ਮੇਅਰ ਬਰੈਂਡਾ ਲੋਕ ਨੇ ਗਿੱਧਾ ਪਾ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਵੈਨਕੂਵਰ, 9 ਸਤੰਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸ਼ਹਿਰ ਸਰੀ ਦੇ ਬਾਹਰਵਾਰ 4915 ਰੇਲਵੇ ਰੋਡ ਨੇੜਲੇ ਹਰਿਆਵਲੇ ਖੇਤਾਂ ‘ ਚ ਸਥਿਤ ‘ਪਿੰਡ ਪੰਜਾਬ’ ਦੇ ਖੁੱਲੇ ਵਿਹੜੇ ਵਿਚ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਗਿਆਇਕ ਰੋਜ਼ਾ ਪੰਜਾਬੀ ਵਿਰਾਸਤੀ ਮੇਲਾ ਯਾਦਗਰੀ ਹੋ ਨਿਬੜਿਆ। ਲੁਧਿਆਣਾ ਜ਼ਿਲ੍ਹੇ ਦੇ ਚੋਮੋ ਪਿੰਡ ਨਾਲ ਸੰਬੰਧਿਤ ‘ਪਿੰਡ ਪੰਜਾਬ’ ਦੇ ਸੰਸਥਾਪਕ ਨਵਲਪ੍ਰੀਤ ਸਿੰਘ ਰੰਗੀ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਿਰੋਲ ਪੰਜਾਬੀ ਸੱਭਿਆਚਾਰ ‘ਚ ਰੰਗੇ ਜਾਣ ਵਾਲੇ ਇਸ ਮੇਲੇ ਦੌਰਾਨ ਪੰਜਾਬ ਦਾ ਪੁਰਾਤਨ ਰਵਾਇਤੀ ਮਾਹੌਲ ਸਿਰਜਿਆ ਮਹਿਸੂਸ ਕੀਤਾ ਗਿਆ । ਮੇਲੇ ਦੌਰਾਨ ਭੰਗੜਾ, ਗਿੱਧਾ, ਲੋਕ ਸੰਗੀਤ ਤੋਂ ਇਲਾਵਾ ਪੁਰਾਣੀ ਖੇਤੀਬੜੀ ਦੇ ਔਜ਼ਾਰ ਅਤੇ ਪੁਰਾਤਨ ਸੁਆਣੀਆਂ ਵੱਲੋਂ ਘਰੇਲੂ ਰਸੋਈ ‘ਚ ਵਰਤੀਆਂ ਜਾਂਦੀਆਂ ਰਹੀਆਂ ਵਸਤੂਆਂ ਦੀ ਨੁਮਾਇਸ਼ ਜਿੱਥੇ ਕਿ ਮੇਲੇ ਦੇਖਣ ਆਏ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਨਜ਼ਰੀਂ ਆਈ,ਉਥੇ ਨਵੀਂ ਪੀੜੀ ਲਈ ਪ੍ਰੇਰਨਾ ਦਾ ਸਰੋਤ ਵੀ ਬਣੀ । ਜਿਥੇ ਇਕ ਪਾਸੇ ਇਸ ਮੇਲੇ ‘ਚ ਸ਼ਾਮਿਲ ਲੋਕਾਂ ਨੇ ਗੰਨੇ ਦੇ ਰਸ ਦੇ ਨਾਲ-ਨਾਲ ਮੱਕੀ ਦੀ ਰੋਟੀ, ਸਰੋਂ ਦੇ ਸਾਗ ਵਰਗੇ ਸਵਾਦਲੇ ਪਕਵਾਨਾਂ ਦਾ ਆਨੰਦ ਮਾਣਿਆ, ਉਥੇ ਮੇਲੇ ‘ਚ ਪੁੱਜੇ ਬਹੁ ਗਿਣਤੀ ਬੱਚੇ ਝੂਲਿਆ ਤੇ ‘ਹੂਟੇ ਮਾਟੇ’ ਲੈ ਕੇ ਪੂਰੀ ਮਸਤੀ ਕਰਦੇ ਵੀ ਵੇਖੇ ਗਏ। ਅੱਜ ਦੇ ਇਸ ਮੇਲੇ ’ਚ ਵਿਸ਼ੇਸ਼ ਤੌਰ ’ਤੇ ਪੁੱਜੀ ਸਰੀ ਦੀ ਮੇਅਰ ਬਰੈਡਾਂ ਲੌਕ ਨੇ ਪੰਜਾਬੀ ਮੁਟਿਆਰਾਂ ਨਾਲ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੇਲੇ ਦੌਰਾਨ ਕੌਰ ਮਨਦੀਪ, ਹਰਨੇਕ ਸਿੰਘ, ਹਰਮਨ ਰਣਵਿਜੇ, ਨਿਖਲ, ਸੁਰਜੀਤ ਲਵਲੀ, ਬਾਲ ਕਲਾਕਾਰ ਜੀਵਤ ਗਿੱਲ, ਕੁਲਬੀਰ ਤੱਖੜ, ਹਰਦੀਪ ਗਰੇਵਾਲ, ਵਿਜੇ ਯਮਲਾ, ਨਰੇਸ਼ ਕੁਮਾਰ ਅਤੇ ਸਰਦਾਰ ਜੀ ਆਦਿ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ ਹੋਰਨਾ ਤੋਂ ਇਲਾਵਾ ਇਸ ਮੇਲੇ ‘ਚ ਹਾਜ਼ਰ ਸ਼ਖਸ਼ੀਅਤਾਂ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ, ਕੌਂਸਲਰ ਉਮੀਦਵਾਰ ਰਿਕੀ ਬਾਜਵਾ, ਅੰਮ੍ਰਿਤਪਾਲ ਢੋਟ, ਹਰਜੀਤ ਗਰੇਵਾਲ, ਮੀਨੂ ਦਿਓਲ, ਸੁਮਤ ਗਰੇਵਾਲ, ਜਸਪ੍ਰੀਤ ਗਿੱਲ ਅਤੇ ਦਵਿੰਦਰ ਬਚਰਾ ਆਦਿ ਦੇ ਨਾਂਅ ਜ਼ਿਕਰਯੋਗ ਹਨ।