27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਨੌਰਵਿਚ ਸਿਟੀ ਹਾਲ ’ਚ ਗੂੰਜਿਆ ਮੀਰੀ-ਪੀਰੀ ਦਾ ਸੰਦੇਸ਼, ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਮਿਲੀ ਸਰਕਾਰੀ ਮਾਨਤਾ

ਨਿਊਯਾਰਕ, 27 ਅਗਸਤ (ਰਾਜੂ ਸਾਹਿਬਾਜ਼ਪੁਰਾ)-ਕਨੈਕਟੀਕਟ ਦੇ ਨੌਰਵਿਚ ਸਿਟੀ ਹਾਲ ’ਚ ਮੀਰੀ-ਪੀਰੀ ਦਿਵਸ ਅਤੇ ਸਿੱਖ ਵੈਟਰਨਜ਼ ਡੇਅ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬੜੀ ਸ਼ਰਧਾ ਅਤੇ ਚੜ੍ਹਦੀ ਕਲਾ ਨਾਲ ਕਰਵਾਇਆ ਗਿਆ। ਵਰਲਡ ਸਿੱਖ ਪਾਰਲੀਮੈਂਟ ਅਤੇ ਗੱਤਕਾ ਫੈਡਰੇਸ਼ਨ ਯੂਐੱਸਏ ਦੇ ਸਾਂਝੇ ਉਪਰਾਲੇ ਨਾਲ ਹੋਏ ਇਸ ਸਮਾਗਮ ਵਿੱਚ ਸਿੱਖ ਇਤਿਹਾਸ, ਸੈਨਿਕ ਵਿਰਾਸਤ, ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 28-08-2026
ਨਿਊਯਾਰਕ, 27 ਅਗਸਤ (ਰਾਜੂ ਸਾਹਿਬਾਜ਼ਪੁਰਾ)-ਕਨੈਕਟੀਕਟ ਦੇ ਨੌਰਵਿਚ ਸਿਟੀ ਹਾਲ ’ਚ ਮੀਰੀ-ਪੀਰੀ ਦਿਵਸ ਅਤੇ ਸਿੱਖ ਵੈਟਰਨਜ਼ ਡੇਅ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬੜੀ ਸ਼ਰਧਾ ਅਤੇ ਚੜ੍ਹਦੀ ਕਲਾ ਨਾਲ ਕਰਵਾਇਆ ਗਿਆ। ਵਰਲਡ ਸਿੱਖ ਪਾਰਲੀਮੈਂਟ ਅਤੇ ਗੱਤਕਾ ਫੈਡਰੇਸ਼ਨ ਯੂਐੱਸਏ ਦੇ ਸਾਂਝੇ ਉਪਰਾਲੇ ਨਾਲ ਹੋਏ ਇਸ ਸਮਾਗਮ ਵਿੱਚ ਸਿੱਖ ਇਤਿਹਾਸ, ਸੈਨਿਕ ਵਿਰਾਸਤ, ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਦਾ ਮੁੱਖ ਆਕਰਸ਼ਣ ਕਨੈਕਟੀਕਟ ਦੇ ਗਵਰਨਰ ਵੱਲੋਂ ਜਾਰੀ ਮਾਨਤਾ ਪੱਤਰ ਰਿਹਾ, ਜਿਸ ਰਾਹੀਂ ਵਿਸ਼ਵ ਯੁੱਧਾਂ, ਸਾਰਾਗੜ੍ਹੀ ਦੀ ਲੜਾਈ ਅਤੇ ਜੂਨ 1984 ਦੌਰਾਨ ਅੰਮ੍ਰਿਤਸਰ ਵਿੱਚ ਵਾਪਰੀਆਂ ਘਟਨਾਵਾਂ ਨਾਲ ਜੁੜੇ ਸਿੱਖ ਸੈਨਿਕਾਂ ਤੇ ਯੋਧਿਆਂ ਦੀਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਸਤਿਕਾਰ ਦਿੱਤਾ ਗਿਆ। ਫਸਟ ਨੈਸ਼ਨਲ ਸਿਵਿਕਸ ਐਵਾਰਡਜ਼ ਦੇ ਫਾਈਨਲ ਤੱਕ ਪਹੁੰਚੇ ਸਿੱਖ ਨੌਜਵਾਨ ਅੰਗਦ ਸਿੰਘ ਨੇ ਇਹ ਮਾਨਤਾ ਪੱਤਰ ਮੰਚ ਤੋਂ ਪੜ੍ਹ ਕੇ ਸੁਣਾਇਆ। ਨੌਰਵਿਚ ਦੇ ਮੇਅਰ ਸਵਰਨਜੀਤ ਸਿੰਘ ਖਾਲਸਾ ਨੇ ਇਸ ਮੌਕੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ’ਤੇ ਸ਼ਹਿਰ ਦੇ ਸਥਾਨਕ ਹਾਈ ਸਕੂਲ ਵਿਦਿਆਰਥੀਆਂ ਲਈ ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲ ਨੌਜਵਾਨ ਪੀੜ੍ਹੀ ਨੂੰ ਮਨੁੱਖੀ ਅਧਿਕਾਰਾਂ, ਨਿਆਂ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮੁੱਲਾਂ ਨਾਲ ਜੋੜਨ ਵਿੱਚ ਸਹਾਇਕ ਹੋਵੇਗੀ। ਇਸ ਦੌਰਾਨ ਨੌਰਵਿਚ ਵਿੱਚ ਸਿੱਖ ਇਤਿਹਾਸ ਅਤੇ ਅਮਰੀਕੀ ਸਮਾਜ ਵਿਚਕਾਰ ਸਾਂਝ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜ਼ਿਕਰ ਹੋਇਆ। ਸ਼ਹਿਰ ਵਿੱਚ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਉਸੇ ਮੂਰਤੀਕਾਰ ਨੇ ਤਿਆਰ ਕੀਤਾ ਹੈ, ਜਿਸ ਨੇ ਨੌਰਵਿਚ ਵਿੱਚ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਦਾ ਬੁੱਤ ਬਣਾਇਆ ਸੀ। ਬੁਲਾਰਿਆਂ ਨੇ ਇਸ ਉਪਰਾਲੇ ਨੂੰ ਸਿੱਖ ਅਤੇ ਅਮਰੀਕੀ ਇਤਿਹਾਸ ਵਿਚਕਾਰ ਸੱਭਿਆਚਾਰਕ ਪੁਲ ਕਰਾਰ ਦਿੱਤਾ। ਸਮਾਗਮ ਵਿੱਚ ਪੈਨਸਿਲਵੇਨੀਆ ਤੋਂ ਪਹੁੰਚੇ ਜਥੇਦਾਰ ਸ. ਭਗਤ ਸਿੰਘ ਡੇਕਵਾਲਾ ਨੂੰ ਸਿੱਖ ਕੌਮ ਅਤੇ ਇਸ ਦੇ ਹੱਕਾਂ ਲਈ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਉਨ੍ਹਾਂ ਨੇ 1984 ਤੋਂ ਬਾਅਦ ਸਿੱਖ ਕੌਮ ਵੱਲੋਂ ਲੜੇ ਗਏ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਇਆ ਹੈ। ਸਮਾਗਮ ਦੀ ਸ਼ੁਰੂਆਤ ਗਗਨਦੀਪ ਸਿੰਘ ਖਾਲਸਾ ਵੱਲੋਂ ਕੀਤੀ ਅਰਦਾਸ ਨਾਲ ਹੋਈ। ਇਸ ਉਪਰੰਤ ਨਿਊਯਾਰਕ ਤੋਂ ਬੀਬੀ ਗੁਰਸਿਮਰਨ ਕੌਰ ਅਤੇ ਸਿਮਰਨਜੀਤ ਸਿੰਘ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਗੁਰਪ੍ਰਤਾਪ ਸਿੰਘ ਨੇ ਸਲਾਈਡਸ਼ੋਅ ਅਤੇ ਲੈਕਚਰ ਰਾਹੀਂ ਮੀਰੀ-ਪੀਰੀ ਦੇ ਸਿਧਾਂਤ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿਧਾਂਤ ਰੂਹਾਨੀ ਜੀਵਨ ਦੇ ਨਾਲ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਅਤੇ ਅਨਿਆਂ ਵਿਰੁੱਧ ਆਵਾਜ਼ ਉਠਾਉਣ ਦੀ ਪ੍ਰੇਰਨਾ ਦਿੰਦਾ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਮੀਰੀ-ਪੀਰੀ ਦੇ ਸੰਕਲਪ ਦੀ ਅਜੋਕੇ ਸਮੇਂ ਵਿੱਚ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਹੋਰ ਬੰਦੀ ਸਿੰਘਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਹੱਕਾਂ ਲਈ ਕੀਤਾ ਗਿਆ ਉਨ੍ਹਾਂ ਦਾ ਸੰਘਰਸ਼ ਮੀਰੀ-ਪੀਰੀ ਦੇ ਸਿਧਾਂਤ ਦੀ ਅਮਲੀ ਮਿਸਾਲ ਹੈ। ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕੌਂਸਲ ਦੇ ਕੋਆਰਡੀਨੇਟਰ ਹਰਮਿੰਦਰ ਸਿੰਘ ਅਹਲੂਵਾਲੀਆ ਨੇ ਸੰਸਥਾ ਦੀਆਂ ਵੱਖ-ਵੱਖ ਕੌਂਸਲਾਂ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕੋਵਿਡ-19 ਮਹਾਂਮਾਰੀ ਦੌਰਾਨ ਸਿੱਖ ਭਾਈਚਾਰੇ ਵੱਲੋਂ ਕੀਤੀਆਂ ਮਨੁੱਖੀ ਸੇਵਾਵਾਂ ਨੂੰ ਯਾਦ ਕਰਦਿਆਂ ਨੌਰਵਿਚ ਵਿੱਚ ਸਿੱਖ ਵਿਰਾਸਤ ਨੂੰ ਮਿਲ ਰਹੀ ਪਛਾਣ ਦੀ ਸ਼ਲਾਘਾ ਕੀਤੀ। ਸਾਲਡੈਫ਼ ਦੇ ਸ. ਸੁਰਿੰਦਰਪਾਲ ਸਿੰਘ ਨੇ ਅਮਰੀਕਾ ਵਿੱਚ ਵੱਸਦੀ ਸਿੱਖ ਨੌਜਵਾਨ ਪੀੜ੍ਹੀ ਨੂੰ ਰਾਜਨੀਤੀ ਅਤੇ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਐੱਸਏ ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਨੇ ਸਿੱਖ ਕੌਮ ਦੀ ਆਜ਼ਾਦੀ ਅਤੇ ਕੌਮੀ ਹੱਕਾਂ ਦੇ ਸੰਘਰਸ਼ ਬਾਰੇ ਵਿਚਾਰ ਰੱਖੇ, ਜਦਕਿ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੋਸਾਇਟੀ ਦੇ ਪ੍ਰਧਾਨ ਸ. ਰਾਜਿੰਦਰ ਸਿੰਘ ਨੇ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਸਬੰਧਤ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੁਲਜੀਤ ਸਿੰਘ ਕਨੈਕਟੀਕਟ, ਸ. ਗੁਰਤੇਜ ਸਿੰਘ ਅਤੇ ਸ. ਕੁਲਦੀਪ ਸਿੰਘ ਭੋਗਲ ਸਮੇਤ ਸਿੱਖ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ, ਨੌਰਵਿਚ ਸ਼ਹਿਰ ਦੇ ਅਧਿਕਾਰੀ ਅਤੇ ਇਤਿਹਾਸਕਾਰ ਹਾਜ਼ਰ ਸਨ। ਗੱਤਕਾ ਫੈਡਰੇਸ਼ਨ ਯੂਐੱਸਏ ਦੇ ਪ੍ਰਧਾਨ ਦੀਪ ਸਿੰਘ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਸੰਚਾਲਿਤ ਕੀਤਾ। ਸਮਾਗਮ ਨੇ ਸਿੱਖ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣ ਅਤੇ ਮਨੁੱਖੀ ਅਧਿਕਾਰਾਂ, ਨਿਆਂ ਤੇ ਲੋਕਤੰਤਰ ਦੀ ਰੱਖਿਆ ਲਈ ਸਰਗਰਮ ਰਹਿਣ ਦਾ ਸੰਦੇਸ਼ ਦਿੱਤਾ। ਨੌਰਵਿਚ ਸਿਟੀ ਹਾਲ ਵਿੱਚ ਹੋਇਆ ਇਹ ਸਮਾਗਮ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਅਮਰੀਕੀ ਸਮਾਜ ਸਾਹਮਣੇ ਮਾਣ ਨਾਲ ਪੇਸ਼ ਕਰਨ ਵਾਲਾ ਯਾਦਗਾਰੀ ਉਪਰਾਲਾ ਹੋ ਨਿਬੜਿਆ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨੰਦ ਸਿੰਘ ਕਲੇਰਾ ਵਾਲਿਆਂ ਦੇ ਬਰਸੀ ਸਮਾਗਮ ’ਚ ਤੀਸਰੀ ਲੜੀ ਦੇ 23 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਅਗਲੀ ਖ਼ਬਰ ਨੇਵਾਡਾ ਵਿਚ ਲੱਗੀ ਭਿਆਨਕ ਅੱਗ ਕਾਰਨ ਹਜਾਰਾਂ ਏਕੜ ਜੰਗਲ ਸੜਿਆ -90 ਹਜ਼ਾਰ ਲੋਕ ਹੋਏ ਬੇਘਰ
Ad Position 24