ਸਿਵਲ ਹਸਪਤਾਲ ’ਚ ਹੋਈ 32 ਹਫ਼ਤਿਆਂ ਦੀ ਗੰਭੀਰ ਇਕਲੈਮਪਸੀਆ ਨਾਲ ਪੀੜਤ 19 ਸਾਲਾ ਮਹਿਲਾ ਦੀ ਸਫ਼ਲ ਨਾਰਮਲ ਡਲਿਵਰੀ
ਜਲੰਧਰ, 22 ਸਤੰਬਰ (ਐੱਮ. ਐੱਸ.
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ) - ਸਿਵਲ ਹਸਪਤਾਲ ’ਚ 32 ਹਫ਼ਤਿਆਂ ਦੀ ਗੰਭੀਰ ਇਕਲੈਮਪਸੀਆ ਨਾਲ ਪੀੜਤ 19 ਸਾਲਾ ਮਹਿਲਾ ਦੀ ਸਫ਼ਲ ਨਾਰਮਲ ਡਿਲਿਵਰੀ ਕੀਤੀ ਗਈ ਹੈ। ਜੱਚਾ-ਬੱਚਾ ਵਿਭਾਗ ਦੀ ਮੁਖੀ ਸੀਨੀਅਰ ਮੈਡੀਕਲ ਅਫ਼ਸਰ ਡਾ. ਵਰਿੰਦਰ ਕੌਰ ਥਿੰਦ ਨੇ ਜਾਣਕਾਰੀ ਦਿੱਤੀ ਕਿ 19 ਸਾਲਾ ਪਹਿਲੀ ਵਾਰ ਗਰਭਵਤੀ ਮਹਿਲਾ, ਜੋ 32 ਹਫ਼ਤੇ 3 ਦਿਨ ਦੀ ਗਰਭ ਅਵਸਥਾ ’ਚ ਸੀ, ਜਿਸ ਨੂੰ 20 ਸਤੰਬਰ ਦੀ ਸਵੇਰ ਤੋਂ ਲਗਭਗ 10–15 ਵਾਰ ਦੌਰੇ ਪੈਣ ਤੋਂ ਬਾਅਦ ਬਹੁਤ ਗੰਭੀਰ ਹਾਲਤ ’ਚ ਲੇਬਰ ਰੂਮ ’ਚ ਲਿਆਂਦਾ ਗਿਆ। ਜਾਂਚ ਤੋਂ ਬਾਅਦ ਮਰੀਜ਼ ’ਚ ਇਕਲੈਮਪਸੀਆ ਦੀ ਪੁਸ਼ਟੀ ਹੋਈ, ਜੋ ਗਰਭ ਅਵਸਥਾ ਨਾਲ ਸੰਬੰਧਿਤ ਇਕ ਗੰਭੀਰ ਅਤੇ ਜਾਨਲੇਵਾ ਐਮਰਜੈਂਸੀ ਸਥਿਤੀ ਹੈ। ਮਰੀਜ਼ ਨੂੰ ਤੁਰੰਤ ਐਮਰਜੈਂਸੀ ਇਲਾਜ ਅਤੇ ਲੋੜੀਂਦੀ ਮੈਡੀਕਲ ਦੇਖਭਾਲ ਦਿੱਤੀ ਗਈ। ਡਾ. ਥਿੰਦ ਦੀ ਅਗਵਾਈ ਅਤੇ ਨਿਗਰਾਨੀ ਹੇਠ, ਗਾਇਨੀਕੋਲੋਜਿਸਟ ਡਾ. ਜਸ਼ਨਜੋਤ ਕੌਰ ਸਮੇਤ ਸਮਰਪਿਤ ਲੇਬਰ ਰੂਮ ਸਟਾਫ਼ ਦੀ ਟੀਮ ਵਲੋਂ ਮਰੀਜ਼ ਦੀ ਲਗਾਤਾਰ ਨਿਗਰਾਨੀ ਅਤੇ ਇਲਾਜ ਕੀਤਾ ਗਿਆ। ਤੁਰੰਤ ਐਮਰਜੈਂਸੀ ਪ੍ਰਬੰਧਨ, ਨਿਰੰਤਰ ਮਾਨੀਟਰਿੰਗ ਅਤੇ ਟੀਮ ਦੇ ਸਾਂਝੇ ਯਤਨਾਂ ਸਦਕਾ, ਮਰੀਜ਼ ਦੀ ਗੰਭੀਰ ਹਾਲਤ ਦੇ ਬਾਵਜੂਦ ਸਫ਼ਲਤਾਪੂਰਵਕ ਨਾਰਮਲ ਡਿਲਿਵਰੀ ਕਰਵਾਈ ਗਈ। ਡਾ. ਥਿੰਦ ਨੇ ਦੱਸਿਆ ਕਿ ਡਿਲਿਵਰੀ ਤੋਂ ਬਾਅਦ ਮਾਂ ਅਤੇ ਨਵਜੰਮਿਆਂ ਬੱਚਾ ਦੋਵੇਂ ਸਥਿਰ ਰਹੇ ਅਤੇ ਉਨ੍ਹਾਂ ਨੂੰ ਲੋੜੀਂਦੀ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਮਾਮਲੇ ਬਾਰੇ ਡਾ. ਵਰਿੰਦਰ ਕੌਰ ਨੇ ਕਿਹਾ ਕਿ ਇਕਲੈਮਪਸੀਆ ਵਰਗੀਆਂ ਪ੍ਰਸੂਤੀ ਐਮਰਜੈਂਸੀ ਸਥਿਤੀਆਂ ’ਚ ਸਮੇਂ ਸਿਰ ਪਛਾਣ, ਤੁਰੰਤ ਇਲਾਜ ਅਤੇ ਸਿਹਤ ਸੰਭਾਲ ਟੀਮ ਦੇ ਸੁਚੱਜੇ ਤਾਲਮੇਲ ਦੀ ਬਹੁਤ ਮਹੱਤਤਾ ਹੁੰਦੀ ਹੈ। ਸਮੇਂ ਸਿਰ ਕੀਤੀ ਗਈ ਕਾਰਵਾਈ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਬਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।