ਸਰੀ ਦੇ 3 ਸਾਲਾ ਬੱਚੇ ਗੁਰਮੋਹ ਲਈ ਜਾਗੀ ਨਵੀਂ ਆਸ
ਸੂਬਾਈ ਸਰਕਾਰ ਵਿਸ਼ੇਸ਼ ਇਲਾਜ ਲੱਭਣ ਲਈ ਯਤਨਸ਼ੀਲ
ਵੈਨਕੂਵਰ, 20 ਸਤੰਬਰ (ਮਲਕੀਤ ਸਿੰਘ)-ਸਰੀ ਦੇ ਵਸਨੀਕ ਪੰਜਾਬੀ ਪਰਿਵਾਰ ਦੇ ਤਿੰਨ ਸਾਲਾ ਬੱਚੇ ਗੁਰਮੋਹ ਦੀ ਦੁਰਲੱਭ ਅਤੇ ਲਗਾਤਾਰ ਵਧ ਰਹੀ ਬਿਮਾਰੀ ਦੇ ਇਲਾਜ ਲਈ ਵੱਡੀ ਉਮੀਦ ਜਾਗੀ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ ਮੈਕਗਿੱਲ ਯੂਨੀਵਰਸਿਟੀ ਨਾਲ ਮਿਲ ਕੇ ਗੁਰਮੋਹ ਲਈ ਉਸ ਦੀ ਬਿਮਾਰੀ ਮੁਤਾਬਕ ਵਿਸ਼ੇਸ਼ ਇਲਾਜ ਵਿਕਸਤ ਕਰਨ ਵੱਲ ਕਦਮ ਚੁੱਕਿਆ ਹੈ।
ਵੈਨਕੂਵਰ, 20 ਸਤੰਬਰ (ਮਲਕੀਤ ਸਿੰਘ)-ਸਰੀ ਦੇ ਵਸਨੀਕ ਪੰਜਾਬੀ ਪਰਿਵਾਰ ਦੇ ਤਿੰਨ ਸਾਲਾ ਬੱਚੇ ਗੁਰਮੋਹ ਦੀ ਦੁਰਲੱਭ ਅਤੇ ਲਗਾਤਾਰ ਵਧ ਰਹੀ ਬਿਮਾਰੀ ਦੇ ਇਲਾਜ ਲਈ ਵੱਡੀ ਉਮੀਦ ਜਾਗੀ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ ਮੈਕਗਿੱਲ ਯੂਨੀਵਰਸਿਟੀ ਨਾਲ ਮਿਲ ਕੇ ਗੁਰਮੋਹ ਲਈ ਉਸ ਦੀ ਬਿਮਾਰੀ ਮੁਤਾਬਕ ਵਿਸ਼ੇਸ਼ ਇਲਾਜ ਵਿਕਸਤ ਕਰਨ ਵੱਲ ਕਦਮ ਚੁੱਕਿਆ ਹੈ।ਜ਼ਿਕਰਯੋਗ ਹੈ ਕਿ ਗੁਰਮੋਹ ਨੂੰ ਸਪੈਸਟਿਕ ਪੈਰਾਪਲੀਜੀਆ ਨਾਮਕ ਦੁਰਲੱਭ ਬਿਮਾਰੀ ਹੈ। ਇਹ ਬਿਮਾਰੀ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਉਨ੍ਹਾਂ ਨਸਾਂ ਨੂੰ ਪ੍ਰਭਾਵਿਤ ਕਰਦੀ ਹੈ, ਜੋ ਸਰੀਰ ਦੀ ਹਿਲਜੁਲ ਨੂੰ ਕਾਬੂ ਕਰਦੀਆਂ ਹਨ। ਇਸ ਕਾਰਨ ਮਾਸਪੇਸ਼ੀਆਂ ਵਿਚ ਸਖ਼ਤੀ, ਲੱਤਾਂ ਵਿਚ ਕਮਜ਼ੋਰੀ ਅਤੇ ਬੋਲਣ ਸਮੇਤ ਹੋਰ ਸਰੀਰਕ ਮੁਸ਼ਕਲਾਂ ਵਧ ਸਕਦੀਆਂ ਹਨ। ਰਿਪੋਰਟਾਂ ਅਨੁਸਾਰ ਗੁਰਮੋਹ ਵਿਚ ਮਿਲਿਆ ਖਾਸ ਜੈਨੇਟਿਕ ਬਦਲਾਅ ਕੈਨੇਡਾ ਵਿਚ ਆਪਣੀ ਕਿਸਮ ਦਾ ਇਕੱਲਾ ਮਾਮਲਾ ਦੱਸਿਆ ਗਿਆ ਹੈ। ਗੁਰਮੋਹ ਦੇ ਮਾਪਿਆਂ ਸਟਾਲਿਨ ਗਿੱਲ ਅਤੇ ਨਵਪ੍ਰੀਤ ਗਿੱਲ ਨੇ ਆਪਣੇ ਪੁੱਤਰ ਦੇ ਇਲਾਜ ਲਈ ਕਈ ਮਹੀਨਿਆਂ ਤੋਂ ਮੁਹਿੰਮ ਚਲਾਈ ਹੋਈ ਹੈ, ਜਿਸ ਨੂੰ ਸਥਾਨਕ ਭਾਈਚਾਰੇ ਵਲੋਂ ਵੀ ਵੱਡੇ ਪੱਧਰ ‘ਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਲਾਜ ਦੀ ਖੋਜ ਨੂੰ ਅੱਗੇ ਵਧਾਉਣ ਲਈ 27 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਜਾਣ ਦੀ ਜਰੂਰਤ ਪੈ ਸਕਦੀ ਹੈ। । ਪਰਿਵਾਰ ਨੇ ਦੁਰਲੱਭ ਬਿਮਾਰੀਆਂ ਨਾਲ ਪੀੜਤ ਬੱਚਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੈਨਕੂਵਰ ਤੋਂ ਵਿਕਟੋਰੀਆ ਤੱਕ ਪੈਦਲ ਯਾਤਰਾ ਵੀ ਕੀਤੀ ਸੀ। ਹੁਣ ਸੁਬਾਈ ਸਰਕਾਰ ਦਾ ਸਿਹਤ ਮੰਤਰਾਲਾ, ਸੂਬਾਈ ਸਿਹਤ ਸੇਵਾਵਾਂ ਅਥਾਰਟੀ, ਬੀ.ਸੀ. ਚਿਲਡਰਨਜ਼ ਹਸਪਤਾਲ, ਯੂ.ਬੀ.ਸੀ. ਅਤੇ ਮੈਕਗਿੱਲ ਯੂਨੀਵਰਸਿਟੀ ਦੇ ਮਾਹਿਰ ਇਸ ਬੱਚੇ ਲਈ ਵਿਅਕਤੀਗਤ ਜੀਨ-ਅਧਾਰਿਤ ਇਲਾਜ ਵਿਕਸਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਗੇ। ਅਜਿਹਾ ਇਲਾਜ ਤਿਆਰ ਕਰਨ ਲਈ ਪ੍ਰਯੋਗਸ਼ਾਲਾ ਜਾਂਚ, ਸੁਰੱਖਿਆ ਜਾਂਚ ਅਤੇ ਲੋੜੀਂਦੀਆਂ ਮਨਜ਼ੂਰੀਆਂ ਸਮੇਤ ਕਈ ਪੜਾਅ ਪੂਰੇ ਕਰਨੇ ਪੈਂਦੇ ਹਨ।ਗੁਰਮੋਹ ਦੇ ਮਾਮਲੇ ਨੇ ਸਰੀ ਸਮੇਤ ਪੂਰੇ ਬੀ.ਸੀ. ਵਿਚ ਦੁਰਲੱਭ ਜੈਨੇਟਿਕ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਖਿੱਚਿਆ ਹੈ। ਪਰਿਵਾਰ ਦੀ ਮਹੀਨਿਆਂ ਦੀ ਮੁਹਿੰਮ ਅਤੇ ਭਾਈਚਾਰੇ ਵਲੋਂ ਇਕੱਠੀ ਕੀਤੀ ਵੱਡੀ ਰਕਮ ਤੋਂ ਬਾਅਦ ਸਰਕਾਰ ਅਤੇ ਦੇਸ਼ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਦਾ ਇਕੱਠੇ ਅੱਗੇ ਆਉਣਾ ਗੁਰਮੋਹ ਲਈ ਇਲਾਜ ਤੱਕ ਪਹੁੰਚ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੈ।