ਐਡੀਲੇਡ ਵਿਚ ਚੜ੍ਹਦੀ ਕਲਾ ਸਪੋਰਟਸ ਕਲੱਬ ਵਲੋਂ ਐਥਲੈਟਿਕਸ ਖੇਡਾਂ ਦਾ ਸਫ਼ਲ ਆਯੋਜਨ
ਸਟੇਟ ਸਟੇਡੀਅਮ ਵਿਖੇ ਹੋਏ ਖੇਡ ਮੇਲੇ ’ਚ ਬੱਚਿਆਂ ਨੇ ਉਤਸ਼ਾਹ ਨਾਲ ਲਿਆ ਭਾਗ
ਐਡੀਲੇਡ, 20 ਸਤੰਬਰ (ਗੁਰਮੀਤ ਸਿੰਘ ਵਾਲੀਆ)-ਚੜ੍ਹਦੀ ਕਲਾ ਸਪੋਰਟਸ ਕਲੱਬ ਐਸ. ਏ.
ਐਡੀਲੇਡ, 20 ਸਤੰਬਰ (ਗੁਰਮੀਤ ਸਿੰਘ ਵਾਲੀਆ)-ਚੜ੍ਹਦੀ ਕਲਾ ਸਪੋਰਟਸ ਕਲੱਬ ਐਸ.ਏ. ਵਲੋਂ ਬੱਚਿਆਂ ਨੂੰ ਖੇਡਾਂ ਅਤੇ ਐਥਲੈਟਿਕਸ ਨਾਲ ਜੋੜਨ ਅਤੇ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਚੁਸਤ-ਦਰੁਸਤ ਰੱਖਣ ਦੇ ਮਕਸਦ ਨਾਲ ਸਾਲਾਨਾ ਐਥਲੈਟਿਕ ਖੇਡਾਂ ਦਾ ਸਫ਼ਲ ਆਯੋਜਨ ਕੀਤਾ ਗਿਆ।ਸਾਊਥ ਆਸਟ੍ਰੇਲੀਆ ਦੇ ਸਟੇਟ ਸਟੇਡੀਅਮ (ਐਥਲੈਟਿਕਸ ਐਸ.ਏ.) ਵਿਖੇ ਕਰਵਾਏ ਗਏ ਇਸ ਖੇਡ ਮੇਲੇ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਅਤੇ ਮਿਹਨਤ ਦਾ ਪ੍ਰਦਰਸ਼ਨ ਕੀਤਾ।ਖੇਡਾਂ ਦੌਰਾਨ ਵੱਖ-ਵੱਖ ਮੁਕਾਬਲੇ ਬੜੇ ਸੁਚੱਜੇ ਢੰਗ ਨਾਲ ਕਰਵਾਏ ਗਏ ਅਤੇ ਸਮੂਹ ਮੁਕਾਬਲੇ ਸਫ਼ਲਤਾਪੂਰਵਕ ਨੇਪਰੇ ਚੜ੍ਹੇ।ਮਾਪਿਆਂ ਅਤੇ ਸੰਗਤਾਂ ਨੇ ਵੀ ਵੱਡੀ ਗਿਣਤੀ ਵਿਚ ਪਹੁੰਚ ਕੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।ਸਟੇਜ ਤੋਂ ਪੇਸ਼ਕਾਰੀ ਨੂੰ ਜਗਰੂਪ ਸਿੰਘ ਬੁੱਟਰ ਅਤੇ ਰਵਿੰਦਰ ਸਿੰਘ ਸਰਾਭਾ ਨੇ ਬੇਹੱਦ ਪ੍ਰਭਾਵਸ਼ਾਲੀ ਅਤੇ ਜੋਸ਼ੀਲੇ ਅੰਦਾਜ਼ ਵਿੱਚ ਨਿਭਾਉਂਦਿਆਂ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਕਲੱਬ ਦੇ ਵਾਲੰਟੀਅਰਾਂ, ਸੇਵਾਦਾਰਾਂ ਅਤੇ ਸਹਿਯੋਗੀਆਂ ਵਲੋਂ ਕੀਤੇ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਖੇਡਾਂ ਨੂੰ ਇੰਨੇ ਵੱਡੇ ਪੱਧਰ ’ਤੇ ਲੈ ਕੇ ਜਾਣਾ ਇੱਕ ਦੂਰਅੰਦੇਸ਼ੀ ਸੋਚ ਦਾ ਨਤੀਜਾ ਹੈ। ਇਸ ਉਪਰਾਲੇ ਸਦਕਾ ਹੀ ਬਹੁਤ ਸਾਰੇ ਬੱਚੇ ਐਥਲੈਟਿਕਸ ਨਾਲ ਜੁੜ ਕੇ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰ ਰਹੇ ਹਨ।ਚੜ੍ਹਦੀ ਕਲਾ ਸਪੋਰਟਸ ਕਲੱਬ ਵਲੋਂ ਸਮੂਹ ਮਾਪਿਆਂ, ਬੱਚਿਆਂ, ਸੰਗਤਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਖ਼ਾਸ ਤੌਰ ’ਤੇ ਉਨ੍ਹਾਂ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਖੇਡ ਮੇਲੇ ਦੀ ਸਫ਼ਲਤਾ ਲ ਈ ਸੇਵਾ ਨਿਭਾਈ। ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਅਜਿਹੀਆਂ ਖੇਡਾਂ ਹਰ ਸਾਲ ਇਸੇ ਉਤਸ਼ਾਹ ਨਾਲ ਕਰਵਾਈਆਂ ਜਾਂਦੀਆਂ ਰਹਿਣਗੀਆਂ, ਤਾਂ ਜੋ ਬੱਚਿਆਂ ਦੀ ਖੇਡਾਂ ਪ੍ਰਤੀ ਰੁਚੀ ਹੋਰ ਵਧੇ ਅਤੇ ਉਹ ਐਥਲੈਟਿਕਸ ਨਾਲ ਲਗਾਤਾਰ ਜੁੜੇ ਰਹਿਣ।