ਪ੍ਰੇਸ਼ਾਨੀ ਕਿਸੇ ਹੋਰ ਤੋਂ ਨਹੀਂ ਆਹ ਜਿਹੜੀ ਸਾਹਮਣੇ ਕੰਧ 'ਤੇ ਮੇਰੇ ਦਫ਼ਤਰ ਵਿਚ ਘੜੀ ਟੰਗੀ ਹੈ, ਇਸ ਤੋਂ ਪ੍ਰੇਸ਼ਾਨੀ ਹੁੰਦੀ ਹੈ |

ਮੈਂ ਇਕੱਲਾ ਨਹੀਂ, ਦਫ਼ਤਰ ਦੇ ਸਾਰੇ ਬਾਬੂ ਹੀ ਪ੍ਰੇਸ਼ਾਨ ਹਨ | ਕਿਸੇ ਚੰਗੇ ਮਾਅਰਕੇ ਦੀ ਘੜੀ ਇਸ ਦਫ਼ਤਰ ਵਿਚ ਆਉਣ ਤੋਂ ਪਹਿਲਾਂ ਦੀ ਲੱਗੀ ਹੈ | ਜਦੋਂ ਕਦੀ ਖੜ੍ਹਦੀ ਹੈ ਤਾਂ ਸਟੋਰ ਕੀਪਰ ਇਸ ਦਾ ਸੈੱਲ ਬਦਲ ਦਿੰਦਾ ਹੈ | ਘੜੀ ਚਲਦੀ ਰਹਿੰਦੀ ਹੈ | ਘੜੀ ਨਹੀਂ ਵਾਲ ਕਲੋਕ | ਘੜੀ ਸਭ ਨੂੰ ਦੇਖਦੀ ਹੈ | ਘੜੀ ਵੱਲ ਵੀ ਸਭ ਦੇਖਦੇ ਹਨ ਪਰ ਚੋਰੀ-ਚੋਰੀ | ਡਰਦੇ-ਡਰਦੇ ਬਾਬੂ ਘੜੀ ਵਲ ਦੇਖ ਦੇ ਰਹਿੰਦੇ ਹਨ, ਤਾਂ ਕਿ ਉਨ੍ਹਾਂ ਵੱਲ ਕੋਈ ਦੇਖ ਨਾ ਲਵੇ | ਵੈਸੇ ਸਾਰੇ ਬਾਬੂਆਂ ਦਾ ਦਿਨ ਵਿਚ ਤਿੰਨ ਵਾਰ ਪੱਕਾ ਟਾਈਮ ਹੈ ਉਹ ਹੈ ਸਵੇਰੇ 9 ਵਜੇ, ਦੁਪਹਿਰ ਇਕ ਵਜੇ ਤੇ ਦੁਪਹਿਰ ਤੋਂ ਬਾਅਦ 4 ਵਜੇ ਘੜੀ ਪੱਕਾ ਦੇਖਦੇ ਹਨ | ਘੜੀ ਵੀ ਸਾਰਿਆਂ ਵੱਲ ਦੇਖਦੀ ਹੈ | ਜਿਹੜੇ ਬਾਬੂ ਸਵੇਰੇ ਠੀਕ ਨੌਂ ਵਜੇ ਆ ਜਾਂਦੇ ਹਨ, ਉਹ ਹਾਜ਼ਰੀ ਰਜਿਸਟਰ ਵਿਚ ਹਾਜ਼ਰੀ ਲਾ ਕੇ ਘੜੀ ਵੱਲ ਚੰਗੀ ਤਰ੍ਹਾਂ ਦੇਖਦੇ ਹਨ, ਫਿਰ ਆਪਣੀ ਹੱਥ 'ਤੇ ਬੰਨ੍ਹੀ ਘੜੀ ਨਾਲ ਘੜੀ ਮਿਲਾਉਂਦੇ ਹਨ | ਬਿਨਾਂ ਕਿਸੇ ਭੈਅ ਤੋਂ ਆਪਣੀ ਸੀਟ 'ਤੇ ਬੈਠ ਕੇ ਕੰਮ ਕਰਦੇ ਹਨ | ਆਲੇ-ਦੁਆਲੇ ਦੂਰ ਪਾਰ ਵਾਲਿਆਂ ਨੂੰ ਗੁੱਡ ਮਾਰਨਿੰਗ ਹੋ ਜਾਂਦੀ ਹੈ | ਕੁਝ ਬਾਬੂ ਨੌਂ ਵਜੇ ਤੋਂ ਦਸ-ਪੰਦਰਾਂ ਮਿੰਟ ਪਹਿਲਾਂ ਆ ਜਾਂਦੇ ਹਨ, ਉਹ ਹਾਜ਼ਰੀ ਲਾ ਕੇ ਸਿੱਧਾ ਵਾਸ਼ਰੂਮ ਜਾਂਦੇ ਹਨ | ਹੱਥ ਧੋ ਕੇ ਬਾਬੂ ਕੰਘੀ ਕਰਦੇ ਤੇ ਸਿੰਘ ਆਪਣੀ ਪਗੜੀ ਠੀਕ ਕਰਕੇ ਬਾਹਰ ਆਉਂਦੇ ਹਨ | ਜਿਵੇਂ ਉਹ ਮਹਿਕਮੇ ਦੇ ਬੀਬੇ ਕਰਮਚਾਰੀ ਹਨ | ਤੀਜੀ ਕਿਸਮ ਦੇ ਉਹ ਕਰਮਚਾਰੀ ਹਨ, ਜਿਹੜੇ ਲੇਟ ਆਉਂਦੇ ਹਨ, ਉਹ ਘੜੀ ਵੱਲ ਨੀਵੀਂ ਪਾ ਕੇ ਦੇਖਦੇ ਹਨ, ਜਿਵੇਂ ਉਨ੍ਹਾਂ ਨੂੰ ਕੋਈ ਦੇਖ ਨਹੀਂ ਰਿਹਾ | ਉਹ ਚੁੱਪ ਕਰਕੇ ਆਪਣੀ ਸੀਟ 'ਤੇ ਬੈਠ ਜਾਂਦੇ ਹਨ | ਲੇਟ ਆਉਣਾ ਉਨ੍ਹਾਂ ਨੂੰ ਆਪ ਵੀ ਚੰਗਾ ਨਹੀਂ ਲਗਦਾ | ਘੜੀ ਤੁਰੀ ਜਾਂਦੀ ਹੈ | ਦਫ਼ਤਰ ਦੇ ਬਾਬੂ ਦੂਜੀ ਵਾਰ ਘੜੀ ਨੂੰ ਇਕ ਵਜੇ ਦੇਖਦੇ ਹਨ | ਇਕ ਬਾਬੂ ਆਪਣੀ ਘੜੀ ਦੇਖ ਕੇ ਫਿਰ ਕੰਧ ਵਾਲੀ ਨਾਲ ਟੈਲੀ ਕਰਕੇ ਦੂਜੇ ਨੂੰ ਦੱਸਦਾ ਹੈ ਜਾਂ ਪੁੱਛਦਾ ਹੈ 'ਇਕ ਵੱਜ ਗਿਆ' ਦੂਜਾ ਪਹਿਲਾਂ ਆਪਣੀ ਘੜੀ ਦੇਖਦਾ ਹੈ ਫਿਰ ਸਾਹਮਣੇ ਕੰਧ ਵਾਲੀ ਘੜੀ ਦੇਖ ਕੇ ਕਹਿੰਦਾ ਹੈ 'ਹਾਂ ਇਕ ਵੱਜ ਗਿਆ', ਫਿਰ ਉਨ੍ਹਾਂ 'ਚੋਂ ਇਕ ਜਣਾ ਉੱਠ ਕੇ ਆਪਣੇ ਟਿਫਨ ਹਾਟਕੇਸ ਵਿਚ ਰੱਖਦਾ ਹੈ | ਦੋ ਵਜੇ ਤੱਕ ਲੰਚ ਟਾਈਮ ਡੇਢ ਤੋਂ ਦੋ ਕਈ ਵਾਰ ਦੋ ਤੋਂ ਢਾਈ ਵੀ | ਤੀਜੀ ਵਾਰ ਘੜੀ ਵੱਲ ਧਿਆਨ ਚਾਰ ਸਵਾ ਚਾਰ ਵਜੇ ਜਾਂਦਾ ਹੈ | ਦੂਰ ਪਾਰ ਜਾਣ ਵਾਲਿਆਂ ਨੇ ਕਿਸੇ ਨੇ ਗੱਡੀ ਫੜਨੀ ਹੁੰਦੀ ਹੈ ਤੇ ਕਿਸੇ ਨੇ ਬੱਸ | ਦਫ਼ਤਰ ਪੰਜ ਵਜੇ ਤੱਕ ਹੈ | ਵੱਡਾ ਸਾਹਿਬ ਹੋਵੇ ਜਾਂ ਮਾਹੌਲ ਸ਼ਾਂਤ ਹੋਣ 'ਤੇ ਪੰਜ ਵੱਜਣ ਨੂੰ ਨਹੀਂ ਉਡੀਕਿਆ ਜਾਂਦਾ | ਬਾਬੂ ਪਹਿਲਾਂ ਵੀ ਚਲੇ ਜਾਂਦੇ ਹਨ |
ਦਫ਼ਤਰ ਵਾਲੀ ਘੜੀ ਦੀਵਾਰ 'ਤੇ ਹੈ, ਐਨ ਸੁਪਰਡੈਂਟ ਦੀ ਕੁਰਸੀ ਦੇ ਉੱਪਰ | ਸੁਪਰਡੈਂਟ ਦੀ ਘੜੀ ਵੱਲ ਨਜ਼ਰ ਘੱਟ ਪੈਂਦੀ ਹੈ | ਸੁਪਰਡੈਂਟ ਦੀ ਨਾਲ ਦੀ ਸੀਟ ਵੱਡੇ ਸਾਹਿਬ ਦੇ ਪੀ.ਏ. ਦੀ ਹੈ | ਉਨ੍ਹਾਂ ਸਾਹਮਣੇ ਥੋੜ੍ਹੀ ਦੂਰੀ 'ਤੇ ਮੈਂ ਬੈਠਦਾ ਹਾਂ | ਦਿਨੇ ਵੀ ਏਧਰ-ਉਧਰ ਦੀਆਂ ਚੱਲਦੀਆਂ ਰਹਿੰਦੀਆਂ | ਅਸੀਂ ਤਿੰਨੋਂ ਖਾਣਾ ਸੁਪਰਡੈਂਟ ਦੀ ਟੇਬਲ 'ਤੇ ਖਾਂਦੇ ਹਾਂ | ਕੋਈ ਕੁਝ ਨਹੀਂ ਕਹਿੰਦਾ, ਇਕ ਵੱਜ ਕੇ ਵੀਹ ਜਾਂ ਪੱਚੀ ਮਿੰਟ ਤੱਕ ਅਸੀਂ ਖਾਣੇ ਦਾ ਕੰਮ ਨਿਬੇੜ ਲੈਂਦੇ ਹਾਂ | ਨਾਲ ਦੇ ਬਾਬੂ ਵੀ ਸਾਡੇ ਵੱਲ ਦੇਖਦੇ ਹਨ, ਫਿਰ ਉਹ ਘੜੀ ਵੱਲ ਦੇਖਦੇ ਹਨ | ਫਿਰ ਕੋਈ ਬੋਲਦਾ ਹੈ, 'ਦੇਖੋ ਔਹ ਤਿਕੜੀ ਖਾਣਾ ਖਾ ਕੇ ਵਿਹਲੀ ਵੀ ਹੋ ਗਈ, ਹੁਣ ਇਹ ਗਸ਼ਤ ਕਰਨ ਜਾਣਗੇ |'
ਅਸੀਂ ਤਿੰਨੋਂ ਰੋਜ਼ ਦੀ ਤਰ੍ਹਾਂ ਦਫਤਰੋਂ ਬਾਹਰ ਨਿਕਲਦੇ ਹਾਂ | ਅਸਲੀ ਦੁਨੀਆ ਤਾਂ ਦਫ਼ਤਰ ਤੋਂ ਬਾਹਰ ਹੈ, ਟ੍ਰੈਫਿਕ ਹੈ, ਸ਼ੋਅ ਰੂਮ ਹਨ, ਖਾਲੀ ਪਾਰਕ ਹੈ | ਸੜਕ 'ਤੇ ਚਾਹ ਦੀ ਦੁਕਾਨ ਹੈ 'ਰਮੇਸ਼ ਟੀ ਸਟਾਲ' ਅੱਠ-ਦਸ ਚਾਹ ਪੀਣ ਵਾਲੇ ਹਮੇਸ਼ਾ ਖੜ੍ਹੇ ਰਹਿੰਦੇ ਹਨ | ਚਾਹ ਵਧੀਆ ਬਣਾਉਂਦਾ ਹੈ, ਅਦਰਕ ਜਾਂ ਇਲਾਇਚੀ ਪਾ ਕੇ ਸਾਨੂੰ ਦੇਖ ਕੇ ਉਹ ਬਿਨਾਂ ਕਹੇ ਹੀ ਚਾਹ ਦੇ ਦਿੰਦਾ ਹੈ | ਸਾਡੇ 'ਚੋਂ ਕੋਈ ਜਣਾ ਪੈਸੇ ਦੇ ਦਿੰਦਾ ਹੈ ਪਰ ਚਾਹ ਪੀਂਦਿਆਂ ਸਾਡਾ ਧਿਆਨ ਘੜੀ ਵੱਲ ਹੀ ਰਹਿੰਦਾ ਹੈ | ਉਹ ਇਸ ਲਈ ਕਿ ਦੋ ਵਜੇ ਤੱਕ ਸੀਟਾਂ 'ਤੇ ਪੁੱਜ ਜਾਈਏ | ਇਕ ਦਿਨ ਗੈਸ ਦਾ ਸਿਲੰਡਰ ਮੁੱਕ ਗਿਆ | ਰਮੇਸ਼ ਸਿਲੰਡਰ ਬਦਲਣ ਲੱਗਾ, ਚਾਹ ਨੂੰ ਦੇਰ ਹੋ ਗਈ | ਸਾਡੇ ਸੁਪਰਡੈਂਟ ਤੋਂ ਰਿਹਾ ਨਾ ਗਿਆ | ਉਸ ਨੇ ਰਮੇਸ਼ ਨੂੰ ਕਿਹਾ 'ਰਮੇਸ਼ ਇਕ ਕੰਮ ਕਰ', 'ਕੀ ਸਰ', ਉਹ ਅੱਗੇ ਤੋਂ ਬੋਲਿਆ | ਤੂੰ ਇਕ ਘੜੀ ਇਥੇ ਆਪਣੀ ਦੁਕਾਨ 'ਤੇ ਵੀ ਲਾ ਕੇ ਰੱਖ, ਤਾਂ ਕਿ ਬਾਬੂ ਲੋਕ ਦੋ ਵਜੇ ਤੋਂ ਪਹਿਲਾਂ-ਪਹਿਲਾਂ ਚਾਹ ਪੀ ਕੇ ਆਪਣੀਆਂ-ਆਪਣੀਆਂ ਸੀਟਾਂ 'ਤੇ ਪਹੁੰਚ ਜਾਣ | ਰਮੇਸ਼ ਅੱਗੇ ਤੋਂ ਹੱਸਿਆ, 'ਥੋੜੀ ਦੇਰ ਚੁੱਪ ਰਿਹਾ, ਉਹ ਮੁਸਕਰਾਇਆ ਫਿਰ ਬੋਲਿਆ, 'ਸਾਹਿਬ ਸਾਰੇ ਕਰਮਚਾਰੀ ਦਫਤਰ ਤੋਂ ਹੈ ਯਹਾਂ, ਯੇਹ ਤੋ ਕਿਸੀ ਦਫ਼ਤਰ ਕੋ ਚਾਹੀਏ ਏਕ ਘੜੀ ਯਹਾਂ ਲਗਵਾ ਦੇਂ | ਸਰਕਾਰੀ ਕੈਲੰਡਰ ਤੋ ਯਹਾਂ ਲਗਵਾ ਹੀ ਦੇਤੇ ਹੈਾ |' ਉਸ ਨੇ ਕੰਧ 'ਤੇ ਲੱਗੇ ਸਰਕਾਰੀ ਕੈਲੰਡਰ ਵੱਲ ਦੇਖਿਆ | ਸੁਪਰਡੈਂਟ ਸਾਹਿਬ ਚੁੱਪ ਕਰ ਗਏ | ਚਾਹ ਦੀ ਉਡੀਕ ਕਰਨ ਲੱਗੇ |
