ਸਾਬਕਾ ਥਲ ਸੈਨਾ ਮੁਖੀ ਜਨਰਲ ਵੀ. ਪੀ ਮਲਿਕ ਵਲੋਂ ਚੰਡੀਗੜ੍ਹ ’ਚ ‘2026 ਫ਼ੋਟੋਗਰਾਫੀ ਪ੍ਰਦਰਸ਼ਨੀ’ ਦਾ ਉਦਘਾਟਨ
ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ)-ਸਾਬਕਾ ਥਲ ਸੈਨਾ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ, ਪੀ. ਵੀ.
ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ)-ਸਾਬਕਾ ਥਲ ਸੈਨਾ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ, ਪੀ. ਵੀ. ਐੱਸ. ਐੱਮ., ਏ. ਵੀ. ਐੱਸ. ਐੱਮ. ਨੇ ਇਥੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ (ਪੀ. ਐੱਸ. ਸੀ.) ਦੇ ਮੈਂਬਰਾਂ ਦੀ ਸਾਲਾਨਾ ਸਮੂਹਿਕ ਫ਼ੋਟੋਗਰਾਫੀ ਪ੍ਰਦਰਸ਼ਨੀ ‘ਫੋਟੋ 2026’ ਦਾ ਉਦਘਾਟਨ ਕੀਤਾ। ਪ੍ਰਦਰਸ਼ਨੀ ਵਿਚ ਸੁਸਾਇਟੀ ਦੇ ਮੈਂਬਰਾਂ ਦੀ ਕਲਾਤਮਕ ਦ੍ਰਿਸ਼ਟੀ ਅਤੇ ਫ਼ੋਟੋਗਰਾਫੀ ਦੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਫ਼ੋਟੋਗਰਾਫੀ ਨੂੰ ਇਕ ਕਲਾ ਵਜੋਂ ਉਤਸ਼ਾਹਿਤ ਕਰਨ ਦੀ 35 ਸਾਲਾਂ ਦੀ ਵਿਰਾਸਤ ਨਾਲ ਇਸ ਸਾਲ ਦੀ ਪ੍ਰਦਰਸ਼ਨੀ ਵਿਚ 26 ਪ੍ਰਤਿਭਾਸ਼ਾਲੀ ਫੋਟੋਗ੍ਰਾਫਰਾਂ ਦੀਆਂ 100 ਤੋਂ ਵੱਧ ਆਕਰਸ਼ਕ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਸ ਮੌਕੇ ਜਨਰਲ ਵੀ. ਪੀ. ਮਲਿਕ ਨੇ ਕਿਹਾ ਕਿ “ਫੋਟੋਗ੍ਰਾਫੀ ਕਹਾਣੀ ਬਿਆਨ ਕਰਨ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹੈ, ਜੋ ਭਾਸ਼ਾ ਤੇ ਸੱਭਿਆਚਾਰ ਦੀਆਂ ਹੱਦਾਂ ਤੋਂ ਪਰੇ ਹੈ। ਇਸ ਲਈ ਧੀਰਜ, ਅਨੁਸ਼ਾਸਨ, ਬਰੀਕੀ ਨਾਲ ਨਿਰੀਖਣ ਕਰਨ ਅਤੇ ਸੂਖਮ ਵੇਰਵਿਆਂ ਨੂੰ ਸਮਝਣ ਵਾਲੀ ਨਜ਼ਰ ਦੀ ਲੋੜ ਹੁੰਦੀ ਹੈ। ਪੀ. ਐੱਸ. ਸੀ. ਦੇ ਪ੍ਰਧਾਨ ਕੈਲਾਸ਼ ਸ਼ਰਮਾ ਨੇ ਕਿਹਾ, “ਇਕ ਵਾਰ ਫਿਰ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਦੇ ਸਮੂਹ ਮੈਂਬਰਾਂ ਲਈ ਖੇਤਰ ਭਰ ਦੇ ਫ਼ੋਟੋਗਰਾਫੀ ਪ੍ਰੇਮੀਆਂ ਨਾਲ ਆਪਣੀਆਂ ਬਿਹਤਰੀਨ ਰਚਨਾਤਮਕ ਕਿਰਤਾਂ ਸਾਂਝੀਆਂ ਕਰਨ ਦਾ ਮੌਕਾ ਆਇਆ ਹੈ। ਤਿੰਨ ਰੋਜ਼ਾ ਪ੍ਰਦਰਸ਼ਨੀ ਦੌਰਾਨ ਨਾਮਵਰ ਫੋਟੋਗ੍ਰਾਫਰਾਂ ਦੀਆਂ ਤਿੰਨ ਵਿਸ਼ੇਸ਼ ਵਰਕਸ਼ਾਪਾਂ ਵੀ ਲਗਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਫ਼ੋਟੋਗਰਾਫੀ ਪ੍ਰੇਮੀਆਂ ਅਤੇ ਇਸ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨਾਂ ਨੂੰ ਵਡਮੁੱਲੀ ਜਾਣਕਾਰੀ ਤੇ ਸਿੱਖਣ ਦੇ ਮੌਕੇ ਮਿਲਣਗੇ। ਉਦਘਾਟਨੀ ਸਮੇਂ ਪ੍ਰਸਿੱਧ ਫੋਟੋਗ੍ਰਾਫਰ ਤੇ ਰਜਨੀਸ਼ ਕਤਿਆਲ ਨੇ ‘ ਬਿਯੌਂਡ ਦਿ ਲਾਈਟ -ਦਿ ਸਾਇੰਸ, ਆਰਟ ਐਂਡ ਇਮੋਸ਼ਨ ਆਫ ਪੋਰਟਰੇਟ ਲਾਈਟਿੰਗ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ। ਇਸ ਦੌਰਾਨ ਰੌਸ਼ਨੀ, ਚਮੜੀ, ਚਿਹਰੇ ਦੇ ਹਾਵ-ਭਾਵ ਅਤੇ ਮਨੋਭਾਵਾਂ ਵਿਚਕਾਰ ਸੰਬੰਧਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ.ਐਸ.ਐਸ ਭਾਮਰਾ, ਡਾ. ਸੁਧੀਰ ਸਕਸੈਨਾ, ਡਾ. ਉਪਨੀਤ ਲੱਲੀ, ਸੰਜੇ ਕੌਸਲ, ਨਵਨੀਤ ਸਕਸੈਨਾ ਤੇ ਹੋਰ। ਸਾਲ 1991 ਤੋਂ ਫ਼ੋਟੋਗਰਾਫੀ ਨੂੰ ਇਕ ਕਲਾ ਵਜੋਂ ਉਤਸ਼ਾਹਿਤ ਕਰ ਰਹੀ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਨੇ ਸਮੂਹ ਕਲਾ ਅਤੇ ਫ਼ੋਟੋਗਰਾਫੀ ਪ੍ਰੇਮੀਆਂ ਨੂੰ 27 ਤੋਂ 29 ਨਵੰਬਰ, 2026 ਤੱਕ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਇਸ ਸ਼ਾਨਦਾਰ ਦ੍ਰਿਸ਼ਮਈ ਸਫ਼ਰ ਦਾ ਆਨੰਦ ਮਾਣਨ ਲਈ ਦਰਸ਼ਕਾਂ ਨੂੰ ਸੱਦਾ ਦਿੱਤਾ ਗਿਆ ਹੈ।