20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜਨਮ ਤੋਂ ਕੁਝ ਘੰਟਿਆਂ ਬਾਅਦ ਮਾਂ ਨੇ ਟੈਲੀਫ਼ੋਨ ਬੂਥ ਵਿਚ ਛੱਡੀ ਨਵਜੰਮੀ ਧੀ

ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਵਿਚ ਇੱਕ ਔਰਤ ਦੀ ਭਾਵੁਕ ਕਹਾਣੀ ਸਾਹਮਣੇ ਆਈ ਹੈ, ਜਿਸ ਨੂੰ ਉਸ ਦੀ ਮਾਂ ਨੇ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਲੰਡਨ ਦੇ ਇੱਕ ਟੈਲੀਫ਼ੋਨ ਬੂਥ ਵਿੱਚ ਛੱਡ ਦਿੱਤਾ ਸੀ। ਅੱਜ 32 ਸਾਲਾਂ ਦੀ ਹੋ ਚੁੱਕੀ ਅਪ੍ਰੈਲ ਪਾਲ ਨੇ ਆਪਣੀ ਜ਼ਿੰਦਗੀ ਦੇ ਦੁਖਦਾਈ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਈ ਸਾਲਾਂ ਦੀ ਭਾਲ ਤੋਂ ਬਾਅਦ ਜਦੋਂ ਉਸ ਨੇ ਆਪਣੀ ਸਕੀ ਮਾਂ ਨੂੰ ਲੱਭਿਆ ਤਾਂ ਮਾਂ ਨੇ ਉਸ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 20-10-2026
ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਵਿਚ ਇੱਕ ਔਰਤ ਦੀ ਭਾਵੁਕ ਕਹਾਣੀ ਸਾਹਮਣੇ ਆਈ ਹੈ, ਜਿਸ ਨੂੰ ਉਸ ਦੀ ਮਾਂ ਨੇ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਲੰਡਨ ਦੇ ਇੱਕ ਟੈਲੀਫ਼ੋਨ ਬੂਥ ਵਿੱਚ ਛੱਡ ਦਿੱਤਾ ਸੀ। ਅੱਜ 32 ਸਾਲਾਂ ਦੀ ਹੋ ਚੁੱਕੀ ਅਪ੍ਰੈਲ ਪਾਲ ਨੇ ਆਪਣੀ ਜ਼ਿੰਦਗੀ ਦੇ ਦੁਖਦਾਈ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਈ ਸਾਲਾਂ ਦੀ ਭਾਲ ਤੋਂ ਬਾਅਦ ਜਦੋਂ ਉਸ ਨੇ ਆਪਣੀ ਸਕੀ ਮਾਂ ਨੂੰ ਲੱਭਿਆ ਤਾਂ ਮਾਂ ਨੇ ਉਸ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਇਹ ਘਟਨਾ 30 ਅਪ੍ਰੈਲ 1994 ਦੀ ਹੈ। ਪੂਰਬੀ ਲੰਡਨ ਦੇ ਫੋਰੈਸਟ ਗੇਟ ਇਲਾਕੇ ਵਿੱਚ ਇੱਕ ਨਵਜੰਮੀ ਬੱਚੀ ਨੂੰ ਟੈਲੀਫ਼ੋਨ ਬੂਥ ਵਿੱਚ ਛੱਡ ਦਿੱਤਾ ਗਿਆ ਸੀ। ਉਸ ਦੀ ਨਾਭੀ ਨਾਲ ਜੁੜੀ ਨਾੜ ਵੀ ਨਹੀਂ ਕੱਟੀ ਗਈ ਸੀ। ਇਸੇ ਦੌਰਾਨ ਜੋਅ ਕੈਂਪਬੈੱਲ ਨਾਂਅ ਦਾ ਵਿਅਕਤੀ ਟੈਲੀਫ਼ੋਨ ਕਰਨ ਲਈ ਉੱਥੇ ਪਹੁੰਚਿਆ। ਪਹਿਲਾਂ ਉਸ ਨੂੰ ਲੱਗਿਆ ਕਿ ਬੂਥ ਵਿਚ ਖਾਣੇ ਦਾ ਕੋਈ ਖਾਲੀ ਕਾਗਜ਼ ਪਿਆ ਹੈ, ਪਰ ਨੇੜੇ ਜਾਣ ’ਤੇ ਉਸ ਨੇ ਨਵਜੰਮੀ ਬੱਚੀ ਦੇਖੀ। ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਅਪ੍ਰੈਲ ਮਹੀਨੇ ਵਿੱਚ ਮਿਲਣ ਕਾਰਨ ਉਸ ਦਾ ਨਾਂਅ ਅਪ੍ਰੈਲ ਰੱਖਿਆ ਗਿਆ। ਜੋਅ ਨੇ ਬੱਚੀ ਨੂੰ ਗੋਦ ਲੈਣ ਦੀ ਇੱਛਾ ਵੀ ਪ੍ਰਗਟਾਈ ਸੀ, ਪਰ ਉਸ ਸਮੇਂ ਅਣਵਿਆਹਿਆ ਹੋਣ ਕਾਰਨ ਉਹ ਅਜਿਹਾ ਨਹੀਂ ਕਰ ਸਕਿਆ। ਇਸ ਦੇ ਬਾਵਜੂਦ ਉਹ ਕਈ ਸਾਲਾਂ ਤੱਕ ਬੱਚੀ ਲਈ ਜਨਮ ਦਿਨ ਦੇ ਕਾਰਡ, ਤੋਹਫ਼ੇ ਅਤੇ ਪੈਸੇ ਸਮਾਜਿਕ ਸੇਵਾਵਾਂ ਦੇ ਵਿਭਾਗ ਕੋਲ ਭੇਜਦਾ ਰਿਹਾ। ਅਪ੍ਰੈਲ ਨੂੰ ਬਾਅਦ ਵਿਚ ਇੱਕ ਪਰਿਵਾਰ ਨੇ ਗੋਦ ਲੈ ਲਿਆ। ਅੱਠ ਸਾਲ ਦੀ ਉਮਰ ਵਿਚ ਉਸ ਨੂੰ ਪਤਾ ਲੱਗਿਆ ਕਿ ਉਹ ਗੋਦ ਲਈ ਹੋਈ ਬੱਚੀ ਹੈ। ਸਾਲ 2016 ਵਿਚ ਅਪ੍ਰੈਲ ਨੇ ਉਸ ਵਿਅਕਤੀ ਨੂੰ ਲੱਭਣ ਲਈ ਮੀਡੀਆ ਰਾਹੀਂ ਅਪੀਲ ਕੀਤੀ ਜਿਸ ਨੇ ਉਸ ਦੀ ਜਾਨ ਬਚਾਈ ਸੀ। ਆਖ਼ਰਕਾਰ 22 ਸਾਲਾਂ ਬਾਅਦ ਉਸ ਦੀ ਜੋਅ ਨਾਲ ਮੁਲਾਕਾਤ ਹੋਈ। ਅੱਜ ਦੋਵਾਂ ਦੇ ਪਰਿਵਾਰਕ ਰਿਸ਼ਤੇ ਹਨ ਅਤੇ ਅਪ੍ਰੈਲ ਉਸ ਨੂੰ ਆਪਣੇ ਪਿਤਾ ਵਰਗਾ ਮੰਨਦੀ ਹੈ। ਦੂਜੇ ਪਾਸੇ ਅਪ੍ਰੈਲ ਨੇ ਆਪਣੀ ਸਕੀ ਮਾਂ ਨੂੰ ਲੱਭਣ ਲਈ ਨਿੱਜੀ ਜਾਂਚਕਰਤਾ ਦੀ ਮਦਦ ਵੀ ਲਈ। ਪਤਾ ਲੱਗਿਆ ਕਿ ਉਸ ਦੀ ਮਾਂ ਉਸ ਦੇ ਘਰ ਤੋਂ ਕੁਝ ਮਿੰਟਾਂ ਦੀ ਦੂਰੀ ’ਤੇ ਹੀ ਰਹਿੰਦੀ ਸੀ। ਜਦੋਂ ਉਹ ਆਪਣੀ ਮਾਂ ਦੇ ਘਰ ਪਹੁੰਚੀ ਤਾਂ ਮਾਂ ਨੇ ਉਸ ਨੂੰ ਪਛਾਣਨ ਦੇ ਬਾਵਜੂਦ ਰਿਸ਼ਤਾ ਬਣਾਉਣ ਤੋਂ ਇਨਕਾਰ ਕਰ ਦਿੱਤਾ। ਅਪ੍ਰੈਲ ਨੇ ਕਿਹਾ ਕਿ ਉਸ ਨੂੰ ਅੱਜ ਵੀ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਕਿ ਆਖ਼ਰ ਉਸ ਦੀ ਮਾਂ ਨੇ ਉਸ ਨੂੰ ਜਨਮ ਤੋਂ ਤੁਰੰਤ ਬਾਅਦ ਕਿਉਂ ਛੱਡ ਦਿੱਤਾ ਸੀ। ਹੁਣ ਅਪ੍ਰੈਲ ਖ਼ੁਦ ਵੀ ਇੱਕ ਬੱਚੇ ਦੀ ਮਾਂ ਹੈ ਅਤੇ ਬੈਂਕ ਵਿਚ ਨੌਕਰੀ ਕਰਦੀ ਹੈ। ਉਸ ਨੇ ਆਪਣੀ ਜਾਨ ਬਚਾਉਣ ਵਾਲੇ ਜੋਅ ਦੀ ਸੇਵਾਮੁਕਤੀ ਨੂੰ ਸੁਖਾਲਾ ਬਣਾਉਣ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੈ। ਅਪ੍ਰੈਲ ਦਾ ਕਹਿਣਾ ਹੈ ਕਿ ਭਾਵੇਂ ਉਸ ਦੀ ਆਪਣੀ ਮਾਂ ਨੇ ਉਸ ਨੂੰ ਨਹੀਂ ਅਪਣਾਇਆ, ਪਰ ਇਕ ਅਜਨਬੀ ਵਿਅਕਤੀ ਨੇ ਉਸ ਨੂੰ ਨਾ ਸਿਰਫ਼ ਨਵੀਂ ਜ਼ਿੰਦਗੀ ਦਿੱਤੀ, ਸਗੋਂ ਪਿਤਾ ਵਰਗਾ ਪਿਆਰ ਅਤੇ ਸਹਾਰਾ ਵੀ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਮੈਸਾਚੂਸੇਟਸ ’ ਚ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਨਸ਼ੇ ਵਿਚ ਗੱਡੀ ਚਲਾਉਣ ਦੇ ਦੋਸ਼ ਹੇਠ ਉਮੀਦਵਾਰ ਗ੍ਰਿਫ਼ਤਾਰ, ਚੋਣ... ਅਗਲੀ ਖ਼ਬਰ ਅਮਰੀਕਾ ’ ਚ ਵਿਦੇਸ਼ੀ ਵਿਦਿਆਰਥੀਆਂ ਲਈ ਸੀ . ਪੀ . ਟੀ . ਨਿਯਮ ਸਖ਼ਤ
Ad Position 24