਾਉਣਾ ਚਾਹੀਦਾ ਹੈ | ਬੱਚਿਆਂ ਨੂੰ  ਇਹ ਸਿੱਖਣ ਦੀ ਜ਼ਰੂਰਤ ਹੈ ਕਿ ਸਥਿਤੀਆਂ ਦਾ ਮੁਲਾਂਕਣ ਕਿਵੇਂ ਕਰਨਾ ਹੈ, ਮਹੱਤਵਪੂਰਨ ਪਹਿਲੂਆਂ ਦੀ ਪਛਾਣ ਕਿਵੇਂ ਕਰਨੀ ਹੈ ਅਤੇ ਲੋੜੀਂਦੀਆਂ ਗਤੀਵਿਧੀਆਂ ਬਾਰੇ ਫ਼ੈਸਲਾ ਕਿਵੇਂ ਲੈਣਾ ਹੈ | ਉਨ੍ਹਾਂ ਨੂੰ  ਨਵੀਂ ਜਾਣਕਾਰੀ ਦੀ ਤੁਲਨਾ ਪੁਰਾਣੀ ਜਾਣਕਾਰੀ ਨਾਲ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ | ਸਮਾਨਤਾਵਾਂ ਅਤੇ ਅੰਤਰਾਂ ਦੀ ਪਛਾਣ ਕਰਨਾ ਬੱਚਿਆਂ ਨੂੰ  ਆਪਣੇ ਦਿਮਾਗ ਵਿਚ ਜਾਣਕਾਰੀ ਨੂੰ  ਸੰਗਠਿਤ ਕਰਨ ਵਿਚ ਮਦਦ ਕਰਦਾ ਹੈ, ਅੰਤਰੀਵ ਤੌਰ ਤੇ ਉਨ੍ਹਾਂ ਦੀ ਸੋਚਣ, ਸਮਝਣ ਅਤੇ ਯਾਦ ਰੱਖਣ ਦੀ ਯੋਗਤਾ ਨੂੰ  ਮਜ਼ਬੂਤ ਕਰਦਾ ਹੈ |
ਮਾਪਿਆਂ ਨੂੰ  ਬੱਚਿਆਂ ਨੂੰ  ਆਪਣੇ ਤਜਰਬਿਆਂ ਬਾਰੇ ਲਿਖਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ | ਉਨ੍ਹਾਂ ਦੁਆਰਾ ਆਪਣੇ ਵਿਚਾਰਾਂ ਨੂੰ  ਲਿਖਣਾ ਅਤੇ ਸੰਗਠਿਤ ਕਰਨਾ ਖ਼ੁਦ ਨੂੰ  ਸਪੱਸ਼ਟ ਤੌਰ 'ਤੇ ਪ੍ਰਗਟ ਕਰਨ ਵਿਚ ਸਹਾਇਤਾ ਕਰਦਾ ਹੈ | ਇਹ ਉਨ੍ਹਾਂ ਦੀ ਰੋਜ਼ਾਨਾ ਡਾਇਰੀ, ਰਸਾਲੇ ਜਾਂ ਨੋਟਬੁੱਕ ਤਿਆਰ ਕਰਨ ਦੁਆਰਾ ਕੀਤਾ ਜਾ ਸਕਦਾ ਹੈ | ਹੋਰ ਪ੍ਰੋਜੈਕਟਾਂ ਵਿਚ ਰਸਾਲੇ ਪੜ੍ਹਨਾ, ਮਹੱਤਵਪੂਰਨ ਸ਼ਖ਼ਸੀਅਤਾਂ ਬਾਰੇ ਲਿਖਣਾ ਅਤੇ ਅਖਬਾਰਾਂ ਵਿਚ ਆਪਣੇ ਵਿਚਾਰ ਪ੍ਰਗਟ ਕਰਨਾ ਜਾਂ ਚਾਰੇ ਪਾਸੇ ਵਸਦੇ ਸਮਾਜ ਦੀ ਬਿਹਤਰੀ ਲਈ ਸੁਝਾਅ ਦੇਣ ਲਈ ਪੱਤਰ ਲਿਖਣਾ ਸ਼ਾਮਿਲ ਹੋ ਸਕਦਾ ਹੈ |
ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਉਤਸੁਕਤਾ, ਨਿਰੀਖਣ, ਤਰਕ, ਸੰਚਾਰ, ਰਚਨਾਤਮਕਤਾ ਅਤੇ ਸੁਤੰਤਰ ਸੋਚ ਵਿਕਸਿਤ ਕਰਨ ਵਿਚ ਮਦਦ ਕਰਦੀਆਂ ਹਨ | ਹੌਲੀ-ਹੌਲੀ ਉਨ੍ਹਾਂ ਵਿਚ ਗਿਆਨ ਅਤੇ ਬੁੱਧੀ ਦੇ ਦਰਵਾਜ਼ੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹਨ |
ਇਸ ਲਈ ਪਾਲਣ-ਪੋਸ਼ਣ, ਸਿਰਫ ਇਕ ਬੱਚੇ ਦੀ ਸਰੀਰਕ ਪਰਵਰਿਸ਼ ਨਹੀਂ ਹੈ; ਸਗੋਂ ਇਹ ਇਕ ਸੰਪੂਰਨ ਮਨੁੱਖ ਦਾ ਪਾਲਣ ਪੋਸ਼ਣ ਹੈ, ਜਿਸ ਵਿਚ ਸਰੀਰਕ, ਭਾਵਨਾਤਮਕ, ਬੌਧਿਕ, ਸਮਾਜਿਕ ਅਤੇ ਅਧਿਆਤਮਿਕਤਾ ਸ਼ਾਮਿਲ ਹੈ |

-ਮਨੋਵਿਗਿਆਨਕ ਸਲਾਹਕਾਰ 
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ, ਪੰਜਾਬ
ਮੋਬਾਈਲ : 84270-01813

Ad Position 22
No active advertisement
ਪਿਛਲੀ ਖ਼ਬਰ ਅੜੈਂ ਅੜੈਂ ਅਗਲੀ ਖ਼ਬਰ 01-11-2026
Ad Position 24