23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸਭ ਦੀ ਵੱਡੀ ਜ਼ਿੰਮੇਵਾਰੀ ਹੈ ਪਾਣੀ ਬਚਾਉਣਾ

ਸਭ ਦੀ ਵੱਡੀ ਜ਼ਿੰਮੇਵਾਰੀ ਹੈ ਪਾਣੀ ਬਚਾਉਣਾ

Ad Position 21
No active advertisement
ਅਜੀਤ ਡੈਸਕ 24-10-2026

ਬਾਰਿਸ਼ ਦੀ ਅਨਿਸ਼ਚਿਤਤਾ, ਭੂਮੀਗਤ ਪਾਣੀ ਦੀ ਅੰਨ੍ਹੇਵਾਹ ਵਰਤੋਂ ਤੇ ਜਲ ਸਰੋਤਾਂ 'ਤੇ ਕਬਜ਼ੇ ਨੇ ਪਾਣੀ  ਸੰਕਟ ਨੂੰ  ਗੰਭੀਰ ਬਣਾ ਦਿੱਤਾ ਹੈ | ਮੁੱਦਾ ਸਿਰਫ਼ ਪਾਣੀ ਦੀ ਉਪਲੱਬਧਤਾ ਦਾ ਹੀ  ਨਹੀਂ, ਸਗੋਂ ਇਸ ਨੂੰ  ਬਚਾਉਣ ਤੇ ਸਮਝਦਾਰੀ ਨਾਲ ਵਰਤਣ ਦੀ ਜ਼ਿੰਮੇਵਾਰੀ ਦਾ ਵੀ ਹੈ |

ਕੀਮਤ ਕੌਣ ਚੁਕਾਏਗਾ?
ਵਿਗਿਆਨੀ ਤੇ ਵਾਤਾਵਰਨ ਮਾਹਿਰ ਸਾਲਾਂ ਤੋਂ ਪਾਣੀ ਦੇ ਸੰਕਟ ਬਾਰੇ ਚਿਤਾਵਨੀ ਦਿੰਦੇ ਆ ਰਹੇ ਹਨ | 2018 'ਚ ਨੀਤੀ ਆਯੋਗ ਨੇ ਅੰਦਾਜ਼ਾ ਲਗਾਇਆ ਸੀ ਕਿ 2030 ਤੱਕ ਭਾਰਤ 'ਚ ਪਾਣੀ ਦੀ ਖਪਤ ਉਪਲਬਧ ਪਾਣੀ ਨਾਲੋਂ ਦੁੱਗਣੀ ਹੋ ਜਾਵੇਗੀ | ਇਹ ਭਵਿੱਖਬਾਣੀ ਮੌਜੂਦਾ ਸਥਿਤੀ ਦਾ ਮਾਪ ਨਹੀਂ, ਪਰ  ਪਾਣੀ ਸੰਭਾਲਣ ਦੀ ਜ਼ਰੂਰਤ ਨੂੰ  ਹੁਣ ਤੋਂ ਹੀ ਸਮਝਣਾ ਹੋਵੇਗਾ | ਜਦੋਂ ਪਾਣੀ ਦੀ ਹਰ ਬੂੰਦ ਨੂੰ  ਬਚਾਉਣ ਦੀ ਅਪੀਲ ਕੀਤੀ ਜਾਵੇ, ਤਾਂ ਸਵਾਲ ਉੱਠਣਾ ਚਾਹੀਦਾ ਹੈ ਕਿ ਪਾਣੀ ਦੀ ਬਰਬਾਦੀ ਦੀ ਕੀਮਤ ਆਖਰਕਾਰ ਕੌਣ ਅਦਾ ਕਰਦਾ ਹੈ ਤੇ ਇਸ ਦੀ ਵਸੂਲੀ ਕਿਸ ਤੋਂ ਹੁੰਦੀ ਹੈ? ਵਿਕਾਸ ਦੇ ਨਾਂਅ 'ਤੇ ਬਰਸਾਤੀ ਨਾਲਿਆਂ ਦੇ ਰਸਤਿਆਂ 'ਚ ਵੱਡੀਆਂ ਇਮਾਰਤਾਂ ਤੇ ਬਸਤੀਆਂ ਬਣਾ ਦਿੱਤੀਆਂ ਜਾਂਦੀਆਂ ਹਨ | ਫਿਰ ਬਾਰਿਸ਼ ਆਉਣ 'ਤੇ ਸ਼ਹਿਰ ਮੀਂਹ ਦੇ ਪਾਣੀ ਨਾਲ ਭਰ ਜਾਂਦੇ ਹਨ | ਬਿਨਾਂ ਸ਼ੱਕ ਅਜਿਹੇ ਵਿਕਾਸ ਦੀ ਕੀਮਤ ਆਉਣ ਵਾਲੀਆਂ ਪੀੜ੍ਹੀਆਂ ਨੂੰ  ਚੁਕਾਉਣੀ ਪਵੇਗੀ |
