ਉਦੈ ਸਿੰਘ 'ਸ਼ਾਇਕ, ਐਡਵੋਕੇਟ (ਸਰਕਾਰੀ ਵਕੀਲ) ਦਾ ਜਨਮ ਸਾਲ 1895 ਵਿਚ ਪਿੰਡ ਮਚਾਕੀ ਨੇੜੇ ਸਾਦਿਕ, ਰਿਆਸਤ, ਹੁਣ ਜ਼ਿਲ੍ਹਾ ਫ਼ਰੀਦਕੋਟ ਵਿਚ ਹੋਇਆ | ਉਸ ਦਾ ਪਿਤਾ ਆਨਰੇਰੀ ਮੈਜਿਸਟਰੇਟ ਸੀ, ਤੇ ਉਸ ਦੀ ਸਰਕਾਰੇ-ਦਰਬਾਰੇ ਪੁੱਛ-ਪ੍ਰਤੀਤ ਸੀ | ਉਦੈ ਸਿੰਘ ਲਾਹੌਰ ਤੋਂ ਵਕਾਲਤ ਦੀ ਡਿਗਰੀ ਲੈ ਕੇ ਸਰਕਾਰੀ ਵਕੀਲ ਨਿਯੁਕਤ ਹੋਇਆ | ਉਰਦੂ ਜ਼ੁਬਾਨ 'ਤੇ ਸ਼ਾਇਰੀ ਦਾ ਉਸ ਨੂੰ ਮੁੱਢੋਂ ਹੀ ਸ਼ੌਕ ਸੀ, ਜੋ ਵੱਖ ਵੱਖ ਥਾਵਾਂ 'ਤੇ ਹੁੰਦੇ ਮੁਸ਼ਾਇਰਿਆਂ ਵਿਚ ਉਸ ਦੀ ਕਲਾ ਨੂੰ ਨਿਖਾਰਦਾ ਰਿਹਾ | ਵਧਦੇ, ਫ਼ਲਦੇ-ਫ਼ੁਲਦੇ ਉਦੈ ਸਿੰਘ 'ਸ਼ਾਇਕ' ਨੂੰ ਸਾਲ 1921 ਵਿਚ 'ਅੰਜੁਮਨੇ, -ਅਰਬਾਬੇ-ਇਲਮ, ਲਾਹੌਰ ਵੱਲੋਂ' ਲੱਸਾਨ-ਉਲ-ਐਜਾਜ਼ (ਭਾਸ਼ਾ ਦਾ ਕਾਬਿਲ ਮਾਹਿਰ) ਦਾ ਖ਼ਿਤਾਬ ਮਿਲਿਆ |

ਦੇਖਣ ਨੂੰ ਉਹ ਇਕ ਆਦਰਯੋਗ ਪੇਂਡੂ ਜਾਪਦਾ ਸੀ ਪਰ ਜਦੋਂ ਸਟੇਜ 'ਤੇ ਪ੍ਰਗਟ ਹੋ ਕੇ ਆਪਣਾ ਕਲਾਮ ਪੇਸ਼ ਕਰਦਾ ਤਾਂ ਉਸ ਦੇ ਅੰਦਾਜ਼-ਏ-ਬਿਆਨ ਤੇ ਸ਼ਾਇਰੀ ਦੇ ਉੱਚੇ-ਪੱਧਰ ਤੋਂ ਸਰੋਤੇ ਹੈਰਾਨ ਹੋ ਜਾਂਦੇ | ਉਹ ਇਕ ਇਮਾਨਦਾਰ ਤੇ ਉੱਚ-ਆਚਰਣ ਵਾਲਾ ਅਫ਼ਸਰ ਸੀ | ਉਸ ਦੇ ਸੁਭਾਅ ਵਿਚ ਸਾਦਗੀ ਤੇ ਉਹਦੀ ਸ਼ਾਇਰੀ ਵਿਚੋਂ ਮਿਠਾਸ ਅਤੇ ਉੱਚ-ਆਚਰਣ ਝਲਕਦਾ ਸੀ | ਦੇਖਦੇ ਦੇਖਦੇ ਹੀ ਉਹ ਮੌਲਾਨਾ ਤਾਜਵਰ 'ਨਜੀਬਾਬਾਦੀ', ਸਰ ਅਬਦੁੱਲ ਕਾਦਿਰ ਤੇ ਡਾ. ਇਕਬਾਲ ਵਰਗੇ ਸਾਹਿਤ ਦੇ ਮਹਾਂਰਥੀਆਂ ਦਾ ਹਮ-ਰਕਾਬ ਬਣ ਗਿਆ | ਉਸ ਦੀ ਸਾਹਿਤਕ ਰਚਨਾ ਦੀ ਕੇਵਲ ਇਕ ਪੁਸਤਕ 'ਹੈਰਤ-ਕਦਹ' ਮਿਲਦੀ ਹੈ, ਜੋ ਕਿ 1967 ਵਿਚ ਛਪੀ ਸੀ |
ਜਨਾਬ 'ਜੋਸ਼' ਮਲਸਿਆਨੀ ਨੇ ਕਿਹਾ ਕਿ ਉਹ ਘੱਟੋ ਘੱਟ 50 ਸਾਲ ਸ਼ਾਇਰੀ ਕਰਦਾ ਰਿਹਾ ਤੇ ਪੰਜਾਬ ਦੇ ਦੋ ਤਿੰਨ ਚੰਗੇ ਸਿੱਖ ਸ਼ਾਇਰਾਂ ਵਿਚ ਉਸ ਦੀ ਗਿਣਤੀ ਹੋਣ ਲੱਗ ਪਈ | 'ਜੋਸ਼' ਮੁਤਾਬਿਕ 'ਉਸ ਦੇ ਕਲਾਮ ਵਿਚ ਖ਼ੁਸ਼-ਬਿਆਨੀ, ਤਰ-ਜ਼ੁਬਾਨੀ, ਜਚੇ-ਤੁਲੇ ਸ਼ਬਦਾਂ ਵਿਚ, ਠੋਸ ਤੇ ਮਜ਼ਬੂਤ ਸ਼ੇਅਰ ਕਹਿਣ ਦੀ ਤੌਫ਼ੀਕ ਸੀ' | ਉਸ ਨੇ ਆਪਣੀ ਹਮਸਫ਼ਰ (ਰਫ਼ੀਕਾ) ਦੀ ਮੌਤ 'ਤੇ ਬੜੀ ਦਰਦ ਭਰੀ ਤੇ ਸ਼ਾਨਦਾਰ ਕਵਿਤਾ ਲਿਖੀ | 'ਜੋਸ਼' ਨੇ ਉਸ ਦੇ ਹੇਠਲੇ ਸ਼ੇਅਰ 'ਸੁੰਦਰਤਾ ਤੇ ਉੱਤਮਤਾ' ਦੇ ਨਮੂਨੇ ਵੱਜੋਂ ਪੇਸ਼ ਕੀਤੇ ਹਨ:
ਫਰੇਬ ਦੇਨੇ ਮੇਂ ਬੇਸ਼ਕ ਮਜ਼ਾ ਤੋ ਹੈ 'ਸ਼ਾਇਕ'
ਕੁੱਛ ਔਰ ਲੁਤਫ਼ ਹੈ ਲੇਕਿਨ ਫ਼ਰੇਬ ਖ਼ਾਨੇ ਮੇਂ
ਜਲਵੇ ਬਖੇਰਤਾ ਇਧਰ ਆਇਆ, ਉਧਰ ਗਯਾ
ਬਿਜਲੀ ਕੀ ਕੌਂਧ ਥੀ, ਕਿ ਜ਼ਮਾਨਾ ਸ਼ਬਾਬ ਕਾ
ਨਿੱਤ ਨਯਾ ਸੋਗ ਹੈ, ਹਰ ਰੋਜ਼ ਨਯਾ ਮਰਨਾ ਹੈ
ਦਿਲ ਨੇ ਨੁਕਸਾਨ ਉਠਾਇਆ ਹੈ, ਮੇਰਾ ਦਿਲ ਹੋ ਕਰ
ਦੋ ਹੋਰ ਸੁੰਦਰ ਤੇ ਸ਼ਾਨਦਾਰ ਸੂਰਤ ਵਾਲੇ ਸ਼ੇਅਰ ਹਨ: 'ਜੋਸ਼' ਮਲਸਿਆਨੀ (ਅਬੂ ਉੱਲ-ਫ਼ਸਾਹਤ ਜਨਾਬ ਲੱਭੂ ਰਾਮ 'ਜੋਸ਼' ਮਲਸਿਆਨੀ)
ਨਗ਼ਮਾ-ਏ-ਸ਼ੌਕ ਕੋ ਦਰਕਾਰ ਕੋਈ ਸਾਜ਼ ਨਹੀਂ
ਯੇਹ ਵੋਹ ਸੰਗੀਤ ਹੈ ਜਿਸ ਕੀ ਕੋਈ ਆਵਾਜ਼ ਨਹੀਂ
ਬੇਖ਼ੁਦੀ ਮੇਂ ਕੋਈ ਆਵਾਜ਼ ਤੋ ਸੁਨਤਾ ਹੂੰ ਜ਼ਰੂਰ
ਦੇਖਤਾ ਹੂੰ ਤੋ ਕੋਈ ਸਾਹਿਬੇ-ਆਵਾਜ਼ ਨਹੀਂ
'ਦੋ ਕੁ ਸ਼ੇਅਰਾਂ' ਵਿਚ ਹੀ 'ਸ਼ਾਇਕ ' ਬਹੁਤ ਗਹਿਰਾਈ ਤੇ ਵਿਸ਼ਾਲਤਾ ਦਾ ਅਹਿਸਾਸ ਕਰਵਾ ਦਿੰਦਾ ਹੈ | 'ਅਮੀਰ-ਉੱਲ ਸ਼ੁਅਰਾ ਤਿਲੋਕ ਚੰਦ 'ਮਹਿਰੂਮ' ਨੇ ਕਿਹਾ ਅਤੇ ਹੇਠ ਲਿਖੇ ਸ਼ੇਅਰ ਨੂੰ ਸਰਾਹਿਆ—
ਤੋੜ ਡਾਲੇ ਮਿਰੀ ਨਜ਼ਰੋਂ ਨੇ ਤਲਿਸਮਾਤੇ-ਜਮਾਲ
ਅਬ ਤੇਰਾ ਹੁਸਨ ਭੀ ਹੈਰਤ-ਕਦਹ-ਏ ਰਾਜ਼ ਨਹੀਂ
ਜਨਾਬ ਤਿਲੋਕ ਚੰਦ 'ਮਹਿਰੂਮ' ਨੇ 'ਹੈਰਤ ਕਦਹ' ਪੁਸਤਕ ਦੀ 'ਤਕਰੀਜ਼' ਵਿਚ ਉਦੈ ਸਿੰਘ 'ਸ਼ਾਇਕ' ਬਾਰੇ ਲਿਖਦਿਆਂ ਕਿਹਾ ਕਿ ਮੈਂ ਉਸ ਨੂੰ ਸਾਲ 1925 ਵਿਚ ਸ਼ਿਮਲੇ ਦੇ ਅਜ਼ੀਮ-ਉੱਸ਼ਾਨ ਮੁਸ਼ਾਇਰੇ ਵਿਚ ਮਿਲਿਆ ਸੀ ਤੇ ਉਸ ਦੀਆਂ ਨਜ਼ਮਾਂ ਤੇ ਗ਼ਜ਼ਲਾਂ ਦੀ ਉੱਚ-ਪਰਵਾਜ਼, ਨਵੀਨਤਾ ਆਦਿ ਤੋਂ ਬਹੁਤ ਪ੍ਰਭਾਵਿਤ ਹੋਇਆ; ਤੇ ਮੈਂ ਨਾ ਚਾਹੁੰਦੇ ਹੋਏ ਵੀ ਉਸ ਦੇ ਕੁਝ ਸ਼ੇਅਰ ਵਧੀਆ ਸ਼ਾਇਰੀ ਦੇ ਨਮੂਨੇ ਦੇ ਤੌਰ'ਤੇ ਲਿਖ ਰਿਹਾ ਹਾਂ |
