ਹਾਕੀ ਵਿਸ਼ਵ ਕੱਪ - ਅੱਜ ਨੀਦਰਲੈਂਡ ਵਿਰੁੱਧ ‘ਕਰੋ ਜਾਂ ਮਰੋ’ ਦਾ ਮੁਕਾਬਲਾ
ਪੂਰੇ 60 ਮਿੰਟਾਂ ਲਈ ਭਾਰਤੀ ਟੀਮ ਦਾ ਚੰਗੀ ਹਾਕੀ ਖੇਡਣਾਂ ਜ਼ਰੂਰੀ- ਹਰਮਨਪ੍ਰੀਤ
ਐਮਸਟਲਵੀਨ, 21 ਅਗਸਤ (ਪੀ. ਟੀ.
ਐਮਸਟਲਵੀਨ, 21 ਅਗਸਤ (ਪੀ.ਟੀ.ਆਈ.)-22 ਅਗਸਤ ਨੂੰ ਹੋਣ ਵਾਲੇ ਪੈਰਿਸ ਓਲੰਪਿਕ ਚੈਂਪੀਅਨ ਨੀਦਰਲੈਂਡ ਵਿਰੁੱਧ ਵਿਸ਼ਵ ਕੱਪ ਦੇ ਦੂਜੇ ਦੌਰ ਦੇ ਮੈਚ ਨੂੰ ‘ਕਰੋ ਜਾਂ ਮਰੋ’ ਵਾਲਾ ਮੈਚ ਦੱਸਦੇ ਹੋਏ, ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਸਨੇ ਟੀਮ ਨੂੰ ਸਿਰਫ਼ ਪੂਰੇ 60 ਮਿੰਟਾਂ ਲਈ ਚੰਗੀ ਹਾਕੀ ਖੇਡਣ ਲਈ ਕਿਹਾ ਹੈ। ਪੂਲ ਡੀ ’ਚ ਪਹਿਲੇ ਦੌਰ ’ਚ ਵੇਲਜ਼ ਅਤੇ ਪਾਕਿਸਤਾਨ ਨੂੰ ਹਰਾਉਣ ਵਾਲੀ ਭਾਰਤੀ ਟੀਮ ਇੰਗਲੈਂਡ ਤੋਂ ਹਾਰ ਗਈ, ਜਿਸ ਨਾਲ ਉਨ੍ਹਾਂ ਨੂੰ ਦੂਜੇ ਦੌਰ ’ਚ ਇਕ ਵੀ ਅੰਕ ਨਹੀਂ ਮਿਲਿਆ। ਭਾਰਤ ਨੂੰ ਸੈਮੀਫਾਈਨਲ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਨੀਦਰਲੈਂਡਜ਼ ਤੇ ਅਰਜਨਟੀਨਾ ਨੂੰ ਹਰਾਉਣਾ ਪਵੇਗਾ। ਪ੍ਰੋ ਲੀਗ ’ਚ ਸਹਿ-ਮੇਜ਼ਬਾਨ ਨੂੰ ਹਰਾ ਚੁੱਕੀ ਭਾਰਤੀ ਟੀਮ ਪਿਛਲੇ ਤਿੰਨ ਮੈਚਾਂ ’ਚ ਆਪਣੀਆਂ ਗਲਤੀਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਹਰਮਨਪ੍ਰੀਤ ਨੇ ਕਿਹਾ ਲੀਡ ਲੈਣ ਤੋਂ ਬਾਅਦ ਵੀ ਸ਼ੈਲੀ ਤੇ ਰਵੱਈਏ ਵਿਚ ਕੋਈ ਬਦਲਾਅ ਨਹੀਂ ਆਉਣਾ ਚਾਹੀਦਾ। ਭਾਰਤ ਨੇ ਜੂਨ ’ਚ ਐਫ਼.ਆਈ.ਐਚ. ਪ੍ਰੋ ਲੀਗ ’ਚ ਨੀਦਰਲੈਂਡਜ਼ ਨੂੰ 3-2 ਨਾਲ ਹਰਾਇਆ ਸੀ ਤੇ ਹਰਮਨਪ੍ਰੀਤ ਨੇ ਕਿਹਾ ਕਿ ਉਸੇ ਰਣਨੀਤੀ ਨਾਲ ਖੇਡ ਕੇ ਉਸ ਪ੍ਰਦਰਸ਼ਨ ਨੂੰ ਦੁਹਰਾਇਆ ਜਾ ਸਕਦਾ ਹੈ। ਕੀ ਵੈਗਨਰ ਸਟੇਡੀਅਮ ’ਚ ਭਾਰਤੀ ਟੀਮ ’ਤੇ ਹੋਵੇਗਾ ਦਬਾਅ ਮੁੱਖ ਕੋਚ ਕ੍ਰੇਗ ਫੁਲਟਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਭਰੇ ਵੈਗਨਰ ਸਟੇਡੀਅਮ ਵਿਚ ਸਹਿ-ਮੇਜ਼ਬਾਨ ਨੀਦਰਲੈਂਡਜ਼ ਦਾ ਭਾਰੀ ਸਮਰਥਨ ਉਨ੍ਹਾਂ ਦੀ ਟੀਮ ’ਤੇ ਦਬਾਅ ਪਾਏਗਾ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਤੋਂ ਬਾਹਰ ਬਹੁਤ ਹਾਕੀ ਖੇਡਦੇ ਹਾਂ ਤੇ ਅਜਿਹੀਆਂ ਸਥਿਤੀਆਂ ਲਈ ਤਿਆਰ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੂੰ ਇਕ ਬਿਹਤਰ ਰੱਖਿਆਤਮਕ ਢਾਂਚੇ ਨਾਲ ਖੇਡਣਾ ਪਵੇਗਾ। ਉਨ੍ਹਾਂ ਕਿਹਾ ਕਿ ਨੀਦਰਲੈਂਡ ਓਲੰਪਿਕ ਚੈਂਪੀਅਨ ਹਨ ਤੇ ਇਕ ਕਾਰਨ ਕਰਕੇ ਦੁਨੀਆ ਦੀਆਂ ਚੋਟੀ ਦੀਆਂ 3 ਟੀਮਾਂ ਵਿਚੋਂ ਹਨ। ਉਨ੍ਹਾਂ ਦਾ ਪੈਨਲਟੀ ਕਾਰਨਰ ਤੇ ਪੈਨਲਟੀ ਕਾਰਨਰ ਡਿਫੈਂਸ ਬਹੁਤ ਵਧੀਆ ਹੈ। ਸਾਨੂੰ ਆਪਣੇ ਡਿਫੈਂਸ ’ਤੇ ਸਖ਼ਤ ਮਿਹਨਤ ਕਰਨੀ ਪਵੇਗੀ।