29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਗੁਰਬਾਣੀ ਦੀ ਰੌਸ਼ਨੀ 'ਚ ਨਸ਼ਿਆਂ ਵਿਰੁੱਧ ਚੇਤਨਾ

ਗੁਰਬਾਣੀ ਦੀ ਰੌਸ਼ਨੀ 'ਚ ਨਸ਼ਿਆਂ ਵਿਰੁੱਧ ਚੇਤਨਾ

Ad Position 21
No active advertisement
ਅਜੀਤ ਡੈਸਕ 30-11-2026

ਨਸ਼ਾ ਕੇਵਲ ਕਿਸੇ ਵਿਅਕਤੀ ਦੀ ਸਰੀਰਕ ਸਿਹਤ ਨੂੰ  ਹੀ ਤਬਾਹ ਨਹੀਂ ਕਰਦਾ, ਸਗੋਂ ਉਸ ਦੀ ਮਾਨਸਿਕ ਚੇਤਨਾ, ਨੈਤਿਕ ਸੂਝ-ਬੂਝ, ਪਰਿਵਾਰਕ ਸਾਂਝ ਤੇ ਸਮਾਜਿਕ ਹੋਂਦ ਨੂੰ ਵੀ ਖੋਖਲਾ ਕਰ ਦਿੰਦਾ ਹੈ | ਇਹ ਮਨੁੱਖ ਦੀ ਸੋਚਣ, ਸਮਝਣ, ਫ਼ੈਸਲਾ ਲੈਣ ਤੇ ਆਪਣੇ ਜੀਵਨ ਦੀ ਦਿਸ਼ਾ ਤੈਅ ਕਰਨ ਦੀ ਸਮਰੱਥਾ ਨੂੰ  ਖੋਰਦਾ ਹੈ | ਇਤਿਹਾਸ ਗਵਾਹ ਹੈ ਕਿ ਜਿਸ ਕੌਮ ਨੂੰ  ਤਲਵਾਰ ਜਾਂ ਕਿਸੇ ਹੋਰ ਮਾਰੂ ਹਥਿਆਰਾਂ ਨਾਲ ਨਾ ਮਾਰਿਆ ਜਾ ਸਕੇ, ਉਸ ਨੂੰ  ਸ਼ਰਾਬ ਦੇ ਪਿਆਲੇ 'ਚ ਡੋਬ ਕੇ ਤਬਾਹ ਕੀਤਾ ਜਾ ਸਕਦਾ ਹੈ | ਮਿਸਾਲ ਵਜੋਂ ਗੋਰਿਆਂ ਨੇ ਅਮਰੀਕਾ ਦੇ ਮੂਲ ਨਿਵਾਸੀ ਰੈੱਡ ਇੰਡੀਅਨ ਦੀ ਬਹਾਦਰੀ ਤੇ ਗੌਰਵ ਨੂੰ  ਸ਼ਰਾਬ ਦੇ ਜ਼ਹਿਰੀਲੇ ਪਾਣੀ ਰਾਹੀਂ ਖ਼ਤਮ ਕਰ ਕੇ ਉਨ੍ਹਾਂ ਦੇ ਮੁਲਕ 'ਤੇ ਹਮੇਸ਼ਾ ਲਈ ਕਬਜ਼ਾ ਕਰ ਲਿਆ | ਇਸੇ ਤਰ੍ਹਾਂ ਆਸਟੇ੍ਰਲੀਆ ਦੇ ਮੂਲ ਨਿਵਾਸੀ ਐਬੋਰਿਜਨਲ ਦਾ ਵੀ ਨਸ਼ਿਆਂ 'ਚ ਗ਼ਲਤਾਨ ਹੋਣ ਕਾਰਨ ਰੈੱਡ ਇੰਡੀਅਨ ਵਰਗਾ ਹੀ ਹਾਲ ਹੋਇਆ ਹੈ |  

