11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

34 ਸਾਲ ਪਹਿਲਾਂ ਨਾਮੀ ਟਰਾਂਸਪੋਰਟਰ ਨੂੰ ਅਗਵਾ ਕਰਨ ਦੇ ਮਾਮਲੇ ’ਚ ਸਾਬਕਾ ਐੱਸ. ਐੱਸ. ਪੀ. ਦੋਸ਼ੀ ਕਰਾਰ

34 ਸਾਲ ਪਹਿਲਾਂ ਨਾਮੀ ਟਰਾਂਸਪੋਰਟਰ ਨੂੰ ਅਗਵਾ ਕਰਨ ਦੇ ਮਾਮਲੇ ’ਚ ਸਾਬਕਾ ਐੱਸ. ਐੱਸ. ਪੀ. ਦੋਸ਼ੀ ਕਰਾਰ

Ad Position 21
No active advertisement
ਅਜੀਤ ਡੈਸਕ 12-11-2026

ਸੀ. ਬੀ. ਆਈ. ਅਦਾਲਤ ਅੱਜ ਸੁਣਾਏਗੀ ਸਜ਼ਾ

ਐੱਸ. ਏ. ਐੱਸ. ਨਗਰ, 11 ਨਵੰਬਰ (ਕਪਿਲ ਵਧਵਾ)-ਫਰਜ਼ੀ ਪੁਲਿਸ ਮੁਕਾਬਲਿਆਂ ਦੇ ਦੌਰ ਦੌਰਾਨ ਸਾਲ 1992 ’ਚ ਪੁਲਿਸ ਵਲੋਂ ਅਗਵਾ ਕੀਤੇ ਗਏ ਨਾਮੀ ਟਰਾਂਸਪੋਰਟਰ ਦੇ ਮਾਮਲੇ ’ਚ ਸਾਬਕਾ ਐੱਸ. ਐੱਸ. ਪੀ. ਗੁਰਮੀਤ ਸਿੰਘ ਰੰਧਾਵਾ ਨੂੰ ਅੱਜ ਸੀ. ਬੀ. ਆਈ. ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਨਾਲ ਹੀ ਜੱਜ ਯੁਕਤੀ ਗੋਇਲ ਦੀ ਅਦਾਲਤ ਨੇ ਤਤਕਾਲੀ ਕਾਂਸਟੇਬਲ ਪਰਮਿੰਦਰਜੀਤ ਸਿੰਘ ਉਰਫ਼ ਬੱਬੂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਹੈ, ਜਦਕਿ ਦੋਸ਼ੀ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਵੇਰਵਿਆਂ ਅਨੁਸਾਰ ਕਰੀਬ 34 ਸਾਲ ਪਹਿਲਾਂ 25 ਨਵੰਬਰ 1992 ਨੂੰ ਤਰਨ ਤਾਰਨ ਤੋਂ ਆਈ ਇਕ ਪੁਲਿਸ ਪਾਰਟੀ ਵਲੋਂ ਉਸ ਸਮੇਂ ਦੇ ਨਾਮੀ ਟਰਾਂਸਪੋਰਟਰ ਅਮਰੀਕ ਸਿੰਘ ਸ਼ੱਕਰੀ ਨੂੰ ਲੁਧਿਆਣਾ ਦੇ ਅਮਲਤਾਸ਼ ਹੋਟਲ ਤੋਂ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਇਹ ਖ਼ਬਰ ਸਿਆਸੀ ਅਤੇ ਅਫ਼ਸਰਸ਼ਾਹੀ ਜਗਤ ਵਿਚ ਅੱਗ ਦੀ ਤਰ੍ਹਾਂ ਫੈਲ ਗਈ। ਪਰਿਵਾਰ ਵਲੋਂ ਅਮਰੀਕ ਸਿੰਘ ਨੂੰ ਸਹੀ ਸਲਾਮਤ ਬਰਾਮਦ ਕਰਨ ਲਈ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਤੱਕ ਵੀ ਪਹੁੰਚ ਕੀਤੀ ਗਈ ਸੀ, ਪਰ ਪਰਿਵਾਰ ਦੇ ਹੱਥ ਕੁਝ ਨਹੀਂ ਲੱਗਾ। ਇਸ ਤੋਂ ਬਾਅਦ 1996 ’ਚ ਅਮਰੀਕ ਸਿੰਘ ਦੀ ਪਤਨੀ ਵਲੋਂ ਸੁਪਰੀਮ ਕੋਰਟ ’ਚ ਹੈਬੀਅਸ ਕੋਰਪਸ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਤੇ ਸਰਬਉੱਚ ਅਦਾਲਤ ਨੇ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਸੀ। ਸਾਲ 2000 ਵਿਚ ਸੀ. ਬੀ. ਆਈ. ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤੇ ਅਗਲੇ ਹੀ ਸਾਲ ਸੀ. ਬੀ. ਆਈ. ਨੇ ਤਤਕਾਲੀ ਡੀ. ਐੱਸ. ਪੀ. (ਡੀ) ਤਰਨ ਤਾਰਨ ਗੁਰਮੀਤ ਸਿੰਘ ਰੰਧਾਵਾ (ਸੇਵਾਮੁਕਤ ਐੱਸ. ਐੱਸ. ਪੀ.), ਤਤਕਾਲੀ ਥਾਣਾ ਖਾਲੜਾ ਦੇ ਮੁਖੀ ਇੰਸਪੈਕਟਰ ਸੂਬਾ ਸਿੰਘ (ਮ੍ਰਿਤਕ), ਤਤਕਾਲੀ ਐੱਸ. ਆਈ. ਸੁਰਿੰਦਰ ਸਿੰਘ (ਮ੍ਰਿਤਕ) ਤੇ ਤਤਕਾਲੀ ਏ. ਐੱਸ. ਆਈ. ਜਸਵੰਤ ਸਿੰਘ ਤੇ ਤਤਕਾਲੀ ਪਰਮਿੰਦਰਜੀਤ ਸਿੰਘ ਉਰਫ ਬੱਬੂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਕਤ ਚਾਰਜਸ਼ੀਟ ’ਚ ਮੁੱਖ ਸਾਜਿਸ਼ਕਰਤਾ ਵਜੋਂ ਤਤਕਾਲੀ ਐੱਸ. ਐੱਸ. ਪੀ. ਅਜੀਤ ਸਿੰਘ ਸੰਧੂ ਦਾ ਨਾਂਅ ਦਰਜ ਹੈ। ਫਰਜ਼ੀ ਪੁਲਿਸ ਮੁਕਾਬਲਿਆਂ ਦੀ ਸੁਣਵਾਈ ‘ਤੇ ਅਸਥਾਈ ਰੋਕ ਲੱਗਣ ਕਾਰਨ ਇਸ ਮਾਮਲੇ ਦੀ ਸੁਣਵਾਈ ਵਿਸ਼ੇਸ਼ ਜੱਜ ਸੀ. ਬੀ. ਆਈ. ਮੁਹਾਲੀ ਦੀ ਅਦਾਲਤ ਵਿਖੇ ਕਈ ਸਾਲਾਂ ਬਾਅਦ ਸ਼ੁਰੂ ਹੋਈ। ਸੁਣਵਾਈ ਦੌਰਾਨ ਪੀੜਤ ਧਿਰ ਵਲੋਂ ਵਕੀਲ ਸਰਬਜੀਤ ਸਿੰਘ ਵੇਰਕਾ ਤੇ ਪੁਸ਼ਪਿੰਦਰ ਸਿੰਘ ਨੱਤ ਨੇ ਪੈਰਵਾਈ ਕੀਤੀ ਜਦਕਿ ਸੀ. ਬੀ. ਆਈ. ਤਰਫੋਂ ਪਬਲਿਕ ਪ੍ਰੋਸੀਕਿਊਟਰ ਜੈ ਹਿੰਦ ਪਟੇਲ ਨੇ ਮਾਮਲੇ ਦੀ ਅਗਵਾਈ ਕੀਤੀ। ਇਸ ਮਾਮਲੇ ’ਚ ਸੀ. ਬੀ. ਆਈ. ਨੇ 47 ਗਵਾਹਾਂ ਦਾ ਹਵਾਲਾ ਦਿੱਤਾ ਸੀ, ਪਰ 16 ਗਵਾਹ ਹੀ ਭੁਗਤ ਸਕੇ। ਨਾਲ ਹੀ ਕਰੀਬ ਇਕ ਦਹਾਕੇ ਪਹਿਲਾਂ ਐੱਸ. ਆਈ. ਸੁਰਿੰਦਰ ਸਿੰਘ ਤੇ ਏ. ਐੱਸ. ਆਈ. ਜਸਵੰਤ ਸਿੰਘ ਦੀ ਮੌਤ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਰੋਕ ਦਿੱਤੀ ਗਈ। ਅੱਜ ਯੁਕਤੀ ਗੋਇਲ ਦੀ ਅਦਾਲਤ ਨੇ ਅਗਾਊਂ ਜ਼ਮਾਨਤ ‘ਤੇ ਚੱਲ ਰਹੇ ਸਾਬਕਾ ਐੱਸ. ਐੱਸ. ਪੀ. ਗੁਰਮੀਤ ਸਿੰਘ ਰੰਧਾਵਾ ਨੂੰ ਦੋਸ਼ੀ ਠਹਿਰਾਉਂਦਿਆ ਹਿਰਾਸਤ ਵਿਚ ਲੈਣ ਦੇ ਹੁਕਮ ਸੁਣਾਏ ਤੇ ਪਰਮਿੰਦਰਜੀਤ ਸਿੰਘ ਨੂੰ ਉਸ ‘ਤੇ ਲੱਗੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਹਿਰਾਸਤ ’ਚ ਲੈਣ ਉਪਰੰਤ ਦੋਸ਼ੀ ਗੁਰਮੀਤ ਸਿੰਘ ਰੰਧਾਵਾ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੇਜ ਦਿੱਤਾ ਗਿਆ। ਵੀਰਵਾਰ ਨੂੰ ਨਿੱਜੀ ਪੇਸ਼ੀ ਦੌਰਾਨ ਦੋਸ਼ੀ ਨੂੰ ਸਜ਼ਾ ਦਾ ਮਿਆਰ ਸੁਣਾਇਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਕੁਲਗਾਮ ’ਚ ਅੱਤਵਾਦੀਆਂ ਵਲੋਂ ਸੀ.ਆਰ.ਪੀ.ਐੱਫ. ਚੌਕੀ ’ਤੇ ਹਮਲਾ-3 ਜਵਾਨ ਜ਼ਖ਼ਮੀ ਅਗਲੀ ਖ਼ਬਰ ਮੈਲਬੌਰਨ ’ਚ ਚਾਕੂ ਮਾਰਨ ਦੀ ਘਟਨਾ ’ਚ ਪੰਜਾਬਣ ਦੀ ਮੌਤ
Ad Position 24