ਹਰੇਕ ਸੋਮਵਾਰ ਤੇ ਵੀਰਵਾਰ ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 1 ਵਜੇ ਤੱਕ ਮਿਲੇਗੀ ਸਹੂਲਤ
ਸ਼ਾਹਕੋਟ, 29 ਅਕਤੂਬਰ (ਸੁਖਦੀਪ ਸਿੰਘ)-ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ ਕੱਪੜਿਆਂ ਅਤੇ ਹੋਰ ਘਰੇਲੂ ਸਾਮਾਨ ਦੇ ਲੈਣ-ਦੇਣ ਦੀ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਸੰਸਥਾ ਵਲੋਂ ਪਹਿਲਾਂ ਲੋੜਵੰਦ ਲੋਕਾਂ ਨੂੰ ਕੱਪੜੇ ਵੰਡ ਕੇ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਸੀ ।
ਸ਼ਾਹਕੋਟ, 29 ਅਕਤੂਬਰ (ਸੁਖਦੀਪ ਸਿੰਘ)-ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ ਕੱਪੜਿਆਂ ਅਤੇ ਹੋਰ ਘਰੇਲੂ ਸਾਮਾਨ ਦੇ ਲੈਣ-ਦੇਣ ਦੀ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਸੰਸਥਾ ਵਲੋਂ ਪਹਿਲਾਂ ਲੋੜਵੰਦ ਲੋਕਾਂ ਨੂੰ ਕੱਪੜੇ ਵੰਡ ਕੇ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਸੀ । ਹੁਣ ਇਸ ਸੇਵਾ ’ਚ ਵਾਧਾ ਕਰਦਿਆਂ ਕੱਪੜਿਆਂ ਦੇ ਨਾਲ-ਨਾਲ ਹੋਰ ਵਾਧੂ ਘਰੇਲੂ ਸਾਮਾਨ ਅਤੇ ਬੱਚਿਆਂ ਦੇ ਖਿਡੌਣਿਆਂ ਦਾ ਲੈਣ-ਦੇਣ ਵੀ ਕੀਤਾ ਜਾਵੇਗਾ। ਸੰਸਥਾ ਦੇ ਸਰਪ੍ਰਸਤ ਮੈਡਮ ਮਨਜੀਤ ਕੌਰ, ਕਾਰਜਕਾਰੀ ਪ੍ਰਧਾਨ ਸੁਰਿੰਦਰ ਕੌਰ ਝੀਤਾ ਅਤੇ ਜਨਰਲ ਸਕੱਤਰ ਸ਼ਮਿੰਦਰ ਕੌਰ ਨੇ ਦੱਸਿਆ ਕਿ ਇਹ ਸੇਵਾ ਹਰ ਸੋਮਵਾਰ ਅਤੇ ਵੀਰਵਾਰ ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 1 ਵਜੇ ਤੱਕ ਸ੍ਰੀ ਅਨੰਦਪੁਰ ਸਾਹਿਬ ਲੰਗਰ ਸੁਸਾਇਟੀ ਦੇ ਹਾਲ ਮੁਹੱਲਾ ਰਿਸ਼ੀ, ਸ਼ਾਹਕੋਟ ਵਿਖੇ ਹੋਵੇਗੀ। ਇਸ ਦਾ ਉਦੇਸ਼ ਘਰਾਂ ਵਿੱਚ ਪਏ ਵਰਤੋਂਯੋਗ ਵਾਧੂ ਕੱਪੜਿਆਂ, ਘਰੇਲੂ ਵਸਤਾਂ ਅਤੇ ਬੱਚਿਆਂ ਦੇ ਖਿਡੌਣਿਆਂ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਇਨ੍ਹਾਂ ਵਸਤਾਂ ਦੀ ਮੁੜ ਵਰਤੋਂ ਹੋ ਸਕੇ ਅਤੇ ਲੋੜਵੰਦ ਲੋਕਾਂ ਦੀਆਂ ਲੋੜਾਂ ਪੂਰੀਆਂ ਹੋ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ’ਚ ਪਏ ਸਾਫ਼-ਸੁਥਰੇ ਅਤੇ ਵਰਤੋਂਯੋਗ ਵਾਧੂ ਕੱਪੜੇ ਅਤੇ ਹੋਰ ਸਮਾਨ ਸੰਸਥਾ ਤੱਕ ਪਹੁੰਚਾਉਣ ਤਾਂ ਜੋ ਇਹ ਕਿਸੇ ਲੋੜਵੰਦ ਦੇ ਕੰਮ ਆ ਸਕੇ।