ਲੰਡਨ ਦੇ ਗੁਰਦੁਆਰਾ ਸਾਹਿਬ ਵਿਖੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਸਵਾਗਤ ’ਤੇ ਵਰਲਡ ਸਿੱਖ ਪਾਰਲੀਮੈਂਟ ਵਲੋਂ ਸਖ਼ਤ ਇਤਰਾਜ਼
ਬਰਲਿਨ, 11 ਸਤੰਬਰ (ਲਖਵਿੰਦਰ ਸਿੰਘ ਵਲਟੋਹਾ)-ਲੰਡਨ ਦੇ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ.
ਬਰਲਿਨ, 11 ਸਤੰਬਰ (ਲਖਵਿੰਦਰ ਸਿੰਘ ਵਲਟੋਹਾ)-ਲੰਡਨ ਦੇ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਦੀ ਫੇਰੀ ਅਤੇ ਉਨ੍ਹਾਂ ਦੇ ਕੀਤੇ ਗਏ ਸਵਾਗਤ ਨੂੰ ਲੈ ਕੇ ਵਰਲਡ ਸਿੱਖ ਪਾਰਲੀਮੈਂਟ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਜਥੇਬੰਦੀ ਦੇ ਆਗੂਆਂ ਨੇ ਇਸ ਕਾਰਵਾਈ ਨੂੰ ਸਿੱਖ ਭਾਵਨਾਵਾਂ ਦੇ ਵਿਰੁੱਧ ਕਰਾਰ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੀ ਵਰਤੋਂ ਕਿਸੇ ਵੀ ਸਿੱਖ ਵਿਰੋਧੀ ਸੰਸਥਾ ਦੇ ਪ੍ਰਚਾਰ ਜਾਂ ਏਜੰਡੇ ਲਈ ਨਹੀਂ ਹੋਣੀ ਚਾਹੀਦੀ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਪ੍ਰਭ ਸਿੰਘ, ਭਾਈ ਮਨਬੀਰ ਸਿੰਘ ਸੰਧੂ, ਭਾਈ ਭਗਤ ਸਿੰਘ ਕੈਨੇਡਾ, ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ, ਭਾਈ ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਸਤਨਾਮ ਸਿੰਘ ਅਤੇ ਭਾਈ ਸ਼ਿੰਗਾਰਾ ਸਿੰਘ ਮਾਨ ਫਰਾਂਸ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਮੋਹਨ ਭਾਗਵਤ ਦੀ ਲੰਡਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਈ ਫੇਰੀ ਅਤੇ ਉਨ੍ਹਾਂ ਦੇ ਸਵਾਗਤ ਨੂੰ ਉਹ ਸਖ਼ਤ ਸ਼ਬਦਾਂ ਵਿਚ ਨਿੰਦਦੇ ਹਨ।ਆਗੂਆਂ ਨੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿਚ ਮੋਹਨ ਭਾਗਵਤ ਦੀਆਂ ਫੇਰੀਆਂ ਦੌਰਾਨ ਸਿੱਖ ਸੰਗਤ ਵਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਬਰਤਾਨੀਆ ਵਿਚ ਕੁਝ ਲੋਕਾਂ ਵਲੋਂ ਗੁਰੂ ਘਰ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦੇਣਾ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਕਿਸੇ ਸਿਆਸੀ ਜਾਂ ਵਿਚਾਰਧਾਰਕ ਸੰਸਥਾ ਦੇ ਆਗੂ ਦੇ ਪ੍ਰਚਾਰ ਲਈ ਵਰਤਣਾ ਗੁਰੂ ਘਰ ਦੀ ਮਰਿਆਦਾ ਅਤੇ ਸਿੱਖ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ।ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਆਰ.ਐੱਸ.ਐੱਸ. ਦੀ ਵਿਚਾਰਧਾਰਾ ਅਤੇ ਸਿੱਖੀ ਦੇ ਬੁਨਿਆਦੀ ਸਿਧਾਂਤਾਂ ਵਿਚ ਵੱਡਾ ਅੰਤਰ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਬਰਾਬਰਤਾ, ਮਨੁੱਖੀ ਅਧਿਕਾਰਾਂ, ਸਮਾਜਿਕ ਨਿਆਂ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ, ਜਦਕਿ ਉਨ੍ਹਾਂ ਦੇ ਅਨੁਸਾਰ ਆਰ.ਐੱਸ.ਐੱਸ. ਦੀ ਵਿਚਾਰਧਾਰਾ ਭਾਰਤ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਅਤੇ ਵੱਖਰੀ ਪਛਾਣ ਸਬੰਧੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਆਗੂਆਂ ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ ਨੇ ਹਮੇਸ਼ਾ ਜ਼ੁਲਮ, ਵਿਤਕਰੇ ਅਤੇ ਸਮਾਜਿਕ ਅਸਮਾਨਤਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਅਨੁਸਾਰ ਸਿੱਖੀ ਦਾ ਮੂਲ ਸੰਦੇਸ਼ ਮਨੁੱਖਤਾ ਦੀ ਬਰਾਬਰੀ ਅਤੇ ਹਰ ਵਿਅਕਤੀ ਦੇ ਸਨਮਾਨ ਨਾਲ ਜੁੜਿਆ ਹੋਇਆ ਹੈ। ਇਸ ਲਈ ਕਿਸੇ ਅਜਿਹੀ ਸੰਸਥਾ ਦੇ ਆਗੂ ਨੂੰ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਸਨਮਾਨ ਦੇਣਾ, ਜਿਸ ਦੀ ਵਿਚਾਰਧਾਰਾ ਨਾਲ ਉਹ ਸਹਿਮਤ ਨਹੀਂ ਹਨ, ਸਿੱਖ ਸਿਧਾਂਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਸਿੱਖ ਸੰਗਤ ਦੀਆਂ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਨਾਲ ਜੁੜੇ ਹੋਏ ਹਨ। ਇਨ੍ਹਾਂ ਸੰਸਥਾਵਾਂ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਸਿਆਸੀ ਜਾਂ ਵਿਚਾਰਧਾਰਕ ਮੁਹਿੰਮ ਲਈ ਨਹੀਂ ਕੀਤੀ ਜਾਣੀ ਚਾਹੀਦੀ। ਆਗੂਆਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਸਥਾਵਾਂ ਦੀ ਖੁਦਮੁਖਤਿਆਰੀ, ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਅਤੇ ਸਿੱਖ ਪਛਾਣ ਨਾਲ ਸਬੰਧਤ ਮਾਮਲਿਆਂ ਪ੍ਰਤੀ ਸੁਚੇਤ ਰਹਿਣ। ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ਸਿੱਖ ਸੰਸਥਾਵਾਂ ਵਿੱਚ ਕਿਸੇ ਵੀ ਅਜਿਹੀ ਵਿਚਾਰਧਾਰਾ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਜਿਸ ਨੂੰ ਸਿੱਖ ਸਿਧਾਂਤਾਂ ਦੇ ਵਿਰੁੱਧ ਮੰਨਿਆ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਸਿੱਖ ਕੌਮ ਆਪਣੇ ਧਾਰਮਿਕ ਅਦਾਰਿਆਂ ਅਤੇ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਦੀ ਰੱਖਿਆ ਲਈ ਹਮੇਸ਼ਾ ਆਵਾਜ਼ ਉਠਾਉਂਦੀ ਰਹੇਗੀ।