ਬੱਸ ਫਲਾਈਓਵਰ ਨਾਲ ਵੱਜਣ ਉਪਰੰਤ ਖੇਤਾਂ ’ਚ ਡਿਗੀ
ਸੰਗਰੂਰ, 11 ਨਵੰਬਰ (ਅਮਨਦੀਪ ਸਿੰਘ ਬਿੱਟਾ)- ਚੰਡੀਗੜ੍ਹ ਮਾਰਗ ’ਤੇ ਸਥਿਤ ਫਲਾਈਓਵਰ ਨੇੜੇ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 26 ਹੋਰ ਜ਼ਖ਼ਮੀ ਹੋ ਗਏ । ਹਾਦਸਾ ਸਵੇਰੇ ਪੰਜ ਵਜੇ ਤੋਂ ਬਾਅਦ ਉਸ ਸਮੇਂ ਵਾਪਰਿਆ ਜਦੋਂ ਧੂਰੀ ਤੋਂ ਚੰਡੀਗੜ੍ਹ ਜਾ ਰਹੀ ਪੀ.ਆਰ.ਟੀ.ਸੀ. ਦੀ ਬੱਸ ਫਲਾਈਓਵਰ ਨਾਲ ਟਕਰਾਉਣ ਤੋਂ ਬਾਅਦ ਸੜਕ ਤੋਂ ਹੇਠਾਂ ਖਤਾਨਾਂ ਵਿਚ ਜਾ ਡਿੱਗੀ । ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਿਵਲ ਹਸਪਤਾਲ ਦੀਆਂ ਐਂਬੂਲੈਂਸਾਂ ਤੇ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਦੀ ਟੀਮ ਮੌਕੇ ’ਤੇ ਪਹੁੰਚ ਗਈ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ । ਹਾਦਸੇ ਵਿਚ ਜ਼ਖ਼ਮੀ ਹੋਏ 26 ਵਿਅਕਤੀਆਂ ਵਿਚੋਂ 10 ਨੂੰ ਵੱਖ-ਵੱਖ ਹਸਪਤਾਲਾਂ ਵਿਚ ਰੈਫਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਮ੍ਰਿਤਕਾਂ ਦੀ ਪਛਾਣ ਰਾਜਵਿੰਦਰ ਕੌਰ (30) ਵਾਸੀ ਫਤਹਿਗੜ੍ਹ ਛੰਨਾ, ਨਰਿੰਦਰ ਕੌਰ ਵਾਸੀ ਧੂਰੀ ਤੇ ਮਨਜੀਤ ਸਿੰਘ ਵਾਸੀ ਥਲੇਸਾ ਵਜੋਂ ਹੋਈ ਹੈ। ਘਟਨਾ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਸਬ-ਇੰਸਪੈਕਟਰ ਮੇਹਰ ਸਿੰਘ ਅਨੁਸਾਰ ਜ਼ਖ਼ਮੀਆਂ ਦੇ ਬਿਆਨਾਂ ਤੋਂ ਸਾਹਮਣੇ ਆਇਆ ਹੈ ਕਿ ਬੱਸ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ । ਪੁਲਿਸ ਨੇ ਜ਼ਖ਼ਮੀ ਵਿਨੇ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਚੰਦਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਮੁਤਾਬਕ ਬੱਸ ਦਾ ਧੂਰੀ ਤੋਂ ਸਵੇਰੇ 4.20 ਵਜੇ ਚੱਲਣ ਅਤੇ ਸੰਗਰੂਰ ਬੱਸ ਅੱਡੇ ’ਤੇ 4.50 ਵਜੇ ਪਹੁੰਚਣ ਦਾ ਸਮਾਂ ਨਿਰਧਾਰਤ ਸੀ, ਪਰ ਬੱਸ ਦੇਰੀ ਨਾਲ ਚੱਲੀ ਸੀ । ਇਸ ਕਾਰਨ ਚਾਲਕ ਵਲੋਂ ਤੇਜ਼ ਰਫ਼ਤਾਰ ਨਾਲ ਬੱਸ ਚਲਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬੱਸ ਚਾਲਕ ਚੰਦਨਦੀਪ ਸਿੰਘ ਦੀ ਹਾਲਤ ਵੀ ਗੰਭੀਰ ਹੈ ਤੇ ਉਸ ਨੂੰ ਇਲਾਜ ਲਈ ਪਟਿਆਲਾ ਰੈਫਰ ਕੀਤਾ ਗਿਆ ਹੈ । ਮ੍ਰਿਤਕ ਰਾਜਵਿੰਦਰ ਕੌਰ ਆਪਣੇ ਬੱਚੇ ਅਵੀਜੋਤ ਨੂੰ ਕੈਂਸਰ ਦੀ ਦਵਾਈ ਦਿਵਾਉਣ ਲਈ ਚੰਡੀਗੜ੍ਹ ਜਾ ਰਹੀ ਸੀ । ਉਸ ਦੀ ਭੈਣ ਹਰਜੀਤ ਕੌਰ ਨੇ ਦੱਸਿਆ ਕਿ ਇਸ ਹਾਦਸੇ ਵਿਚ ਰਾਜਵਿੰਦਰ ਦੀ ਮੌਤ ਹੋ ਗਈ, ਜਦਕਿ ਉਸ ਦਾ ਬੱਚਾ ਜ਼ਖ਼ਮੀ ਹੈ । ਨਰਿੰਦਰ ਕੌਰ ਚੰਡੀਗੜ੍ਹ ਵਿਖੇ ਮਰੀਜ਼ ਦੀ ਦੇਖਭਾਲ ਕਰਨ ਦੇ ਕੰਮ ਲਈ ਜਾ ਰਹੀ ਸੀ । ਇਸੇ ਤਰ੍ਹਾਂ ਮਨਜੀਤ ਸਿੰਘ, ਜੋ ਖ਼ੁਦ ਪ੍ਰਾਈਵੇਟ ਬੱਸ ਚਾਲਕ ਸੀ, ਕਿਸੇ ਕੰਮ ਲਈ ਪਟਿਆਲਾ ਜਾ ਰਿਹਾ ਸੀ।