11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੰਜਾਬ ਆਉਣ ਵਾਲੇ ਸਮੇਂ ’ਚ ਅੰਤਰਰਾਸ਼ਟਰੀ ਖਿਡਾਰੀਆਂ ਦਾ ਹੱਬ ਬਣੇਗਾ-ਮੁੱਖ ਮੰਤਰੀ

ਪੰਜਾਬ ਆਉਣ ਵਾਲੇ ਸਮੇਂ ’ਚ ਅੰਤਰਰਾਸ਼ਟਰੀ ਖਿਡਾਰੀਆਂ ਦਾ ਹੱਬ ਬਣੇਗਾ-ਮੁੱਖ ਮੰਤਰੀ

Ad Position 21
No active advertisement
ਅਜੀਤ ਡੈਸਕ 12-11-2026

ਇਕ ਹਜ਼ਾਰ ਹੋਰ ‘ਪੇਂਡੂ ਖੇਡ ਮੈਦਾਨਾਂ’ ਦਾ ਉਦਘਾਟਨ

ਅਮਲੋਹ, 11 ਨਵੰਬਰ (ਹਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਵਿਚ 1,000 ਹੋਰ ਪੇਂਡੂ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ ਹਨ । ਇਸ ਨਾਲ ਪੰਜਾਬ ਵਿਚ 3,100 ਖੇਡ ਮੈਦਾਨਾਂ ਦੇ ਨਿਰਧਾਰਤ ਟੀਚੇ ਵਿਚੋਂ ਹੁਣ ਤੱਕ 1,764 ਮੈਦਾਨਾਂ ਦਾ ਉਦਘਾਟਨ ਹੋ ਚੁੱਕਾ ਹੈ । ਮੁੱਖ ਮੰਤਰੀ ਨੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਹਲਕੇ ਅਧੀਨ ਪਿੰਡ ਸਾਹਪੁਰ ਵਿਖੇ ਕਰਵਾਏ ਸਮਾਗਮ ਦੌਰਾਨ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਲਾਉਣਾ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ । ਉਨ੍ਹਾਂ ਕਿਹਾ ਕਿ ਖੇਡਾਂ ਸਿਹਤਮੰਦ, ਅਨੁਸ਼ਾਸਿਤ ਤੇ ਤਰੱਕੀ ਪਸੰਦ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਸਰਕਾਰ ਹਰ ਪਿੰਡ ਵਿਚ ਖੇਡ ਸੱਭਿਆਚਾਰ ਪੈਦਾ ਕਰਨਾ ਚਾਹੁੰਦੀ ਹੈ, ਤਾਂ ਜੋ ਪੇਂਡੂ ਨੌਜਵਾਨਾਂ ਨੂੰ ਆਪਣੇ ਘਰਾਂ ਨੇੜੇ ਆਧੁਨਿਕ ਖੇਡ ਸਹੂਲਤਾਂ ਮਿਲ ਸਕਣ ਅਤੇ ਉਹ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਸਕਣ । ਮੁੱਖ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਦੇ ਪਹਿਲੇ ਪੜਾਅ ਵਿਚ 4 ਮਈ ਨੂੰ 255 ਅਤੇ ਦੂਜੇ ਪੜਾਅ ਵਿਚ 24 ਅਗਸਤ ਨੂੰ 509 ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ ਗਏ ਸਨ । ਹੁਣ ਤੀਜੇ ਪੜਾਅ ਵਿਚ 1,000 ਹੋਰ ਮੈਦਾਨਾਂ ਦਾ ਉਦਘਾਟਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 93 ਮੈਦਾਨ ਵੀ ਸ਼ਾਮਿਲ ਹਨ । ਇਸ ਯੋਜਨਾ ਲਈ ਸਰਕਾਰ ਵਲੋਂ 1,500 ਕਰੋੜ ਰੁਪਏ ਰੱਖੇ ਗਏ ਹਨ । ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਵਿਚ ਛੇ ਫੁੱਟ ਉੱਚੀ ਚੇਨ-ਲਿੰਕ ਫੈਂਸਿੰਗ, ਛੇ ਫੁੱਟ ਚੌੜੇ ਫੁੱਟ-ਲਾਈਟਾਂ ਵਾਲੇ ਵਾਕਿੰਗ ਟਰੈਕ, ਬੂਟੇ, ਮਰਦਾਂ ਅਤੇ ਔਰਤਾਂ ਲਈ ਵੱਖਰੇ ਪਖਾਨੇ ਅਤੇ ਖੇਡ ਸਾਮਾਨ ਰੱਖਣ ਲਈ ਸਟੋਰ ਰੂਮ ਬਣਾਏ ਜਾ ਰਹੇ ਹਨ । ਮੈਦਾਨਾਂ ਦੀ ਸਾਂਭ-ਸੰਭਾਲ ਲਈ ਸਬਮਰਸੀਬਲ ਪੰਪ ਤੇ ਹਾਈਡ੍ਰੈਂਟ ਲਗਾਏ ਜਾ ਰਹੇ ਹਨ । ਇਸ ਤੋਂ ਇਲਾਵਾ ਬੱਚਿਆਂ ਲਈ ਝੂਲਿਆਂ, ਸਲਾਈਡਾਂ ਤੇ ਪੌੜੀਆਂ ਵਾਲੇ ਖੇਡ ਖੇਤਰ ਅਤੇ ਰਾਤ ਸਮੇਂ ਖੇਡਣ ਲਈ ਹਾਈ-ਮਾਸਟ ਲਾਈਟਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ । ਚੁਣੇ ਹੋਏ ਮੈਦਾਨਾਂ ਵਿਚ ਛੇ ਲੇਨਾਂ ਵਾਲੇ 400 ਮੀਟਰ ਦੇ ਦੌੜ ਟਰੈਕ ਵੀ ਬਣਾਏ ਜਾਣਗੇ । ਖੇਡ ਸਾਮਾਨ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਹਰੇਕ ਪਿੰਡ ਨੂੰ ਫੁੱਟਬਾਲ ਅਤੇ ਹਾਕੀ ਦੇ ਗੋਲਪੋਸਟ, ਵਾਲੀਬਾਲ ਦੇ ਖੰਭੇ, ਦੋ ਜਾਲ, ਤਿੰਨ ਵਾਲੀਬਾਲ, ਤਿੰਨ ਫੁੱਟਬਾਲ ਅਤੇ ਕ੍ਰਿਕਟ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਫੁੱਟਬਾਲ ਖੇਡਣ ਵਾਲੇ ਨੌਜਵਾਨਾਂ ਲਈ 36 ਜੋੜੇ ਸਟੱਡ ਵੀ ਦਿੱਤੇ ਜਾਣਗੇ, ਜਿਨ੍ਹਾਂ ਪਿੰਡਾਂ ਵਿਚ ਕ੍ਰਿਕਟ ਵਧੇਰੇ ਪ੍ਰਸਿੱਧ ਹੈ, ਉਨ੍ਹਾਂ ਨੂੰ ਪੂਰੀਆਂ ਕ੍ਰਿਕਟ ਕਿੱਟਾਂ ਮਿਲਣਗੀਆਂ । ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦੇਣ ਲਈ ਖੇਡ ਮੈਦਾਨਾਂ ਵਿਚ ਫੁੱਟਬਾਲ ਤੇ ਵਾਲੀਬਾਲ ਦੇ ਕੋਚ ਵੀ ਤਾਇਨਾਤ ਕੀਤੇ ਜਾਣਗੇ । ਖੇਡ ਮੈਦਾਨਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਗ੍ਰਾਮ ਪੰਚਾਇਤਾਂ ਵਲੋਂ ਬਣਾਈਆਂ ਜਾਣ ਵਾਲੀਆਂ ਕਮੇਟੀਆਂ ਨੂੰ ਦਿੱਤੀ ਜਾਵੇਗੀ । ਇਨ੍ਹਾਂ ਕਮੇਟੀਆਂ ਵਿਚ ਸਰਪੰਚ, ਯੂਥ ਕਲੱਬ ਦਾ ਪ੍ਰਧਾਨ, ਸੰਬੰਧਿਤ ਜੂਨੀਅਰ ਇੰਜੀਨੀਅਰ, ਪੰਚਾਇਤ ਸਕੱਤਰ ਤੇ ਪੰਚਾਇਤ ਵਲੋਂ ਨਾਮਜ਼ਦ ਇੱਕ ਮਹਿਲਾ ਮੈਂਬਰ ਜਾਂ ਖਿਡਾਰੀ ਸ਼ਾਮਿਲ ਹੋਵੇਗਾ । ਸਰਕਾਰ ਵਲੋਂ ਖੇਡ ਖੇਤਰ ਲਈ 1,744 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਤੇ 600 ਪੇਂਡੂ ਜਿੰਮ ਤਿਆਰ ਕਰਨ ਦੀ ਜਾਣਕਾਰੀ ਵੀ ਦਿੱਤੀ ਗਈ, ਜਿਨ੍ਹਾਂ ਵਿਚੋਂ 500 ਮੁਕੰਮਲ ਹੋ ਚੁੱਕੇ ਹਨ । ਨਵੀਂ ਖੇਡ ਨੀਤੀ ਤਹਿਤ 2022 ਤੋਂ ਹੁਣ ਤੱਕ 40,415 ਖਿਡਾਰੀਆਂ ਨੂੰ 135 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ । ਉਲੰਪਿਕ ਦੀ ਤਿਆਰੀ ਲਈ 15 ਲੱਖ ਅਤੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਲਈ ਅੱਠ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ । ਮੁੱਖ ਮੰਤਰੀ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’, ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਤੇ ‘ਸ਼ੇਰ-ਏ-ਪੰਜਾਬ ਟੀ-20 ਲੀਗ’ ਵਰਗੀਆਂ ਪਹਿਲਕਦਮੀਆਂ ਰਾਹੀਂ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਹਮੇਸ਼ਾ ਸਰਕਾਰ ਦੀ ਪਹਿਲੀ ਤਰਜੀਹ-ਮੋਦੀ ਅਗਲੀ ਖ਼ਬਰ ਕੁਲਗਾਮ ’ਚ ਅੱਤਵਾਦੀਆਂ ਵਲੋਂ ਸੀ.ਆਰ.ਪੀ.ਐੱਫ. ਚੌਕੀ ’ਤੇ ਹਮਲਾ-3 ਜਵਾਨ ਜ਼ਖ਼ਮੀ
Ad Position 24