22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਏਸ਼ਿਆਈ ਖੇਡਾਂ 2026 ਸ਼ੂਟਿੰਗ ਤੋਂ ਉਮੀਦਾਂ ਤੇ ਸੰਭਾਵਨਾਵਾਂ

ਏਸ਼ਿਆਈ ਖੇਡਾਂ 2026 ਸ਼ੂਟਿੰਗ ਤੋਂ ਉਮੀਦਾਂ ਤੇ ਸੰਭਾਵਨਾਵਾਂ

Ad Position 21
No active advertisement
ਅਜੀਤ ਡੈਸਕ 22-09-2026

ਜਪਾਨ ਦੇ ਆਇਚੀ-ਨਾਗੋਯਾ ਵਿਖੇ 4 ਅਕਤੂਬਰ 2026 ਤੱਕ ਚੱਲ ਰਹੀਆਂ ਏਸ਼ਿਆਈ ਖੇਡਾਂ 'ਚ ਭਾਰਤ ਦੇ 503 ਖਿਡਾਰੀਆਂ ਦਾ ਵੱਡਾ ਦਲ ਹਿੱਸਾ ਲੈ ਰਿਹਾ ਹੈ, ਜਿਸ 'ਚ 269 ਪੁਰਸ਼ ਤੇ 234 ਮਹਿਲਾ ਖਿਡਾਰੀ ਹਨ | ਇਹ ਗਿਣਤੀ ਖੇਡਾਂ ਵਿਚ ਭਾਰਤ ਦੀ ਲਗਾਤਾਰ ਵਧਦੀ ਤਾਕਤ ਤੇ ਉਸ ਵਿਚ ਵੀ ਮਹਿਲਾ ਖਿਡਾਰੀਆਂ ਦੀ ਮਜ਼ਬੂਤ ਭੂਮਿਕਾ ਦੇ ਪ੍ਰਤੀਕ ਵਾਂਗ ਦਿਖਾਈ ਦਿੰਦੀ ਹੈ | ਪਿਛਲੀਆਂ ਏਸ਼ੀਆਈ ਖੇਡਾਂ ਦੇ ਚੌਥੇ ਸਥਾਨ ਵਾਲੇ ਇਤਿਹਾਸਕ ਪ੍ਰਦਰਸ਼ਨ (28 ਸੋਨੇ ਦੇ, 38 ਚਾਂਦੀ ਦੇ, 41 ਕਾਂਸੀ ਦੇ ਕੁੱਲ 107 ਤਗਮੇ) ਨੇ ਇਸ ਵਾਰ ਭਾਰਤੀ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦੀਆਂ ਉਮੀਦਾਂ ਨੂੰ  ਆਕਾਸ਼ੀ ਉਚਾਈ ਤੱਕ ਵਧਾਇਆ ਹੋਇਆ ਹੈ | ਅਥਲੈਟਿਕਸ, ਹਾਕੀ, ਕ੍ਰਿਕਟ, ਕਬੱਡੀ, ਮੁੱਕੇਬਾਜ਼ੀ, ਕੁਸ਼ਤੀ, ਭਾਰ ਚੁੱਕਣ, ਬੈਡਮਿੰਟਨ ਆਦਿ ਕਝ ਖੇਡਾਂ 'ਚ ਭਾਰਤੀ ਖਿਡਾਰੀਆਂ ਤੋਂ ਖੇਡ ਪ੍ਰੇਮੀ ਕਾਫ਼ੀ ਉਮੀਦਾਂ ਲਾਈ ਬੈਠੇ ਹਨ | ਪਰ ਤਗਮਿਆਂ ਦੀ ਗਿਣਤੀ ਤੇ ਪਿਛਲੀ ਕਾਰਗੁਜ਼ਾਰੀ ਦੇ ਆਧਾਰ 'ਤੇ ਅਥਲੈਟਿਕਸ ਤੋਂ ਬਾਅਦ ਭਾਰਤ ਲਈ ਸ਼ੂਟਿੰਗ ਮੁਕਾਬਲੇ ਸਭ ਤੋਂ ਮਹੱਤਵਪੂਰਨ ਖੇਤਰਾਂ 'ਚੋਂ ਇਕ ਹੋਣਗੇ | ਭਾਰਤ ਨੇ ਪਿਛਲੇ ਕੁਝ ਸਾਲਾਂ ਦੌਰਾਨ ਵਿਸ਼ਵ ਪੱਧਰ 'ਤੇ ਇਸ ਖੇਡ ਵਿਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ | ਇਸ ਵਾਰ ਭਾਰਤੀ ਸ਼ੂਟਿੰਗ ਦਲ ਵਿਚ 30 ਖਿਡਾਰੀ (15 ਪੁਰਸ਼, 15 ਮਹਿਲਾ) ਭਾਰਤ ਵਲੋਂ ਦਾਅਵੇਦਾਰੀ ਪੇਸ਼ ਕਰ ਰਹੇ ਹਨ | 
ਇਹ  ਆਰਟੀਕਲ ਲਿਖਣ ਤੱਕ ਏਸ਼ਿਆਈ ਖੇਡਾਂ 'ਚ ਭਾਰਤ ਕੁੱਲ 6 ਜਿੱਤ ਚੁੱਕਾ ਸੀ, ਜਿਨ੍ਹਾਂ 'ਚੋਂ 5 ਤਗਮੇ ਸ਼ੂਟਿੰਗ ਵਿਚ ਫੁੰਡੇ ਗਏ ਹਨ | ਭਾਰਤ ਦੀ ਸ਼ੂਟਿੰਗ ਵਿਚ ਸਫ਼ਲਤਾ ਸਿਰਫ਼ ਰਾਈਫਲ ਤੇ ਪਿਸਟਲ ਤੱਕ ਸੀਮਤ ਨਹੀਂ, ਟਰੈਪ ਤੇ ਸਕੀਟ ਵਰਗੇ ਸ਼ਾਟਗਨ ਈਵੈਂਟਸ ਵਿਚ ਵੀ ਭਾਰਤੀ ਨਿਸ਼ਾਨੇਬਾਜ਼ਾਂ ਨੇ ਹਰ ਪੱਧਰ 'ਤੇ ਆਪਣੀ ਸਮਰੱਥਾ ਦਿਖਾਈ ਹੈ | ਇਸ ਵਾਰ 18 ਰਾਈਫਲ/ਪਿਸਟਲ ਤੇ 12 ਸ਼ਾਟਗਨ ਨਿਸ਼ਾਨੇਬਾਜ਼ ਭਾਰਤੀ ਦਲ ਦਾ ਸ਼ਿੰਗਾਰ ਹਨ |
ਚੀਨ ਦੇ ਹਾਂਗਝੋਉ ਵਿਚ ਹੋਈਆਂ 2022 ਏਸ਼ਿਆਈ ਖੇਡਾਂ ਭਾਰਤੀ ਸ਼ੁਟਿੰਗ ਦਲ ਨੇ ਦਮਦਾਰ ਕਾਰਗੁਜ਼ਾਰੀ ਕਰਦਿਆਂ ਕੁੱਲ 22 ਤਗਮੇ (7 ਸੋਨੇ ਦੇ, 9 ਚਾਂਦੀ ਦੇ ਤੇ 6 ਕਾਂਸੀ ਦੇ) ਜਿੱਤੇ ਸਨ | ਇਹ ਏਸ਼ਿਆਈ ਖੇਡਾਂ ਵਿਚ ਭਾਰਤ ਦਾ ਸ਼ੂਟਿੰਗ 'ਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ | ਭਾਰਤ ਸ਼ੂਟਿੰਗ ਦੀ ਤਗਮਾ ਸੂਚੀ 'ਚ ਮੇਜ਼ਬਾਨ ਚੀਨ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ ਸੀ | ਇਸ ਪ੍ਰਦਰਸ਼ਨ ਨੇ ਭਾਰਤ ਦੀ ਕੁੱਲ ਤਗਮਾ ਮੁਹਿੰਮ 'ਚ ਵੱਡਾ ਯੋਗਦਾਨ ਪਾਇਆ ਸੀ | ਇਸ ਵਾਰ ਵੀ ਸਭ ਤੋਂ ਵੱਡੀ ਚੁਣੌਤੀ ਚੀਨ ਹੀ ਹੋਵੇਗਾ | ਦੱਖਣੀ ਕੋਰੀਆ, ਜਪਾਨ ਤੇ ਕੁਝ ਹੋਰ ਏਸ਼ਿਆਈ ਦੇਸ਼ ਵੀ ਜ਼ਬਰਦਸਤ ਦਾਅਵੇਦਾਰੀ ਪੇਸ਼ ਕਰਨ ਦੀ ਸਮਰੱਥਾ ਰੱਖਦੇ ਹਨ | ਭਾਰਤੀ ਸ਼ੂਟਰਾਂ ਲਈ ਇਹ ਖੇਡਾਂ ਇਕ ਮਹੱਤਵਪੂਰਨ ਇਮਤਿਹਾਨ ਵਾਂਗ ਹਨ | ਇਨ੍ਹਾਂ ਏਸ਼ਿਆਈ ਖੇਡਾਂ ਦੇ ਸ਼ੂਟਿੰਗ ਦਲ ਦੀ ਇਕ ਵੱਡੀ ਖ਼ਾਸੀਅਤ ਤਜਰਬੇਕਾਰ ਤੇ ਨੌਜਵਾਨ ਖਿਡਾਰੀਆਂ ਦੀ ਮਜ਼ਬੂਤ ਮੌਜੂਦਗੀ ਹੈ | ਇਸ ਤਰ੍ਹਾਂ ਭਾਰਤ ਕੋਲ ਤਜਰਬੇ ਤੇ ਨੌਜਵਾਨੀ ਦਾ ਵਧੀਆ ਸੁਮੇਲ ਮÏਜੂਦ ਹੈ | ਇਹ ਖਿਡਾਰੀ ਸਿਰਫ਼ ਤਗਮਿਆਂ ਲਈ ਨਹੀਂ, ਸਗੋਂ 2028 ਉਲੰਪਿਕ ਲਈ ਵੀ ਕੀਮਤੀ ਤਜ਼ਰਬਾ ਹਾਸਿਲ ਕਰਨਗੇ | ਭਾਰਤ 'ਚ ਸ਼ੂਟਿੰਗ ਪ੍ਰਤੀ ਵਧ ਰਹੀ ਦਿਲਚਸਪੀ ਕਾਰਨ ਬਹੁਤ ਵੱਡੀ ਗਿਣਤੀ 'ਚ ਖਿਡਾਰੀਆਂ ਦਾ ਇਸ ਖੇਡ ਨੂੰ  ਪਿਛਲੇ ਕੁਝ ਅਰਸੇ ਦੌਰਾਨ ਅਪਣਾਉਣਾ, ਦਿਨ-ਬ-ਦਿਨ ਸਖ਼ਤ ਹੋ ਰਿਹਾ ਮੁਕਾਬਲਾ, ਬਿਹਤਰ ਟ੍ਰੇਨਿੰਗ, ਵਿਗਿਆਨਕ ਤਿਆਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਦਾ ਤਜਰਬਾ ਇਨ੍ਹਾਂ ਏਸ਼ਿਆਈ ਖੇਡਾਂ ਅਤੇ ਭਵਿੱਖ 'ਚ ਭਾਰਤ ਨੂੰ  ਸ਼ੁਟਿੰਗ ਵਿਚ ਹੋਰ ਵੀ ਮਜ਼ਬੂਤੀ ਪ੍ਰਦਾਨ ਕਰ ਸਕਦਾ ਹੈ | ਜੇ ਭਾਰਤੀ ਸ਼ੂਟਰ ਆਤਮਵਿਸ਼ਵਾਸ, ਅਨੁਸ਼ਾਸਨ, ਮਾਨਸਿਕ ਮਜ਼ਬੂਤੀ ਅਤੇ ਪੂਰੀ ਤਿਆਰੀ ਨਾਲ ਮੈਦਾਨ 'ਚ ਉਤਰਦੇ ਹਨ, ਤਾਂ ਇਹ ਏਸ਼ਿਆਈ ਖੇਡਾਂ ਭਾਰਤ ਦੇ ਖੇਡ ਇਤਿਹਾਸ ਦਾ ਇਕ ਹੋਰ ਸੁਨਹਿਰਾ ਪੰਨਾ ਬਣ ਸਕਦੀਆਂ ਹਨ | ਖੇਡ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਜੇ ਭਾਰਤ ਨੇ ਪਿਛਲੀ ਵਾਰ ਦੇ 107 ਤਗਮਿਆਂ ਨੂੰ   ਪਾਰ ਕਰਨਾ ਹੈ ਤਾਂ ਸ਼ੂਟਿੰਗ 'ਚ ਪਿਛਲੇ ਪ੍ਰਦਰਸ਼ਨ ਨੂੰ  ਬਿਹਤਰ ਜਾਂ ਹਰ ਹਾਲਤ ਵਿਚ ਘੱਟੋ-ਘੱਟ ਦੁਹਰਾਉਣਾ ਤਾਂ ਜ਼ਰੂਰ ਪਵੇਗਾ |
-15 ਅਮਨ ਨਗਰ, ਕਪੂਰਥਲਾ |   
 ਮੋਬਾਈਲ : 95014-84786

Ad Position 22
No active advertisement
ਅਗਲੀ ਖ਼ਬਰ ਹਾਕੀ ਪੰਜਾਬ ਨੂੰ ਏਕਤਾ ਦੀ ਲੋੜ
Ad Position 24