ਨਾ ਇਸ ਕੀ ਸੁਬਹ ਹੋਤੀ ਹੈ, ਨਾ ਇਸਕੀ ਸ਼ਾਮ ਹੋਤੀ ਹੈ
ਮੁਹੱਬਤ ਬੇਨਿਯਾਜ਼ੇ-ਗਰਦਿਸ਼ੇ-ਅੱਯਾਮ ਹੋਤੀ ਹੈ |
ਬੇਖ਼ੁਦੀ ਮੇਂ ਕੋਈ ਆਵਾਜ਼ ਤੋ ਸੁਨਤਾ ਹੂੰ ਜ਼ਰੂਰ
ਦੇਖਤਾ ਹੂੰ ਤੋ ਕੋਈ ਸਾਹਿਬੇ-ਆਵਾਜ਼ ਨਹੀਂ
ਦਿਲ ਮੇਂ ਤੂਫ਼ਾਨ ਥੇ, ਵੋਹ ਆਏ ਤੋ ਆਂਸੂ ਨਾ ਗਿਰੇ
ਏਕ ਕਤਰੇ ਕੋ ਮੈਂ ਤਰਸਾ ਕੀਆ ਦਰਿਆ ਹੋ ਕਰ |
ਕਿਰਪਾਲ ਸਿੰਘ 'ਬੇਦਾਰ' ਜਿਸ ਨੂੰ ਕਈ ਸ਼ਾਇਰ ਤੇ ਵਿਦਵਾਨ 'ਸ਼ਾਇਰੇ-ਆਜ਼ਮ' ਕਹਿ ਕੇ ਵਡਿਆਉਂਦੇ ਹਨ, ਨੇ ਲਿਖਿਆ ਕਿ ਉਸ ਨੇ ਬਹੁਤ ਵੱਡੇ ਸ਼ਾਇਰਾਂ ਵਿਚ 'ਸ਼ਾਇਕ' ਸਾਹਿਬ ਨੂੰ ਆਪਣਾ ਕਲਾਮ ਪੇਸ਼ ਕਰਦੇ ਤੇ ਸਰੋਤਿਆਂ ਤੋਂ ਰੱਜ ਪੁੱਜ ਕੇ ਦਾਦ ਲੈਂਦੇ ਦੇਖਿਆ ਹੈ; ਤੇ ਹੋਰ ਕਿਹਾ ਕਿ ਮੈਂ ਦਿਆਲ ਸਿੰਘ ਕਾਲਜ, ਲਾਹੌਰ ਦੇ ਸਾਲਾਨਾ ਮੁਸ਼ਾਇਰੇ ਤੋਂ 'ਸ਼ਾਇਕ' ਦਾ ਇਕ ਸ਼ੇਅਰ ਸੁਣ ਕੇ ਆਪਣੇ ਦਿਮਾਗ਼ ਵਿਚ ਸਾਂਭਿਆ ਹੋਇਆ ਹੈ |
ਜੋ ਕੁਛ ਭੀ ਹੈ ਜਹਾਂ ਮੇਂ ਤਮਾਸ਼ਾਏ ਇਸ਼ਕ ਹੈ
ਖ਼ੁਦ ਹੁਸਨ ਇਕ ਕਰਿਸ਼ਮਾਏ-ਜ਼ੇਬਾਏ ਇਸ਼ਕ ਹੈ |
ਸਰਦਾਰ ਉਦੈ ਸਿੰਘ 'ਸ਼ਾਇਕ' ਨੇ ਇਕ ਸਫ਼ਲ ਜੀਵਨ ਜਿਊਾਦਿਆਂ, ਬਤੌਰ ਸ਼ਾਇਰ ਵਡਿਆਈ ਪ੍ਰਾਪਤ ਕੀਤੀ ਤੇ ਸੇਵਾ-ਮੁਕਤੀ ਉਪਰੰਤ ਫਰੀਦਕੋਟ ਵਿਚ ਇਕ ਕੋਠੀ ਬਣਾ ਕੇ ਰਿਹਾਇਸ਼ ਕੀਤੀ | ਉੱਥੇ ਉਹ ਚੰਗੀ ਜ਼ਿੰਦਗੀ ਬਿਤਾ ਕੇ ਸਾਲ 1987 ਤੱਕ ਵਿਚਰਿਆ | ਉਸ ਦੀ ਕੋਈ ਨਰੀਨਾ ਔਲਾਦ ਨਹੀਂ ਸੀ, ਪ੍ਰੰਤੂ ਵਕੀਲ ਇੰਦਰਜੀਤ ਸਿੰਘ ਸੇਖੋਂ ਨੂੰ ਉਸ ਨੇ ਆਪਣਾ ਪੁੱਤਰ (ਮੁੱਤਬੰਨਾ) ਬਣਾ ਲਿਆ, ਜੋ ਉਸ ਦੇ ਵੱਡੇ ਭਰਾ ਦਾ ਪੁੱਤਰ ਸੀ |
ਹੁਣ ਅਸੀਂ ਆਪਣੇ ਪਾਠਕਾਂ ਲਈ 'ਸ਼ਾਇਕ' ਦੀ ਸ਼ਾਇਰੀ ਦੇ ਕੁਝ ਅੰਸ਼ ਪੇਸ਼ ਕਰਦੇ ਹਾਂ |
ਜਹਾਂ1 ਮੇਰੇ ਲੀਏ ਹੈ, ਨਾ ਮੈਂ ਜਹਾਂ ਕੇ ਲੀਏ
ਜੋ ਹੂੰ ਯਹਾਂ ਤੋ ਫ਼ਕਤ2 ਜ਼ੇਬੇ-ਦਾਸਤਾਂ3 ਕੇ ਲੀਏ
ਹਮੇਂ ਤੋ ਮੌਸਮੇਂ-ਗੁਲ ਕੀ ਹੈ ਬਸ ਖ਼ਬਰ ਇਤਨੀ
ਜਵਾਂ ਹੂਈ ਥੀ ਕੋਈ ਬਰਕ4 ਆਸ਼ੀਆਂ ਕੇ ਲੀਏ
ਰਿਯਾਜ਼ੇ-ਦਹਰ5 ਮੇਂ ਹਮ ਨੇ ਤੋ ਹਰ ਸ਼ਜਰ6 ਕੋ ਦੇਖਾ
ਮਗਰ ਮਿਲੀ ਨਾ ਕੋਈ ਸ਼ਾਖ਼ ਆਸ਼ੀਆਂ ਕੇ ਲੀਏ
ਬਾਰ-ਗਾਹੇ7 ਮੁਹੱਬਤ ਹੈ ਬਾਰ-ਗਾਹੇ ਅਦਬ
ਸਲੀਕਾ ਸ਼ਰਤ ਹੈ ਐ ਦਿਲ ਯਹਾਂ ਫ਼ੁਗਾਂ ਕੇ ਲੀਏ
ਰਿਯਾਜ਼ੇ-ਦਿਲ ਮੇਂ ਤਲਾਸ਼ੇ-ਬਹਾਰ ਲਾ-ਹਾਸਿਲ8
ਕਿ ਯੇਹ ਚਮਨ ਤੋ ਹੈ 'ਸ਼ਾਇਕ' ਫ਼ਕਤ ਖਿਜ਼ਾਂ ਕੇ ਲੀਏ
1. ਦੁਨੀਆਂ 2. ਕੇਵਲ 3. ਕਹਾਣੀ ਦੀ ਸਜਾਵਟ 4. ਬਿਜਲੀ 5. ਵਿਸ਼ਾਲ ਦੁਨੀਆਂ 6. ਬਿਰਖ 7. ਅਦਬ-ਅਦਾਬ, ਸ਼ਰਧਾ ਦਾ ਸਥਾਨ 8. ਵਿਅਰਥ
-0-
ਕੋਈ ਬਤਾਏ ਉਨ੍ਹੇਂ ਮੇਰੀ ਆਰਜ਼ੂ ਕਿਆ ਹੈ
ਯੇਹ ਮੇਰੀ ਆਂਖ ਸੇ ਟਪਕਾ ਹੂਆ ਲਹੂ ਕਿਆ ਹੈ
