ਐੱਸ. ਏ. ਐੱਸ. ਨਗਰ, 27 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰੀ ਕਮੇਟੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕੇਂਦਰ ਵਲੋਂ ਨੰਗਲ ਵਿਖੇ 12.7 ਲੱਖ ਮੀਟ੍ਰਿਕ ਟਨ ਸਾਲਾਨਾ ਸਮਰੱਥਾ ਵਾਲਾ ਨਵਾਂ ਯੂਰੀਆ ਪਲਾਂਟ ਸਥਾਪਤ ਕਰਨ ਦੀ ਮਨਜ਼ੂਰੀ ਦੇਣ ਦਾ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਇਸ ਇਤਿਹਾਸਕ ਫ਼ੈਸਲੇ ਨੂੰ ਪੰਜਾਬ ਦੇ ਉਦਯੋਗਿਕ ਪੁਨਰ-ਉਥਾਨ, ਕਿਸਾਨੀ ਦੀ ਮਜ਼ਬੂਤੀ ਤੇ ਨੌਜਵਾਨਾਂ ਦੇ ਰੁਜ਼ਗਾਰ ਵੱਲ ਇਕ ਵੱਡਾ ਕਦਮ ਦੱਸਿਆ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅਕਸਰ ਖਾਦ ਦੀ ਘਾਟ ਅਤੇ ਲੰਬੀਆਂ ਕਤਾਰਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੂਬੇ ਵਿਚ ਹੀ ਯੂਰੀਆ ਦੀ ਭਰਪੂਰ ਉਪਲੱਬਧਤਾ ਹੋਣ ਨਾਲ ਜਿੱਥੇ ਕਾਲਾਬਾਜ਼ਾਰੀ ਖ਼ਤਮ ਹੋਵੇਗੀ, ਉਥੇ ਹੀ ਬਾਹਰਲੇ ਸੂਬਿਆਂ ਤੋਂ ਖਾਦ ਮੰਗਵਾਉਣ ਦੇ ਭਾਰੀ ਢੋਆ-ਢੁਆਈ ਖਰਚੇ ਦੀ ਵੀ ਬੱਚਤ ਹੋਵੇਗੀ। ਇਸ ਦਾ ਸਿੱਧਾ ਲਾਭ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਅਤਿ-ਆਧੁਨਿਕ, ਊਰਜਾ-ਕੁਸ਼ਲ ਅਤੇ ਵਾਤਾਵਰਨ ਪੱਖੀ ਤਕਨੀਕ ਨਾਲ ਲੈਸ ਇਹ ਪਲਾਂਟ ਉਤਪਾਦਨ ਸਮਰੱਥਾ ਵਿਚ ਕਈ ਗੁਣਾ ਵਾਧਾ ਕਰੇਗਾ। ਇਸ ਨਾਲ ਵਿਦੇਸ਼ਾਂ ਤੋਂ ਮਹਿੰਗਾ ਯੂਰੀਆ ਦਰਾਮਦ ਕਰਨ ’ਤੇ ਨਿਰਭਰਤਾ ਘਟੇਗੀ ਅਤੇ ਦੇਸ਼ ਦਾ ਕੀਮਤੀ ਵਿਦੇਸ਼ੀ ਮੁਦਰਾ ਭੰਡਾਰ ਬਚੇਗਾ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ‘ਆਤਮਨਿਰਭਰ ਭਾਰਤ’ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਪੰਜਾਬ ਨੂੰ ਸਿਆਸੀ ਬਿਆਨਬਾਜ਼ੀ ਦੀ ਬਜਾਏ ਅਜਿਹੇ ਠੋਸ ਉਦਯੋਗਿਕ ਪ੍ਰਾਜੈਕਟਾਂ ਦੀ ਲੋੜ ਹੈ, ਜੋ ਸੂਬੇ ਦੀ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆ ਕੇ ਕਿਸਾਨ ਤੇ ਜਵਾਨ ਦੋਵਾਂ ਨੂੰ ਖ਼ੁਸ਼ਹਾਲ ਬਣਾ ਸਕਣ। 27 ਐਮਓਐਚ13