ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਨਾਲ ਜੁੜੇ
ਲੰਡਨ, 10 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਰਤਾਨੀਆ ਦੀ ਵਿਸ਼ਵ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਨਾਲ ਜੁੜ ਗਏ ਹਨ। ਉਨ੍ਹਾਂ ਨੂੰ ਯੂਨੀਵਰਸਿਟੀ ਦੇ ਬਲਾਵਟਨਿਕ ਸਕੂਲ ਆਫ਼ ਗਵਰਨਮੈਂਟ ਵਿੱਚ ਡਿਸਟਿੰਗੁਇਸ਼ਡ ਫੈਲੋ ਨਿਯੁਕਤ ਕੀਤਾ ਗਿਆ ਹੈ।
ਲੰਡਨ, 10 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਰਤਾਨੀਆ ਦੀ ਵਿਸ਼ਵ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਨਾਲ ਜੁੜ ਗਏ ਹਨ। ਉਨ੍ਹਾਂ ਨੂੰ ਯੂਨੀਵਰਸਿਟੀ ਦੇ ਬਲਾਵਟਨਿਕ ਸਕੂਲ ਆਫ਼ ਗਵਰਨਮੈਂਟ ਵਿੱਚ ਡਿਸਟਿੰਗੁਇਸ਼ਡ ਫੈਲੋ ਨਿਯੁਕਤ ਕੀਤਾ ਗਿਆ ਹੈ। 54 ਸਾਲਾ ਜਸਟਿਨ ਟਰੂਡੋ ਨੂੰ ਸੰਸਥਾ ਦੇ ‘ਵਰਲਡ ਲੀਡਰਜ਼ ਸਰਕਲ’ ਦਾ ਮੈਂਬਰ ਵੀ ਬਣਾਇਆ ਗਿਆ ਹੈ। ਇਸ ਗਰੁੱਪ ਵਿੱਚ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਸ਼ਾਮਲ ਹਨ। ਟਰੂਡੋ ਸਾਲ 2015 ਤੋਂ 2025 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ। ਆਪਣੀ ਨਵੀਂ ਭੂਮਿਕਾ ਤਹਿਤ ਉਹ ਵਿਦਿਆਰਥੀਆਂ ਅਤੇ ਭਵਿੱਖ ਦੇ ਨੀਤੀ-ਘਾੜਿਆਂ ਨਾਲ ਆਪਣੇ ਸਿਆਸੀ ਅਤੇ ਪ੍ਰਸ਼ਾਸਨਿਕ ਤਜਰਬੇ ਸਾਂਝੇ ਕਰਨਗੇ। ਟਰੂਡੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਵਿਸ਼ਵ ਰਾਜਨੀਤੀ ਅਤੇ ਤਕਨਾਲੋਜੀ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਹਨ। ਉਨ੍ਹਾਂ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਅੰਤਰਰਾਸ਼ਟਰੀ ਸਹਿਯੋਗ ਅਤੇ ਲੋਕਤੰਤਰੀ ਸੰਸਥਾਵਾਂ ਵਿੱਚ ਜਨਤਕ ਵਿਸ਼ਵਾਸ ਵਰਗੇ ਮੁੱਦਿਆਂ ਨੂੰ ਮਹੱਤਵਪੂਰਨ ਦੱਸਿਆ। ਸਕੂਲ ਦੀ ਡੀਨ ਪ੍ਰੋਫੈਸਰ ਨਗਾਇਰੇ ਵੁਡਜ਼ ਨੇ ਟਰੂਡੋ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਲੰਮਾ ਪ੍ਰਸ਼ਾਸਨਿਕ ਤਜਰਬਾ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਯੂਨੀਵਰਸਿਟੀ ਮੁਤਾਬਕ ਜਸਟਿਨ ਟਰੂਡੋ ਦੇ ਨਵੰਬਰ ਮਹੀਨੇ ਦੇ ਅਖੀਰ ਵਿੱਚ ਆਕਸਫੋਰਡ ਪਹੁੰਚਣ ਦੀ ਉਮੀਦ ਹੈ। ਕੈਨੇਡਾ ਦੀ ਸਰਗਰਮ ਸਿਆਸਤ ਤੋਂ ਵੱਖ ਹੋਣ ਮਗਰੋਂ ਆਕਸਫੋਰਡ ਯੂਨੀਵਰਸਿਟੀ ਨਾਲ ਉਨ੍ਹਾਂ ਦੀ ਇਹ ਨਵੀਂ ਸਾਂਝ ਅੰਤਰਰਾਸ਼ਟਰੀ ਸਿੱਖਿਆ ਅਤੇ ਜਨਤਕ ਨੀਤੀ ਦੇ ਖੇਤਰ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਨਵਾਂ ਅਧਿਆਇ ਹੈ। ਤਸਵੀਰਃ ਜਸਟਿਨ ਟਰੂਡੋ