ਉਨ੍ਹੀਂ ਸੇ ਹੈ ਯੇਹ ਮਿਰੇ ਦਿਲ ਮੇਂ ਆਰਜ਼ੂ ਕੀ ਨਮੂਦ1
ਜਿਨ੍ਹੇਂ ਖ਼ਬਰ ਨਹੀਂ ਦਿਲ ਕਿਆ ਹੈ, ਆਰਜ਼ੂ ਕਿਆ ਹੈ
ਮੈਂ ਕਿਆ ਬਤਾਊਾ, ਮੁਝੇ ਖ਼ੁਦ ਭੀ ਯੇਹ ਨਹੀਂ ਮਾਲੂਮ
ਕਿ ਮੇਰੇ ਸ਼ੌਕੇ-ਮੁਹੱਬਤ ਕੀ ਜੁਸਤਜੂ2 ਕਿਆ ਹੈ
ਜੋ ਆਸ਼ਨਾਏ-ਮੁਹੱਬਤ3 ਨਹੀਂ ਵੋਹ ਕਿਆ ਜਾਨੇ
ਨਿਗਾਹੇ-ਸ਼ੌਕ ਕੀ ਖ਼ਾਮੋਸ਼ ਗੁੁਫ਼ਤਗੂ ਕਿਆ ਹੈ
ਫ਼ਰੇਬ ਦੇ ਉਨ੍ਹੇਂ 'ਸ਼ਾਇਕ', ਯੇਹ ਰੰਗੋ-ਬੂਏ ਚਮਨ
ਜਿਨ੍ਹੇਂ ਖ਼ਬਰ ਨਹੀਂ ਅੰਜਾਮੇ-ਰੰਗੋ-ਬੂ4 ਕਿਆ ਹੈ
1. ਉਤਪੰਨ 2. ਤਲਾਸ਼, 3. ਮੁਹੱਬਤ ਵਿਚ ਗ਼ਲਤਾਨ 4. ਰੰਗੀਨੀ ਤੇ ਖ਼ੁਸ਼ਬੋ ਦਾ ਅੰਤ |
-2-
ਰਫ਼ੀਕਾ-ਏ-ਹਯਾਤ ਕੀ ਵਫ਼ਾਤ ਪਰ
ਕੋਈ ਦੀਵਾਰ ਹੈ, ਨਾ ਦਰ ਹੈ ਆਜ
ਕੋਈ ਮਾਮਨ ਨਾ ਕੋਈ ਘਰ ਹੈ ਆਜ
ਆਸਰਾ ਹੈ, ਨਾ ਅਬ ਸਹਾਰਾ ਹੈ
ਮੌਤ ਕਿਆ, ਜ਼ਿੰਦਗੀ ਨੇ ਮਾਰਾ ਹੈ
ਸਭ ਮੁਝੇ ਕਹਿ ਰਹੇ ਹੈਂ ਦੀਵਾਨਾ
ਹੂੰ ਵਤਨ ਮੇਂ ਭੀ ਆਜ ਬੇਗਾਨਾ
ਇਸ਼ਰਤੇ-ਰਫ਼ਤਾ ਇਕ ਫ਼ਸਾਨਾ ਹੈ
ਜ਼ਿੰਦਗੀ ਮੌਤ ਕਾ ਬਹਾਨਾ ਹੈ
ਕੋਈ ਮਹਿਰਮ, ਨਾ ਰਾਜ਼ਦਾਰ ਯਹਾਂ
ਕੋਈ ਮੂਨਸ, ਨਾ ਗ਼ਮਗੁਸਾਰ ਯਹਾਂ
ਏਕ ਕਮਰਾ ਹੈ ਅਬ ਬਰਾਏ-ਨਾਮ
ਕੈਦ ਹੈਂ ਜਿਸ ਮੇਂ ਮੇਰੇ ਸੁਬਹ-ਓ-ਸ਼ਾਮ
ਮੇਰੀ ਦਮਸਾਜ਼ ਚੰਦ ਚਿੜੀਆਂ ਹੈਂ
ਅਬ ਯਹੀ ਦਿਲ-ਲਗੀ ਕਾ ਸਾਮਾਂ ਹੈਂ...
