ਡੇਰਾਬੱਸੀ ਸਥਿਤ ਘੱਗਰ ਕੁਸ਼ਟ ਆਸ਼ਰਮ ਪੁੱਜੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮੌਨੀਟਰ
ਡੇਰਾਬੱਸੀ, 29 ਅਗਸਤ (ਰਣਬੀਰ ਸਿੰਘ ਪੜ੍ਹੀ)-ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮੌਨੀਟਰ ਡਾ. ਪ੍ਰਦੀਪਤਾ ਕੁਮਾਰ ਨਾਇਕ ਵਲੋਂ ਅੱਜ ਡੇਰਾਬੱਸੀ ਨੇੜੇ ਸਥਿਤ ਘੱਗਰ ਕੁਸ਼ਟ ਆਸ਼ਰਮ ਦਾ ਦੌਰਾ ਕਰਕੇ ਇਥੇ ਰਹਿ ਰਹੇ ਕੁਸ਼ਟ ਰੋਗ ਤੋਂ ਪੀੜਤ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਗਈ।
ਡੇਰਾਬੱਸੀ, 29 ਅਗਸਤ (ਰਣਬੀਰ ਸਿੰਘ ਪੜ੍ਹੀ)-ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮੌਨੀਟਰ ਡਾ. ਪ੍ਰਦੀਪਤਾ ਕੁਮਾਰ ਨਾਇਕ ਵਲੋਂ ਅੱਜ ਡੇਰਾਬੱਸੀ ਨੇੜੇ ਸਥਿਤ ਘੱਗਰ ਕੁਸ਼ਟ ਆਸ਼ਰਮ ਦਾ ਦੌਰਾ ਕਰਕੇ ਇਥੇ ਰਹਿ ਰਹੇ ਕੁਸ਼ਟ ਰੋਗ ਤੋਂ ਪੀੜਤ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਰੋਗੀਆਂ ਦੀਆਂ ਮੁਸ਼ਕਿਲਾਂ, ਲੋੜਾਂ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਤੇ ਹੋਰ ਬੁਨਿਆਦੀ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਡਾ. ਨਾਇਕ ਨੇ ਆਸ਼ਰਮ ਵਾਸੀਆਂ ਨਾਲ ਗੱਲਬਾਤ ਕਰਦਿਆਂ ਦਵਾਈਆਂ, ਇਲਾਜ, ਸਿਹਤ ਸਹੂਲਤਾਂ, ਰਹਿਣ-ਸਹਿਣ ਅਤੇ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਜਾਣਕਾਰ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਤੋਂ ਪੀੜਤ ਵਿਅਕਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਅਤੇ ਉਨ੍ਹਾਂ ਨੂੰ ਸਮਾਜ ‘ਚ ਬਰਾਬਰੀ ਦੇ ਮੌਕੇ ਮੁਹੱਈਆ ਕਰਵਾਉਣਾ ਸਰਕਾਰ ਤੇ ਪ੍ਰਸ਼ਾਸਨ ਦੀ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੁਸ਼ਟ ਰੋਗੀਆਂ ਨੂੰ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਕੋਈ ਵੀ ਯੋਗ ਵਿਅਕਤੀ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹੇ ‘ਚ ਕੁਸ਼ਟ ਰੋਗ ਦੀ ਜਲਦ ਪਛਾਣ, ਜਾਂਚ, ਇਲਾਜ ਅਤੇ ਰੋਕਥਾਮ ਸੰਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸੇ ਦੌਰਾਨ ਡਾ. ਨਾਇਕ ਨੇ ਸਿਹਤ ਅਧਿਕਾਰੀਆਂ ਨੂੰ ਰੋਗੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੂੰ ਲੋੜੀਂਦੀਆਂ ਸਿਹਤ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਗਿਰੀਸ਼ ਡੋਗਰਾ, ਐਸ. ਐਮ. ਓ. ਡਾ. ਧਰਮਿੰਦਰ ਸਿੰਘ ਅਤੇ ਡਾ. ਜੈਅੰਤੀ ਬੱਤਰਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।