ਸੋਢਲ ਮੇਲੇ ’ਚ ਬਿਜਲੀ ਸਪਲਾਈ ਨੂੰ ਸੁਚਾਰੂ ਰੱਖਣ ਲਈ ਕਰਮਚਾਰੀਆਂ ਦੀਆਂ ਲੱਗੀਆਂ ਡਿਊਟੀਆਂ
ਜਲੰਧਰ, 19 ਸਤੰਬਰ (ਸ਼ਿਵ)-25 ਸਤੰਬਰ ਨੂੰ ਹੋਣ ਵਾਲੇ ਪ੍ਰਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਪਾਵਰਕਾਮ ਵਲੋਂ ਵੀ ਬਿਜਲੀ ਸੰਬੰਧੀ ਕੰਮਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਜਲੰਧਰ, 19 ਸਤੰਬਰ (ਸ਼ਿਵ)-25 ਸਤੰਬਰ ਨੂੰ ਹੋਣ ਵਾਲੇ ਪ੍ਰਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਪਾਵਰਕਾਮ ਵਲੋਂ ਵੀ ਬਿਜਲੀ ਸੰਬੰਧੀ ਕੰਮਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੇਲੇ ਦੌਰਾਨ ਬਿਜਲੀ ਸਪਲਾਈ ਸੁਚਾਰੂ ਰੱਖਣ ਲਈ ਸੈਂਕੜੇ ਬਿਜਲੀ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਪੀ. ਐੱਸ. ਪੀ. ਸੀ. ਐੱਲ. ਦੀ ਮਾਈ ਹੀਰਾਂ ਗੇਟ ਸਬ-ਡਵੀਜ਼ਨ ਦੇ ਐੱਸ.ਡੀ.ਓ. ਕਰਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਬਾਬਾ ਸੋਢਲ ਮੰਦਰ ਦੇ ਨੇੜੇ ਬਿਜਲੀ ਦੀਆਂ ਲਾਈਨਾਂ ਉੱਪਰ ਦਰੱਖਤਾਂ ਦੀਆਂ ਟਾਹਣੀਆਂ ਝੁੱਕੀਆਂ ਹੋਈਆਂ ਸਨ, ਜਿਸ ਕਾਰਨ ਕਿਸੇ ਅਣਸੁਖਾਵੀਂ ਘਟਨਾ ਦਾ ਖ਼ਦਸ਼ਾ ਬਣਿਆ ਹੋਇਆ ਸੀ। ਪਾਵਰਕਾਮ ਦੇ ਕਰਮਚਾਰੀਆਂ ਵਲੋਂ ਅੱਜ ਇਨ੍ਹਾਂ ਟਾਹਣੀਆਂ ਦੀ ਕਟਾਈ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੇਲੇ ਦੌਰਾਨ ਬਿਜਲੀ ਸਪਲਾਈ ਨਾਲ ਸਬੰਧਤ ਕਿਸੇ ਵੀ ਸਮੱਸਿਆ ਨਾਲ ਨਜਿੱਠਣ ਲਈ ਬਾਬਾ ਸੋਢਲ ਮੰਦਰ ਅਤੇ ਮੇਲਾ ਖੇਤਰ ਵਿਚ ਬਿਜਲੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਹ ਕਰਮਚਾਰੀ 27 ਸਤੰਬਰ ਤੱਕ ਬਿਜਲੀ ਸੰਬੰਧੀ ਕੰਮਾਂ ਲਈ ਤਾਇਨਾਤ ਰਹਿਣਗੇ।