![]()
ਕਰਮ ਚੰਦ ਬੜਾ ਕਰਮਾ ਵਾਲਾ ਹੋਣਹਾਰ ਤੇ ਖੁਸ਼ ਮਿਜਾਜ਼ ਇਨਸਾਨ ਸੀ। ਉਸ ਦਾ ਇਕ ਪੁੱਤਰ ਦੋ ਧੀਆਂ ਸਨ। ਉਸ ਨੇ ਬੱਚਿਆਂ ਨੂੰ ਖੂਬ ਪੜ੍ਹਾਇਆ ਤੇ ਸਭ ਨੂੰ ਚੰਗੀਆਂ ਨੌਕਰੀਆਂ 'ਤੇ ਲਵਾਇਆ। ਬੜੀਆਂ ਖੁਸ਼ੀਆਂ ਤੇ ਰੀਝਾਂ-ਚਾਵਾਂ ਨਾਲ ਸਭ ਦੇ ਵਿਆਹ ਕੀਤੇ। ਸਮੇਂ ਨੇ ਕਰਵਟ ਲਈ, ਉਮਰ ਦੇ ਤਕਾਜ਼ੇ ਨਾਲ ਕਰਮ ਚੰਦ ਨੂੰ ਬਿਮਾਰੀਆਂ ਨੇ ਘੇਰ ਲਿਆ ਤੇ ਉਹ ਹੁਣ ਬਜ਼ੁਰਗ ਹੋ ਚੁੱਕਾ ਸੀ। ਸਾਰਾ ਦਿਨ ਮੰਜੇ 'ਤੇ ਪਿਆ ਖਹੂੰ-ਖਹੂੰ ਕਰਦਾ ਰਹਿੰਦਾ ਸੀ ਕਿਉਂਕਿ ਉਸ ਦੀ ਸਾਥਣ ਬਹੁਤ ਸਮਾਂ ਪਹਿਲਾਂ ਹੀ ਉਸ ਦਾ ਸਾਥ ਛੱਡ ਪਰਮਾਤਮਾ ਨੂੰ ਪਿਆਰੀ ਹੋ ਗਈ ਸੀ। ਇਸ ਕਾਰਨ ਲੜਕਾ ਪ੍ਰਦੁਮਣ ਤੇ ਨੂੰਹ ਪਰਮਪ੍ਰੀਤ ਬੜੇ ਪ੍ਰੇਸ਼ਾਨ ਰਹਿੰਦੇ ਤੇ ਸੋਚਦੇ ਕਿ ਬੁੜ੍ਹੇ ਨੇ ਸਾਡੀ ਹੁਸੀਨ ਜ਼ਿੰਦਗੀ ਦਾ ਬੇੜਾ ਗਰਕ ਕਰ, ਸਤਿਆਨਾਸ ਕਰ ਦਿੱਤਾ ਹੈ।
ਡਾਕਟਰਾਂ ਨੇ ਵੀ ਬੜਾ ਓਹੜ-ਪੋਹੜ ਤੇ ਇਲਾਜ ਕੀਤਾ, ਪ੍ਰੰਤੂ ਕੋਈ ਫਰਕ ਨਾ ਪਿਆ, ਪ੍ਰਦੁਸਮਣ ਤੇ ਉਸ ਦੀ ਬੀਵੀ ਥੱਕੇ-ਟੁੱਟੇ ਡਿਊਟੀ ਤੋਂ ਘਰ ਵਾਪਸ ਆਉਂਦੇ, ਅੱਗੋਂ ਪਿਤਾ ਜੀ ਦੀ ਹਾਲਤ ਉਜੜੀ ਲੰਕਾ ਵਰਗੀ ਦੇਖ, ਬੜੇ ਦੁਖੀ ਹੁੰਦੇ।
ਇਕ ਦਿਨ ਪਰਮਪ੍ਰੀਤ ਆਪਣੇ ਪਤੀ ਪ੍ਰਮੇਸ਼ਵਰ ਨੂੰ ਕਹਿਣ ਲੱਗੇ, 'ਮਖ! ਮੈਂ ਕਿਹਾ ਜੀ, ਬਾਪੂ ਤਾਂ ਸਾਰੇ ਹਦ-ਬੰਨੇ ਟੱਪ ਗਏ ਹਨ, ਸਾਰਾ ਦਿਨ ਆਰਾਮ ਨਾਲ ਪਿਆ ਰਹਿੰਦਾ ਹੈ। ਜਦ ਆਪਾਂ ਘਰ ਵਿਚ ਪ੍ਰਵੇਸ਼ ਕਰਦੇ ਹਾਂ ਤਾਂ ਇਹ ਡਰਾਮੇ ਕਰਨ ਲੱਗ ਪੈਂਦਾ ਹੈ। ਮੈਂ ਤਾਂ ਬਹੁਤ ਦੁਖੀ ਹੋ ਗਈ ਹਾਂ, ਇਸ ਦਾ ਕੋਈ ਨਾ ਕੋਈ ਹੱਲ ਕੱਢੋ ਤਾਂ ਜੋ ਨਿੱਤ-ਨਿੱਤ ਦੀ ਕਿੜ-ਕਿੜ...।'
