ਧਨੌਨੀ ਅਨਾਜ ਮੰਡੀ ਦੇ ਵਿਸਥਾਰ ਲਈ ਅਹਿਮ ਫ਼ੈਸਲਾ , ਸ਼ੈੱਡ ਬਣਾਉਣ ਦਾ ਮਤਾ ਸਰਬਸੰਮਤੀ ਨਾਲ ਪਾਸ ਨਗਰ ਕੌਂਸਲ ਦੀ ਜ਼ਮੀਨ ’ਤੇ ਬਣਾਈ ਜਾਵੇਗੀ ਸ਼ੈੱਡ, ਕਿਸਾਨਾਂ ਤੇ ਆੜ੍ਹਤੀਆਂ ਨੂੰ ਮਿਲੇਗੀ ਸਹੂਲਤ
ਡੇਰਾਬੱਸੀ, 15 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਨਗਰ ਕੌਂਸਲ ਦੀ ਮਾਸਿਕ ਹਾਊਸ ਮੀਟਿੰਗ ਵਿਚ ਧਨੌਨੀ ਅਨਾਜ ਮੰਡੀ ਦੇ ਵਿਸਥਾਰ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਗਿਆ। ਮੀਟਿੰਗ ਦੌਰਾਨ ਮੰਡੀ ਦੇ ਨਾਲ ਲੱਗਦੀ ਨਗਰ ਕੌਂਸਲ ਦੀ ਜ਼ਮੀਨ ’ਤੇ ਸ਼ੈੱਡ ਬਣਾਉਣ ਦੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ।
ਡੇਰਾਬੱਸੀ, 15 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਨਗਰ ਕੌਂਸਲ ਦੀ ਮਾਸਿਕ ਹਾਊਸ ਮੀਟਿੰਗ ਵਿਚ ਧਨੌਨੀ ਅਨਾਜ ਮੰਡੀ ਦੇ ਵਿਸਥਾਰ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਗਿਆ। ਮੀਟਿੰਗ ਦੌਰਾਨ ਮੰਡੀ ਦੇ ਨਾਲ ਲੱਗਦੀ ਨਗਰ ਕੌਂਸਲ ਦੀ ਜ਼ਮੀਨ ’ਤੇ ਸ਼ੈੱਡ ਬਣਾਉਣ ਦੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਫ਼ੈਸਲੇ ਨੂੰ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਸਹੂਲਤਾਂ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਅਤੇ ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਕੌਂਸਲ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੰਡੀ ਦੇ ਵਿਸਥਾਰ ਲਈ ਨਗਰ ਕੌਂਸਲ ਦੀ ਜ਼ਮੀਨ ਦੀ ਵਰਤੋਂ ਕਰਕੇ ਸ਼ੈੱਡ ਬਣਾਉਣ ਦੇ ਫ਼ੈਸਲੇ ਨਾਲ ਫ਼ਸਲਾਂ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਹੋਰ ਸਹੂਲਤਾਂ ਮਿਲਣ ਦੀ ਉਮੀਦ ਹੈ। ਮੀਟਿੰਗ ਵਿਚ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡਾਂ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਦੇ ਮੁੱਦੇ ਵੀ ਉਠਾਏ। ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਮੁਲਾਜ਼ਮਾਂ ਨਾਲ ਸੰਬੰਧਿਤ ਮਾਮਲਿਆਂ ’ਤੇ ਵੀ ਚਰਚਾ ਹੋਈ। ਮੀਟਿੰਗ ਦੌਰਾਨ ਕਈ ਅਹਿਮ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਧਨੌਨੀ ਅਨਾਜ ਮੰਡੀ ਦੇ ਵਿਸਥਾਰ ਸੰਬੰਧੀ ਲਿਆ ਗਿਆ ਫ਼ੈਸਲਾ ਮੀਟਿੰਗ ਦਾ ਮੁੱਖ ਮੁੱਦਾ ਰਿਹਾ। ਦੱਸਣਯੋਗ ਹੈ ਕਿ ਹੈ ਡੇਰਾਬੱਸੀ ਦੇ ਪਿੰਡ ਧਨੋਨੀ, ਅਮਲਾਲਾ, ਸਮਗੋਲੀ ਦੀ ਤਿੰਨੇ ਮੰਡੀਆਂ ਵਿਚ ਸ਼ੈੱਡ ਦੀ ਕਮੀ ਹੈ ਮੀਂਹ ਪੈਣ ਤੇ ਫ਼ਸਲ ਭਿੱਜਦੀ ਰਹਿੰਦੀ ਹੈ ਇਹ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਚਲੀ ਆ ਰਹੀ ਹੈ। ਇਨ੍ਹਾਂ ਹੀ ਨਹੀਂ ਮੰਡੀਆਂ ਦੇ ਫੜ ਵੀ ਕੱਚੇ ਹਨ ਅਮਲਾਲਾ ਅਤੇ ਸਮਗੋਲੀ ਦੀ ਮੰਡੀ ਵਿਚ ਤਾਂ ਚਾਰਦੀਵਾਰੀ ਦੀ ਵੀ ਸੁਵਿਧਾ ਨਹੀਂ ਹੈ। ਇਨ੍ਹਾਂ ਸਹੂਲਤਾਂ ਦੀ ਘਾਟ ਕਾਰਨ ਮੰਡੀਆਂ ਵਿਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।