15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਜੱਸਾ ਸਿੰਘ ਰਾਮਗੜ੍ਹੀਆ ਦੀ ਅਨਮੋਲ ਨਿਸ਼ਾਨੀ 'ਬੁੰਗਾ ਰਾਮਗੜ੍ਹੀਆ'

ਜੱਸਾ ਸਿੰਘ ਰਾਮਗੜ੍ਹੀਆ ਦੀ ਅਨਮੋਲ ਨਿਸ਼ਾਨੀ 'ਬੁੰਗਾ ਰਾਮਗੜ੍ਹੀਆ'

Ad Position 21
No active advertisement
ਅਜੀਤ ਡੈਸਕ 16-11-2026

 

ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੀ ਪਰਿਕਰਮਾ 'ਚ ਯਾਤਰੂਆਂ ਦੇ ਠਹਿਰਨ ਤੇ ਬਾਹਰੀ ਹਮਲਾਵਰਾਂ ਤੋਂ ਰੱਖਿਆ ਲਈ ਉਸਾਰਿਆ ਗਿਆ 'ਬੁੰਗਾ ਰਾਮਗੜ੍ਹੀਆ' ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਅਨਮੋਲ ਤੇ ਅਦਭੁਤ ਨਿਸ਼ਾਨੀ ਵਜੋਂ ਅੱਜ ਵੀ ਮੌਜੂਦ ਹੈ | ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਬਣੇ 84 ਦੇ ਕਰੀਬ ਬੁੰਗਿਆਂ 'ਚੋਂ ਅੱਜ ਸਿਰਫ਼ ਇਹੋ ਇਕ ਅਜਿਹਾ ਬੁੰਗਾ ਬਚਿਆ ਹੈ, ਜੋ ਪਰਿਕਰਮਾ 'ਚ ਕਿਸੇ ਸਮੇਂ ਸਿੱਖ ਮਿਸਲਾਂ ਵਲੋਂ ਬਣਾਏ ਬਾਕੀ ਬੁੰਗਿਆਂ ਦੇ ਹੋਣ ਦੀ ਗਵਾਹੀ ਭਰਦਾ ਹੈ |
'ਬੁੰਗਾ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੁੰਦਾ ਹੈ, ਉਹ ਜਗ੍ਹਾ ਜਿੱਥੇ ਅਲੱਗ-ਅਲੱਗ ਧਰਮ ਦੇ ਲੋਕ ਇਕੱਠੇ ਹੋ ਕੇ ਰਹਿ ਸਕਣ | ਬੁੰਗਾਹ ਜਾਂ ਬੁੰਗਾ ਦਾ ਅਰਥ ਹੁੰਦਾ 'ਸਥਾਨ' ਵੀ ਹੁੰਦਾ ਹੈ | ਗਿਆਸੁਲ ਲੁਗਾਤ, ਨਵਲ ਕਿਸ਼ੋਰ ਪ੍ਰੈੱਸ, ਸਫ਼ਾ 90 ਦੇ ਅਨੁਸਾਰ, ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬੁੰਗੇ ਬਣਨ ਤੋਂ ਲੰਬਾ ਸਮਾਂ ਪਹਿਲਾਂ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਕਾਰਸੇਵਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਰਿਹਾਇਸ਼ ਤੇ ਲੰਗਰ ਲਈ ਪਰਿਕਰਮਾ ਦੇ ਬਾਹਰਵਾਰ ਛਪਰੀਆਂ ਤੇ ਕੱਚੇ ਮਕਾਨ ਬਣਾ ਦਿੱਤੇ | ਬਾਅਦ 'ਚ ਕੱਚੇ ਮਕਾਨਾਂ ਦੀ ਥਾਂ ਪੱਕੇ ਮਕਾਨ ਬਣ ਗਏ ਤੇ ਸਿੱਖ ਮਿਸਲਾਂ ਦੇ ਹੋਂਦ 'ਚ ਆਉਣ ਤੋਂ ਬਾਅਦ ਇਹ ਮਕਾਨ ਢਾਹ ਕੇ ਮਿਸਲਾਂ ਦੇ ਮੁਖੀਆਂ ਨੇ ਸੰਗਤਾਂ ਦੇ ਆਰਾਮ ਵਾਸਤੇ ਬੁੰਗੇ ਬਣਾ ਲਏ | ਅਹਿਮਦ ਸ਼ਾਹ, ਤਵਾਰੀਖ਼-ਏ-ਪੰਜਾਬ, ਸਫ਼ਾ 38 ਅਨੁਸਾਰ, ਬੁੰਗਿਆਂ ਦੇ ਸਰਦਾਰ ਅੰਮਿ੍ਤਸਰ ਆਉਣ 'ਤੇ ਆਪਣੇ ਬੁੰਗੇ ਵਿਚ ਹੀ ਠਹਿਰਦੇ ਸਨ | ਇਨ੍ਹਾਂ ਬੁੰਗਿਆਂ ਨੂੰ  ਸ੍ਰੀ ਦਰਬਾਰ ਸਾਹਿਬ ਦਾ ਇਕ ਹਿੱਸਾ ਹੀ ਸਮਝਿਆ ਜਾਂਦਾ ਸੀ |ਮਿਸਲ ਕਾਲ ਦੀ ਭਵਨ ਕਲਾ ਦਾ ਅਦੁੱਤੀ ਨਮੂਨਾ ਬੁੰਗਾ ਰਾਮਗੜ੍ਹੀਆ ਦਾ ਨਿਰਮਾਣ 1812 ਬਿਕਰਮੀ (ਸੰਨ 1755) 'ਚ ਸ. ਜੱਸਾ ਸਿੰਘ ਰਾਮਗੜ੍ਹੀਆ ਨੇ 2,75,000 ਰੁਪਏ ਦੀ ਲਾਗਤ ਨਾਲ ਕਰਾਇਆ | ਜਦੋਂ ਉਨ੍ਹਾਂ ਇਸ ਬੁੰਗੇ ਦਾ ਨਿਰਮਾਣ ਕਰਾਇਆ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਸਿਰਫ਼ 3 ਜਾਂ 4 ਹੀ ਹੋਰ ਬੁੰਗੇ ਸਨ | ਬੁੰਗਾ ਦੀਆਂ ਦੋ ਮੰਜ਼ਿਲਾਂ ਧਰਤੀ ਦੇ ਉੱਪਰ ਤੇ ਤਿੰਨ ਮੰਜ਼ਿਲਾਂ ਜ਼ਮੀਨ ਦੇ ਹੇਠਾਂ ਹਨ | ਬੁੰਗੇ ਦਾ ਮੱਥਾ 150 ਫੁੱਟ ਤੇ ਲੰਬਾਈ 84 ਫੁੱਟ ਹੈ | ਬੁੰਗੇ ਦੇ ਅੰਦਰ ਜਾਣ ਤੋਂ ਪਹਿਲਾਂ ਇਕ ਖੂਹ ਆਉਂਦਾ ਹੈ | ਧਰਤੀ ਦੇ ਹੇਠਾਂ ਵਾਲੀਆਂ ਬੁੰਗੇ ਦੀਆਂ ਮੰਜ਼ਿਲਾਂ ਇਸ ਖੂਹ ਦੇ ਨਾਲ-ਨਾਲ ਹਨ | ਹੇਠਾਂ ਜਾਣ ਲਈ ਇਕ ਛੋਟਾ ਜਿਹਾ ਦਰਵਾਜ਼ਾ ਹੈ ਅਤੇ ਦੂਸਰਾ ਰਸਤਾ ਉੱਪਰਲੀ ਮੰਜ਼ਿਲ ਵਲੋਂ ਵੀ ਹੈ | ਖੂਹ ਦੇ ਨਾਲ ਬਣੀਆਂ ਛੋਟੀਆਂ-ਛੋਟੀਆਂ ਪੌੜੀਆਂ ਉਤਰਨ 'ਤੇ ਇਕ ਹਾਲ 'ਚੋਂ ਨਿਕਲਣ 'ਤੇ ਸਾਹਮਣੇ ਸ. ਰਾਮਗੜ੍ਹੀਆਂ ਦਾ ਇਤਿਹਾਸਕ ਕੌਂਸਲ ਹਾਊਸ ਮੌਜੂਦ ਹੈ, ਜਿੱਥੇ ਨਾਨਕਸ਼ਾਹੀ ਇੱਟਾਂ ਦੇ ਬਣੇ ਸਿੰਘਾਸਣ 'ਤੇ ਬੈਠ ਕੇ ਉਹ ਆਪਣਾ ਦਰਬਾਰ ਲਾਇਆ ਕਰਦੇ ਸਨ | ਸਿੰਘਾਸਣ ਦੇ ਪਿੱਛੇ ਤੇ ਸਾਹਮਣੇ ਦੋ ਸ਼ਾਹੀ ਕਾਲ ਕੋਠੜੀਆਂ ਵੀ ਹਨ | ਇਨ੍ਹਾਂ ਕੋਠੜੀਆਂ ਦੇ ਅੰਦਰ ਕੋਈ ਝਰੋਖਾ ਨਾ ਹੋਣ ਕਰਕੇ ਘੁੱਪ ਹਨੇਰਾ ਰਹਿੰਦਾ ਸੀ, ਪਰ ਹੁਣ ਅੰਦਰ ਲਾਈਟਾਂ ਲਾ ਦਿੱਤੀਆਂ ਗਈਆਂ ਹਨ | ਖੂਹ ਦੇ ਨਾਲ-ਨਾਲ ਧਰਤੀ ਹੇਠਾਂ ਬਣੀਆਂ ਇਸ ਬੁੰਗੇ ਦੀਆਂ ਦੋ ਹੋਰਨਾਂ ਮੰਜ਼ਿਲਾਂ 'ਚ ਭੋਰੇ ਬਣੇ ਹਨ | ਇੱਥੇ ਕੋਈ ਪੱਖਾ ਜਾਂ ਹਵਾ ਆਉਣ ਦਾ ਜ਼ਰੀਆ ਨਾ ਹੋਣ ਦੇ ਬਾਵਜੂਦ ਵੀ ਮਈ-ਜੂਨ ਦੇ ਮਹੀਨੇ 'ਚ ਠੰਢਕ ਮਹਿਸੂਸ ਹੁੰਦੀ ਹੈ | ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵੱਲ ਦੁੱਖ-ਭੰਜਨੀ ਬੇਰੀ ਵਾਲੇ ਪਾਸੇ ਬੁੰਗੇ ਦੀਆਂ ਮਜ਼ਬੂਤ ਤੇ ਚੌੜੀਆਂ ਕੰਧਾਂ 'ਚ ਰੌਸ਼ਨੀ ਲਈ ਖ਼ੂਬਸੂਰਤ ਝਰੋਖੇ ਵੀ ਬਣਾਏ ਗਏ ਹਨ |
ਬੁੰਗੇ ਦੀ ਉਪਰਲੀ ਮੰਜ਼ਿਲ 'ਚ ਵੜਦਿਆਂ ਹੀ ਸਾਹਮਣੇ ਹਾਲ ਵਿਚ ਲਾਲ-ਪੱਥਰ ਦੀਆਂ ਡਾਟਾਂ ਵਿਚ ਜੜੇ ਲਾਲ ਕਿਲ੍ਹੇ ਦੇ ਸਤੰਭ ਤੇ ਇਕ ਇਤਿਹਾਸਕ ਸਿਲ ਹੈ, ਜਿਸ ਨੂੰ  ਤਖ਼ਤ-ਏ-ਤਾਊਸ ਕਿਹਾ ਜਾਂਦਾ ਹੈ | ਮਾਰਚ 1783 'ਚ ਸ. ਬਘੇਲ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ, ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਗੁਰਦਿੱਤ ਸਿੰਘ, ਸ. ਭਾਗ ਸਿੰਘ ਆਦਿ ਵਲੋਂ ਦਿੱਲੀ ਫ਼ਤਹਿ ਕਰਕੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਝੁਲਾਇਆ ਗਿਆ ਤਾਂ ਸ. ਰਾਮਗੜ੍ਹੀਆ ਵਲੋਂ ਦਿੱਲੀ ਫ਼ਤਹਿ ਦੀ ਨਿਸ਼ਾਨੀ ਵਜੋਂ ਇਹ ਸਿਲ, ਮੁਗ਼ਲ ਫੌਜ ਦੀਆਂ ਵੱਡੀਆਂ ਤੋਪਾਂ ਤੇ ਜੰਗੀ ਸਾਜ਼ੋ-ਸਾਮਾਨ ਸਮੇਤ ਹੋਰ ਵਸਤਾਂ ਅੰਮਿ੍ਤਸਰ ਲਿਆਂਦੀਆਂ ਗਈਆਂ | ਦੱਸਿਆ ਜਾਂਦਾ ਹੈ ਕਿ ਲਾਲ ਕਿਲ੍ਹੇ ਦੇ ਦੀਵਾਨ-ਏ-ਖ਼ਾਸ 'ਚੋਂ ਮੁਗ਼ਲ ਤਖ਼ਤ ਦੀ ਸੰਗਮਰਮਰੀ ਤਖ਼ਤ-ਏ-ਤਾਊਸ ਵਾਲੀ ਚੌਕੀ ਨੂੰ  ਪੁੱਟ ਕੇ ਜ਼ੰਜੀਰਾਂ ਨਾਲ ਬੰਨ੍ਹ ਕੇ ਹਾਥੀਆਂ ਰਾਹੀਂ ਅੰਮਿ੍ਤਸਰ ਲਿਆਂਦਾ ਗਿਆ ਸੀ | ਇਸ 'ਤੇ ਬੈਠ ਕੇ ਔਰੰਗਜ਼ੇਬ ਤੇ ਹੋਰ ਮੁਗ਼ਲ ਬਾਦਸ਼ਾਹ ਸ਼ਾਹੀ ਦਰਬਾਰ ਲਾ ਕੇ ਫ਼ਰਮਾਨ ਜਾਰੀ ਕਰਦੇ ਸਨ | ਇਸ ਸਿਲ ਵਿਚ ਕਈ ਕੀਮਤੀ ਨਗ-ਮੋਤੀ ਜੜੇ ਹੋਏ ਦੱਸੇ ਜਾਂਦੇ ਹਨ | ਇਹ ਨਿਸ਼ਾਨੀਆਂ ਰਾਮਗੜ੍ਹੀਆ ਮਿਸਲ ਦੀ ਸਫਲਤਾ ਦਾ ਸੂਚਕ ਹੋਣ ਦੇ ਨਾਲ-ਨਾਲ ਮੁਗ਼ਲ ਸਰਕਾਰ ਦੀ ਹਾਰ ਦੀ ਮੋਹਰ ਵੀ ਹਨ | 
ਬੁੰਗਾ ਰਾਮਗੜ੍ਹੀਆ ਦੇ ਉੱਪਰ ਦੋ ਸੁੰਦਰ ਮਿਨਾਰ ਬਣੇ ਹੋਏ ਹਨ, ਜਿਨ੍ਹਾਂ ਦੀ ਉਚਾਈ 156 ਫੁੱਟ ਹੈ | ਮਿਸਲ ਕਾਲ ਸਮੇਂ ਇਨ੍ਹਾਂ 'ਤੇ ਰਾਮਗੜ੍ਹੀਆ ਮਿਸਲ ਦਾ ਝੰਡਾ ਲਹਿਰਾਉਂਦਾ ਸੀ, ਜਿਸ 'ਤੇ ਦੋ ਸੁਨਹਿਰੀ ਸ਼ੇਰ ਉੱਕਰੇ ਹੁੰਦੇ ਸਨ | ਇਨ੍ਹਾਂ ਮਿਨਾਰਾਂ 'ਤੇ ਖੜ੍ਹ ਕੇ ਦੁਸ਼ਮਣ ਦੇ ਆਉਣ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਸੀ | 1984 'ਚ ਫੌਜੀ ਹਮਲੇ ਦੌਰਾਨ ਹੋਈ ਗੋਲਾਬਾਰੀ ਨਾਲ ਇਸ ਦੀ ਹੇਠਲੀ ਮੰਜ਼ਿਲ 'ਚ ਮੌਜੂਦ ਕਈ ਵੱਡੇ ਕਮਰੇ ਤੇ ਹੋਰ ਸਥਾਨ ਬੰਦ ਹੋ ਗਏ ਅਤੇ ਅੰਦਰ ਥਾਂ-ਥਾਂ ਮਲਬੇ ਦੇ ਢੇਰ ਲੱਗ ਗਏ | ਰਾਮਗੜ੍ਹੀਆ ਸਿੱਖਾਂ ਵਲੋਂ ਬੁੰਗੇ ਦੇ ਮਿਨਾਰਾਂ ਦੀ ਸੇਵਾ ਕਰਾਏ ਜਾਣ ਪਿੱਛੋਂ ਸ਼੍ਰੋਮਣੀ ਕਮੇਟੀ ਵਲੋਂ ਪੁਰਾਤਤਵ ਵਿਭਾਗ ਦੇ ਮਾਹਿਰਾਂ ਦੀ ਦੇਖ-ਰੇਖ ਵਿਚ ਇਸ ਬੁੰਗੇ ਦਾ ਨਵਨਿਰਮਾਣ ਕਰਾ ਕੇ ਇਸ ਨੂੰ  ਪਹਿਲਾਂ ਵਾਲੀ ਇਤਿਹਾਸਕ ਤੇ ਖ਼ੂਬਸੂਰਤ ਦਿੱਖ ਦਿੱਤੀ ਗਈ |
-ਪ੍ਰਤੀਨਿਧ, ਅੰਮਿ੍ਤਸਰ | ਮੋਬਾਈਲ : 9356127771

Ad Position 22
No active advertisement
ਪਿਛਲੀ ਖ਼ਬਰ ਕਰਤਾਰ ਸਿੰਘ ਸਰਾਭਾ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ... ਅਗਲੀ ਖ਼ਬਰ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀਆਂ ਬਹੁਪੱਖੀ ਸੇਵਾਵਾਂ
Ad Position 24