ਐੱਸ. ਏ. ਐੱਸ. ਨਗਰ, 27 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫ਼ੇਜ਼-9 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਚ ਖੇਡੀ ਜਾ ਰਹੀ ਪੰਜਾਬ ਹਾਕੀ ਲੀਗ 2026 ਦੇ ਤੀਜੇ ਐਡੀਸ਼ਨ ਦੇ 9ਵੇਂ ਦਿਨ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੇ ਸਪੋਰਟਸ ਡਿਵੈਲਪਮੈਂਟ ਅਥਾਰਿਟੀ ਆਫ਼ ਤਾਮਿਲਨਾਡੂ ਨੂੰ 3-1 ਗੋਲਾਂ ਦੇ ਅੰਤਰ ਨਾਲ ਹਰਾ ਕੇ ਤਿੰਨ ਅੰਕ ਹਾਸਿਲ ਕਰਦਿਆਂ ਅੰਕ ਸੂਚੀ ਵਿਚ ਦੂਜਾ ਸਥਾਨ ਹਾਸਿਲ ਕਰ ਲਿਆ। ਓਧਰ, ਉਡੀਸ਼ਾ ਨੇਵਲ ਟਾਟਾ ਹਾਕੀ ਨੇ ਨਾਮਧਾਰੀ ਇਲੈਵਨ ਖ਼ਿਲਾਫ਼ ਨਿਰਧਾਰਿਤ ਸਮੇਂ ਦਾ ਮੁਕਾਬਲਾ 2-2 ਗੋਲਾਂ ਨਾਲ ਬਰਾਬਰ ਰਹਿਣ ਤੋਂ ਬਾਅਦ ਰੋਮਾਂਚਕ ਸ਼ੂਟ ਆਊਟ ਵਿਚ 6-5 ਨਾਲ ਜਿੱਤ ਦਰਜ ਕਰਕੇ ਬੋਨਸ ਅੰਕ ਹਾਸਿਲ ਕੀਤਾ ਅਤੇ ਲੀਗ ਵਿਚ ਆਪਣਾ ਜੇਤੂ ਸਫ਼ਰ ਜਾਰੀ ਰੱਖਿਆ। ਜਦਕਿ ਦਿਨ ਦੇ ਪਹਿਲੇ ਮੁਕਾਬਲੇ ਵਿਚ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੈਫ਼ਈ ਨੇ ਦੂਜੇ ਹਾਫ਼ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਗਵਰਨਮੈਂਟ ਹਾਕੀ ਅਕੈਡਮੀ ਸੋਨੀਪਤ ਨੂੰ 3-2 ਨਾਲ ਹਰਾ ਕੇ ਲੀਗ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। 9ਵੇਂ ਦਿਨ ਦੀ ਖੇਡ ਤੋਂ ਬਾਅਦ ਰਾਊਂਡ ਗਲਾਸ ਹਾਕੀ ਅਕੈਡਮੀ 5 ਮੈਚਾਂ ਵਿਚ 15 ਅੰਕਾਂ ਨਾਲ ਅੰਕ ਸੂਚੀ ਵਿਚ ਪਹਿਲੇ ਸਥਾਨ ’ਤੇ ਕਾਇਮ ਹੈ। ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ 6 ਮੈਚਾਂ ਵਿਚ 15 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਓਡੀਸ਼ੀ ਨੇਵਲ ਟਾਟਾ ਹਾਕੀ ਐੱਚ. ਪੀ. ਸੀ. 5 ਮੈਚਾਂ ਵਿਚ 14 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ, ਜਦਕਿ ਘੁਮਨਹੇੜਾ ਰਾਈਜ਼ਰਜ਼ ਅਕੈਡਮੀ ਨਵੀਂ ਦਿੱਲੀ 6 ਮੈਚਾਂ ਵਿਚ 12 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਪੰਜਾਬ ਹਾਕੀ ਲੀਗ ਦੇ 10ਵੇਂ ਦਿਨ 28 ਨਵੰਬਰ ਨੂੰ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੇ ਰਿਪਬਲਿਕਨ ਸਪੋਰਟਸ ਕਲੱਬ ਮੁੰਬਈ ਵਿਚਕਾਰ ਪਹਿਲਾ ਹਾਕੀ ਮੁਕਾਬਲਾ ਸਵੇਰੇ 11 ਵਜੇ ਖੇਡਿਆ ਜਾਵੇਗਾ।