ਮੈਂ ਆਪਣੀ ਘੜੀ ਵੱਲ ਦੇਖਿਆ, ਅਜੇ ਟਾਈਮ ਸੀ | ਚਾਹ ਦੀ ਦੁਕਾਨ ਵੱਲ ਵੇਖਿਆ | ਇਹ ਰਮੇਸ਼ ਚਾਹ ਵਾਲਾ ਯੂ.ਪੀ. ਦਾ ਹੈ | ਮੈਂ ਜਦੋਂ ਬਦਲ ਕੇ ਏਥੇ ਆਇਆ ਸੀ ਤਾਂ ਚਾਹ ਦਾ ਕੱਪ ਪੰਜ ਰੁਪਏ ਦਾ ਸੀ, ਕਈ ਸਾਲ ਚਾਹ ਪੰਜ ਰੁਪਏ ਦਾ ਕੱਪ ਹੀ ਪੀਂਦੇ ਰਹੇ, ਤਿੰਨ ਕੱਪ ਚਾਹ ਦੇ ਪੰਦਰਾਂ ਰੁਪਏ ਦੇ ਕੇ ਤੁਰ ਜਾਣਾ |
ਸਮਾਂ ਬੀਤਦਾ ਗਿਆ | ਘੜੀ ਸਮਾਂ ਦੱਸਦੀ ਰਹੀ | ਫਿਰ ਸ਼ਾਇਦ ਕੋਰੋਨਾ ਵੇਲੇ ਦੀ ਗੱਲ ਹੈ ਜਾਂ ਬਾਅਦ ਦੀ, ਇਕ ਦਿਨ ਚਾਹ ਪੀਣ ਗਏ ਤਾਂ ਰਮੇਸ਼ ਨੇ ਇਕ ਗੱਤੇ 'ਤੇ ਲਿਖ ਕੇ ਟੰਗਿਆ ਹੋਇਆ ਸੀ, 'ਚਾਹ ਪ੍ਰਤੀ ਕੱਪ ਦਸ ਰੁਪਏ', ਸਭ ਦਾ ਧਿਆਨ ਉਸ ਲਿਖਤ ਵੱਲ ਗਿਆ | ਬਾਬੂਆਂ ਨੇ ਚੁੱਪ-ਚੁਪੀਤੇ ਚਾਹ ਪੀਤੀ ਘੜੀਆਂ ਵੱਲ ਦੇਖਿਆ ਤੇ ਚਲੇ ਗਏ |
'ਦਸ ਰੁਪੈ ਚਾਹ ਦਾ ਕੱਪ...?'
'ਪੰਜ ਠੀਕ ਸੀ... |'
'ਲੈ ਪੰਜ ਕੀ-ਬੜੀ ਦੇਰ ਚਾਹ ਦਾ ਕੱਪ ਇਕ ਰੁਪਏ ਰਿਹਾ | ਲੈ ਇਕ ਰੁਪਈਆ ਕੀ, ਅਸੀਂ ਏਸੇ ਦੁਕਾਨ ਤੋਂ 25 ਪੈਸੇ ਕੱਪ ਚਾਹ ਦਾ ਪੀਤਾ, ਦੇਖੋ ਤਾਂ ਸਹੀ ਮਹਿੰਗਾਈ ਗਈ ਕਿੱਥੇ...?' ਸੁਪਰਡੈਂਟ ਸਾਹਿਬ ਨੇ ਚਾਹ ਦਾ ਇਤਿਹਾਸ ਵੀ ਦੱਸਿਆ |
'ਫਿਰ ਕੀ ਸੀ...?' ਆਹ ਪਿੱਛੇ ਜਿਹੇ ਕੀ ਹੋਇਆ ਖਾੜੀ ਯੁੱਧ ਦੀਆਂ ਖਬਰਾਂ ਆਉਣ ਲੱਗੀਆਂ, ਪੈਟਰੋਲ, ਡੀਜ਼ਲ ਤੇ ਗੈਸ ਦੀ ਸਪਲਾਈ ਨੂੰ ਖ਼ਤਰਾ ਪੈ ਗਿਆ | ਹਾਹਾਕਾਰ ਮਚ ਗਈ | 'ਹੁਣ ਕੀ ਬਣੰੂ', ਹਰ ਕੋਈ ਇਹੀ ਸਵਾਲ ਕਰ ਰਿਹਾ ਸੀ |'
ਚਾਹ ਦੇ ਪੈਸੇ ਬਹੁਤੇ ਗਾਹਕ ਤਾਂ ਨਕਦ ਦੇ ਜਾਂਦੇ ਹਨ, ਬਹੁਤਿਆਂ ਦੇ ਖਾਤੇ ਖੁੱਲ੍ਹੇ ਹੋਏ ਹਨ, ਉਧਾਰ ਚਲਦਾ ਹੈ | ਅਕਸਰ ਮਹੀਨੇ ਬਾਅਦ ਉਧਾਰ ਦਾ ਹਿਸਾਬ ਹੋ ਜਾਂਦਾ ਹੈ ਪਰ ਕਈ ਢੀਠ ਬਾਬੂ ਕਈ-ਕਈ ਮਹੀਨੇ ਲਾਰੇ ਲਾਉਂਦੇ ਰਹਿੰਦੇ | ਏਨੇ ਨੂੰ ਇਕ ਬਾਬੂ ਆਇਆ | ਰਮੇਸ਼ ਨੇ ਉਸ ਨੂੰ ਹਿਸਾਬ ਦਾ ਕਿਹਾ, ਉਹ ਬਾਬੂ ਬੋਲਿਆ, 'ਰਮੇਸ਼ ਹਮੇਂ ਯਾਦ ਹੈ, ਅਬ ਤੋ ਸਮਾਂ ਆ ਗਿਆ, ਕੋਈ ਮੁਰਗੀ ਫਸੇਗੀ, ਉਸ ਕਾ ਗਲਾ ਕਾਟੇਂਗੇ ਤੋ ਆਪ ਕਾ ਹਿਸਾਬ ਕਰ ਦੇਂਗੇ |' ਏਨੇ ਨੂੰ ਇਕ ਹੋਰ ਬਾਬੂ ਆਇਆ ਰਮੇਸ਼ ਨੇ ਉਸ ਨੂੰ ਚਾਹ ਫੜਾਈ ਅਤੇ ਕਿਹਾ, 'ਬਾਬੂ ਕੋਈ ਮੁਰਗੀ ਆਈ ਹੈ, ਗਲਾ ਕਾਟ ਲੀਆ ਹੋ ਤੋ ਹਮੇਂ ਭੀ ਸੁਆਦ ਦਿਖਾ ਦੀਆ ਹੋਤਾ... |' 'ਮੈਨੂੰ ਯਾਦ ਹੈ ਚਿੰਤਾ ਨਾ ਕਰ...', ਕਾਹਲੀ 'ਚ ਉਸ ਨੇ ਗਲਾਸ ਖਾਲੀ ਕੀਤਾ ਤੇ ਚਲਦਾ ਬਣਿਆ |
ਅਮਰੀਕਾ-ਈਰਾਨ ਦੀ ਲੜਾਈ ਨੇ ਪੈਟਰੋਲ, ਡੀਜ਼ਲ, ਗੈਸ ਸਭ ਦੇ ਭਾਅ ਵਧਾ ਦਿੱਤੇ | ਇਕ ਦਿਨ ਰਮੇਸ਼ ਦੀ ਦੁਕਾਨ 'ਤੇ ਚਾਹ ਪੀਣ ਗਏ ਤਾਂ ਰਮੇਸ਼ ਨੇ ਗੱਤੇ ਉਤੇ ਕਾਗਜ਼ ਚਿਪਕਾ ਕੇ ਮੋਟਾ-ਮੋਟਾ ਲਿਖ ਕੇ ਲਾਇਆ ਸੀ, 'ਚਾਹ ਦਾ ਕੱਪ, ਪ੍ਰਤੀ ਕੱਪ 15 ਰੁਪਏ |' ਹੁਣ ਕੀ ਕੀਤਾ ਜਾਵੇ | ਇਕ ਜੀਅ ਕੀਤਾ ਵਾਪਸ ਚੱਲੀਏ, ਚਾਹ ਨਾ ਪੀਤੀ ਜਾਵੇ | ਤਿੰਨ ਕੱਪ ਮਤਲਬ ਪੰਤਾਲੀ ਰੁਪਏ | ਠਹਿਰੋ-ਠਹਿਰੋ 'ਸੁਪਰਡੈਂਟ ਦੇ ਦਿਮਾਗ ਵਿਚ ਇਕ ਆਈਡੀਆ ਆਇਆ, 'ਇੰਜ ਕਰੋ ਦੋ ਕੱਪ ਚਾਹ ਲਓ ਤਿੰਨਾਂ ਗਿਲਾਸਾਂ 'ਚ ਪਾ ਲਓ, ਦੋ ਬਟਾ ਤਿੰਨ, ਸਮਝੇ', ਇਹ ਵੀ ਠੀਕ ਹੈ | ਚਾਹ ਦੋ ਬਟਾ ਤਿੰਨ ਹੋ ਗਈ | ਘੜੀ ਵੱਲ ਦੇਖਿਆ ਤਾਂ ਦੋ ਵੱਜਣ ਵਾਲੇ ਹੋ ਗਏ ਸੀ | ਜਲਦੀ-ਜਲਦੀ ਸੀਟਾਂ 'ਤੇ ਪਹੁਚੇ, ਕੰਧ 'ਤੇ ਟੰਗੀ ਘੜੀ ਨੂੰ ਇਹ ਸਾਰਾ ਕਿੱਸਾ ਪਤਾ ਲੱਗ ਗਿਆ ਸੀ ਕਿ ਦਫ਼ਤਰੋਂ ਬਾਹਰ ਬਾਬੂਆਂ ਨਾਲ ਕੀ ਵਾਪਰਦਾ ਹੈ |
ਅਗਲੇ ਦਿਨ ਜਦੋਂ ਰਮੇਸ਼ ਕੋਲ ਚਾਹ ਪੀਣ ਗਏ ਤਾਂ ਨੋਟ ਕੀਤਾ ਭੀੜ ਥੋੜ੍ਹੀ ਘੱਟ ਸੀ | ਸਾਡੇ ਦਫ਼ਤਰ ਦੇ ਬਾਬੂ ਵੀ ਕਈ ਥਰਮੋਸ ਵਿਚ ਪਾ ਕੇ ਘਰਾਂ ਤੋਂ ਚਾਹ ਲੈ ਆਏ ਸੀ | ਰਮੇਸ਼ ਦੀ ਦੁਕਾਨ 'ਤੇ ਕੀ ਦੇਖਿਆ ਕਿ ਉਹ ਅੱਜ ਚਾਹ ਗਲਾਸਾਂ ਵਿਚ ਨਹੀਂ ਸੀ ਦੇ ਰਿਹਾ | ਅੱਜ ਪੇਪਰ ਦੀਆਂ ਡਿਸਪੋਜ਼ੇਬਲ ਕੱਪੀਆਂ ਵਿਚ ਚਾਹ ਵਰਤਾਈ ਜਾ ਰਹੀ ਸੀ, ਪੇਪਰ ਦੀ ਕੱਪੀ ਵਿਚ ਅੱਧੇ ਕੱਪ ਤੋਂ ਵੀ ਘੱਟ ਚਾਹ ਸੀ | ਮਜ਼ਾਕ ਜਿਹਾ ਲੱਗਿਆ |
ਅਸੀਂ ਜਾ ਕੇ ਖੜ੍ਹੇ ਹੀ ਹੋਏ ਤਾਂ ਰਮੇਸ਼ ਨੇ ਸਾਨੂੰ ਤਿੰਨ ਕੱਪੀਆਂ ਚਾਹ ਫੜਾਈ | ਸੋਚਿਆ ਉਸ ਨੇ ਦੋ ਬਟਾ ਤਿੰਨ ਕਰ ਦਿੱਤੀ ਹੋਵੇਗੀ | ਸੁਪਰਡੈਂਟ ਸਾਹਿਬ ਨੇ ਕਿਹਾ, 'ਰੁਕੋ ਜ਼ਰਾ', ਅਸੀਂ ਰੁਕ ਗਏ | ਸੁਪਰਡੈਂਟ ਸਾਹਿਬ ਨੇ ਸਾਹਮਣੇ ਤੋਂ ਖਾਲੀ ਸ਼ੀਸ਼ੇ ਦਾ ਗਿਲਾਸ ਚੁੱਕਿਆ ਅਤੇ ਉਸ ਨੇ ਤਿੰਨੇ ਕੱਪੀਆਂ ਦੀ ਚਾਹ ਗਿਲਾਸ ਵਿਚ ਪਲਟੀ | ਗਲਾਸ ਭਰ ਗਿਆ, ਜਿੰਨਾ ਆਮ ਚਾਹ ਦਾ ਕੱਪ ਹੁੰਦਾ | ਅਸੀਂ ਚਾਹ ਦੋ ਬਟਾ ਤਿੰਨ ਕਰਦੇ ਸੀ, ਪਰ ਰਮੇਸ਼ ਨੇ ਚਾਹ ਇਕ ਬਟਾ ਤਿੰਨ ਕੀਤੀ ਪਰ ਕੱਪੀਆਂ ਤਿੰਨ ਬਟਾ ਤਿੰਨ ਹੀ ਸਨ |
