ਪਠਾਨਕੋਟ ਰੋਡ ’ਤੇ ਰਾਉਵਾਲੀ ਵਿਖੇ ਲੱਗੇਗੀ ਅਸਥਾਈ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ
ਜਲੰਧਰ, 6 ਅਕਤੂਬਰ (ਸ਼ਿਵ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਪਟਾਕਾ ਕਾਰੋਬਾਰੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਵਾਰ ਅਸਥਾਈ ਪਟਾਕਾ ਮਾਰਕੀਟ ਲਈ ਜਗ੍ਹਾ ਪਹਿਲਾਂ ਹੀ ਨਿਰਧਾਰਤ ਕਰ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵਲੋਂ ਪਠਾਨਕੋਟ ਰੋਡ ’ਤੇ ਪਿੰਡ ਰਾਉਵਾਲੀ ਵਿਖੇ 5.
ਜਲੰਧਰ, 6 ਅਕਤੂਬਰ (ਸ਼ਿਵ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਪਟਾਕਾ ਕਾਰੋਬਾਰੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਵਾਰ ਅਸਥਾਈ ਪਟਾਕਾ ਮਾਰਕੀਟ ਲਈ ਜਗ੍ਹਾ ਪਹਿਲਾਂ ਹੀ ਨਿਰਧਾਰਤ ਕਰ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵਲੋਂ ਪਠਾਨਕੋਟ ਰੋਡ ’ਤੇ ਪਿੰਡ ਰਾਉਵਾਲੀ ਵਿਖੇ 5.5 ਏਕੜ ਜਗ੍ਹਾ ’ਤੇ ਅਸਥਾਈ ਪਟਾਕਾ ਮਾਰਕੀਟ ਲਗਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਅਨੁਸਾਰ ਅਸਥਾਈ ਪਟਾਕਾ ਮਾਰਕੀਟ ਲਈ ਜਗ੍ਹਾ ਨਿਰਧਾਰਤ ਕਰਨ ਵਾਸਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਸੀ। ਚਾਰ ਫਾਇਰਵਰਕਸ ਐਸੋਸੀਏਸ਼ਨਾਂ ਵਲੋਂ ਅਰਬਨ ਅਸਟੇਟ ਵਾਸੀ ਅਜੇ ਕੁਮਾਰ ਦੀ ਮਲਕੀਅਤ ਵਾਲੀ ਪਿੰਡ ਰਾਉਵਾਲੀ ਸਥਿਤ 5.5 ਏਕੜ ਜਗ੍ਹਾ ’ਤੇ ਪਟਾਕਾ ਮਾਰਕੀਟ ਲਗਾਉਣ ਦੀ ਪ੍ਰਵਾਨਗੀ ਲਈ ਦਰਖਾਸਤ ਦਿੱਤੀ ਗਈ ਸੀ। ਗਠਿਤ ਕਮੇਟੀ ਅਤੇ ਸਬੰਧਤ ਵਿਭਾਗਾਂ ਵਲੋਂ ਸਾਈਟ ਦਾ ਮੁਆਇਨਾ ਕਰਨ ਤੋਂ ਬਾਅਦ ਸਾਂਝੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਵਿਚ ਪਟਾਕਾ ਮਾਰਕੀਟ ਦੇ ਨਾਲ ਪਾਰਕਿੰਗ ਲਈ ਘੱਟੋ-ਘੱਟ 15 ਮੀਟਰ ਦਾ ਬਫਰ ਜ਼ੋਨ ਰੱਖਣ ਦੀ ਸ਼ਰਤ ਰੱਖੀ ਗਈ ਹੈ। ਪ੍ਰਸ਼ਾਸਨ ਵਲੋਂ ਨਕਸ਼ੇ ਵਿੱਚ ਇੱਕ ਪਾਸੇ ਬਫਰ ਜ਼ੋਨ ਬਣਾਇਆ ਗਿਆ ਹੈ, ਜਦਕਿ ਦੂਜੇ ਪਾਸੇ 70×30 ਦੇ ਸਟਾਲ ਹੋਣ ਕਾਰਨ ਉੱਥੇ ਵੀ ਲੋੜੀਂਦਾ ਬਫਰ ਜ਼ੋਨ ਬਣਾਉਣ ਲਈ ਕਿਹਾ ਗਿਆ ਹੈ। ਇਸ ਕਮੀ ਨੂੰ ਦੂਰ ਕਰਨ ਤੋਂ ਬਾਅਦ ਹੀ ਸਾਰੀਆਂ ਸ਼ਰਤਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਕਮਾਂ ਮੁਤਾਬਕ ਆਮ ਲੋਕਾਂ ਅਤੇ ਸਾਮਾਨ ਦੀ ਆਵਾਜਾਈ ਲਈ ਪਲਾਟ ਦੇ ਪਿਛਲੇ ਪਾਸੇ ਤੋਂ ਹੀ ਪ੍ਰਵੇਸ਼ ਅਤੇ ਨਿਕਾਸ ਦੀ ਇਜਾਜ਼ਤ ਹੋਵੇਗੀ। ਹਾਈਵੇਅ ਵਲੋਂ ਸਿਰਫ਼ ਐਂਬੂਲੈਂਸ ਅਤੇ ਫਾਇਰ ਟੈਂਡਰਾਂ ਨੂੰ ਹੀ ਪਹੁੰਚ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੁਰੱਖਿਆ ਅਤੇ ਆਵਾਜਾਈ ਨਾਲ ਸੰੰਬੰਧਿਤ ਹੋਰ ਨਿਰਧਾਰਤ ਸ਼ਰਤਾਂ ਦੀ ਵੀ ਪਾਲਣਾ ਕਰਨੀ ਹੋਵੇਗੀ।