ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਦਿੱਲੀ ਦੇ ਹਵਾ ਪ੍ਰਦੂਸ਼ਣ ’ਚ ਦੀਵਾਲੀ ਤੋਂ ਬਾਅਦ ਸੋਮਵਾਰ ਨੂੰ ਪਟਾਕਿਆਂ ਦਾ ਸਭ ਤੋਂ ਵੱਧ 71.1 ਫ਼ੀਸਦੀ ਤੇ ਮੰਗਲਵਾਰ ਨੂੰ 29.8 ਫ਼ੀਸਦੀ ਯੋਗਦਾਨ ਰਿਹਾ। ਭਾਰਤੀ ਖੰਡੀ ਮੌਸਮ ਵਿਗਿਆਨ ਸੰਸਥਾ (ਆਈ.ਆਈ.ਟੀ.ਐੱਮ.) ਦੇ ਮਾਡਲਾਂ ਵਲੋਂ ਜਾਰੀ ਸਰੋਤ-ਆਧਾਰਿਤ ਅਨੁਮਾਨਾਂ ’ਚ ਇਹ ਗੱਲ ਸਾਹਮਣੇ ਆਈ ਹੈ। ਅਨੁਮਾਨਾਂ ਅਨੁਸਾਰ ਸੋਮਵਾਰ ਨੂੰ ਵਾਹਨਾਂ ਦੇ ਧੂੰਏਂ ਦੇ ਪ੍ਰਦੂਸ਼ਣ ’ਚ 6.9 ਫ਼ੀਸਦੀ, ਸੈਕੰਡਰੀ ਅਕਾਰਬਨਿਕ ਐਰੋਸੋਲ ਦਾ 5 ਫ਼ੀਸਦੀ ਤੇ ਜੈਵਿਕ ਐਰੋਸੋਲ ਦਾ 4.5 ਫ਼ੀਸਦੀ ਯੋਗਦਾਨ ਰਿਹਾ। ਮੰਗਲਵਾਰ ਨੂੰ ਪਟਾਕਿਆਂ ਦਾ ਪ੍ਰਭਾਵ ਘਟਣ ਦੇ ਬਾਵਜੂਦ ਉਹ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਬਣੇ ਰਹੇ। ਇਸ ਦਿਨ ਜੈਵਿਕ ਐਰੋਸੋਲ 17.5 ਫ਼ੀਸਦੀ, ਵਾਹਨਾਂ ਦਾ ਧੂੰਆਂ ਤੇ ਅਕਾਰਬਨਿਕ ਐਰੋਸੋਲ 11.7-11.7 ਫ਼ੀਸਦੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਰਹੇ। ਲੱਕੜ ਸਾੜਨ ਨਾਲ 10.7 ਫ਼ੀਸਦੀ ਤੇ ਕੂੜਾ ਸਾੜਨ ਨਾਲ 7.7 ਫ਼ੀਸਦੀ ਪ੍ਰਦੂਸ਼ਣ ਹੋਇਆ। ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ਮੰਗਲਵਾਰ ਨੂੰ ਮਾਮੂਲੀ ਸੁਧਾਰ ਨਾਲ 299 ਦਰਜ ਕੀਤਾ ਗਿਆ ਸੀ, ਜੋ ਖ਼ਰਾਬ ਸ਼੍ਰੇਣੀ ’ਚ ਆਉਂਦਾ ਹੈ। ਹਾਲਾਂਕਿ ਬੁੱਧਵਾਰ ਨੂੰ ਹਵਾ ਦੀ ਗੁਣਵੱਤਾ ਮੁੜ ਵਿਗੜ ਗਈ ਤੇ ਏ.ਕਿਊ.ਆਈ. ਵਧ ਕੇ 312 ਹੋ ਗਿਆ, ਜਿਸ ਨਾਲ ਇਹ ਬੇਹੱਦ ਖ਼ਰਾਬ ਸ਼੍ਰੇਣੀ ’ਚ ਪਹੁੰਚ ਗਿਆ।
ਦਿੱਲੀ ਦੇ ਪ੍ਰਦੂਸ਼ਣ ਲਈ ਪਟਾਕੇ ਸਭ ਤੋਂ ਵੱਡਾ ਕਾਰਨ
ਦਿੱਲੀ ਦੇ ਪ੍ਰਦੂਸ਼ਣ ਲਈ ਪਟਾਕੇ ਸਭ ਤੋਂ ਵੱਡਾ ਕਾਰਨ
ਅਜੀਤ ਡੈਸਕ
12-11-2026