ਐੱਸ. ਏ. ਐੱਸ. ਨਗਰ, 7 ਨਵੰਬਰ (ਕਪਿਲ ਵਧਵਾ)-ਮੁਹਾਲੀ ਦੀ ਵਧੀਕ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਨੇ ਇਰਾਦਾ ਕਤਲ ਦੇ ਮਾਮਲੇ ‘ਚ ਮੁਲਜ਼ਮ ਹਾਕਮ ਸਿੰਘ ਵਲੋਂ ਦਾਇਰ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ਼ ਕਰ ਦਿੱਤਾ ਹੈ। ਅਦਾਲਤ ਨੇ ਮਾਮਲੇ ਦੀ ਗੰਭੀਰਤਾ, ਹਮਲੇ ਦੇ ਤਰੀਕੇ ਤੇ ਸ਼ਿਕਾਇਤਕਰਤਾ ਦੀ 71 ਸਾਲ ਦੀ ਉਮਰ ਨੂੰ ਧਿਆਨ ’ਚ ਰੱਖਦਿਆਂ ਮੁਲਜ਼ਮ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ਿਕਾਇਤਕਰਤਾ ਮਨੇਸ਼ਵਰ ਸਿੰਘ ਅਨੁਸਾਰ ਘਟਨਾ ਸਮੇਂ ਅਰਵਿੰਦਰ ਸਿੰਘ ਕੁਹਾੜੀ, ਹਾਕਮ ਸਿੰਘ ਛੋਟੀ ਤਲਵਾਰ ਤੇ ਬਹਾਦਰ ਸਿੰਘ ਡੰਡਾ ਲੈ ਕੇ 5-6 ਅਣਪਛਾਤੇ ਵਿਅਕਤੀਆਂ ਨਾਲ ਉਥੇ ਪਹੁੰਚੇ ਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗੇ। ਵਿਰੋਧ ਕਰਨ ‘ ਤੇ ਅਰਵਿੰਦਰ ਸਿੰਘ ਨੇ ਉਸ ਦੇ ਸਿਰ ਦੇ ਪਿਛਲੇ ਪਾਸੇ ਕੁਹਾੜੀ ਨਾਲ ਵਾਰ ਕੀਤਾ, ਜਦਕਿ ਹਾਕਮ ਸਿੰਘ ਵਲੋਂ ਛਾਤੀ ‘ਤੇ ਤਲਵਾਰ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਚਾਅ ਦੌਰਾਨ ਤਲਵਾਰ ਉਸ ਦੇ ਖੱਬੇ ਗੁੱਟ ‘ਤੇ ਲੱਗੀ। ਇਸ ਤੋਂ ਇਲਾਵਾ ਬਹਾਦਰ ਸਿੰਘ ਤੇ ਹੋਰਨਾਂ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਫ਼ਰਾਰ ਹੋਣ ਮੌਕੇ ਸ਼ਿਕਾਇਤਕਰਤਾ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਡੇਰਾਬੱਸੀ ਦੀ ਪੁਲਿਸ ਨੇ 28 ਅਕਤੂਬਰ ਨੂੰ ਬੀ. ਐੱਨ. ਐੱਸ. ਦੀ ਧਾਰਾ 109, 115 (2), 126 (2), 324 (4), 351 (2), 191 (3), 190 ਤਹਿਤ ਐਫ. ਆਈ. ਆਰ. ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਅਦਾਲਤੀ ਰਿਕਾਰਡ ਅਨੁਸਾਰ ਦੋਵਾਂ ਧਿਰਾਂ ਵਿਚਕਾਰ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਇਸੇ ਝਗੜੇ ਦੌਰਾਨ ਦੋਵਾਂ ਪਾਸਿਆਂ ਦੇ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਸਨ। ਸ਼ਿਕਾਇਤਕਰਤਾ ਧਿਰ ਖ਼ਿਲਾਫ਼ ਵੀ ਮੁਲਜ਼ਮਾਂ ਵਲੋਂ ਡੀ. ਡੀ. ਆਰ. ਦਰਜ ਕਰਵਾਈ ਗਈ ਸੀ। ਮੈਡੀਕਲ ਜਾਂਚ ਦੌਰਾਨ ਸ਼ਿਕਾਇਤਕਰਤਾ ਦੇ ਸਰੀਰ ‘ਤੇ ਚਾਰ ਸੱਟਾਂ ਪਾਈਆਂ ਗਈਆਂ, ਜਿਨ੍ਹਾਂ ’ਚ ਖੱਬੇ ਮੋਢੇ ਦੀ ਸੱਟ ਗੰਭੀਰ ਕਰਾਰ ਦਿੱਤੀ ਗਈ। ਸਿਟੀ ਸਕੈਨ ਵਿਚ ਮੋਢੇ ਦੀ ਹੱਡੀ (ਸਕੈਪੁਲਾ) ਟੁੱਟਣ ਅਤੇ ਆਲੇ-ਦੁਆਲੇ ਸੋਜ ਤੇ ਖ਼ੂਨ ਜਮ੍ਹਾਂ ਹੋਣ ਦੀ ਪੁਸ਼ਟੀ ਹੋਈ ਸੀ। ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਨੂੰ ਝੂਠਾ ਫਸਾਇਆ ਗਿਆ ਹੈ ਅਤੇ ਉਸ ਦੀ ਹਿਰਾਸਤ ਵਿਚ ਪੁੱਛਗਿੱਛ ਦੀ ਲੋੜ ਨਹੀਂ ਹੈ। ਓਧਰ ਸਰਕਾਰੀ ਵਕੀਲ ਤੇ ਸ਼ਿਕਾਇਤਕਰਤਾ ਦੇ ਵਕੀਲ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਜ਼ਮ ਜਾਂਚ ਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਦਾਲਤ ਨੇ ਕਿਹਾ ਕਿ 71 ਸਾਲਾ ਬਜ਼ੁਰਗ ‘ਤੇ ਸਮੂਹਿਕ ਤੌਰ ‘ਤੇ ਹਮਲਾ ਕਰਨ ਦੇ ਦੋਸ਼ ਅਤੇ ਸੱਟਾਂ ਦੀ ਗੰਭੀਰਤਾ ਨੂੰ ਦੇਖਦਿਆਂ ਅਗਾਊਂ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ। ਇਸ ਤੋਂ ਬਾਅਦ ਅਦਾਲਤ ਨੇ ਹਾਕਮ ਸਿੰਘ ਦੀ ਜ਼ਮਾਨਤ ਅਰਜ਼ੀ ਖਾਰਜ਼ ਕਰ ਦਿੱਤੀ। ਇਸ ਮਾਮਲੇ ‘ਚ ਮੁਲਜ਼ਮ ਅਰਵਿੰਦਰ ਸਿੰਘ ਤੇ ਬਹਾਦਰ ਸਿੰਘ ਦੀਆਂ ਜ਼ਮਾਨਤ ਅਰਜ਼ੀਆਂ ਅਜੇ ਵਿਚਾਰ ਅਧੀਨ ਹਨ।