ਇਹ ਪ੍ਰਵਚਨ ਕਰਮ ਚੰਦ ਦੇ ਕੰਨਾਂ ਵਿਚ ਪਏ ਤਾਂ ਉਹ ਸੋਚਾਂ ਦੇ ਵਹਿਣਾਂ 'ਚ ਪਏ ਸੋਚਣ ਲੱਗਾ, 'ਮੈਂ ਇਨ੍ਹਾਂ ਲਈ ਕੀ-ਕੀ ਪਾਪੜ ਨਹੀਂ ਵੇਲੇ ਤੇ ਇਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾਇਆ, ਪ੍ਰੰਤੂ ਇਹ ਮੈਨੂੰ...।' ਇਕ ਦਿਨ ਜਦ ਮੀਆਂ-ਬੀਵੀ ਦਫਤਰੋਂ ਆਏ ਤਾਂ ਪਿਤਾ ਜੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖ ਬੜੇ ਪ੍ਰੇਸ਼ਾਨ ਹੋਏ। ਪ੍ਰੰਤੂ ਪਰਮਪ੍ਰੀਤ ਮੁਸਕਰਾਉਂਦੀ ਹੋਈ ਆਪਣੇ ਪਤੀ ਪ੍ਰਮੇਸ਼ਵਰ ਨੂੰ ਕਹਿਣ ਲੱਗੀ, 'ਮਖ ਮੈਂ ਕਿਹਾ ਜੀ, ਕੁਝ ਸੋਚੋ, ਇਸ ਤੋਂ ਚੰਗਾ ਮੌਕਾ ਸ਼ਾਇਦ ਫਿਰ ਨਾ ਮਿਲੇ ਤੇ...।'
ਇਹ ਸੁਣ ਪ੍ਰਦੁਮਣ ਕਹਿਣ ਲਗਾ, 'ਤੁਸੀਂ ਚਾਹ ਬਣਾਓ ਤੇ ਆਪਾਂ ਨਿੱਤ-ਨਿੱਤ ਦੇ ਕਲੇਸ਼ ਨੂੰ ਮੁਕਾਅ ਦਿੰਦੇ ਹਾਂ ਅੱਜ। ਉਨ੍ਹਾਂ ਚਾਹ ਦੀਆਂ ਚੁਸਕੀਆਂ ਲੈਂਦਿਆਂ ਤੇ ਲੰਮੀਆਂ ਸੋਚਾਂ ਸੋਚਦਿਆਂ ਕਰਮ ਚੰਦ ਨੂੰ ਕਾਰ ਵਿਚ ਪਾ ਦਰਿਆ ਕਿਨਾਰੇ ਲੈ ਗਏ। ਜਦ ਉਹ ਰੁਕੇ ਤਾਂ ਇਧਰ-ਉਧਰ ਦੇਖਣ ਲੱਗੇ ਕਿ ਕੋਈ....। ਤਾਂ ਕਰਮ ਚੰਦ ਆਪਣੇ-ਆਪ ਨੂੰ ਸੰਭਾਲਦਾ ਬੋਲਿਆ, 'ਪੁੱਤਰ ਜੀ! ਥੋੜ੍ਹਾ ਜਿਹਾ ਅੱਗੇ ਲੈ ਚਲੋ, ਇਥੇ ਤਾਂ ਮੈਂ ਤੇਰੇ ਦਾਦਾ ਜੀ ਨੂੰ...।' ਇਹ ਸੁਣ ਸੁਲੱਗ ਸਪੁੱਤਰ ਦੇ ਸੁਪਨੇ ਚਕਨਾਚੂਰ ਹੋ ਗਏ। ਜੇ ਇਹ ਕਾਰਜ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਸ਼ਾਇਦ ਮੈਨੂੰ ਵੀ...।
ਜਦ ਮੀਆਂ-ਬੀਵੀ ਦੀਆਂ ਅੱਖਾਂ ਚਾਰ ਹੋਈਆਂ ਤਾਂ ਵੇਲਣਿਆਂ ਵਾਲੀ ਸਰਕਾਰ ਮੁਸਕਰਾਉਂਦੀ ਹੋਈ ਕਹਿਣ ਲੱਗੀ, 'ਮਖ! ਮੈਂ ਕਿਹਾ ਮੈਨੂੰ ਪਤਾ ਸੀ ਕਿ ਜੀ ਤੁਸੀਂ ਪਿਤਾ ਮੋਹ ਤੋਂ ਮੁਕਤ ਨਹੀਂ ਹੋ ਸਕਦੇ?'
-ਸਟਰੀਟ ਆਰ.ਕੇ. ਸ਼ਟਰਿੰਟ ਵਾਲਾ, ਇੱਛੇ ਵਾਲੀ ਰੋਡ, ਫਿਰੋਜ਼ਪੁਰ ਸ਼ਹਿਰ।
ਮੋਬਾਈਲ : 90418-2672
ਮਿੰਨੀ ਵਿਅੰਗ ਪਿਤਾ ਮੋਹ ਤੋਂ ਮੁਕਤ...
ਮਿੰਨੀ ਵਿਅੰਗ ਪਿਤਾ ਮੋਹ ਤੋਂ ਮੁਕਤ...
ਅਜੀਤ ਡੈਸਕ
15-08-2026