15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਜ਼ਾਦੀ ਅੰਦੋਲਨ ਵਿਚ ਪੰਜਾਬੀਆਂ ਦਾ ਯੋਗਦਾਨ

ਆਜ਼ਾਦੀ ਅੰਦੋਲਨ ਵਿਚ ਪੰਜਾਬੀਆਂ ਦਾ ਯੋਗਦਾਨ

Ad Position 21
No active advertisement
ਅਜੀਤ ਡੈਸਕ 15-08-2026

1849 ਵਿਚ ਅੰਗਰੇਜ਼ਾਂ ਵਲੋਂ ਖ਼ਾਲਸਾ ਰਾਜ ਨੂੰ ਖ਼ਤਮ ਕਰਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਿਲ ਕਰਨ ਦੇ ਨਾਲ ਹੀ ਪੰਜਾਬ ਵਿਚ ਆਜ਼ਾਦੀ ਲਈ ਵੱਖ-ਵੱਖ ਰੂਪਾਂ ਵਿਚ ਜੱਦੋ-ਜਹਿਦ ਸ਼ੁਰੂ ਹੋ ਗਈ, ਜਿਸ ਦਾ ਵੇਰਵਾ ਇਸ ਲੇਖ ਦੇ ਅਗਲੇ ਭਾਗ ਵਿਚ ਦਿੱਤਾ ਜਾ ਰਿਹਾ ਹੈ।
ਮੋਢੀ ਸ਼ਹੀਦ
ਅੰਗਰੇਜ਼ੀ ਗੁਲਾਮੀ ਦੇ ਵਿਰੋਧ ਵਿਚ ਜੂਝਣ ਵਾਲੇ ਪਹਿਲੇ ਸ਼ਹੀਦ ਨਿਹੰਗ ਗੰਡਾ ਸਿੰਘ ਅਤੇ ਉਸ ਦੇ ਦੋ ਗੁੰਮਨਾਮ ਸਾਥੀ ਸਨ, ਜਿਨ੍ਹਾਂ ਨੇ ਅੰਗਰੇਜ਼ ਹਾਕਮਾਂ ਨਾਲ ਟੱਕਰ ਲੈਣ ਦਾ ਐਲਾਨ ਕਰਕੇ ਜਥੇ ਦੇ  6 ਹੋਰ ਸਾਥੀਆਂ ਨਾਲ 28 ਜਨਵਰੀ, 1846 ਨੂੰ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਬੁੰਗਾ ਰਾਮਗੜ੍ਹੀਆ ਦੇ ਇਕ ਮਿਨਾਰ ਵਿਚ ਡੇਰਾ ਜਾ ਲਾਇਆ। ਸਰਕਾਰ ਪੱਖੀ ਸਿੱਖ ਮੁਖੀਆਂ ਵਲੋਂ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਦੀ ਪ੍ਰੇਰਨਾ ਕੰਮ ਨਾ ਆਈ ਤਾਂ ਕਿਲ੍ਹਾ ਗੋਬਿੰਦਗੜ੍ਹ ਤੋਂ ਅਤੇ ਫਿਰ ਲਾਹੌਰ ਤੋਂ ਭੇਜੀਆਂ ਸੈਨਿਕ ਟੁਕੜੀਆਂ ਨੇ ਮਿਨਾਰ ਦੀ ਘੇਰਾਬੰਦੀ ਕੀਤੀ, ਪਰ ਅਕਾਲੀਆਂ ਵਲੋਂ ਕੀਤੀ  ਗੋਲਾਬਾਰੀ ਵਿਚ ਸੈਨਿਕ ਟੁਕੜੀ ਦਾ ਸੂਬੇਦਾਰ ਮਾਰਿਆ ਗਿਆ ਅਤੇ ਕਈ ਸਿਪਾਹੀ ਜ਼ਖਮੀ ਹੋਏ। ਹੋਰ ਕੋਈ ਵਾਹ ਨਾ ਚੱਲੀ ਤਾਂ ਹਾਕਮਾਂ ਨੇ ਮਿਨਾਰ ਦੀਆਂ ਨੀਹਾਂ ਵਿਚ ਬਾਰੂਦ ਭਰ ਕੇ ਉਸ ਨੂੰ ਉਡਾ ਦੇਣ ਦੀ ਯੋਜਨਾ ਬਣਾਈ। ਇਹ ਸੂਚਨਾ ਗੰਡਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਮਿਲੀ ਤਾਂ ਉਨ੍ਹਾਂ ਆਪਣੀ ਜਾਨ ਨਾਲੋਂ ਆਪਣੀ ਵਿਰਾਸਤ ਨੁੰ ਮੁੱਲਵਾਨ ਸਮਝਦਿਆਂ ਆਤਮ ਸਮਰਪਣ ਕਰ ਦਿੱਤਾ। ਨੌਵਾਂ ਅਕਾਲੀਆਂ ਨੂੰ ਲਾਹੌਰ ਲਿਆ ਕੇ  ਗੰਡਾ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੂੰ ਫਾਂਸੀ ਅਤੇ ਬਾਕੀ ਛੇਆਂ ਨੂੰ ਡੰਡੇ ਬੇੜੀ ਸਹਿਤ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ।  ਫਾਂਸੀ ਦੀ ਸਜ਼ਾ 19 ਅਪ੍ਰੈਲ 1848 ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਮਲ ਵਿਚ ਲਿਆਂਦੀ ਗਈ। ਇਉਂ ਨਿਹੰਗ ਗੰਡਾ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੇ ਮਾਤ-ਭੂਮੀ ਨੂੰ ਵਿਦੇਸ਼ੀ ਗੁਲਾਮੀ ਤੋਂ ਮੁਕਤੀ ਦਿਵਾਉਣ ਲਈ ਜੋ ਪੈੜਾਂ ਪਾਈਆਂ, ਅਗਲੀ ਪੂਰੀ ਸਦੀ ਪੰਜਾਬੀ ਉਨ੍ਹਾਂ ਉੱਤੇ ਬੇਖੌਫ਼ ਹੋ ਕੇ ਤੁਰਦੇ ਰਹੇ।
ਮਾਰਚ 1849 ਵਿਚ ਸਿੱਖ ਫ਼ੌਜ ਨੂੰ ਦੂਜੀ ਵਾਰ ਹਰਾ ਕੇ ਅੰਗਰੇਜ਼ਾਂ ਨੇ ਪੰਜਾਬ ਵਿਚ ਆਪਣੇ ਰਾਜ ਨੂੰ ਚਿਰ-ਸਥਾਈ ਬਣਾਉਣ ਅਤੇ ਬਿਨਾਂ ਕਿਸੇ ਤੌਖਲੇ ਦੇ ਚਲਾਉਣ ਵਾਸਤੇ ਲਾਹੌਰ ਦਰਬਾਰ ਦੀ ਫ਼ੌਜ ਵਿਚ ਸ਼ਾਮਿਲ ਸੈਨਿਕਾਂ ਤੋਂ ਉਨ੍ਹਾਂ ਦੀਆਂ ਕਿਰਪਾਨਾਂ ਲੈ ਕੇ ਤੁਰੰਤ ਸੇਵਾ-ਮੁਕਤ ਕਰ ਦਿੱਤਾ ਅਤੇ ਘਰਾਂ ਵਿਚ ਪਈਆਂ ਤਲਵਾਰਾਂ ਅਤੇ ਹੋਰ ਹਥਿਆਰਾਂ ਨੂੰ ਜ਼ਬਤ ਕਰ ਲਿਆ। ਇਉਂ  ਅੰਗਰੇਜ਼ ਹਾਕਮ ਨਿਸ਼ਚਿੰਤ ਹੋ ਗਏ, ਪਰ ਉਨ੍ਹਾਂ ਦੀ ਇਹ ਬੇਫਿਕਰੀ ਲੰਮਾ ਸਮਾਂ ਨਾ ਚੱਲ ਸਕੀ। ਬਾਬਾ ਰਾਮ ਸਿੰਘ ਨੇ ਧਰਮ ਕਰਮ ਵਿਚ ਪੂਰੇ ਰਹਿਤਵਾਨ ਅਤੇ ਚਰਿੱਤਰਵਾਨ ਸਿੱਖ ਸਮਾਜ ਦੀ ਸਿਰਜਣਾ ਕਰਕੇ ਅੰਗਰੇਜ਼ ਸਰਕਾਰ ਨਾਲ ਆਢਾ ਲੈਣ ਦੀ ਯੋਜਨਾ ਬਣਾ ਕੇ 12 ਅਪ੍ਰੈਲ 1857 ਨੁੰ ਕੂਕਾ ਸੰਪ੍ਰਦਾ ਦੀ ਸਥਾਪਨਾ ਕੀਤੀ। ਉਨ੍ਹਾਂ ਆਪਣੇ ਪੈਰੋਕਾਰਾਂ ਨੂੰ ਮਨੋਰਥ ਪ੍ਰਾਪਤੀ ਦੇ ਯੋਗ ਬਣਾਉਣ ਵਾਸਤੇ ਜਿੱਥੇ ਉਨ੍ਹਾਂ ਨੂੰ ਗੁਰਬਾਣੀ ਨਾਲ ਜੋੜ ਕੇ ਰੂਹਾਨੀ ਪੱਖੋਂ ਮਜ਼ਬੂਤ ਕੀਤਾ, ਉੱਥੇ ਸਰਕਾਰੀ ਸੰਚਾਰ ਸਾਧਨਾਂ, ਅਦਾਲਤਾਂ, ਵਸਤਰਾਂ ਆਦਿ ਦੇ ਤਿਆਗ ਦਾ ਸੁਨੇਹਾ ਦੇ ਕੇ ਉਨ੍ਹਾਂ ਦੀ ਅੰਗਰੇਜ਼ ਵਿਰੋਧੀ ਮਾਨਸਿਕਤਾ ਨੂੰ ਬਲਵਾਨ ਬਣਾਇਆ। ਉਨ੍ਹਾਂ ਦੇ ਕੁਝ ਕਾਹਲੇ ਪੈਰੋਕਾਰਾਂ ਵਲੋਂ ਬਿਨਾਂ ਪੂਰੀ ਤਿਆਰੀ ਕੀਤਿਆਂ ਜੱਦੋ-ਜਹਿਦ ਸ਼ੁਰੂ ਕਰਨ ਨਾਲ ਉਨ੍ਹਾਂ ਦੀ ਵਿਉਂਤਬੰਦੀ ਅਸਫਲ ਹੋ ਗਈ। ਅੰਗਰੇਜ਼ਾਂ ਨੇ ਬੇਸ਼ੱਕ ਜਨਵਰੀ 1872 ਵਿਚ ਬਾਬਾ ਰਾਮ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਬਰਮਾ ਭੇਜ ਦਿੱਤਾ, ਪਰ ਉਨ੍ਹਾਂ ਦੇ ਪੈਰੋਕਾਰ ਸਰਕਾਰ ਲਈ ਨਿਰੰਤਰ ਸਿਰਦਰਦੀ ਬਣੇ ਰਹੇ।  20ਵੀਂ ਸਦੀ ਚੜ੍ਹਦਿਆਂ  ਪੰਜਾਬੀ ਦੇਸ਼ਭਗਤਾਂ ਦਾ ਕੌਮੀ ਪੱਧਰ ਉੱਤੇ ਸਰਗਰਮ ਆਜ਼ਾਦੀ ਸੰਗਰਾਮੀਏ ਸ੍ਰੀ ਬਾਲ ਗੰਗਾਧਰ ਤਿਲਕ ਨਾਲ ਸੰਪਰਕ ਹੋਇਆ, ਜਿਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸ. ਅਜੀਤ ਸਿੰਘ ਵਲੋਂ 1907 ਵਿਚ ਚਲਾਏ ਬਾਰ ਦੇ ਕਿਸਾਨ ਅੰਦੋਲਨ ਨੇ ਪੰਜਾਬੀਆਂ ਨੂੰ ਵੱਡੀ ਪੱਧਰ ਉੱਤੇ ਸਾਮਰਾਜੀ ਸਰਕਾਰ ਵਿਰੋਧੀ ਸਫਾਂ ਵਿਚ ਲਿਆ ਖੜ੍ਹਾ ਕੀਤਾ ਅਤੇ ਦੇਸ਼ ਵਾਸੀਆਂ ਨੂੰ ਸਮੂਹਿਕ ਬਲ ਦੁਆਰਾ ਸਰਕਾਰ ਨੂੰ ਝੁਕਾ ਸਕਣ ਦਾ ਵਿਸ਼ਵਾਸ ਦਿੱਤਾ।
ਤੰਦ ਨਾਲ ਤੰਦ ਜੁੜਦੀ ਗਈ