ਪੰਜਾਬ ਵਰਗੀ ਧਰਤੀ ਜਿਸ ਦੀ ਇਤਿਹਾਸਕ ਪਛਾਣ ਗੁਰੂ ਸਾਹਿਬਾਨ ਦੀ ਬਾਣੀ, ਧਰਮ ਦੀ ਚੇਤਨਾ, ਕਿਰਤ ਸੱਭਿਆਚਾਰ, ਸੇਵਾ ਪਰੰਪਰਾ ਤੇ ਸੰਘਰਸ਼ਮਈ ਜੀਵਨ-ਦਿ੍ਸ਼ਟੀ ਨਾਲ ਜੁੜੀ ਹੋਈ ਹੈ, ਉਥੇ ਨਸ਼ਿਆਂ ਦਾ ਵਧਦਾ ਪ੍ਰਭਾਵ ਡਾਢੀ ਚਿੰਤਾ ਦਾ ਵਿਸ਼ਾ ਹੈ | ਜਿਸ ਧਰਤੀ ਨੇ ਮਨੁੱਖ ਨੂੰ ਜਬਰ, ਅਨਿਆਂ ਤੇ ਗ਼ੁਲਾਮੀ ਵਿਰੁੱਧ ਡਟਣ ਦਾ ਹੌਸਲਾ ਦਿੱਤਾ ਹੋਵੇ, ਉਸੇ ਧਰਤੀ ਦੀ ਜਵਾਨੀ ਦਾ ਨਸ਼ਿਆਂ 'ਚ ਫਸਣਾ ਸਾਡੇ ਸਮੂਹਿਕ ਸਮਾਜਿਕ ਵਿਵੇਕ ਲਈ ਗੰਭੀਰ ਸਵਾਲ ਹੈ | ਅਜਿਹੇ ਸਮੇਂ ਗੁਰਮਤਿ ਦੀ ਚੇਤਨਾ ਸਾਨੂੰ ਕੇਵਲ ਧਾਰਮਿਕ ਉਪਦੇਸ਼ ਨਹੀਂ ਦਿੰਦੀ, ਸਗੋਂ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਡੂੰਘਾ ਦਾਰਸ਼ਨਿਕ, ਨੈਤਿਕ ਤੇ ਸਮਾਜਿਕ ਆਧਾਰ ਵੀ ਪ੍ਰਦਾਨ ਕਰਦੀ ਹੈ | ਦਰਅਸਲ ਗੁਰਮਤਿ ਦਾ ਮਾਰਗ ਮਨੁੱਖ ਨੂੰ ਬਾਹਰੀ ਦਿਖਾਵੇ, ਪਦਾਰਥਕ ਲਾਲਸਾਵਾਂ ਤੇ ਇੰਦਰੀਗਤ ਤਿ੍ਸ਼ਨਾਵਾਂ ਦੇ ਅਧੀਨ ਹੋ ਕੇ ਜੀਵਨ ਬਤੀਤ ਕਰਨ ਦੀ ਬਜਾਏ ਆਤਮਿਕ ਸੂਝ, ਸਵੈ-ਅਨੁਸ਼ਾਸਨ ਅਤੇ ਸੱਚੇ ਆਚਰਨ ਦਾ ਮਾਰਗ ਦਿਖਾਉਂਦਾ ਹੈ | ਗੁਰਮਤਿ ਦੀ ਦਿ੍ਸ਼ਟੀ ਵਿਚ ਮਨੁੱਖ ਦੀ ਅਸਲ ਜਿੱਤ ਆਪਣੇ ਮਨ 'ਤੇ ਜਿੱਤ ਪ੍ਰਾਪਤ ਕਰਨ ਵਿਚ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ 'ਚ ਫ਼ਰਮਾਉਂਦੇ ਹਨ:-
ਆਈ ਪੰਥੀ ਸਗਲ ਜਮਾਤੀ  
ਮਨਿ ਜੀਤੈ ਜਗੁ ਜੀਤੁ¨ (ਅੰਗ:6)
ਨਸ਼ੇ ਦੀ ਗ਼ੁਲਾਮੀ ਅਸਲ ਵਿਚ ਮਨੁੱਖ ਦੇ ਮਨ ਦੀ ਹਾਰ ਹੈ | ਜਿਹੜਾ ਮਨੁੱਖ ਆਪਣੀਆਂ ਇੱਛਾਵਾਂ, ਲਾਲਸਾਵਾਂ ਤੇ ਆਦਤਾਂ ਨੂੰ ਆਪਣੇ ਵਿਵੇਕ ਅਧੀਨ ਰੱਖਣ ਦੀ ਸਮਰੱਥਾ ਗੁਆ ਬੈਠਦਾ ਹੈ, ਉਹ ਬਾਹਰੀ ਦੁਨੀਆ ਨੂੰ ਜਿੱਤਣ ਦੀਆਂ ਸਾਰੀਆਂ ਸੰਭਾਵਨਾਵਾਂ ਦੇ ਬਾਵਜੂਦ ਆਪਣੀ ਅੰਦਰੂਨੀ ਹੋਂਦ ਵਿਚ ਹਾਰਿਆ ਹੋਇਆ ਹੁੰਦਾ ਹੈ | ਇਸ ਦੇ ਉਲਟ ਗੁਰਬਾਣੀ ਮਨੁੱਖ ਨੂੰ  ਆਪਣੇ ਅੰਦਰਲੀ ਅਸੀਮ ਸਮਰੱਥਾ ਦਾ ਅਹਿਸਾਸ ਕਰਵਾਉਂਦੀ ਹੈ:- 
ਮਨ ਤੂੰ ਜੋਤਿ ਸਰੂਪੁ ਹੈ 
ਆਪਣਾ ਮੂਲੁ ਪਛਾਣੁ¨ (ਅੰਗ: 440)
ਜਿਹੜਾ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੀ ਜੋਤ ਦਾ ਸਰੂਪ ਸਮਝਦਾ ਹੈ, ਉਹ ਆਪਣੇ ਸਰੀਰ ਤੇ ਚੇਤਨਾ ਨੂੰ ਨਸ਼ਿਆਂ ਵਰਗੀਆਂ ਵਿਨਾਸ਼ਕਾਰੀ ਆਦਤਾਂ ਦੀ ਭੇਟ ਚੜ੍ਹਾਉਣ ਤੋਂ ਪਹਿਲਾਂ ਜ਼ਰੂਰ ਸੋਚੇਗਾ | ਨਸ਼ਾ ਮਨੁੱਖ ਨੂੰ ਉਸ ਦੇ ਮੂਲ ਤੋਂ ਦੂਰ ਲੈ ਜਾਂਦਾ ਹੈ, ਜਦਕਿ ਗੁਰਬਾਣੀ ਉਸ ਨੂੰ ਆਪਣੇ ਅਸਲ ਸਰੂਪ ਦੀ ਪਛਾਣ ਕਰਵਾਉਂਦੀ ਹੈ | ਨਸ਼ੇ ਦਾ ਸਭ ਤੋਂ ਖ਼ਤਰਨਾਕ ਪੱਖ ਇਹ ਹੈ ਕਿ ਇਹ ਮਨੁੱਖ ਦੀ ਆਜ਼ਾਦੀ ਨੂੰ  ਅੰਦਰੋਂ ਖ਼ਤਮ ਕਰਦਾ ਹੈ | ਨਸ਼ਾ ਕਰਨ ਵਾਲੇ ਮਨੁੱਖ ਦੀ ਇੱਛਾ-ਸ਼ਕਤੀ ਕਮਜ਼ੋਰ ਹੋਣ ਕਾਰਨ ਉਸ ਦੀਆਂ ਸਰੀਰਕ, ਮਾਨਸਿਕ ਤੇ ਸਮਾਜਿਕ ਲੋੜਾਂ ਨਸ਼ੇ ਦੀ ਪ੍ਰਾਪਤੀ ਦੇ ਅਧੀਨ ਹੋ ਜਾਂਦੀਆਂ ਹਨ | ਇਹ ਸਥਿਤੀ ਮਨੁੱਖੀ ਆਜ਼ਾਦੀ ਦੇ ਮੂਲ ਸੰਕਲਪ ਦੇ ਉਲਟ ਹੈ | ਨਸ਼ਈ ਮਨੁੱਖ ਦੀ ਦਸ਼ਾ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਦਾ ਫ਼ਰਮਾਨ ਹੈ: 
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ¨ 
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ¨ (ਅੰਗ: 554)