ਸ਼ੁਰੂਆਤ ਘਰ ਤੋਂ ਕਰੀਏ
ਇਕ ਟੈਲੀਵਿਜ਼ਨ ਪ੍ਰੋਗਰਾਮ ਵਿਚ ਇਕ ਮਸ਼ਹੂਰ ਅਦਾਕਾਰ ਨੇ ਮਜ਼ਾਕ 'ਚ ਕਿਹਾ ਸੀ ਕਿ  ਉਸ ਦੀ ਪਤਨੀ ਉਦੋਂ ਤੱਕ ਨਹਾਉਂਦੀ ਰਹਿੰਦੀ ਹੈ, ਜਦੋਂ ਤੱਕ ਮੁਹੱਲੇ ਦੇ ਦੂਜੇ ਨਿਵਾਸੀਆਂ ਦੇ ਘਰਾਂ 'ਚ ਪਾਣੀ ਦੀ ਸਪਲਾਈ ਬੰਦ ਨਾ ਹੋ ਜਾਵੇ ਜਾਂ ਉਹ ਸ਼ਿਕਾਇਤ ਕਰਨ ਨਹੀਂ ਆਉਂਦੇ | ਇਸ ਮਜ਼ਾਕ ਦੇ ਪਿੱਛੇ ਛੁਪੀ ਮਾਨਸਿਕਤਾ 'ਤੇ ਵਿਚਾਰ ਕਰਨਾ ਜ਼ਰੂਰੀ ਹੈ | ਘੰਟਿਆਂ ਤੱਕ ਸ਼ਾਵਰ ਹੇਠਾਂ ਬੈਠੇ ਰਹਿਣਾ, ਲਗਾਤਾਰ ਚੱਲਦੇ ਪਾਣੀ ਨਾਲ ਕਾਰਾਂ ਧੋਣਾ, ਹੱਥ ਧੋਂਦੇ ਸਮੇਂ ਟੂਟੀ ਨੂੰ  ਚੱਲਦੀ ਰੱਖਣਾ ਲੋਕਾਂ ਦੀਆਂ ਆਮ ਆਦਤਾਂ ਹਨ ਤੇ ਦਲੀਲ ਦਿੱਤੀ ਜਾਂਦੀ ਹੈ ਕਿ ਜਦੋਂ ਅਸੀਂ ਪਾਣੀ ਦਾ ਬਿੱਲ ਭਰਦੇ ਹਾਂ ਤਾਂ ਅਸੀਂ ਜਿੰਨਾ ਚਾਹੀਏ ਪਾਣੀ ਵਰਤ ਸਕਦੇ ਹਾਂ | ਜਦੋਂ ਸਰਕਾਰੀ ਸਪਲਾਈ ਘਟ ਜਾਵੇ ਤਾਂ ਲੋਕ ਭੂਮੀਗਤ ਪਾਣੀ ਕੱਢਣ ਲਈ ਮੋਟਰਾਂ ਚਲਾ ਲੈਂਦੇ ਹਨ | ਸਵਾਲ ਇਹ ਹੈ, ਕੀ ਪਾਣੀ ਦੇ ਬਿੱਲ ਭਰਨ ਕਰਕੇ ਕਿਸੇ ਨੂੰ  ਸਾਂਝੇ ਕੁਦਰਤੀ ਸਰੋਤ ਨੂੰ  ਬਰਬਾਦ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ? ਕਿਸਾਨ ਆਪਣੀਆਂ ਫ਼ਸਲਾਂ ਦੇ ਭਵਿੱਖ ਲਈ ਆਸਮਾਨ ਵੱਲ ਦੇਖਦੇ ਹਨ ਤੇ ਸ਼ਹਿਰੀ ਪਰਿਵਾਰ ਸਾਫ਼ ਪਾਣੀ ਖਰੀਦਣ ਲਈ ਮਜਬੂਰ ਹਨ | ਕਿਸੇ ਲਈ ਪਾਣੀ ਇਕ ਸਹੂਲਤ ਹੈ ਤਾਂ ਦੂਜਿਆਂ ਲਈ ਰੋਜ਼ਾਨਾ ਦਾ ਸੰਘਰਸ਼ ਹੈ, ਇਸ ਲਈ ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ |
ਪੁਰਖਿਆਂ ਦੀ ਵਿਰਾਸਤ ਕਿਉਂ ਭੁੱਲੇ?
ਸਾਡੇ ਪੁਰਖਿਆਂ ਨੇ ਤਲਾਅ, ਖੂਹ, ਬਾਵੜੀਆਂ ਬਣਾ ਕੇ ਪਾਣੀ ਸੰਭਾਲਣ ਦੀਆਂ ਪ੍ਰਣਾਲੀਆਂ ਵਿਕਸਿਤ ਕੀਤੀਆਂ ਸਨ, ਅੱਜ ਉਨ੍ਹਾਂ ਦੀ ਜਗ੍ਹਾ ਸਾਡੇ ਕੋਲ ਉੱਚੀਆਂ ਇਮਾਰਤਾਂ ਤੇ ਚੌੜੀਆਂ ਸੜਕਾਂ ਹਨ | ਜਿੱਥੇ ਮੀਂਹ ਦਾ ਪਾਣੀ ਜ਼ਮੀਨ ਵਿਚ ਵਹਿ ਸਕਦਾ ਸੀ, ਉੱਥੇ ਅੱਜ ਕੰਕਰੀਟ ਦੇ ਢਾਂਚੇ ਖੜ੍ਹੇ ਹਨ | ਅਸੀਂ ਬਰਸਾਤੀ ਪਾਣੀ ਦੇ ਵਹਾਅ ਦੇ ਕੁਦਰਤੀ ਰਸਤੇ ਸਥਾਈ ਤੌਰ 'ਤੇ ਰੋਕ ਦਿੱਤੇ ਹਨ, ਪਾਣੀ ਨੂੰ  ਵਗਣ ਲਈ ਜਿੱਥੋਂ ਰਸਤਾ ਮਿਲਦਾ ਹੈ, ਵਹਿ ਤੁਰਦਾ ਹੈ | ਦਰਅਸਲ ਸ਼ਹਿਰ ਆਪਣੇ-ਆਪ ਨਹੀਂ ਡੁੱਬਦੇ, ਅਸੀਂ ਉਨ੍ਹਾਂ ਦੇ ਡੁੱਬਣ ਲਈ ਹਾਲਾਤ ਪਹਿਲਾਂ ਹੀ ਤਿਆਰ ਕਰ ਦਿੱਤੇ ਹਨ | ਮੌਸਮ ਦਾ ਬਦਲਦਾ ਪੈਟਰਨ ਇਸ ਸੰਕਟ ਨੂੰ  ਹੋਰ ਵੀ ਗੰਭੀਰ ਬਣਾ ਰਿਹਾ ਹੈ, ਕਿਉਂਕਿ ਬਾਰਿਸ਼ ਕਦੇ ਹਲਕੀ ਤੇ ਕਈ ਵਾਰ ਬਹੁਤ ਭਾਰੀ ਹੁੰਦੀ ਹੈ | ਜਲਵਾਯੂ ਪਰਿਵਰਤਨ ਜੋਖ਼ਮਾਂ ਨੂੰ  ਵਧਾਉਂਦਾ ਹੈ, ਪਰ ਹੜ੍ਹ ਤੇ ਥਾਂ-ਥਾਂ ਪਾਣੀ ਭਰਨ ਵਿਚ ਸਥਾਨਕ ਨਿਰਮਾਣ, ਜਲ ਨਿਕਾਸੀ ਤੇ ਪ੍ਰਸ਼ਾਸਨਿਕ ਤਿਆਰੀ ਦੀ ਭੂਮਿਕਾ ਹੈ | ਦੇਸ਼ ਦੇ ਬਹੁਤੇ ਅਖੌਤੀ ਵਿਕਸਿਤ ਇਲਾਕੇ ਜਾਂ ਸ਼ਹਿਰ ਥੋੜ੍ਹੀ ਜਿਹੀ ਬਾਰਿਸ਼ ਨਾਲ ਪਾਣੀ ਨਾਲ ਭਰ ਜਾਂਦੇ ਹਨ | 
ਭਾਰਤ ਦੇ ਭੂਮੀਗਤ ਪਾਣੀ ਦਾ ਇਕ ਵੱਡਾ ਹਿੱਸਾ ਸਿੰਚਾਈ ਲਈ ਵਰਤਿਆ ਜਾਂਦਾ ਹੈ | ਕੇਂਦਰੀ ਭੂ ਜਲ ਬੋਰਡ ਦੀ 2024 ਦੀ ਰਿਪੋਰਟ ਦੇ ਅਨੁਸਾਰ ਦੇਸ਼ ਦੀਆਂ 6,746 ਮੁਲਾਂਕਣ ਇਕਾਈਆਂ 'ਚੋਂ 751 ਵਿਚ ਭੂਮੀਗਤ ਪਾਣੀ ਦੀ ਨਿਕਾਸੀ ਸਾਲਾਨਾ ਰੀਚਾਰਜ ਤੋਂ ਕਿਤੇ ਵੱਧ ਹੈ | ਹਰੀ ਕ੍ਰਾਂਤੀ ਨੇ ਦੇਸ਼ ਨੂੰ  ਅਨਾਜ ਉਤਪਾਦਨ ਵਿਚ ਸਵੈ-ਨਿਰਭਰ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਪਰ ਕੁਝ ਖੇਤਰਾਂ ਵਿਚ ਚੌਲ ਤੇ ਗੰਨੇ ਵਰਗੀਆਂ ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਵਿਸਥਾਰ ਤੇ ਭੂਮੀਗਤ ਪਾਣੀ 'ਤੇ ਨਿਰਭਰ ਸਿੰਚਾਈ ਨੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਕਿਸਾਨਾਂ ਨੂੰ  ਪਾਣੀ ਬਚਾਉਣ ਬਾਰੇ ਉਪਦੇਸ਼ ਦੇਣ ਦੀ ਬਜਾਏ ਪਾਣੀ ਦੀ ਘੱਟ ਵਰਤੋਂ ਵਾਲੀਆਂ ਫ਼ਸਲਾਂ ਬੀਜਣ, ਉਨ੍ਹਾਂ ਲਈ ਉੱਚਿਤ ਕੀਮਤਾਂ, ਮੰਡੀਕਰਨ ਤੇ ਸਰਕਾਰੀ ਸਹਾਇਤਾ ਵੀ ਮਿਲਣੀ ਚਾਹੀਦੀ ਹੈ | ਭੂਮੀਗਤ ਪਾਣੀ ਨੂੰ  ਅਜਿਹੀ ਪੂੰਜੀ ਮੰਨਣਾ  ਚਾਹੀਦਾ ਹੈ, ਜਿਸ ਦੀ ਖਪਤ ਕਰਨ ਦੇ ਨਾਲ ਹੀ ਉਸ ਨੂੰ  ਮੁੜ ਤੋਂ ਜਮ੍ਹਾਂ ਕਰਨਾ ਵੀ ਜ਼ਰੂਰੀ ਹੈ | ਜਦੋਂ ਲੰਬੇ ਸਮੇਂ ਤੱਕ ਪਾਣੀ ਦੀ ਨਿਕਾਸੀ ਕੁਦਰਤੀ ਰੀਚਾਰਜ ਤੋਂ ਵਧ ਜਾਂਦੀ ਹੈ ਤਾਂ ਭੂਮੀਗਤ ਪਾਣੀ ਦਾ ਪੱਧਰ ਡਿਗਦਾ ਹੈ | ਇਸ ਲਈ ਟਿਊਬਵੈੱਲਾਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ, ਪਾਣੀ ਦੀ ਢੁਕਵੀਂ ਵਰਤੋਂ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ  ਯਕੀਨੀ ਬਣਾਉਂਦੀ ਹੈ | ਘਰੇਲੂ ਸੀਵਰੇਜ, ਉਦਯੋਗਾਂ ਤੇ ਫੈਕਟਰੀਆਂ ਦੀ ਰਹਿੰਦ-ਖੂੰਹਦ ਨੂੰ  ਸਿੱਧੇ ਨਦੀਆਂ ਜਾਂ ਹੋਰ ਜਲ ਸਰੋਤਾਂ ਵਿਚ ਸੁੱਟਣ ਨਾਲ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ | ਪ੍ਰਦੂਸ਼ਿਤ ਪਾਣੀ ਸਿੱਧੇ ਤੌਰ 'ਤੇ ਵਰਤੋਂ ਯੋਗ ਨਾ ਹੋਣ ਕਰਕੇ ਭੂਮੀਗਤ ਪਾਣੀ ਤੇ ਹੋਰ ਸਰੋਤਾਂ ਤੋਂ ਸਾਫ਼ ਪਾਣੀ ਦੀ ਮੰਗ ਵਧ ਜਾਂਦੀ ਹੈ | ਪਾਣੀ ਦੀ ਸੰਭਾਲ ਦਾ ਮਤਲਬ ਪਾਣੀ ਦਾ ਭੰਡਾਰ ਕਰਨਾ ਨਹੀਂ, ਸਗੋਂ ਇਸ ਨੂੰ  ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਵੀ ਹੈ | 
ਨਦੀਆਂ ਤੇ ਪਾਣੀ ਕਿੱਥੇ ਹਨ?
ਪਾਣੀ ਨੂੰ  ਲੈ ਕੇ ਹਰ ਗੱਲ 'ਤੇ ਰਾਜਨੀਤੀ ਹੁੰਦੀ ਹੈ | ਜੇਕਰ ਵਿਅਕਤੀਗਤ ਜ਼ਿੰਮੇਵਾਰੀ ਜ਼ਰੂਰੀ ਹੈ, ਤਾਂ ਇਸ ਨਾਲ ਸਰਕਾਰੀ ਜਵਾਬਦੇਹੀ ਘੱਟ ਨਹੀਂ ਹੋ ਜਾਂਦੀ | ਨੌਜਵਾਨ ਜਾਂ ਜੈੱਨ-ਜ਼ੀ ਦੁਆਰਾ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਪਾਣੀ ਦੇ ਸਰੋਤਾਂ 'ਤੇ ਕਬਜ਼ੇ ਕਿਉਂ ਕੀਤੇ ਗਏ, ਕੁਦਰਤੀ ਨਾਲਿਆਂ ਦੇ ਰਸਤੇ ਕਿਉਂ ਰੋਕੇ ਗਏ ਤੇ  ਡਰੇਨੇਜ ਸਿਸਟਮ ਦੀ ਸਮੇਂ ਸਿਰ ਮੁਰੰਮਤ ਕਿਉਂ ਨਹੀਂ ਕੀਤੀ ਜਾਂਦੀ | ਨਦੀਆਂ ਖਾਸ ਕਰਕੇ ਜੀਵਨ ਦੇਣ ਵਾਲੀ ਗੰਗਾ, ਜ਼ਿਆਦਾਤਰ ਖੇਤਰਾਂ ਵਿਚ ਇੰਨੀ ਪ੍ਰਦੂਸ਼ਿਤ ਕਿਉਂ ਹੈ? ਉਨ੍ਹਾਂ ਦੀ ਸਫ਼ਾਈ 'ਤੇ ਕਥਿਤ ਤੌਰ 'ਤੇ ਖ਼ਰਚੇ ਗਏ ਕਰੋੜਾਂ ਰੁਪਏ ਦਾ ਲੇਖਾ-ਜੋਖਾ ਦਿੱਤਾ ਜਾਏ | ਕੀ ਗਰਮੀਆਂ ਦੌਰਾਨ ਸਾਰਿਆਂ ਦੇ ਘਰਾਂ ਵਿਚ ਪਾਣੀ ਹੋਵੇਗਾ? ਜੇਕਰ ਕੋਈ ਸ਼ਹਿਰ ਹੜ੍ਹ ਦੀ ਲਪੇਟ 'ਚ ਆਉਂਦਾ ਹੈ ਤਾਂ ਰਾਹਤ ਪ੍ਰਦਾਨ ਕਰਨ ਦੇ ਨਾਲ-ਨਾਲ ਇਹ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਨਿਕਾਸੀ ਵਿਚ ਵਿਘਨ ਕਿਉਂ ਪਿਆ ਤੇ ਭਵਿੱਖ 'ਚ ਅਜਿਹੀ ਸਥਿਤੀ ਨੂੰ  ਰੋਕਣ ਲਈ ਕੀ ਕੀਤਾ ਜਾ ਰਿਹਾ ਹੈ? ਸਵਾਲ ਕਰਨਾ ਚਾਹੀਦਾ ਹੈ ਕਿ ਸੱਤਾਧਾਰੀ ਤੇ ਵਿਰੋਧੀ ਧਿਰਾਂ ਲੋਕਾਂ ਲਈ ਸਾਫ਼ ਤੇ ਨਿਰਵਿਘਨ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਲਈ ਕੀ ਕਰ ਰਹੀਆਂ ਹਨ? ਜਲ ਮੰਤਰੀ ਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ  ਸਮੇਂ ਸਿਰ ਕੰਮ ਪੂਰਾ ਨਾ ਕਰਨ ਲਈ ਢੁਕਵੀਂ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ? ਦਰਅਸਲ ਪਾਣੀ ਕੁਦਰਤ ਵਲੋਂ ਦਿੱਤਾ ਗਿਆ ਇਕ ਤੋਹਫ਼ਾ ਹੈ, ਜਿਸ ਦੀ ਰੱਖਿਆ ਕਰਨੀ ਸਾਡਾ ਸਭ ਦਾ ਫਰਜ਼ ਹੈ | ਅੱਜ ਸਵਾਲ ਇਹ ਨਹੀਂ ਹੈ ਕਿ ਸਾਡੇ ਕੋਲ ਕਿੰਨਾ ਪਾਣੀ ਬਚਿਆ ਹੈ, ਸਗੋਂ ਇਹ ਹੈ ਕਿ ਅਸੀਂ ਬਚੇ ਹੋਏ ਪਾਣੀ ਨੂੰ  ਬਚਾਉਣ ਲਈ ਹੋਰ ਕਿੰਨੀ ਦੇਰ ਉਡੀਕ ਕਰਾਂਗੇ?

-ਈ-ਮੇਲ : pooranchandsarin@gmail.com

Ad Position 22
No active advertisement
ਪਿਛਲੀ ਖ਼ਬਰ ਬਰਕਰਾਰ ਹੈ ਪਰਾਲੀ ਜਲਾਉਣ ਦੀ ਸਮੱਸਿਆ ਅਗਲੀ ਖ਼ਬਰ ਦੋ ਬੂੰਦਾਂ ਨਾਲ ਹੋਈ ਮਨੁੱਖਤਾ ਦੀ ਜਿੱਤ
Ad Position 24