ਕੇਵਲ ਦੇਸ਼ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਵੀ  ਆਜ਼ਾਦੀ ਸੰਗਰਾਮ ਵਿਚ ਮੋਹਰੀ ਹੋ ਕੇ ਹਿੱਸਾ ਪਾਇਆ। ਪਹਿਲੀ ਸੰਸਾਰ ਜੰਗ ਸਮੇਂ ਗ਼ਦਰ ਲਹਿਰ ਦੇ ਸੱਦੇ ਉੱਤੇ ਅਮਰੀਕਾ, ਕੈਨੇਡਾ ਅਤੇ ਹੋਰ ਪੂਰਬੀ ਟਾਪੂਆਂ ਤੋਂ ਦੇਸ਼ ਪਰਤੇ ਪੰਜਾਬੀਆਂ ਨੇ ਅੰਗਰੇਜ਼ ਸਾਮਰਾਜ ਨਾਲ ਜੋ ਆਢਾ ਲਿਆ ਉਹ ਕਿਸੇ ਤੋਂ ਗੁੱਝਾ ਨਹੀਂ। ਪੰਜਾਬ ਸਰਕਾਰ ਵਲੋਂ ਗ਼ਦਰੀ ਬਗ਼ਾਵਤ ਨਾਲ ਸੰਬੰਧਿਤ ਵਿਭਿੰਨ ਮੁਕੱਦਮਿਆਂ ਵਿਚ 36 ਗ਼ਦਰੀਆਂ ਨੂੰ ਫਾਂਸੀ ਅਤੇ 70 ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਏ ਜਾਣ ਤੋਂ ਗ਼ਦਰੀ ਬਗ਼ਾਵਤ ਦੀ ਵਿਸ਼ਾਲਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਤੋਂ ਕੇਵਲ ਪੰਜ ਸਾਲ ਪਿੱਛੋਂ ਪੰਜਾਬੀਆਂ ਨੇ ਰੋਲਟ ਐਕਟ ਵਿਰੋਧੀ ਅੰਦੋਲਨ ਵਿਚ ਸ਼ਾਮਿਲ ਹੋ ਕੇ ਪੰਜਾਬ ਸਰਕਾਰ ਦੇ ਨੱਕ ਵਿਚ ਦਮ ਕੀਤਾ, ਜਿਸ ਤੋਂ ਬੌਖਲਾਏ ਪੰਜਾਬ ਸਰਕਾਰ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੀ ਮਿਲੀਭੁਗਤ ਨਾਲ ਜਨਰਲ ਡਾਇਰ ਨੇ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ਼ ਵਿਚ ਕਈ ਸੈਂਕੜੇ ਸ਼ਾਂਤਮਈ ਨਿਹੱਥੇ ਵਿਅਕਤੀਆਂ ਨੂੰ ਗੋਲੀਆਂ ਨਾਲ ਭੁੰਨਣ ਦੀ ਕਰੂਰ ਕਾਰਵਾਈ ਕੀਤੀ। ਇਸ ਅਣਮਨੁੱਖੀ ਅਤੇ ਅਸੱਭਿਅਕ ਕਾਰਵਾਈ ਖਿਲਾਫ਼ ਪੰਜਾਬੀਆਂ ਦੇ ਭਾਵੀ ਰੋਸ ਅਤੇ ਰੋਹ ਨੂੰ ਦਬਾਉਣ ਵਾਸਤੇ ਅੰਮ੍ਰਿਤਸਰ ਤੇ ਲਾਹੌਰ ਸਮੇਤ ਪੰਜ ਜ਼ਿਲ੍ਹਿਆਂ ਵਿਚ  ਮਾਰਸ਼ਲ ਲਾਅ ਲਾਇਆ ਗਿਆ ਅਤੇ ਸਰਕਾਰ ਵਿਰੁੱਧ ਬਗ਼ਾਵਤ ਕਰਨ ਜਾਂ ਭੜਕਾਉਣ ਦੇ ਦੋਸ਼ ਵਿਚ 108 ਵਿਅਕਤੀਆਂ ਨੂੰ ਫਾਂਸੀ ਅਤੇ 265 ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ। ਭਾਵੇਂ ਏਨੀਆਂ ਸਖ਼ਤ ਸਜ਼ਾਵਾਂ ਖਿਲਾਫ਼ ਦੇਸ਼ ਭਰ ਵਿਚ ਹੋਏ ਵਿਰੋਧ ਕਾਰਨ ਸਰਕਾਰ ਨੂੰ ਸਜ਼ਾਵਾਂ ਵਿਚ ਸੋਧ ਕਰਨੀ ਪਈ। ਪੰਜਾਬੀਆਂ ਦੇ ਇਸ ਮੌਕੇ ਡੁੱਲ੍ਹੇ ਖੂਨ ਨੇ ਸਮੁੱਚੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ। ਫਿਰ ਭਾਵੇਂ ਮਹਾਤਮਾ ਗਾਂਧੀ ਦੀ 1921 ਵਾਲੀ ਨਾ-ਮਿਲਵਰਤਨ ਲਹਿਰ ਸੀ, ਭਾਵੇਂ 1931 ਦੀ ਸਿਵਲ ਨਾ-ਫੁਰਮਾਨੀ ਲਹਿਰ, ਭਾਵੇਂ 1942 ਦਾ 'ਭਾਰਤ ਛੱਡੋ ਅੰਦੋਲਨ',  ਹਰ ਮੌਕੇ ਪੰਜਾਬੀ ਦੇਸ਼ਵਾਸੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ।
ਪੰਜਾਬੀਆਂ ਨੇ ਕੌਮੀ ਪੱਧਰ ਉੱਤੇ ਕਾਂਗਰਸ ਪਾਰਟੀ ਦੇ ਝੰਡੇ ਹੇਠ ਲੜੀ ਜਾ ਰਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਭੂਮਿਕਾ ਨਿਭਾਉਣ ਦੇ ਨਾਲ-ਨਾਲ ਸੂਬਾਈ ਪੱਧਰ ਉੱਤੇ ਵੀ ਅੰਗਰੇਜ਼ ਸਰਕਾਰ ਨੂੰ ਪੱਬਾਂ ਭਾਰ ਕਰੀ ਰੱਖਿਆ। ਸਿੱਖ ਲੀਗ ਦੀ ਸਰਗਰਮੀ ਭਾਵੇਂ ਥੋੜ੍ਹਚਿਰੀ ਰਹੀ, ਪਰ ਮਾਸਟਰ ਮੋਤਾ ਸਿੰਘ, ਸ. ਸਰਦੂਲ ਸਿੰਘ ਕਵੀਸ਼ਰ ਆਦਿ ਵਰਗੇ  ਸਿਰੜੀ ਦੇਸ਼ ਭਗਤਾਂ ਨੇ ਸਿੱਖ ਲੀਗ ਰਾਹੀਂ ਸੁਤੰਤਰਤਾ ਸੰਗਰਾਮ ਵਿਚ ਪ੍ਰਵੇਸ਼ ਕੀਤਾ। ਅੰਗਰੇਜ਼ੀ ਕਾਨੂੰਨਾਂ ਦਾ ਸਹਾਰਾ ਲੈ ਕੇ ਸਿੱਖ ਧਰਮ ਅਸਥਾਨਾਂ ਉੱਤੇ ਸੱਪ ਕੁੰਡਲੀ ਮਾਰੀ ਬੈਠੇ  ਮਹੰਤ ਅਤੇ ਪੁਜਾਰੀਆਂ ਦੇ ਹੱਥਾਂ ਵਿਚੋਂ ਕੱਢ ਕੇ ਪ੍ਰਬੰਧ ਸਿੱਖ ਜਗਤ ਦੇ ਪ੍ਰਤੀਨਿਧਾਂ ਦੇ ਹੱਥਾਂ ਵਿਚ ਲਿਆਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤਾ ਸੰਘਰਸ਼ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਆਪਣੀ ਮਿਸਾਲ ਆਪ ਹੈ। ਨਨਕਾਣਾ ਸਾਹਿਬ ਦੇ ਸਾਕੇ ਵਿਚ ਲਗਭਗ ਦੋ ਸੌ ਸਿੱਖ ਸ਼ਹੀਦ ਹੋਏ। ਗੁਰੂ ਕਾ ਬਾਗ਼ ਦੇ ਮੋਰਚੇ ਦੌਰਾਨ ਉਹ ਕਿਹੜਾ ਜ਼ੁਲਮ ਸੀ, ਜੋ ਅੰਗਰੇਜ਼ ਸਰਕਾਰ ਨੇ ਸ਼ਾਂਤਮਈ ਅਕਾਲੀ ਸੱਤਿਆਗ੍ਰਹਿਆਂ ਉੱਤੇ ਨਹੀਂ ਢਾਹਿਆ। ਸਿੱਖ ਕੌਮ ਦੇ ਪਿਛਲੇ ਇਤਿਹਾਸ ਨੂੰ ਵਾਚ ਕੇ ਸਿੱਖ ਕੌਮ ਨੂੰ 'ਸੁੱਕਾ ਬਾਰੂਦ' ਕਹਿਣ ਵਾਲੇ ਲੋਕ ਸਰੀਰ ਉਤੇ ਥਾਂ-ਕੁਥਾਂ ਡਾਂਗਾਂ ਦੀ ਸਿੱਧੀ ਵਿੰਙੀ ਮਾਰ ਕਰ ਕੇ ਬੇਸੁੱਧ ਪਏ ਅਕਾਲੀਆਂ ਉੱਤੇ ਘੋੜੇ ਚੜ੍ਹਾਉਣ, ਸ਼ਿਕਾਰੀ ਕੁੱਤੇ ਛੱਡਣ, ਵਾਲਾਂ ਤੋਂ ਫੜ ਕੇ ਘੜੀਸਦਿਆਂ ਪਾਣੀ ਨਾਲ ਭਰੇ ਖਤਾਨਾਂ ਵਿਚ ਸੁੱਟਣ ਦੇ ਹੈਵਾਨੀ ਕਾਰਿਆਂ ਦੇ ਪ੍ਰਤੀਕਰਮ ਵਜੋਂ ਅਕਾਲੀਆਂ ਵਲੋਂ ਉਂਗਲ ਤੱਕ ਨਾ ਉਠਾਉਣ ਨੂੰ ਵੇਖ ਕੇ ਮੂੰਹ ਵਿਚ ਉਂਗਲਾਂ ਪਾਉਣ ਲਈ ਮਜਬੂਰ ਹੋ ਗਏ। ਜੈਤੋ ਦੇ ਮੋਰਚੇ ਵਿਚ ਵੀ ਅਕਾਲੀਆਂ ਨੂੰ ਅਣਮਨੁੱਖੀ ਤਸ਼ੱਦਦ ਸਹਿਣਾ ਪਿਆ, ਇਸ ਮੋਰਚੇ ਦੌਰਾਨ ਨਾਭੇ ਦੀ ਜੇਲ੍ਹ ਵਿਚ ਸਰਕਾਰੀ ਜਬਰ ਸਹਿੰਦਿਆਂ ਜਿੰਨੀਆਂ ਜਾਨਾਂ ਗਈਆਂ, ਉਨ੍ਹਾਂ ਦਾ ਕੋਈ ਪੱਕਾ ਵੇਰਵਾ ਨਹੀਂ ਮਿਲਦਾ।
ਅਸਲ ਵਿਚ ਅਕਾਲੀ ਲਹਿਰ ਦਾ ਇਹ ਲੜਾਕੂ ਲੱਛਣ ਉਨ੍ਹਾਂ ਦੇਸ਼ਭਗਤਾਂ ਦੀ ਦੇਣ ਸੀ, ਜੋ ਗ਼ਦਰ ਪਾਰਟੀ ਵਲੋਂ 1914 ਵਿਚ ਦੇਸ਼ ਦੀ ਆਜ਼ਾਦੀ ਵਾਸਤੇ ਕੀਤੀ ਹਥਿਆਰਬੰਦ ਬਗ਼ਾਵਤ ਦੀ ਅਸਫਲਤਾ ਪਿੱਛੋਂ ਅਕਾਲੀ ਲਹਿਰ ਨੂੰ ਢੁਕਵਾਂ ਮੰਚ ਮੰਨ ਕੇ ਇਸ ਵਿਚ ਸ਼ਾਮਿਲ ਹੋਏ ਸਨ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਰਗਰਮੀ ਘਟੀ ਤਾਂ ਜਿੱਥੇ ਧਰਮ-ਨਿਰਪੱਖਤਾ ਦੇ ਧਾਰਨੀ ਬਾਬਾ ਖੜਕ ਸਿੰਘ, ਗਿਆਨੀ ਗੁਰਮੁਖ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਆਦਿ ਕਾਂਗਰਸ ਨਾਲ ਜੁੜ ਗਏ ਉੱਥੇ ਇਸ ਤੋਂ ਵੀ ਅੱਗੇ ਵਧ ਕੇ ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਦੇਸ਼ਭਗਤਾਂ ਗਿਆਨੀ ਹੀਰਾ ਸਿੰਘ 'ਦਰਦ', ਸੋਹਨ ਸਿੰਘ 'ਜੋਸ਼', ਸਰਦਾਰਾ ਸਿੰਘ 'ਯੂਥਪ' ਆਦਿ ਨੇ ਭਾਈ ਸੰਤੋਖ ਸਿੰਘ ਨਾਲ ਰਲ ਕੇ ਕਿਰਤੀ-ਕਿਸਾਨਾਂ ਨੂੰ ਜਥੇਬੰਦ ਕਰਨ ਦਾ ਨਵਾਂ ਸਿਆਸੀ ਮੰਚ ਬਣਾ ਲਿਆ ਜਿਸ ਦਾ ਪਿੱਛੋਂ ਕਮਿਊਨਿਸਟ ਪਾਰਟੀ ਨਾਲ ਰਲੇਵਾਂ ਹੋਇਆ। 1947 ਵਿਚ ਦੇਸ਼ ਨੂੰ ਆਜ਼ਾਦੀ ਮਿਲਣ ਤੱਕ ਇਸ ਜਥੇਬੰਦੀ ਨੇ ਸਾਮਰਾਜੀ ਅੰਗਰੇਜ਼ ਸਰਕਾਰ ਵਲੋਂ ਉਭਾਰੀ ਧਰਮ-ਆਧਾਰਿਤ ਸਿਆਸਤ ਦਾ ਵਿਰੋਧ ਕਰਦਿਆਂ ਆਰਥਿਕ ਮੁੱਦਿਆਂ ਨੂੰ ਆਧਾਰ ਬਣਾ ਕੇ ਸੰਘਰਸ਼ ਕੀਤਾ। ਸ. ਭਗਤ ਸਿੰਘ ਦੀ ਅਗਵਾਈ ਵਿਚ ਸਰਗਰਮ ਨੌਜਵਾਨ ਭਾਰਤ ਸਭਾ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਕਿਨ ਐਸੋਸੀਏਸ਼ਨ ਵੀ ਇਸੇ ਸੋਚ ਨੂੰ ਪ੍ਰਣਾਈਆਂ ਜਥੇਬੰਦੀਆਂ ਸਨ।
ਬਰਤਾਨਵੀ ਹਿੰਦੁਸਤਾਨ ਸਰਕਾਰ ਦੀ ਸੈਨਾ ਵਿਚ ਸੇਵਾ ਕਰਨ ਵਾਲੇ ਪੰਜਾਬੀ ਸੈਨਿਕਾਂ ਦਾ ਆਜ਼ਾਦੀ ਸੰਗਰਾਮ ਵਿਚ ਯੋਗਦਾਨ ਵੀ ਘੱਟ ਨਹੀਂ। ਦੇਸ਼ ਦੀ ਆਜ਼ਾਦੀ ਲਈ ਲੜੀ ਜਾ ਰਹੀ ਲੜਾਈ ਵਿਚ ਸੈਨਿਕਾਂ ਦੀ ਸ਼ਮੂਲੀਅਤ ਨੂੰ ਲਾਜ਼ਮੀ ਸਮਝਦਿਆਂ ਉਨ੍ਹਾਂ ਦਾ ਸਹਿਯੋਗ ਲੈਣ ਦੇ ਯਤਨ ਦਾ ਆਰੰਭ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਸ. ਅਜੀਤ ਸਿੰਘ ਨੇ ਕੀਤਾ, ਪਰ ਦੇਸ਼ ਤੋਂ ਬਾਹਰ ਚਲੇ ਜਾਣ ਕਾਰਨ ਉਨ੍ਹਾਂ ਦੇ ਯਤਨ ਸਿਰੇ ਨਾ ਲੱਗੇ। ਅਗਲੇ ਦਹਾਕੇ ਦੌਰਾਨ ਗ਼ਦਰ ਪਾਰਟੀ ਨੇ ਅੰਗਰੇਜ਼ਾਂ ਦੇ ਖਿਲਾਫ਼ ਬਗ਼ਾਵਤ ਦੀ ਯੋਜਨਾ ਵਿਚ ਸੈਨਿਕਾਂ ਨਾਲ ਨਾਤਾ ਜੋੜਿਆ। ਗ਼ਦਰੀ ਆਗੂਆਂ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਆਦਿ ਨੇ ਮੇਰਠ, ਆਗਰਾ, ਬਨਾਰਸ, ਫੈਜ਼ਾਬਾਦ, ਅਲਾਹਾਬਾਦ ਆਦਿ ਕਈ ਛਾਉਣੀਆਂ ਵਿਚ ਫ਼ੌਜੀਆਂ ਨਾਲ ਸੰਪਰਕ ਬਣਾਇਆ ਜਿਨ੍ਹਾਂ ਵਿਚੋਂ ਲਾਹੌਰ ਛਾਉਣੀ ਦੇ 23ਵੇਂ ਰਸਾਲੇ ਅਤੇ 26ਵੀਂ ਪੰਜਾਬੀ ਨੇ ਉਨ੍ਹਾਂ ਦਾ ਡਟਵਾਂ ਸਾਥ ਦਿੱਤਾ। ਦੂਜੀ ਸੰਸਾਰ ਜੰਗ ਸਮੇਂ ਕਿਰਤੀ ਆਗੂਆਂ ਦੇ ਸੰਪਰਕ ਵਿਚ ਆਏ 'ਸੈਂਟਰਲ ਇੰਡੀਆ ਹਾਰਸ' ਅਤੇ ਆਰ. ਆਈ. ਏ. ਐੱਸ. ਕੰਪਨੀ ਦੀ ਬਗ਼ਾਵਤ, ਜੋ ਅਜੇ ਅਣਗੌਲੀ ਹੈ, ਸੁਤੰਤਰਤਾ ਸੰਗਰਾਮ ਦਾ ਮਹੱਤਵਪੂਰਨ ਹਿੱਸਾ ਹੈ।  ਸੇਵਾ ਕਰ ਰਹੇ ਫ਼ੌਜੀਆਂ ਦੇ ਨਾਲ ਨਾਲ ਸੇਵਾ-ਮੁਕਤ ਫ਼ੌਜੀ ਵੀ ਆਜ਼ਾਦੀ ਦੇ ਘੋਲ ਵਿਚ ਪਿੱਛੇ ਨਹੀਂ ਰਹੇ। ਬੱਬਰ ਅਕਾਲੀ ਲਹਿਰ ਦੇ ਆਗੂਆਂ ਵਿਚ ਇਹ ਮੋਹਰੀ ਸਨ।  ਅਕਾਲੀ ਲਹਿਰ ਦੌਰਾਨ ਗੁਰੂ ਕਾ ਬਾਗ਼ ਦੇ ਮੋਰਚੇ ਦੌਰਾਨ ਨਿਰੋਲ ਸਾਬਕਾ ਸੈਨਿਕਾਂ ਦੇ ਦੋ ਜਥਿਆਂ ਨੇ ਗ੍ਰਿਫ਼ਤਾਰੀ ਦਿੱਤੀ, ਜੈਤੋ ਦੇ ਮੋਰਚੇ ਵਿਚ ਭਾਗ ਲੈਣ ਵਾਲੇ ਸਾਬਕਾ ਸੈਨਿਕਾਂ ਦੀ ਗਿਣਤੀ ਵੀ ਨਿਗੂਣੀ ਨਹੀਂ ਸੀ।
ਭਾਰਤ ਦੇ ਗਲੋਂ ਸਾਮਰਾਜੀ ਸਰਕਾਰ ਦੀ ਗੁਲਾਮੀ ਦਾ ਜੂਲਾ ਲਾਹੁਣ ਵਾਸਤੇ ਸਿਆਸੀ ਦਾਅ ਪੇਚਾਂ ਦੀ ਸਿਖਲਾਈ ਲੈਣ ਵਾਸਤੇ ਪੰਜਾਬ ਤੋਂ ਛੁੱਟ ਅਮਰੀਕਾ, ਕੈਨੇਡਾ, ਅਰਜਨਟੀਨਾ ਆਦਿ ਤੋਂ ਲਗਭਗ ਇਕ ਸੌ ਪੰਜਾਬੀ, ਆਪਣੇ ਘਰ-ਘਾਟ ਅਤੇ ਜ਼ਮੀਨ ਜਾਇਦਾਦ ਦਾ ਮੋਹ ਤਿਆਗ ਕੇ ਮਾਸਕੋ ਗਏ। ਇਨ੍ਹਾਂ ਤੋਂ ਬਿਨਾਂ ਅੰਗਰੇਜ਼ ਸਰਕਾਰ ਦੀ ਜੇਲ੍ਹ ਵਿਚ ਰੁਲ-ਖੁਲ ਕੇ ਮਰਨ ਦੀ ਥਾਂ ਵਿਦੇਸ਼ ਵਿਚ ਰਹਿ ਕੇ ਸਾਮਰਾਜੀ ਸਰਕਾਰ ਵਿਰੁੱਧ ਲੋਕ ਰਾਇ ਲਾਮਬੰਦ ਕਰਨ ਵਾਲੇ ਲਾਲਾ ਹਰਦਿਆਲ, ਸ. ਅਜੀਤ ਸਿੰਘ ਅਤੇ ਭਾਈ ਭਗਵਾਨ ਸਿੰਘ 'ਪ੍ਰੀਤਮ' ਆਦਿ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਟੋਪੀਆਂ ਅਗਲੀ ਖ਼ਬਰ ਨੌਜਵਾਨਾਂ ਦੇ ਅੰਦੋਲਨ ਨੇ ਜਮਹੂਰੀਅਤ ਨੂੰ ਦਿੱਤੀ ਨਵੀਂ ਦਿਸ਼ਾ
Ad Position 24