28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਝੋਟਾ ਹੱਤਿਆ ਮਾਮਲਾ-ਲੱਖਾ ਸਿਧਾਣਾ ਸਮੇਤ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਤੱਕ ਸਰਕਾਰ ਨਾਲ ਗੱਲਬਾਤ ਨਹੀਂ-ਐਕਸ਼ਨ ਕਮੇਟੀ

ਝੋਟਾ ਹੱਤਿਆ ਮਾਮਲਾ-ਲੱਖਾ ਸਿਧਾਣਾ ਸਮੇਤ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਤੱਕ ਸਰਕਾਰ ਨਾਲ ਗੱਲਬਾਤ ਨਹੀਂ-ਐਕਸ਼ਨ ਕਮੇਟੀ

Ad Position 21
No active advertisement
ਅਜੀਤ ਡੈਸਕ 29-10-2026

31 ਨੂੰ ਪੰਜਾਬ ਭਰ ’ਚ ‘ਆਪ’ ਵਿਧਾਇਕਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 28 ਅਕਤੂਬਰ -ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਬਣੀ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਲੱਖਾ ਸਿਧਾਣਾ, ਮੋਹਨਜੀਤ ਸਿੰਘ ਸ਼ੇਰੋਂ ਸਮੇਤ 2 ਦਰਜਨ ਦੇ ਕਰੀਬ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਮੇਟੀ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰੇਗੀ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਨੌਜਵਾਨ ਦਲਜੀਤ ਸਿੰਘ ਦੀ ਹੋਈ ਮੌਤ ਤੋਂ ਬਾਅਦ ਪੁਲਿਸ ਤੇ ਪ੍ਰਦਰਸ਼ਨਕਾਰੀਆਂ ’ਚ ਰਾਮਦਿੱਤੇਵਾਲਾ ਚੌਕ ਵਿਖੇ ਹੋਈ ਝੜਪ ਦੌਰਾਨ ਮੋਹਨਜੀਤ ਸਿੰਘ ਸ਼ੇਰੋਂ ਸਮੇਤ 2 ਦਰਜਨ ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਲੱਖਾ ਸਿਧਾਣਾ ਨੂੰ ਤਿੰਨਕੋਨੀ ਨਜ਼ਦੀਕ ਲਗਾਏ ਧਰਨੇ ਕੋਲੋਂ ਪੁਲਿਸ ਚੁੱਕ ਕੇ ਲੈ ਗਈ ਸੀ। ਪੁਲਿਸ ਕਾਰਵਾਈ ਦੇ ਵਿਰੋਧ ’ਚ ਐਕਸ਼ਨ ਕਮੇਟੀ ਅਤੇ ਝੋਟੇ ਦੇ ਪਿਤਾ ਭੀਮ ਸਿੰਘ ਵਲੋਂ ਪੰਜਾਬ ਵਾਸੀਆਂ ਨੂੰ ਧਰਨੇ ’ਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਅੱਜ ਧਰਨੇ ’ਚ ਵਿਸ਼ਾਲ ਇਕੱਠ ਹੋਇਆ। ਰੋਹ ’ਚ ਆਏ ਧਰਨਾਕਾਰੀਆਂ ਨੇ ਬਾਅਦ ਦੁਪਹਿਰ ਤਿੰਨਕੋਨੀ ਨਜ਼ਦੀਕ ਹੀ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਦਾ ਘਿਰਾਓ ਕਰ ਲਿਆ ਜੋ ਦੇਰ ਸ਼ਾਮ ਖ਼ਬਰ ਲਿਖਣ ਤੱਕ ਜਾਰੀ ਸੀ। ਸ਼ਾਮ ਵੇਲੇ ਐਕਸ਼ਨ ਕਮੇਟੀ ਨੇ ਮੀਟਿੰਗ ਕਰ ਕੇ ਉਪਰੋਕਤ ਫ਼ੈਸਲੇ ਦੇ ਨਾਲ ਇਹ ਫ਼ੈਸਲਾ ਵੀ ਲਿਆ ਹੈ ਕਿ 31 ਅਕਤੂਬਰ ਨੂੰ ਪੰਜਾਬ ਭਰ ’ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ 24 ਘੰਟਿਆਂ ਲਈ ਘਿਰਾਓ ਕੀਤਾ ਜਾਵੇਗਾ ਅਤੇ 24 ਘੰਟਿਆਂ ਬਾਅਦ ਹੀ ਮੁੜ ਮੀਟਿੰਗ ਕਰ ਕੇ ਇਹ ਤੈਅ ਕੀਤਾ ਜਾਵੇਗਾ ਕਿ ਘਿਰਾਓ ਖ਼ਤਮ ਕਰਨਾ ਹੈ ਜਾਂ ਲੰਬਾ ਕੀਤਾ ਜਾਵੇ। ਇਸੇ ਦਰਮਿਆਨ 30 ਅਕਤੂਬਰ ਨੂੰ ਰਾਜਨੀਤਿਕ, ਸਮਾਜਿਕ, ਮੁਲਾਜ਼ਮ ਤੇ ਹੋਰ ਜਥੇਬੰਦੀਆਂ ਨੂੰ ਸੰਘਰਸ਼ ’ਚ ਸ਼ਾਮਿਲ ਹੋਣ ਲਈ ਲਿਖਤੀ ਤੌਰ ’ਤੇ ਨਿੱਜੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਤਿੰਨਕੋਨੀ ਨਜ਼ਦੀਕ ਲਗਾਇਆ ਧਰਨਾ ਇਨਸਾਫ਼ ਮਿਲਣ ਤੱਕ ਚਾਲੂ ਰਹੇਗਾ। ਝੋਟੇ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਮਾਨਸਾ ਦੀ ਮੁਰਦਾਘਰ ’ਚ ਪਈ ਹੈ, ਜਿਸ ਦੀ ਪਹਿਰੇਦਾਰੀ ਨਿਹੰਗ ਸਿੰਘ ਅਤੇ ਕੁਝ ਨੌਜਵਾਨ ਕਰ ਰਹੇ ਹਨ। ਧਰਨੇ ਦੇ 16ਵੇਂ ਦਿਨ ਭਾਵੇਂ ਪੁਲਿਸ ਨੇ ਕਈ ਥਾਂ ’ਤੇ ਰੋਕਾਂ ਲਗਾਈਆਂ ਪਰ ਲੋਕ ਆਪ-ਮੁਹਾਰੇ ਵੱਡੀ ਗਿਣਤੀ ’ਚ ਪਹੁੰਚ ਗਏ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਵੱਡਾ ਕਾਫ਼ਲਾ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ’ਚ ਧਰਨੇ ’ਚ ਸ਼ਾਮਿਲ ਹੋਇਆ। ਕਿਸਾਨ ਆਗੂਆਂ ਨੇ ਆਖਿਆ ਕਿ ਭੀਮ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਜਥੇਬੰਦੀ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕੌਮੀ ਇਨਸਾਫ਼ ਮੋਰਚੇ ਦੇ ਆਗੂ ਨਿਹੰਗ ਸਿੰਘ ਬਾਬਾ ਰਾਜਾ ਰਾਮ ਸਿੰਘ ਅਰਬਾਂ-ਖਰਬਾਂ ਵਾਲੇ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਖ਼ਾਲਸਾ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਕਾਂਗਰਸ ਆਗੂ ਬਿਕਰਮ ਸਿੰਘ ਮੋਫਰ, ਨੌਜਵਾਨ ਆਗੂ ਭਾਨਾ ਸਿੱਧੂ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਬਾਬਾ ਹਰਦੀਪ ਸਿੰਘ ਮਹਿਰਾਜ, ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਲਿਬਰੇਸ਼ਨ ਦੇ ਆਗੂ ਰਾਜਵਿੰਦਰ ਸਿੰਘ ਰਾਣਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਇਸਤਰੀ ਆਗੂ ਜਸਵੀਰ ਕੌਰ ਨੱਤ, ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ, ਗਿੱਲ ਰੌਂਤਾ, ਐਕਸ਼ਨ ਕਮੇਟੀ ਦੇ ਆਗੂ ਧੰਨਾ ਮੱਲ ਗੋਇਲ ਆਦਿ ਨੇ ਨੌਜਵਾਨਾਂ ਦੀ ਗ੍ਰਿਫ਼ਤਾਰੀ, ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਨਾ ਦੇਣਾ ਅਤੇ ਨਸ਼ੇ ਨਾਲ ਮੌਤ ਦੇ ਮੂੰਹ ਜਾ ਪਏ ਦਲਜੀਤ ਸਿੰਘ ਭੰਮੇ ਕਲਾਂ ਦੀ ਮ੍ਰਿਤਕ ਦੇਹ ਪੁਲਿਸ ਵਲੋਂ ਜਬਰੀ ਖੋਹਣ ਦੀ ਨਿੰਦਾ ਕਰਦਿਆਂ ਕਿਹਾ ਕਿ ਨਸ਼ਾ ਪੰਜਾਬ ਦੇ ਘਰ-ਘਰ ਤੱਕ ਪਹੁੰਚ ਚੁੱਕਾ ਹੈ, ਨੌਜਵਾਨ ਨਿੱਤ ਨਸ਼ੇ ਨਾਲ ਮਰ ਰਹੇ ਹਨ ਪਰ ਸਰਕਾਰ ਹੱਥ ’ਤੇ ਹੱਥ ਧਰੀ ਬੈਠੀ ਹੈ। ਉੱਧਰ ਧਰਨੇ ਨੇੜੇ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਹੈ ਜਦਕਿ ਸ਼ਹਿਰ ਦੇ ਹੋਰ ਥਾਵਾਂ ’ਤੇ ਵੀ ਬੈਰੀਕੇਡ ਲਾ ਕੇ ਪੁਲਿਸ ਕਰਮਚਾਰੀ ਲਗਾਏ ਹੋਏ ਹਨ। ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਅਤੇ ਪੰਜਾਬ ਦੇ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ ਧਰਨੇ ਵਾਲੀ ਥਾਂ ’ਤੇ ਅਤੇ ਗੁਰੂ ਘਰਾਂ ’ਚ ਅਰਦਾਸ ਵੀ ਕੀਤੀ ਗਈ। 

Ad Position 22
No active advertisement
ਪਿਛਲੀ ਖ਼ਬਰ ਮੁੱਖ ਸਕੱਤਰ, ਡੀ.ਜੀ.ਪੀ. ਤੋਂ 2 ਹਫ਼ਤਿਆਂ ’ਚ ਮੰਗੀ ਕਾਰਵਾਈ ਰਿਪੋਰਟ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਭਾਈ ਰਾਜੋਆਣਾ ਦੀ ਪਟੀਸ਼ਨ ’ਤੇ ਸੁਣਵਾਈ 18 ਨਵੰਬਰ ਤੱਕ ਮੁਲਤਵੀ
Ad Position 24