ਓਠੀਆਂ/(ਅੰਮ੍ਰਿਤਸਰ), 23 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਉੱਚ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਪੁਲਿਸ ਪਾਰਟੀ ਨੇ ਸਰਹੱਦੀ ਪਿੰਡ ਭਿੰਡੀਸੈਦਾਂ ਵਿਖੇ ਬਾਹਰ ਡੇਰਿਆਂ, ਖੇਤਾਂ ਅਤੇ ਛੱਪੜਾਂ 'ਚ ਛਾਪੇਮਾਰੀ ਕੀਤੀ। 50 ਤਰਪਾਲਾਂ, 40 ਪਲਾਸਟਿਕ ਕੇਨ ਅਤੇ 9 ਡਰੰਮ ਬਰਾਮਦ ਕੀਤੇ ਗਏ। ਨਜਾਇਜ਼ ਸ਼ਰਾਬ ਦੇ ਕਾਰੋਬਾਰ ਖਿਲਾਫ਼ ਛੇੜੀ ਮੁਹਿੰਮ ਤਹਿਤ ਐਕਸਾਈਜ਼ ਵਿਭਾਗ ਅਤੇ ਸਥਾਨਕ ਪੁਲਿਸ ਵਲੋਂ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਲ ਕੀਤੀ।
ਉੱਚ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਥਾਣਾ ਭਿੰਡੀ ਸੈਦਾਂ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ, ਡੇਰਿਆਂ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿਚ ਕੱਚੀ ਲਾਹਣ ਅਤੇ ਸ਼ਰਾਬ ਬਰਾਮਦ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਜਗਦੀਪ ਕੌਰ ਨੇ ਦੱਸਿਆ ਕਿ ਛਾਪੇਮਾਰੀ ਟੀਮ ਨਾਲ ਐਕਸਾਈਜ਼ ਇੰਸਪੈਕਟਰ ਰਮਨ ਸ਼ਰਮਾ ਅਤੇ ਵਿਭਾਗ ਦੇ 12 ਕਰਮਚਾਰੀ ਨਾਲ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਥਾਨਕ ਸਰਹੱਦੀ ਥਾਣਾ ਭਿੰਡੀ ਸੈਦਾਂ ਦੇ ਥਾਣੇ ਤੋਂ ਪੁਲਿਸ ਪਾਰਟੀ ਵੀ ਨਾਲ ਸਾਂਝਾ ਅਪ੍ਰੇਸ਼ਨ ਕੀਤਾ ਗਿਆ।
ਇੰਸਪੈਕਟਰ ਜਗਦੀਪ ਕੌਰ ਟੀਮ ਵਲੋਂ ਇਲਾਕੇ ਦੇ ਵੱਖ-ਵੱਖ ਡੇਰਿਆਂ, ਖੇਤਾਂ ਨਾਲ ਲੱਗਦੀਆਂ ਰਸਤਿਆਂ ਅਤੇ ਛੱਪੜ ਦੇ ਅੰਦਰ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਤਲਾਸ਼ੀ ਦੌਰਾਨ ਛੱਪੜ ਅਤੇ ਹੋਰ ਲੁਕਵੀਆਂ ਥਾਵਾਂ ਤੋਂ ਤਕਰੀਬਨ 50 ਤਰਪਾਲਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਿਚ ਲਗਭਗ 2 ਲੱਖ ਲੀਟਰ ਕੱਚੀ ਲਾਹਣ ਛੁਪਾ ਕੇ ਰੱਖੀ ਗਈ ਸੀ। ਇਸ ਦੇ ਨਾਲ ਹੀ ਟੀਮ ਨੇ 40 ਪਲਾਸਟਿਕ ਦੇ ਕੇਨ, 6 ਲੋਹੇ ਦੇ ਡਰੰਮ ਅਤੇ 3 ਪਲਾਸਟਿਕ ਦੇ ਡਰੰਮ ਵੀ ਜ਼ਬਤ ਕੀਤੇ ਅਤੇ 400 ਬੋਤਲਾਂ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।