23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਵਿਦੇਸ਼ੀ ਵਿਦਵਾਨ ਲੇਖਕਾਂ ਦੀ ਨਜ਼ਰ 'ਚ ਗੁਰੂ ਨਾਨਕ ਦੇਵ

ਵਿਦੇਸ਼ੀ ਵਿਦਵਾਨ ਲੇਖਕਾਂ ਦੀ ਨਜ਼ਰ 'ਚ ਗੁਰੂ ਨਾਨਕ ਦੇਵ

Ad Position 21
No active advertisement
ਅਜੀਤ ਡੈਸਕ 24-11-2026

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਤੇ ਰੂਹਾਨੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਦੁਨੀਆ ਨੂੰ  ਅਗਿਆਨਤਾ, ਅੰਧ-ਵਿਸ਼ਵਾਸਾਂ ਤੇ ਸਮਾਜਿਕ ਬੁਰਾਈਆਂ ਦੇ ਹਨੇਰੇ 'ਚੋਂ ਕੱਢ ਕੇ ਪ੍ਰਭੂ ਭਗਤੀ, ਸੱਚ, ਸਮਾਨਤਾ ਤੇ ਭਾਈਚਾਰੇ ਦਾ ਮਾਰਗ ਦਿਖਾਉਂਦੇ ਹੋਏ ਮੂਲ ਮੰਤਰ ਰਾਹੀਂ ਸੰਦੇਸ਼ ਦਿੱਤਾ ਕਿ ਪ੍ਰਮਾਤਮਾ ਇਕ ਹੈ, ਜੋ ਸਰਬ-ਵਿਆਪਕ, ਨਿਰਭਉ ਤੇ ਨਿਰਵੈਰ ਹੈ | ਰੱਬ ਕਿਸੇ ਇਕ ਧਰਮ ਜਾਂ ਜਾਤ ਦਾ ਨਹੀਂ, ਸਗੋਂ ਸਮੁੱਚੀ ਕਾਇਨਾਤ ਦਾ ਰਚਨਹਾਰ ਹੈ | ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਸਾਰੇ ਭਾਰਤੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਗੁਰੂ ਜੀ ਦੇ ਜੀਵਨ ਬਾਰੇ ਵਰਣਨ ਕੀਤਾ ਹੈ | ਪਰ ਇਸ ਲੇਖ ਰਾਹੀਂ ਗੁਰੂ ਜੀ ਬਾਬਤ ਲਿਖਣ ਵਾਲੇ ਅੰਗਰੇਜ਼ੀ ਲੇਖਕਾਂ ਨੂੰ  ਵਰਣਨ ਕੀਤਾ ਗਿਆ ਹੈ |

ਡਬਲਿਊ. ਐੱਚ. ਮੈਕਲਾਊਡ-ਨਿਊਜ਼ੀਲੈਂਡ ਦੇ ਪ੍ਰਮੁੱਖ ਇਤਿਹਾਸਕਾਰ ਨੇ ਆਪਣੀ ਪੁਸਤਕ 'ਗੁਰੂ ਨਾਨਕ ਐਂਡ ਦ ਸਿੱਖ ਰਿਲੀਜਨ' ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ, ਜਨਮ-ਸਾਖੀਆਂ ਅਤੇ ਉਨ੍ਹਾਂ ਦੀਆਂ ਧਾਰਮਿਕ ਸਿੱਖਿਆਵਾਂ ਦਾ ਵਿਸ਼ਲੇਸ਼ਣਾਤਮਕ ਅਤੇ ਇਤਿਹਾਸਕ ਦਿ੍ਸ਼ਟੀਕੋਣ ਤੋਂ ਅਧਿਐਨ ਕੀਤਾ ਹੈ | ਇਹ ਕਿਤਾਬ 1968 'ਚ 'ਆਕਸਫੋਰਡ ਯੂਨੀਵਰਸਿਟੀ ਪ੍ਰੈੱਸ' ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ | ਮੈਕਲਾਊਡ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਚਾਰਧਾਰਾ ਦੀ ਸ਼ਲਾਘਾ ਕਰਦਿਆਂ ਲਿਖਿਆ, 'ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ  ਇਕ ਰੱਬ ਨੂੰ  ਮੰਨਣ ਦਾ ਉਪਦੇਸ਼ ਦਿੰਦਿਆਂ ਭਰਮ-ਭੁਲੇਖਿਆਂ 'ਚ ਪਾਉਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣ ਦਾ ਉਪਦੇਸ਼ ਦਿੱਤਾ | ਔਰਤ ਜਾਤ ਦੀ ਇੱਜ਼ਤ ਕਰਨ ਅਤੇ ਨਾਮ ਜਪਣ, ਵੰਡ ਛਕਣ ਲਈ ਪ੍ਰੇਰਿਤ ਕੀਤਾ |'
ਮੈਕਸ ਆਰਥਰ ਮੈਕਾਲਿਫ਼-ਮੈਕਸ ਆਰਥਰ ਆਇਰਿਸ਼-ਬਿ੍ਟਿਸ਼ ਪ੍ਰਸ਼ਾਸਨਿਕ ਅਧਿਕਾਰੀ ਤੇ ਪ੍ਰਸਿੱਧ ਵਿਦਵਾਨ ਸਨ, ਜਿਨ੍ਹਾਂ ਨੇ ਸਿੱਖ ਧਰਮ, ਇਤਿਹਾਸ ਅਤੇ ਗੁਰਬਾਣੀ ਨੂੰ  ਪੱਛਮੀ ਜਗਤ ਵਿਚ ਸਹੀ ਤੇ ਸਤਿਕਾਰਯੋਗ ਰੂਪ ਵਿਚ ਪੇਸ਼ ਕਰਨ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ | ਉਨ੍ਹਾਂ ਦੀ ਸ਼ਾਹਕਾਰ ਰਚਨਾ ਨੂੰ  'ਦ ਸਿੱਖ ਰਿਲੀਜਨ : ਇਟਸ ਗੁਰੂਜ਼, ਸੈਕਰਡ ਰਾਈਟਿੰਗਜ਼ ਐਂਡ ਆਥਰਜ਼' (1909) ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਨੇ ਛਾਪਿਆ ਸੀ | ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ, ਅਨੁਭਵਾਂ, ਬਾਣੀ ਅਤੇ ਵਿਚਾਰਧਾਰਾ ਦਾ ਬਹੁਤ ਹੀ ਸਤਿਕਾਰਪੂਰਵਕ ਤੇ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ | ਮੈਕਾਲਿਫ਼ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਅਜਿਹੇ ਸਮੇਂ 'ਚ ਪ੍ਰਗਟ ਹੋਏ ਜਦੋਂ ਹਿੰਦੁਸਤਾਨ ਧਾਰਮਿਕ ਅੰਧਕਾਰ, ਅੰਧ-ਵਿਸ਼ਵਾਸ, ਜਾਤ-ਪਾਤ ਦੇ ਵਿਤਕਰੇ ਅਤੇ ਪੁਜਾਰੀਵਾਦ ਦੇ ਸ਼ੋਸ਼ਣ ਵਿਚ ਫਸਿਆ ਹੋਇਆ ਸੀ | ਗੁਰੂ ਨਾਨਕ ਦੇਵ ਜੀ ਇਕ ਮਹਾਨ ਧਾਰਮਿਕ ਤੇ ਸਮਾਜਿਕ ਇਨਕਲਾਬੀ ਸਨ, ਜਿਨ੍ਹਾਂ ਨੇ ਕਿਸੇ ਵੀ ਬਾਹਰੀ ਡਰ ਤੋਂ ਬਿਨਾਂ ਕਰਮ-ਕਾਂਡਾਂ, ਝੂਠੇ ਅਡੰਬਰਾਂ ਅਤੇ ਸਮਾਜਿਕ ਨਾਬਰਾਬਰੀ ਦਾ ਖੰਡਨ ਕੀਤਾ | ਮੈਕਾਲਿਫ਼ ਨੇ ਗੁਰੂ ਜੀ ਦੀਆਂ ਪ੍ਰਮੁੱਖ ਬਾਣੀਆਂ (ਜਿਵੇਂ ਕਿ ਜਪੁਜੀ ਸਾਹਿਬ, ਆਸਾ ਦੀ ਵਾਰ, ਸਿਧ ਗੋਸਟਿ, ਓਅੰਕਾਰ) ਦਾ ਬਹੁਤ ਹੀ ਖੂਬਸੂਰਤ ਤੇ ਸਟੀਕ ਅੰਗਰੇਜ਼ੀ ਵਿਚ ਅਨੁਵਾਦ ਕੀਤਾ | ਵਰਣਨਯੋਗ ਹੈ ਕਿ ਮੈਕਾਲਿਫ਼ ਨੇ ਇਹ ਕਿਤਾਬ ਲਿਖਣ ਲਈ ਆਪਣੀ ਡਿਪਲੋਮੈਟਿਕ (ਆਈ.ਸੀ.ਐਸ.) ਨੌਕਰੀ ਛੱਡ ਦਿੱਤੀ ਸੀ ਅਤੇ ਅੰਮਿ੍ਤਸਰ ਆ ਕੇ ਗਿਆਨੀ ਹਜ਼ਾਰਾ ਸਿੰਘ, ਭਾਈ ਕਾਹਨ ਸਿੰਘ ਨਾਭਾ ਤੇ ਹੋਰ ਗੁਰਸਿੱਖ ਵਿਦਵਾਨਾਂ ਦੀ ਸੰਗਤ ਵਿਚ ਰਹਿ ਕੇ ਗੁਰਮੁਖੀ ਤੇ ਗੁਰਬਾਣੀ ਦਾ ਗਿਆਨ ਹਾਸਲ ਕੀਤਾ ਸੀ |
ਜੇ.ਡੀ. ਕਨਿੰਘਮ-ਜੋਜ਼ਫ ਡੇਵਿਡਸਨ ਕਨਿੰਘਮ ਬਿ੍ਟਿਸ਼ ਈਸਟ ਇੰਡੀਆ ਕੰਪਨੀ ਦਾ ਇਕ ਅਧਿਕਾਰੀ ਤੇ ਇੰਜੀਨੀਅਰ ਸੀ, ਜਿਸ ਨੇ ਸਿੱਖ ਇਤਿਹਾਸਕਾਰੀ 'ਚ ਅਹਿਮ ਤੇ ਦਲੇਰਾਨਾ ਯੋਗਦਾਨ ਪਾਇਆ | ਉਨ੍ਹਾਂ ਵਲੋਂ ਸਿੱਖ ਇਤਿਹਾਸ 'ਤੇ ਲਿਖੀਆਂ ਗਈਆਂ ਸਭ ਤੋਂ ਨਿੱਡਰ, ਨਿਰਪੱਖ ਤੇ ਪ੍ਰਮਾਣਿਕ ਪੁਸਤਕਾਂ 'ਚੋਂ 'ਏ ਹਿਸਟਰੀ ਆਫ ਦ ਸਿੱਖਜ਼' ਇਕ ਪ੍ਰਮੁੱਖ ਰਚਨਾ ਮੰਨੀ ਜਾਂਦੀ ਹੈ | ਇਹ ਪੁਸਤਕ ਪਹਿਲੀ ਵਾਰ 1849 'ਚ 'ਜੌਹਨ ਮਰੇ ਲੰਡਨ' ਦੁਆਰਾ ਛਾਪੀ ਗਈ ਸੀ | ਕਨਿੰਘਮ ਲਿਖਦਾ ਹੈ ਕਿ ਗੁਰੂ ਜੀ ਤੋਂ ਪਹਿਲਾਂ ਕਬੀਰ, ਰਾਮਾਨੰਦ ਤੇ ਹੋਰ ਭਗਤਾਂ ਨੇ ਵੀ ਸਮਾਜਿਕ ਅਤੇ ਧਾਰਮਿਕ ਸੁਧਾਰਾਂ ਦੇ ਯਤਨ ਕੀਤੇ, ਪਰ ਗੁਰੂ ਨਾਨਕ ਦੇਵ ਜੀ ਨੇ ਲੋਕ ਮਨਾਂ ਵਿਚ ਇਕ ਨਵੀਂ ਰਾਸ਼ਟਰੀ/ਸਮਾਜਿਕ ਚੇਤਨਾ ਅਤੇ ਆਜ਼ਾਦੀ ਦੀ ਭਾਵਨਾ ਭਰੀ | ਉਸ ਦਾ ਮੰਨਣਾ ਸੀ ਕਿ ਗੁਰੂ ਜੀ ਨੇ ਲੋਕਾਂ ਨੂੰ  ਕੇਵਲ ਮੁਕਤੀ ਦਾ ਰਸਤਾ ਹੀ ਨਹੀਂ ਦਿਖਾਇਆ, ਸਗੋਂ ਉਨ੍ਹਾਂ ਦੇ ਮਨਾਂ 'ਚੋਂ ਗੁਲਾਮੀ ਦੀ ਮਾਨਸਿਕਤਾ ਨੂੰ  ਕੱਢ ਕੇ ਇਕ ਜਿਊਾਦੀ-ਜਾਗਦੀ ਕੌਮ ਦੀ ਬੁਨਿਆਦ ਰੱਖੀ | ਕਨਿੰਘਮ ਅਨੁਸਾਰ ਗੁਰੂ ਜੀ ਨੇ ਪ੍ਰੋਹਿਤਵਾਦ, ਪੁਜਾਰੀਵਾਦ, ਝੂਠੇ ਅਡੰਬਰਾਂ, ਮੂਰਤੀ ਪੂਜਾ ਅਤੇ ਜਾਤ-ਪਾਤ ਦੀਆਂ ਵੰਡਾਂ 'ਤੇ ਕਰਾਰੀ ਚੋਟ ਕੀਤੀ ਹੈ |
ਪ੍ਰੋਫੈਸਰ ਐਲੀਨੋਰ ਨੇਸਬਿਟ-ਵਾਰਵਿਕ ਯੂਨੀਵਰਸਿਟੀ (ਯੂ.ਕੇ.) 'ਚ ਧਾਰਮਿਕ ਸਿੱਖਿਆ ਦੀ ਪ੍ਰੋਫੈਸਰ ਨੇ ਆਪਣੀ ਪ੍ਰਸਿੱਧ ਪੁਸਤਕ 'ਸਿੱਖਿਜ਼ਮ : ਏ ਵੈਰੀ ਸ਼ਾਰਟ ਇੰਟਰੋਡਕਸ਼ਨ (ਆਕਸਫੋਰਡ ਯੂਨੀਵਰਸਿਟੀ ਪ੍ਰੈੱਸ)' ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ, ਦਰਸ਼ਨ ਤੇ ਆਧੁਨਿਕ ਯੁੱਗ ਵਿਚ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਪ੍ਰਸੰਗਿਕਤਾ ਬਾਰੇ ਵਿਸਥਾਰ ਨਾਲ ਲਿਖਦਿਆਂ ਗੁਰੂ ਜੀ ਨੂੰ  ਇਕ ਸਰਬਵਿਆਪੀ ਤੇ ਆਧੁਨਿਕ ਸੁਧਾਰਕ ਵਜੋਂ ਪੇਸ਼ ਕਰਦੀ ਹੈ | ਉਹ ਲਿਖਦੀ ਹੈ ਕਿ ਗੁਰੂ ਜੀ ਦਾ ਸੰਦੇਸ਼ ਕੇਵਲ 15ਵੀਂ-16ਵੀਂ ਸਦੀ ਤੱਕ ਸੀਮਤ ਨਹੀਂ ਸੀ, ਸਗੋਂ ਅੱਜ ਦੇ ਗਲੋਬਲ ਅਤੇ ਬਹੁ-ਭਾਂਤੀ ਸਮਾਜ ਲਈ ਵੀ ਓਨਾ ਹੀ ਸਾਰਥਕ ਹੈ | ਨੇਸਬਿਟ ਨੇ ਆਪਣੇ ਖੋਜ ਕਾਰਜਾਂ ਵਿਚ ਗੁਰੂ ਜੀ ਦੁਆਰਾ ਔਰਤਾਂ ਨੂੰ  ਦਿੱਤੇ ਗਏ ਬਰਾਬਰੀ ਦੇ ਦਰਜੇ 'ਤੇ ਉਚੇਚਾ ਜ਼ੋਰ ਦਿੱਤਾ ਹੈ | ਉਹ ਲਿਖਦੀ ਹੈ ਕਿ ਉਸ ਸਮੇਂ ਦੇ ਪੁਰਖ ਪ੍ਰਧਾਨ ਸਮਾਜ 'ਚ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦੇ ਹੱਕ ਵਿਚ ਆਵਾਜ਼ ਉਠਾਈ ਅਤੇ ਧਾਰਮਿਕ ਤੇ ਸਮਾਜਿਕ ਖੇਤਰ 'ਚ ਉਨ੍ਹਾਂ ਨੂੰ  ਮਰਦਾਂ ਦੇ ਬਰਾਬਰ ਸਥਾਨ ਦਿੱਤਾ | ਉਹਨਾਂ ਨੇ ਆਪਣੀਆਂ ਉਦਾਸੀਆਂ ਦੌਰਾਨ ਹਿੰਦੂ ਪੰਡਿਤਾਂ, ਮੁਸਲਿਮ ਸੂਫ਼ੀਆਂ, ਬੋਧੀਆਂ ਅਤੇ ਨਾਥ-ਜੋਗੀਆਂ ਨਾਲ ਵਾਦ-ਵਿਵਾਦ ਦੀ ਥਾਂ ਨਿਮਰਤਾ ਨਾਲ ਸੰਵਾਦ ਰਚਾਇਆ |
ਰਿਵਰੈਂਡ ਡਾ. ਮਾਰਕਸ ਬ੍ਰੇਬਰੂਕ-ਰਿਵਰੈਂਡ ਡਾ. ਮਾਰਕਸ ਬ੍ਰੇਬਰੂਕ ਯੂ.ਕੇ. ਦੇ ਪ੍ਰਸਿੱਧ ਈਸਾਈ ਪਾਦਰੀ, ਅੰਤਰ-ਧਰਮ ਲੇਖਕ ਅਤੇ 'ਵਰਲਡ ਕਾਂਗਰਸ ਆਫ਼ਫੇਥਸ' ਦੇ ਪ੍ਰਧਾਨ ਰਹੇ ਹਨ, ਜਿਨ੍ਹਾਂ ਨੇ ਆਪਣੀ ਰਚਨਾ 'ਦ ਇੰਟਰਫੇਥ ਲੈਗੇਸੀ ਆਫ ਗੁਰੂ ਨਾਨਕ' ਵਿਚ ਗੁਰੂ ਜੀ ਦੇ ਸੰਦੇਸ਼ ਨੂੰ  ਅੰਤਰ-ਧਰਮ ਸੰਵਾਦ ਅਤੇ ਸਰਬਵਿਆਪੀ ਏਕਤਾ ਦਾ ਮਹਾਨ ਸਰੋਤ ਮੰਨਿਆ ਹੈ | ਉਨ੍ਹਾਂ ਅਨੁਸਾਰ ਇਹ ਨਾਅਰਾ ਕਿਸੇ ਧਰਮ ਦਾ ਖੰਡਨ ਨਹੀਂ ਸੀ, ਸਗੋਂ ਇਹ ਮਨੁੱਖਤਾ ਨੂੰ  ਬਾਹਰੀ ਧਾਰਮਿਕ ਪਛਾਣ ਤੋਂ ਉੱਪਰ ਉੱਠ ਕੇ ਇਕ ਅਕਾਲ ਪੁਰਖ ਦੀ ਸੰਤਾਨ ਮੰਨਣ ਦਾ ਸੁਨੇਹਾ ਸੀ | ਗੁਰੂ ਜੀ ਦਾ ਮਕਸਦ ਲੋਕਾਂ ਨੂੰ  ਇਕ ਧਰਮ ਤੋਂ ਦੂਜੇ ਧਰਮ ਵਿਚ ਬਦਲਣਾ ਨਹੀਂ ਸੀ, ਸਗੋਂ ਹਰ ਧਰਮ ਦੇ ਵਿਅਕਤੀ ਨੂੰ  ਸੱਚਾ ਤੇ ਇਖ਼ਲਾਕੀ ਮਨੁੱਖ ਬਣਾਉਣਾ ਸੀ |
ਜਾਰਜ ਫੋਰਸਟਰ- ਜਾਰਜ ਫੋਰਸਟਰ ਬਿ੍ਟਿਸ਼ ਈਸਾਈ ਈਸਟ ਇੰਡੀਆ ਕੰਪਨੀ ਦਾ ਇਕ ਅਧਿਕਾਰੀ ਅਤੇ ਯਾਤਰੀ ਸੀ, ਜਿਸ ਨੇ ਆਪਣੀ ਪ੍ਰਸਿੱਧ ਸਫ਼ਰਨਾਮਾ ਪੁਸਤਕ 'ਏ ਜਰਨੀ ਫਰਾਮ ਬੰਗਾਲ ਟੂ ਇੰਗਲੈਂਡ' (1798) ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ, ਵਿਚਾਰਧਾਰਾ ਅਤੇ ਉਨ੍ਹਾਂ ਦੁਆਰਾ ਚਲਾਏ ਗਏ ਮਾਰਗ ਦਾ ਜ਼ਿਕਰ ਕੀਤਾ ਹੈ | ਜਾਰਜ ਫੋਰਸਟਰ ਪਹਿਲੇ ਸ਼ੁਰੂਆਤੀ ਯੂਰਪੀ ਲੇਖਕਾਂ 'ਚੋਂ ਸੀ, ਜਿਸ ਨੇ ਅਠਾਰਵੀਂ ਸਦੀ ਦੇ ਅੰਤ ਵਿਚ ਸਿੱਖਾਂ ਦੇ ਵਿਚਕਾਰ ਰਹਿ ਕੇ ਸਿੱਖ ਇਤਿਹਾਸ ਨੂੰ  ਨੇੜਿਓਾ ਦੇਖਿਆ ਤੇ ਲਿਖਿਆ | ਗੁਰੂ ਨਾਨਕ ਦੇਵ ਜੀ ਬਾਰੇ ਫੋਰਸਟਰ ਲਿਖਦਾ ਹੈ ਕਿ ਗੁਰੂ ਜੀ ਇਕ ਮਹਾਨ ਧਾਰਮਿਕ ਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਉਸ ਸਮੇਂ ਦੇ ਸਮਾਜ ਵਿਚ ਫੈਲੇ ਅੰਧ-ਵਿਸ਼ਵਾਸਾਂ, ਝੂਠੇ ਕਰਮ-ਕਾਂਡਾਂ ਅਤੇ ਅਡੰਬਰਾਂ ਦਾ ਖੰਡਨ ਕੀਤਾ | ਉਸ ਨੇ ਗੁਰੂ ਜੀ ਨੂੰ  ਇਕ ਅਜਿਹੀ ਸ਼ਖ਼ਸੀਅਤ ਵਜੋਂ ਪੇਸ਼ ਕੀਤਾ, ਜਿਨ੍ਹਾਂ ਦਾ ਮੁੱਖ ਮਨੋਰਥ ਲੋਕਾਂ ਨੂੰ  ਰੂਹਾਨੀ ਤੌਰ 'ਤੇ ਜਾਗਰੂਕ ਕਰਨਾ ਅਤੇ ਨੈਤਿਕ ਜੀਵਨ ਵੱਲ ਮੋੜਨਾ ਸੀ | ਫੋਰਸਟਰ ਨੇ ਗੁਰੂ ਨਾਨਕ ਦੇਵ ਜੀ ਦੀ ਅਦੁੱਤੀ ਨਿਮਰਤਾ, ਸ਼ਾਂਤ ਸੁਭਾਅ ਅਤੇ ਉੱਚ ਆਚਰਣ ਦੀ ਬਹੁਤ ਤਾਰੀਫ਼ ਕਰਦਿਆਂ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਨੂੰ  ਫੈਲਾਉਣ ਲਈ ਕਿਸੇ ਜਬਰ, ਡਰ ਜਾਂ ਹਿੰਸਾ ਦਾ ਸਹਾਰਾ ਨਹੀਂ ਲਿਆ, ਸਗੋਂ ਆਪਣੀ ਨਿਮਰਤਾ, ਦਰਸ਼ਨ ਤੇ ਮਿੱਠੀ ਬਾਣੀ ਨਾਲ ਲੋਕਾਂ ਦੇ ਦਿਲ ਜਿੱਤੇ |

-ਹੁਸ਼ਿਆਰ ਨਗਰ, ਅੰਮਿ੍ਤਸਰ |
ਮੋਬਾਈਲ : 9877092505

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਨਵ-ਚਿੰਤਨ ਅਗਲੀ ਖ਼ਬਰ ਚਾਹ ਤੇ ਗੱਪਸ਼ੱਪ : ਸਵੇਰ ਦੀ ਚਾਹ Rohini ਤੇ Neha ਦੇ ਨਾਲ, ਮਾਂ ਦੇ ਹੱਥਾਂ ਦੇ ਖਾਣੇ ਦਾ ਕੋਈ ਮੁਕਾਬਲਾ ਕਿਉਂ ਨਹੀਂ ?
Ad Position 24