ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)- ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਵਿਖੇ ਪਹੁੰਚੇ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਧਰਨੇ ਨੂੰ ਸੰਬੋਧਨ ਕੀਤਾ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ, ਔਰਤਾਂ ਨੂੰ ਵੀ ਪ੍ਰਤੀ ਮਹੀਨਾ 1000 ਅਤੇ 1500 ਰੁਪਏ ਅਖੀਰਲੇ ਮਹੀਨਿਆਂ ਵਿਚ ਦਿੱਤੇ, ਜੋ ਕਿ ਗੁੰਮਰਾਹ ਕਰਨ ਵਾਲੀ ਗੱਲ ਹੈ। ਇਹ ਟੂੰ-ਟੂੰ ਵੀ ਹੁਣ ਚੋਣ ਜਾਬਤਾ ਲੱਗਣਸਾਰ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਤੁਹਾਡੀ ਜ਼ਮੀਰ ਖਰੀਦਣਾ ਚਾਹੁੰਦੀ ਹੈ, ਪਰ ਸਾਨੂੰ ਲਾਲਚ ਵਿਚ ਆਉਣ ਦੀ ਲੋੜ ਨਹੀਂ।
ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਸੱਤਾ ਵਿਚ ਲਿਆਂਦਾ ਜਾਵੇ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸੰਗਤਾਂ ਵਿਚ ਬੈਠ ਕੇ ਸੰਗਤ ਦਰਸ਼ਨ ਕਰਦੇ ਸਨ ਅਤੇ ਮੌਕੇ ਤੇ ਹੀ ਮੁਸ਼ਕਿਲਾਂ ਦੇ ਹੱਲ ਕਰਦੇ ਸਨ। ਉਹ ਪੋਸਟਰਾਂ ਅਤੇ ਇਸ਼ਤਿਹਾਰਾਂ ਤੇ ਵਾਧੂ ਖਰਚਾ ਕਰਨ ਦੀ ਬਜਾਏ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਸਨ। ਬਜ਼ੁਰਗਾਂ ਨੂੰ ਪੈਨਸ਼ਨ ਦੀ ਸਕੀਮ ਦੇਣ ਦੀ ਸਕੀਮ ਵੀ ਬਾਦਲ ਸਰਕਾਰ ਨੇ ਲਾਗੂ ਕੀਤੀ। ਇਸ ਮੌਕੇ ਬੀਬੀ ਗੁਰਦਿਆਲ ਕੌਰ ਮੱਲਣ ਤੋਂ ਇਲਾਵਾ ਕਈ ਅਕਾਲੀ ਆਗੂ ਮੌਜੂਦ ਸਨ।