29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਭਾਈ ਮਰਦਾਨਾ ਜੀ ਨੂੰ ਯਾਦ ਕਰਦਿਆਂ...

ਭਾਈ ਮਰਦਾਨਾ ਜੀ ਨੂੰ ਯਾਦ ਕਰਦਿਆਂ...

Ad Position 21
No active advertisement
ਅਜੀਤ ਡੈਸਕ 30-11-2026

ਇਤਿਹਾਸ ਵਿਚ ਜਿੱਥੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂਅ ਬੜੇ ਅਦਬ ਨਾਲ ਲਿਆ ਜਾਂਦਾ ਹੈ, ਉੱਥੇ ਭਾਈ ਮਰਦਾਨਾ ਜੀ ਨੂੰ  ਵੀ ਬੜਾ ਸਤਿਕਾਰ ਦਿੱਤਾ ਜਾਂਦਾ ਹੈ | ਭੁੱਲੀ-ਭਟਕੀ ਲੋਕਾਈ ਦਾ ਮਾਰਗਦਰਸ਼ਨ ਕਰਨ ਹਿੱਤ ਗੁਰੂ ਨਾਨਕ ਦੇਵ ਜੀ ਨੇ ਦੱਖਣੀ ਏਸ਼ੀਆ ਤੋਂ ਲੈ ਕੇ ਮੱਧ ਏਸ਼ੀਆ ਤੱਕ ਕਈ ਸੈਂਕੜੇ-ਹਜ਼ਾਰਾਂ ਮੀਲਾਂ ਦਾ ਸਫ਼ਰ ਕੀਤਾ ਸੀ | ਇਸ ਸਫ਼ਰ ਵਿਚ ਉਨ੍ਹਾਂ ਦਾ ਸਾਥ ਦੇਣ ਵਾਲੇ ਭਾਈ ਮਰਦਾਨਾ, ਜਿਨ੍ਹਾਂ ਦਾ ਪਹਿਲਾ ਨਾਂਅ ਭਾਈ ਦਾਨਾ ਸੀ, ਦਾ ਜਨਮ ਸਾਲ 1459 ਈ. 'ਚ ਪਿੰਡ ਤਲਵੰਡੀ (ਰਾਏ ਭੋਂਇ ਦੀ) ਦੇ ਵਸਨੀਕ ਮੀਰ ਬਾਦਰੇ ਤੇ ਮਾਤਾ ਲੱਖੋ ਦੇ ਘਰ ਹੋਇਆ | ਉਮਰ ਪੱਖੋਂ ਭਾਈ ਮਰਦਾਨਾ ਗੁਰੂੁ ਨਾਨਕ ਪਾਤਿਸ਼ਾਹ ਤੋਂ ਲਗਭਗ ਸਵਾ 10 ਸਾਲ ਵੱਡੇ ਸਨ | ਮਰਾਸੀਆਂ ਦੇ ਘਰ ਦੀ ਪੈਦਾਇਸ਼ ਹੋਣ ਕਰਕੇ ਸੰਗੀਤ ਉਨ੍ਹਾਂ ਦੀ ਵਿਰਾਸਤੀ ਦਾਤ ਸੀ | ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਦੀ ਜੋਟੀ ਛੋਟੀ ਉਮਰੇ ਹੀ ਪੈ ਗਈ ਸੀ, ਜੋ ਗੁਰੂ ਸਾਹਿਬ ਵਲੋਂ ਮਿਲੇ ਰੱਜਵੇਂ ਪਿਆਰ ਤੇ ਸਤਿਕਾਰ ਕਾਰਨ ਆਖ਼ਰੀ ਦਮ ਤੱਕ ਨਿਭਦੀ ਰਹੀ | ਇਹ ਜੋਟੀ ਜਿੱਥੇ ਨਾਨਕੁ ਤਿਨ ਕੈ ਸੰਗਿ ਸਾਥਿ ਵਰਗੀ ਭਰਾਤਰੀ ਭਾਵ ਵਾਲੀ ਤੇ ਨਿਮਾਣਿਆਂ ਨੂੰ  ਮਾਣ ਬਖਸ਼ਣ ਵਾਲੀ ਵਿਚਾਰਧਾਰਾ ਦੀ ਤਰਜ਼ਮਾਨੀ ਕਰਦੀ ਹੈ, ਉੱਥੇ ਸਾਂਝੀਵਾਲਤਾ ਦੇ ਸਿਧਾਂਤ ਨੂੰ  ਵੀ ਪਕਿਆਈ ਬਖ਼ਸ਼ਦੀ ਹੈ | ਭਾਈ ਸਾਹਿਬ ਜਿੱਥੇ ਉੱਚ ਕੋਟੀ ਦੇ ਸੰਗੀਤਕਾਰ ਸਨ, ਉੱਥੇ ਉਹ ਗੁਰੂ ਸਾਹਿਬ ਦੇ ਸੱਚੇੇ ਤੇ ਪੱਕੇ ਮਿੱਤਰ ਵੀ ਸਨ |

ਸੁੱਖ-ਦੁੱਖ ਦੇ ਭਾਈਵਾਲ ਹੋਣ ਦੇ ਨਾਲ-ਨਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਵਲੋਂ ਪ੍ਰਵਾਨਿਤ ਪ੍ਰਚਾਰਕ ਵੀ ਸਨ ਅਤੇ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਤੇ ਪਸਾਰ ਕਰਦੇ ਸਨ | ਭਾਈ ਸਾਹਿਬ ਦੇ ਇਸ ਉਪਰਾਲੇ ਨੇ ਬਹੁਤ ਸਾਰੇ ਜਗਿਆਸੂਆਂ ਨੂੰ  ਸਿੱਖੀ ਦੇ ਲੜ ਲਾਇਆ, ਜਿਨ੍ਹਾਂ ਵਿਚ ਭਾਈ ਨੀਰੂ ਦਾ ਨਾਂਅ ਵਰਨਣਯੋਗ ਹੈ | ਭਾਈ ਮਰਦਾਨੇ ਦਾ ਇਹ ਵੀ ਸੁਭਾਗ ਰਿਹਾ ਹੈ ਕਿ ਉਨ੍ਹਾਂ ਨੂੰ  ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਦਾ ਵਡੇਰਾ ਤੇ ਲੰਮੇਰਾ (ਲਗਭਗ ਛੇ ਦਹਾਕੇ) ਸਾਥ ਪ੍ਰਾਪਤ ਹੋਇਆ | ਇਸ ਸਾਥ ਸਦਕਾ ਹੀ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਉਦਾਸੀਆਂ ਦੇ ਰੂਪ ਵਿਚ ਲੰਮਾ ਸਫ਼ਰ ਤੈਅ ਕੀਤਾ | ਇਸ ਸਫ਼ਰ ਦੌਰਾਨ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਿਰਤੀ ਅਕਾਲ ਪੁਰਖ ਨਾਲ ਜੁੜਦੀ ਤਾਂ ਉਹ ਭਾਈ ਸਾਹਿਬ ਨੂੰ  ਸੰਬੋਧਿਤ ਹੋ ਕੇ ਆਖਦੇ ਕਿ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ ਅਤੇ ਭਾਈ ਸਾਹਿਬ ਗੁਰੂ ਜੀ ਦਾ ਹੁਕਮ ਪਾ ਕੇ ਰਬਾਬ ਦੀਆਂ ਤਾਰਾਂ ਛੇੜ ਦਿੰਦੇ | ਜਿੱਥੇ ਭਾਈ ਮਰਦਾਨਾ ਜੀ ਨੂੰ  ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ  19 ਰਾਗਾਂ ਵਿਚ ਗਾਇਣ ਦਾ ਸ਼ਰਫ਼ ਹਾਸਿਲ ਹੈ, ਉੱਥੇ ਨਾਲ ਹੀ ਉਨ੍ਹਾਂ ਨੂੰ  ਗੁਰੂ ਘਰ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਵੀ ਪ੍ਰਾਪਤ ਹੁੰਦਾ ਹੈ | ਇਹ ਮਾਣ-ਸਤਿਕਾਰ ਭਾਈ ਮਰਦਾਨਾ ਜੀ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਤੱਕ ਬਣਿਆ ਆ ਰਿਹਾ ਹੈ | ਗੁਰੂੁ ਨਾਨਕ ਸਾਹਿਬ ਦੀ ਪੰਜਵੀਂ (ਗੁਰੂ ਅਰਜਨ ਦੇਵ ਜੀ) ਅਤੇ ਛੇਵੀਂ (ਗੁਰੂ ਹਰਿਗੋਬਿੰਦ ਸਾਹਿਬ ਜੀ) ਜੋਤ ਦੇ ਸਮੇਂ ਵੀ ਕੀਰਤਨ ਦੀ ਸੇਵਾ ਨਿਭਾਉਣ ਵਾਲੇ ਭਾਈ ਸੱਤਾ ਤੇ ਭਾਈ ਬਲਵੰਡ ਰਬਾਬੀ ਇਸੇ ਖ਼ਾਨਦਾਨ ਨਾਲ ਸੰਬੰਧਿਤ ਸਨ | ਭਾਈ ਲਾਲ ਜੀ ਤੇ ਭਾਈ ਸ਼ਾਦ ਜੀ ਦਾ ਨਾਮਵਰ ਕੀਰਤਨੀ ਜਥਾ ਵੀ ਇਸ ਹੀ ਘਰਾਣੇ ਨਾਲ ਜੁੜਿਆ ਹੋਇਆ ਹੈ |
ਜਗਤ ਜਲੰਦੇ ਨੂੰ  ਤਾਰਦੇ ਹੋਏ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ (ਆਪਣੀ ਚੌਥੀ ਉਦਾਸੀ ਸਮੇਂ) ਅਫ਼ਗਾਨਿਸਤਾਨ ਦੇ ਨਗਰ ਖ਼ੁਰਮ ਵਿਖੇ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੂੰ  ਅਕਾਲ ਪੁਰਖ ਦਾ ਸਦੀਵੀ ਸੱਦਾ ਆ ਗਿਆ (ਜ਼ਿਕਰਯੋਗ ਹੈ ਕਿ ਕੁਝ ਇਤਿਹਾਸਕਾਰਾਂ ਦੇ ਇਸ ਬਾਰੇ ਵੱਖਰੇ ਵਿਚਾਰ ਹਨ, ਕਿਉਂਕਿ ਕੁਝ ਦਾ ਮੰਨਣਾ ਹੈ ਕਿ ਭਾਈ ਮਰਦਾਨਾ ਨੇ ਆਖਰੀ ਸਾਹ ਬਗ਼ਦਾਦ ਵਿਖੇ ਲਏ ਸਨ, ਜਦਕਿ ਕੁਝ ਕੁ ਕਰਤਾਰਪੁਰ (ਪਾਕਿਸਤਾਨ) ਦਾ ਸਥਾਨ ਦੱਸਦੇ ਹਨ) | ਇਸ ਮੌਕੇ ਉਨ੍ਹਾਂ ਨੇ ਆਪਣੇ ਸੱਚੇ ਸਾਥੀ ਗੁਰੂੁ ਨਾਨਕ ਦੇਵ ਜੀ ਨੂੰ  ਅਲਵਿਦਾ ਆਖਣਾ ਚਾਹਿਆ ਤਾਂ ਗੁਰੂੁ ਸਾਹਿਬ ਨੇ ਅਕਾਲ ਪੁਰਖ ਦੇ ਹੁਕਮ ਨੂੰ  ਪ੍ਰਵਾਨ ਕਰਦਿਆਂ ਭਾਈ ਮਰਦਾਨੇ ਨੂੰ  ਗਲ ਨਾਲ ਲਿਆ ਅਤੇ ਪੁੱਛਿਆ, 'ਮਰਦਾਨਿਆ ਜੇ ਤੇਰਾ ਚਿੱਤ ਹੋਵੇ ਤਾਂ ਤੇਰੀ ਦੇਹੀ ਨੂੰ  ਬ੍ਰਾਹਮਣ ਵਾਂਗੂ ਪਾਣੀ ਵਿਚ ਸੁੱਟ ਦਿਆਂ, ਖੱਤਰੀ ਵਾਂਗ ਸਾੜ ਦਿਆਂ, ਵੈਸ਼ ਵਾਂਗ ਹਵਾ ਵਿਚ ਉਡਾ ਦਿਆਂ ਜਾਂ ਫਿਰ ਮੁਸਲਮਾਨਾਂ ਵਾਂਗ ਧਰਤੀ ਦੇ ਹਵਾਲੇ ਕਰ ਦਿਆਂ?' ਬਾਬੇ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਭਾਈ ਮਰਦਾਨੇ ਨੇ ਕਿਹਾ, 'ਵਾਹ ਬਾਬਾ ਵਾਹ, ਅਜੇ ਵੀ ਸਰੀਰਾਂ ਦੇ ਚੱਕਰਾਂ ਵਿਚ ਹੀ ਪਾਈ ਜਾਨਾ |' ਬਾਬਾ ਫਿਰ ਬੋਲਿਆ, 'ਭਾਈ ਮਰਦਾਨਿਆ ਜੇ ਤੂੰ ਕਹੇ ਤਾਂ ਤੇਰੀ ਸਮਾਧ ਬਣਾ ਦੇਈਏ?' ਉਸ ਵਕਤ ਭਾਈ ਮਰਦਾਨੇ ਨੇ ਬਹੁਤ ਭਾਵਪੂਰਤ ਉੱਤਰ ਦਿੰਦਿਆਂ ਕਿਹਾ, 'ਬਾਬਾ ਬੜੀ ਮੁਸ਼ਕਿਲ ਨਾਲ ਤਾਂ ਸਰੀਰ ਰੂਪੀ ਸਮਾਧ 'ਚੋਂ ਬਾਹਰ ਆਉਣ ਲੱਗਾ ਹਾਂ, ਹੁਣ ਫਿਰ ਪੱਥਰਾਂ ਦੀ ਸਮਾਧ ਵਿਚ ਪਾਉਣਾ ਚਾਹੁੰਨਾ |' ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਚਨ-ਬਿਲਾਸ ਕਰਦਿਆਂ 1534 ਈ. 'ਚ ਭਾਈ ਮਰਦਾਨਾ ਜੀ ਇਸ ਸੰਸਾਰ ਤੋਂ ਰੁਖ਼ਸਤ ਪਾ ਗਏ | ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦੀ ਦੇਹ ਨੂੰ  ਆਪਣੇ ਹੱਥੀਂ ਦਰਿਆ ਖ਼ੁਰਮ ਦੇ ਕਿਨਾਰੇ ਸਪੁਰਦ-ਏ-ਖ਼ਾਕ ਕੀਤਾ, ਜਿੱਥੇ ਅੱਜ ਵੀ ਭਾਈ ਮਰਦਾਨਾ ਜੀ ਦੀ ਵੰਸ਼ ਉਨ੍ਹਾਂ ਦੀ ਯਾਦ ਨੂੰ  ਸੰਭਾਲੀ ਬੈਠੀ ਹੈ | 
#1348/17/1, ਗਲੀ ਨੰ-8, ਰਿਸ਼ੀ ਨਗਰ ਐਕਸਟੈਨਸ਼ਨ, (ਲੁਧਿਆਣਾ) |

ਮੋਬਾਈਲ : 94631-32719

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਗੁਰਬਾਣੀ ਦੀ ਰੌਸ਼ਨੀ 'ਚ ਨਸ਼ਿਆਂ ਵਿਰੁੱਧ ਚੇਤਨਾ
Ad Position 24