•
ਅਮਰਜੀਤ ਸਿੰਘ ਜੀਤ
•
ਕੋਈ ਕਰੀਬ ਆ ਕੇ, ਮੁੜ ਕੇ ਨਾ ਦੂਰ ਹੋਵੇ |
ਸੁਪਨਾ ਹੁਸੀਨ ਕੋਈ, ਟੁੱਟ ਕੇ ਨਾ ਚੂਰ ਹੋਵੇ |
ਨਿੱਘ ਪਿਆਰ ਦਾ ਹੋਵੇ, ਘੁਲਦੇ ਨੇ ਰੰਗ ਫ਼ਿਜ਼ਾ ਵਿਚ,
ਓਥੇ ਨਾ ਕੁਝ ਵੀ ਰਹਿੰਦਾ, ਜਿੱਥੇ ਗ਼ਰੂਰ ਹੋਵੇ |
ਹਰ ਸ਼ਖ਼ਸ ਜਿਹੜਾ ਲੋਚੇ, ਬਣਨਾ ਵਿਸ਼ੇਸ਼ ਹਸਤੀ,
ਬੇਸ਼ਕ ਬਣੇ ਉਹ ਕੁਝ ਵੀ, ਬੰਦਾ ਜਰੂਰ ਹੋਵੇ |
ਹੋਵੇ ਜੇ ਮੇਲ ਅਪਣਾ, ਅੰਬਰ 'ਤੇ ਲਿਸ਼ਕੇ ਬਿਜਲੀ,
ਦੋਵੇਂ ਹੀ ਭਿੱਜ ਜਾਈਏ, ਪੈਂਦੀ ਜੇ ਭੂਰ ਹੋਵੇ |
ਦਿਲ ਤੋਂ ਦੁਆ ਹੈ ਮੇਰੀ, ਲੱਖਾਂ ਬਹਾਰਾਂ ਮਾਣੇਂ,
ਜੀਵਨ 'ਚ 'ਜੀਤ' ਤੇਰੇ ਖ਼ੁਸ਼ੀਆਂ ਦਾ ਪੂਰ ਹੋਵੇ
•
ਗ਼ਜ਼ਲ ਉਸ ਨੇ ਛੇੜੀ
• ਗੁਰਦਿਆਲ ਰੌਸ਼ਨ •
ਅਮਰਜੀਤ ਸਿੰਘ ਜੀਤ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਬਰਾਬਰ ਮਕਬੂਲ ਹੈ | ਉਹ ਲਿਪੀਅੰਤਰ ਕਰਕੇ ਦੋਹਾਂ ਪਾਸਿਆਂ ਦੀਆਂ ਪੰਜਾਬੀ ਗ਼ਜ਼ਲਾਂ ਦਾ ਅਦਾਨ-ਪ੍ਰਦਾਨ ਅਕਸਰ ਕਰਦਾ ਰਹਿੰਦਾ ਹੈ | ਉਸ ਨੇ ਇੱਕੀਵੀਂ ਸਦੀ ਦੇ ਐਨ ਸ਼ੁਰੂ ਵਿਚ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਤੇ ਉਸ ਦੇ ਦੋ ਗ਼ਜ਼ਲ ਸੰਗ੍ਰਹਿ 'ਚਾਨਣ ਦਾ ਛਿੱਟਾ' 2014 ਤੇ 'ਬਦਲਦੇ ਮੌਸਮਾਂ ਅੰਦਰ' 2023 ਛਪ ਚੁੱਕੇ ਹਨ | ਉਸ ਦੀਆਂ ਗ਼ਜ਼ਲਾਂ ਵਿਚ ਮੁਹੱਬਤ ਦੀ ਰਿਮਝਿਮ ਵੀ ਹੈ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਰੁਦਨ ਵੀ ਹੈ | ਸਮਾਜਿਕ ਰਿਸ਼ਤੇ ਨਾਤੇ ਉਸ ਨੂੰ ਸਵਾਰਥ ਤੋਂ ਬਿਨਾਂ ਕੁਝ ਨਹੀਂ ਜਾਪਦੇ ਤੇ ਉਹ ਜੂਝਣ ਨੂੰ ਅਸਲ ਜੀਵਨ ਸਮਝਦਾ ਹੈ | ਬਠਿੰਡਾ ਦੇ ਕਸਬੇ ਰਾਮਾ ਮੰਡੀ ਵਿਚ ਪੈਦਾ ਹੋਏ ਤੇ ਜੰਮੇ ਪਲੇ ਅਮਰਜੀਤ ਸਿੰਘ ਜੀਤ ਨੇ ਕਾਫ਼ੀ ਸਮਾਂ ਪੰਜਾਬ ਦੇ ਸਿਹਤ ਵਿਭਾਗ ਵਿਚ ਮੁਲਾਜ਼ਮਤ ਕੀਤੀ ਹੈ | ਉਹ ਕਈ ਅਦਬੀ ਸੰਗਠਨਾਂ ਦਾ ਕਰਤਾ ਧਰਤਾ ਹੈ ਤੇ ਗ਼ਜ਼ਲ ਲਈ ਉਸ ਦੀਆਂ ਸੇਵਾਵਾਂ ਸਰਾਹੁਣਯੋਗ ਹਨ | ਪੇਸ਼ ਹਨ ਜੀਤ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002