ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)- ਪੁਲਿਸ ਵਲੋਂ ਯੁੱਧ ਨਸ਼ਿਆ ਵਿਰੁੱਧ ਤਹਿਤ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਸਵੇਰੇ ਛੱਜ ਕਾਲੋਨੀ ਵਿਖੇ ਅਚਨਚੇਤ ਚੈਕਿੰਗ ਮੁਹਿੰਮ ਐਸ.ਪੀ ਮੇਜਰ ਸਿੰਘ ਦੀ ਅਗਵਾਈ ’ਚ ਚਲਾਈ ਗਈ। ਇਸ ਮੌਕੇ ਵੱਡੀ ਗਿਣਤੀ ’ਚ ਪੁਲਿਸ ਫ਼ੋਰਸ ਮੌਜੂਦ ਰਹੀ। ਪੁਲਿਸ ਟੀਮਾਂ ਵਲੋਂ ਕਲੋਨੀ ਦੇ ਘਰਾਂ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਛੱਤਾਂ ਦੀ ਵੀ ਜਾਂਚ ਕੀਤੀ ਗਈ। ]
ਇਸ ਦੌਰਾਨ ਕਈ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਤੇ ਬਿਨ੍ਹਾਂ ਨੰਬਰੀ ਮੋਟਰਸਾਈਕਲ ਵੀ ਕਬਜ਼ੇ ’ਚ ਲਏ ਗਏ। ਐਸ.ਪੀ. ਮੁਤਾਬਿਕ ਚੈਕਿੰਗ ਦੌਰਾਨ ਧਾਰਾ 304-ਏ ਦੇ ਮਾਮਲੇ ’ਚ ਲੋੜੀਂਦੇ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ। ਪੁਲਿਸ ਵਲੋਂ ਇਸ ਤੋਂ ਬਾਅਦ ਸੀਆਰਪੀ ਕਲੋਨੀ ’ਚ ਵੀ ਅਚਨਚੇਤ ਚੈਕਿੰਗ ਕੀਤੀ ਗਈ। ਐਸ.ਪੀ. ਨੇ ਕਿਹਾ ਕਿ ਨਸ਼ਾ ਤਸਕਰੀ ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਜਿਹੀਆਂ ਚੈਕਿੰਗਾਂ ਭਵਿੱਖ ’ਚ ਵੀ ਜਾਰੀ ਰਹਿਣਗੀਆਂ।
ਉਨ੍ਹਾਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ। ਐਸ.ਪੀ. ਨੇ ਦੱਸਿਆ ਕਿ ਪੁਲਿਸ ਵਲੋਂ ਇਕ ਨੌਜਵਾਨ ਨੂੰ ਨਸ਼ੇ ਸਣੇ ਕਾਬੂ ਕੀਤਾ ਹੈ ਜਦਕਿ ਛੇ ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਦੇ ਸਮੇਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸਚਿਨ ਪੁੱਤਰ ਮੱਖਣ ਵਾਸੀ ਛੱਜ ਕਾਲੋਨੀ ਨੂੰ ਕਾਬੂ ਕਰਕੇ ਉਸ ਪਾਸੋਂ 7 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੁਰਿੰਦਰ ਸਿੰਘ, ਰਸ਼ੀਦ ਮੁਹੰਮਦ, ਇੰਦਰਜੀਤ, ਸ਼ੇਖਰ ਗਿਰੀ, ਗੁਰਪ੍ਰੀਤ ਸਿੰਘ ਤੇ ਭੁਪਿੰਦਰ ਕੁਮਾਰ ਨੂੰ ਨਸ਼ੇ ਦਾ ਸੇਵਨ ਕਰਦੇ ਸਮੇਂ ਕਾਬੂ ਕੀਤਾ ਹੈ।