ਸਰਾਫਾ ਬਾਜ਼ਾਰ ’ਚ ਚੋਰਾਂ ਨੇ 27 ਮਿੰਟਾਂ ’ਚ 12-15 ਲੱਖ ਦੇ ਗਹਿਣੇ ਕੀਤੇ ਚੋਰੀ
ਖਰੜ, 12 ਨਵੰਬਰ (ਤਰਸੇਮ ਸਿੰਘ ਜੰਡਪੁਰੀ)-ਖਰੜ ਦੇ ਸਰਾਫਾ ਬਾਜ਼ਾਰ ਸਥਿਤ ਇਕ ਦੁਕਾਨ ‘ਚੋਂ ਚੋਰਾਂ ਨੇ ਤੜਕੇ 27 ਮਿੰਟਾਂ ‘ਚ 12 ਤੋਂ 15 ਲੱਖ ਰੁ. ਦੇ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਭਾਂਡੇ ਚੋਰੀ ਕਰ ਲਏ।
ਪ
ਪੀੜਤ ਦੁਕਾਨਦਾਰ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ।
13-11-2026
ਖਰੜ, 12 ਨਵੰਬਰ (ਤਰਸੇਮ ਸਿੰਘ ਜੰਡਪੁਰੀ)-ਖਰੜ ਦੇ ਸਰਾਫਾ ਬਾਜ਼ਾਰ ਸਥਿਤ ਇਕ ਦੁਕਾਨ ‘ਚੋਂ ਚੋਰਾਂ ਨੇ ਤੜਕੇ 27 ਮਿੰਟਾਂ ‘ਚ 12 ਤੋਂ 15 ਲੱਖ ਰੁ. ਦੇ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਭਾਂਡੇ ਚੋਰੀ ਕਰ ਲਏ। ਇਸ ਸੰਬੰਧੀ ਪੀੜਤ ਦੁਕਾਨਦਾਰ ਕਮਲਦੀਪ ਕਰਵਲ ਨੇ ਦੱਸਿਆ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨੇ ਨੰਬਰ ਪਲੇਟ ‘ਤੇ ਮਿੱਟੀ ਲਗਾਈ ਹੋਈ ਸੀ। ਉਨ੍ਹਾਂ ਨੇ ਸੱਬਲ ਦੇ ਨਾਲ ਦੁਕਾਨ ਦੇ ਸ਼ਟਰ ਤੋੜ ਕੇ ਅੰਦਰ ਪਈਆਂ ਅਲਮਾਰੀਆਂ ‘ਚੋਂ ਸੋਨੇ-ਚਾਂਦੀ ਦੇ ਗਹਿਣੇ ਤੇ ਚਾਂਦੀ ਦੇ ਭਾਂਡੇ ਚੋਰੀ ਕਰ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਮੁਤਾਬਿਕ ਚੋਰਾਂ ਨੇ ਸਰੀਰ ‘ਤੇ ਕੰਬਲ ਲਪੇਟੇ ਹੋਏ ਸਨ, ਪਰ ਉਨ੍ਹਾਂ ਦੀਆਂ ਸ਼ਕਲਾਂ ਪਛਾਣ ਹੋ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਮਾਮਲੇ ਦੀ ਜਾਂਚ ਕਰਕੇ ਉਸ ਨੂੰ ਇਨਸਾਫ਼ ਦਿਵਾਏ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪੀੜਤ ਦੁਕਾਨਦਾਰ ਕਮਲਦੀਪ ਕਰਵਲ ਨਾਲ ਮੁਲਾਕਾਤ ਕਰਕੇ ਹਮਦਰਦੀ ਜ਼ਾਹਿਰ ਕਰਦਿਆਂ ਉਨ੍ਹਾਂ ਕੋਲੋਂ ਘਟਨਾ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਜੀਤੀ ਪਡਿਆਲਾ ਨੇ ਕਿਹਾ ਕਿ ਖਰੜ ਦੇ ਸਰਾਫ਼ਾ ਬਾਜ਼ਾਰ ਵਰਗੇ ਮਹੱਤਵਪੂਰਨ ਵਪਾਰਕ ਇਲਾਕੇ ‘ਚ ਇਸ ਤਰ੍ਹਾਂ ਵਾਰਦਾਤ ਹੋਣਾ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਵਪਾਰੀ ਆਪਣੀ ਮਿਹਨਤ ਨਾਲ ਕਾਰੋਬਾਰ ਚਲਾਉਂਦੇ ਹਨ ਤੇ ਅਜਿਹੀਆਂ ਘਟਨਾਵਾਂ ਉਨ੍ਹਾਂ ਦੀ ਆਰਥਿਕ ਸੁਰੱਖਿਆ ਦੇ ਨਾਲ-ਨਾਲ ਮਨੋਬਲ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਵਪਾਰਕ ਇਲਾਕਿਆਂ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਬਾਜ਼ਾਰਾਂ ‘ਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ, ਚੌਕੀਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖੀ ਜਾਵੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀ ਇਸ ਘਟਨਾ ਦੀ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਜਾਵੇ। ਅੰਤ ‘ਚ ਜੀਤੀ ਪਡਿਆਲਾ ਨੇ ਪੀੜਤ ਦੁਕਾਨਦਾਰ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ‘ਚ ਲਿਆਉਣਗੇ ਤੇ ਵਪਾਰੀਆਂ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਲਗਾਤਾਰ ਉਠਾਉਂਦੇ ਰਹਿਣਗੇ। ਇਸ ਮੌਕੇ ਵਰਿੰਦਰ ਭਾਮਾ ਤੇ ਪਰਵਿੰਦਰ ਸਿੰਘ ਸੈਣੀ ਵੀ ਹਾਜ਼ਰ ਸਨ।