ਸੁਪਰਡੈਂਟ ਸਾਹਿਬ ਨੇ ਪਹਿਲਾਂ ਆਪਣੀ ਘੜੀ ਵੱਲ ਦੇਖਿਆ, ਫਿਰ ਜੇਬ ਵੱਲ, ਫਿਰ ਉਸ ਦਾ ਧਿਆਨ ਦਫ਼ਤਰ ਵਾਲੀ ਘੜੀ ਵੱਲ ਗਿਆ | ਉਸ ਨੇ ਪੇਪਰ ਵਾਲੀਆਂ ਕੱਪੀਆਂ ਵਿਚਲੀ ਚਾਹ ਵੱਲ ਨਜ਼ਰ ਮਾਰੀ | ਪਹਿਲਾਂ ਜਿਹੜੀ ਇਕ ਕੱਪ ਚਾਹ ਪੰਜ ਰੁਪਏ ਦੀ ਸੀ, ਉਸ ਕੱਪ ਦੀਆਂ ਹੁਣ ਤਿੰਨ ਕੱਪੀਆਂ ਬਣਾ ਕੇ 15 ਰੁਪਏ ਦਾ ਕੱਪ ਦੇ ਕੇ ਪੰਤਾਲੀ ਰੁਪਏ ਵਟ ਰਹੇ ਹਨ |
'ਕਰ ਲਓ ਕਮਾਈਆਂ ਆਪਾਂ ਲੁੱਟੇ ਜਾ ਰਹੇ ਹਾਂ, ਇਹਨੂੰ ਕਹਿੰਦੇ ਮਹਿੰਗਾਈ', ਸੁਪਰਡੈਂਟ ਸਾਹਿਬ ਚੀਕਿਆ |
ਚਾਹ ਮੁਕਾਈ ਤੇ ਕੁਝ ਨਾ ਬੋਲੇ | ਘੜੀਆਂ ਦੇਖੀਏ ਤੇ ਵਾਪਸ ਦਫ਼ਤਰ ਵੱਲ ਮੋੜੇ ਪਾਏ | ਸਾਹਮਣੇ ਘੜੀ ਦੇਖੀ ਤਾਂ ਪੂਰੇ ਦੋ ਵੱਜੇ ਸਨ |
ਆਪਣੀ-ਆਪਣੀ ਸੀਟ 'ਤੇ ਬੈਠ ਕੇ ਸਾਹ ਲਿਆ, ਜਿਵੇਂ ਬਾਹਰ ਕੁਝ ਵੀ ਨਾ ਹੋਇਆ ਹੋਵੇ, 'ਕੱਲ੍ਹ ਤੋਂ ਬਾਹਰ ਜਾਣਾ ਬੰਦ ਕਰੀਏ, ਘਰੋਂ ਹੀ ਸਵੇਰੇ ਥਰਮੋਸ ਭਰ ਲਿਆਂਦੀ ਚਾਹ ਦੀ, ਨਾਲੇ ਉੱਪਰ ਘੜੀ ਵੀ ਖੁਸ਼ ਰਿਹਾ ਕਰੂ |' ਸੁਪਰਡੈਂਟ ਸਾਹਿਬ ਦੀ ਨੇਕ ਸਲਾਹ ਸੀ |
ਅਸੀਂ ਸਾਰਿਆਂ ਨੇ ਫਿਰ ਉੱਪਰ ਘੜੀ ਵੱਲ ਨਜ਼ਰ ਮਾਰੀ |
-18/2, ਕੋਠੀ ਨੂਰ ਇਨਕਲੇਵ, ਡਾਕ: ਲੱਧੇਵਾਲੀ, ਜਲੰਧਰ |
-ਮੋਬਾਈਲ : 98884-05888