ਗੁਰਮਤਿ ਤਾਂ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਮੁਕਤ ਰਹਿ ਕੇ ਕੇਵਲ ਸਰੀਰਕ ਲੋੜ ਮੁਤਾਬਿਕ ਅੰਨ ਦਾ ਆਹਾਰ ਕਰਨ ਦੀ ਤਾਕੀਦ ਕਰਦੀ ਹੈ | ਇਸੇ ਕਾਰਨ ਅੰਮਿ੍ਤ ਸੰਸਕਾਰ ਵੇਲੇ ਅਭਿਲਾਖੀ ਨੂੰ  ਜਿੱਥੇ ਪੰਜ ਪਿਆਰਿਆਂ ਵਲੋਂ ਚਾਰ ਬੱਜਰ ਕੁਰਹਿਤਾਂ 'ਚੋਂ ਇਕ ਕੁਰਹਿਤ 'ਨਸ਼ਿਆਂ ਦੇ ਸੇਵਨ' ਤੋਂ ਸਾਵਧਾਨ ਕੀਤਾ ਜਾਂਦਾ ਹੈ, ਉੱਥੇ ਇਹ ਵੀ ਦਿ੍ੜ੍ਹ ਕਰਵਾਇਆ ਜਾਂਦਾ ਹੈ ਕਿ ਗੁਰਸਿੱਖ ਪ੍ਰਾਣੀ ਨੇ ਅਮਲ ਸਿਰਫ਼ ਪ੍ਰਸ਼ਾਦੇ ਦਾ ਰੱਖਣਾ ਹੈ ਅਤੇ ਨਾਮ ਦਾ ਨਸ਼ਾ ਕਰਕੇ ਸੱਚੇ ਅਮਲੀ ਬਣਨਾ ਹੈ | ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫ਼ਰਮਾਨ ਹੈ: 
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ¨
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ¨ 
(ਅੰਗ: 399)  
  ਸਿੱਖ ਰਹਿਤਨਾਮੇ, ਜੋ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਸਿੱਖਾਂ ਨੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਲਿਖੇ ਸਨ, ਉਨ੍ਹਾਂ ਵਿਚ ਮਨੁੱਖੀ ਚੇਤਨਾ ਨੂੰ  ਨਸ਼ਟ ਕਰਨ ਵਾਲੇ ਨਸ਼ਿਆਂ ਤੋਂ ਅਨੇਕਾਂ ਵਾਰ ਸੁਚੇਤ ਕੀਤਾ ਗਿਆ ਹੈ | ਭਾਈ ਦੇਸਾ ਸਿੰਘ ਰਹਿਤਨਾਮਿਆਂ ਵਿਚ ਲਿਖਦੇ ਹਨ: 
ਕੁਠਾ ਹੁਕਾ ਚਰਸ ਤਮਾਖੂ | 
ਗਾਂਜਾ ਟੋਪੀ ਤਾੜੀ ਖਾਕੂ |
ਇਨ ਕੀ ਓਰ ਨ ਕਬਹੂੰ ਦੇਖੈ |
 ਰਹਿਤ ਵੰਤ ਸੁ ਸਿੰਘ ਵਸੇਖੈ |
'ਤਵਾਰੀਖ ਗੁਰੂ ਖ਼ਾਲਸਾ' ਵਿਚ ਇਤਿਹਾਸਕ ਪ੍ਰਸੰਗ ਆਉਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਸਮੇਤ ਘੋੜ ਸਵਾਰ ਹੋ ਕੇ ਜਾ ਰਹੇ ਸਨ | ਅਚਾਨਕ ਗੁਰੂ ਸਾਹਿਬ ਦਾ ਘੋੜਾ ਇਕ ਖੇਤ ਵਿਚੋਂ ਲੰਘਣ ਤੋਂ ਪਹਿਲਾਂ ਰੁਕ ਗਿਆ | ਗੁਰੂ ਸਾਹਿਬ ਨੇ ਘੋੜੇ ਨੂੰ  ਅੱਡੀ ਵੀ ਲਾਈ ਤੇ ਚਾਬੁਕ ਵੀ ਮਾਰਿਆ, ਪਰ ਘੋੜਾ ਅੱਗੇ ਨਾ ਤੁਰਿਆ | ਗੁਰੂ ਸਾਹਿਬ ਨੇ ਸਿੱਖਾਂ ਨੂੰ  ਹੁਕਮ ਕੀਤਾ ਕਿ ਵੇਖੋ ਅਗਲੇ ਖੇਤ ਵਿਚ ਕੀ ਬੀਜਿਆ ਹੈ? ਸਿੱਖਾਂ ਨੇ ਵੇਖ ਕੇ ਗੁਰੂ ਸਾਹਿਬ ਨੂੰ  ਦੱਸਿਆ ਕਿ ਖੇਤ ਵਿਚ ਤੰਬਾਕੂ ਦੀ ਬੂਟੀ ਬੀਜੀ ਹੋਈ ਹੈ | ਗੁਰੂ ਸਾਹਿਬ ਨੇ ਸਿੱਖਾਂ ਨੂੰ  ਬਚਨ ਕੀਤਾ, ਭਾਈ ਸਿੱਖੋ! ਤੰਬਾਕੂ ਇੰਨੀ ਅਪਵਿੱਤਰ ਬੂਟੀ ਹੈ, ਜਿਸ 'ਚੋਂ ਗੁਜ਼ਰਨ ਤੋਂ ਇਕ ਜਾਨਵਰ ਵੀ ਸੁਚੇਤ ਹੋਇਆ | ਸਿੱਖ ਨੂੰ  ਐਸੀ ਜਗਤ-ਜੂਠ ਬੂਟੀ ਦਾ ਨਸ਼ਾ ਕਰਨਾ ਤਾਂ ਦੂਰ, ਹੱਥ ਲਾਉਣਾ ਵੀ ਪਾਪ ਸਮਝਣਾ ਚਾਹੀਦਾ ਹੈ | ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਨੇ 'ਗੁਰਪ੍ਰਤਾਪ ਸੂਰਜ ਗ੍ਰੰਥ' ਵਿਚ ਸ਼ਰਾਬ ਨੂੰ  ਸੱਤ ਕੁਲਾਂ ਦਾ ਨਾਸ਼ ਕਰਨ ਵਾਲੀ, ਭੰਗ ਨੂੰ  ਸਰੀਰ ਖ਼ਰਾਬ ਕਰਨ ਵਾਲੀ, ਤੰਬਾਕੂ ਨੂੰ  ਸੌ ਕੁਲਾਂ ਬਰਬਾਦ ਕਰਨ ਵਾਲਾ ਦਰਸਾ ਕੇ ਇਨ੍ਹਾਂ ਨਸ਼ਿਆਂ ਦਾ ਤਿਆਗ ਕਰਨ ਲਈ ਕਿਹਾ ਹੈ | ਸਮੇਂ-ਸਮੇਂ 'ਤੇ ਵੱਖ-ਵੱਖ ਤਰ੍ਹਾਂ ਦੇ ਨਸ਼ੇ ਪ੍ਰਚਲਿਤ ਰਹੇ ਹਨ | ਕਿਸੇ ਸਮੇਂ ਸ਼ਰਾਬ, ਕਿਸੇ ਸਮੇਂ ਤੰਬਾਕੂ, ਕਦੇ ਅਫ਼ੀਮ ਤੇ ਅੱਜ ਦੇ ਸਮੇਂ ਗੈਰ-ਕੁਦਰਤੀ ਨਸ਼ਿਆਂ ਦਾ ਪ੍ਰਚਲਨ ਸਿਖ਼ਰਾਂ 'ਤੇ ਹੈ, ਜਿਨ੍ਹਾਂ ਵਿਚ ਬਨਾਉਟੀ (ਸਿੰਥੈਟਿਕ) ਨਸ਼ੇ, ਜੋ ਰਸਾਇਣਾਂ ਦੇ ਨਾਲ ਤਿਆਰ ਹੁੰਦੇ ਹਨ, ਅਰਧ ਬਨਾਉਟੀ ਨਸ਼ੇ, ਜਿਨ੍ਹਾਂ ਵਿਚ ਅਫ਼ੀਮ ਤੋਂ ਬਣਨ ਵਾਲੀ ਹੈਰੋਇਨ ਤੇ ਸਮੈਕ ਸ਼ਾਮਿਲ ਹੈ ਅਤੇ ਦਰਦ ਨਿਵਾਰਕ ਦਵਾਈਆਂ ਤੇ ਟੀਕਿਆਂ ਦਾ ਸੇਵਨ ਸ਼ਾਮਿਲ ਹੈ |  
ਗੁਰਬਾਣੀ ਮਨੁੱਖ ਨੂੰ  ਅਸਥਾਈ ਸੁਖਾਂ ਦੇ ਭਰਮ 'ਚੋਂ ਕੱਢ ਕੇ ਸਦੀਵੀ ਆਤਮਿਕ ਅਨੰਦ ਦੀ ਖੋਜ ਵੱਲ ਪ੍ਰੇਰਿਤ ਕਰਦੀ ਹੈ | ਨਸ਼ੇ ਨਾਲ ਮਿਲਣ ਵਾਲਾ ਕਥਿਤ ਸੁਖ ਥੋੜ੍ਹੇ ਸਮੇਂ ਦਾ ਹੁੰਦਾ ਹੈ, ਪਰ ਉਸ ਦੇ ਸਰੀਰਕ, ਮਾਨਸਿਕ ਅਤੇ ਪਰਿਵਾਰਕ ਨਤੀਜੇ ਲੰਮੇ ਸਮੇਂ ਤੱਕ ਭੁਗਤਣੇ ਪੈਂਦੇ ਹਨ | ਗੁਰੂ ਸਾਹਿਬਾਨ ਨੇ ਮਨੁੱਖੀ ਜੀਵਨ ਨੂੰ  ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਿਧਾਂਤ ਨਾਲ ਜੋੜਿਆ ਹੈ | ਕਿਰਤ ਮਨੁੱਖ ਨੂੰ ਮਿਹਨਤ, ਸਵੈ-ਨਿਰਭਰਤਾ ਅਤੇ ਜ਼ਿੰਮੇਵਾਰੀ ਦਾ ਸਬਕ ਦਿੰਦੀ ਹੈ | ਨਾਮ ਜਪਣ ਨਾਲ ਮਨੁੱਖ ਸਰਬ-ਵਿਆਪਕ ਚੇਤਨਾ ਦੇ ਨਾਲ ਜੁੜਦਾ ਹੈ, ਜਦਕਿ ਵੰਡ ਕੇ ਛਕਣ ਨਾਲ ਸੇਵਾ, ਸਬਰ, ਸੰਤੋਖ ਅਤੇ ਮਨੁੱਖੀ ਸਾਂਝ ਦੀ ਭਾਵਨਾ ਵਧਦੀ ਹੈ | ਇਸ ਦੇ ਉਲਟ ਨਸ਼ੇ ਦੀ ਲਤ ਮਨੁੱਖ ਨੂੰ ਆਪਣੇ ਆਪ ਤੱਕ ਸੀਮਤ ਕਰ ਦਿੰਦੀ ਹੈ | ਉਹ ਆਪਣੀਆਂ ਲੋੜਾਂ ਤੇ ਇੱਛਾਵਾਂ ਦੇ ਘੇਰੇ ਵਿਚ ਕੈਦ ਹੋ ਕੇ  ਦੂਜਿਆਂ ਦੇ ਦੁੱਖਾਂ ਤੇ ਲੋੜਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਰਹਿੰਦਾ | 
ਗੁਰੂ ਸਾਹਿਬਾਨ ਦੁਆਰਾ ਰਚੀ ਰੱਬੀ ਗੁਰਬਾਣੀ ਮਨੁੱਖੀ ਬਰਾਬਰੀ, ਦਇਆ, ਪ੍ਰੇਮ ਤੇ ਸਾਂਝ ਦਾ ਸੰਦੇਸ਼ ਦਿੰਦੀ ਹੈ ਤਾਂ ਇਸ 'ਚ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਮਨੁੱਖਾਂ ਪ੍ਰਤੀ ਹਮਦਰਦੀ ਅਤੇ ਸਤਿਕਾਰ ਦੀ ਭਾਵਨਾ ਵੀ ਸ਼ਾਮਿਲ ਹੈ | ਨਸ਼ੇ ਦਾ ਆਦੀ ਵਿਅਕਤੀ ਸਿਰਫ਼ ਨੈਤਿਕ ਕਮਜ਼ੋਰੀ ਦਾ ਸ਼ਿਕਾਰ ਨਹੀਂ ਹੁੰਦਾ, ਸਗੋਂ ਅਕਸਰ ਗੰਭੀਰ ਸਰੀਰਕ ਤੇ ਮਾਨਸਿਕ ਨਿਰਭਰਤਾ ਵਿਚ ਵੀ ਫਸਿਆ ਹੁੰਦਾ ਹੈ | ਉਸ ਨੂੰ ਨਿੰਦਾ, ਨਫ਼ਰਤ ਤੇ ਸਮਾਜਿਕ ਬਾਈਕਾਟ ਦੀ ਨਹੀਂ, ਸਗੋਂ ਇਲਾਜ, ਸਹਿਯੋਗ, ਹੌਸਲੇ ਤੇ ਪੁਨਰਵਾਸ ਦੇ ਸਾਜ਼ਗਾਰ ਮਾਹੌਲ ਦੀ ਵੀ ਲੋੜ ਹੁੰਦੀ ਹੈ | ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੇ ਨਸ਼ਾ-ਨਿਰਭਰਤਾ ਦੇ ਇਲਾਜ ਸੰਬੰਧੀ ਮਾਪਦੰਡ ਵੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਵਿਅਕਤੀਆਂ ਨੂੰ ਵਿਗਿਆਨਕ, ਨੈਤਿਕ ਤੇ ਮਨੁੱਖੀ ਪਹੁੰਚ ਅਨੁਸਾਰ ਇਲਾਜ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ | ਇਸ ਲਈ ਗੁਰਮਤਿ ਦੀ ਦਇਆ ਅਤੇ ਮਨੁੱਖੀ ਸਤਿਕਾਰ ਦੀ ਭਾਵਨਾ ਨੂੰ ਆਧੁਨਿਕ ਚਿਕਿਤਸਾ-ਵਿਗਿਆਨ ਦੀਆਂ ਪ੍ਰਾਪਤੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ | ਇਸ ਸੰਦਰਭ 'ਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ ਤੇ ਸਿੱਖਿਆ ਸੰਸਥਾਵਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਪਛਾਣਨੀ ਚਾਹੀਦੀ ਹੈ |

-ਮੋਬਾਈਲ : 98780-70008

Ad Position 22
No active advertisement
ਪਿਛਲੀ ਖ਼ਬਰ ਭਾਈ ਮਰਦਾਨਾ ਜੀ ਨੂੰ ਯਾਦ ਕਰਦਿਆਂ... ਅਗਲੀ ਖ਼ਬਰ ਦੁਹੂ ਬਿਵਸਥਾ ਤੇ ਜੋ ਮੁਕਤਾ
Ad Position 24